Saturday 29 December 2012

ਸਾਨੂੰ ਮਾਣ ਆ

ਬਾਬੇ ਨਾਨਕ ਨੇ ਸਾਨੂੰ ਕਿਹਾ ਸੀ
"ਰੱਬ ਕਰੇ ਤੁਸੀ ਉੱਜੜਜੋ"
ਤੇ ਸੱਚ ਜਾਣਿਓਂ ਉੱਜੜਕੇ, ਧਰਤੀ ਦੇ ਚਹੁੰ ਪਾਸੀਂ ਖਿੱਲਰਗੇ
ਮੁੱਠੀ 'ਚੋਂ ਛੱਡੀ ਯੂਰੀਆ ਰੇਹ ਵਾਗੂੰ
ਖਾਲ 'ਚ ਵਗਦੇ ਬੋਰ ਦੇ ਪਾਣੀ ਅਰਗੇ ਕੋਸੇ ਕੋਸੇ
ਵੱਧਦੇ ਗਏ ਮੁਰਕ ਜਾਂ ਖੱਬਲ ਦੀਆਂ ਜੜ੍ਹਾਂ ਪੱਟਦੇ
ਪਾਰਲੇ-ਜੀ , ਸਨਫੀਸਟ ਬਿਸਕੁਟਾਂ 'ਚ ਪੈਂਦੀ ਸਾਡੀ ਕਣਕ
"ਅਖੇ ਗੇਹੂੰ ਕੀ ਸ਼ਕਤੀ ,ਦੂਧ ਕੀ ਤਾਕਤ"
ਵੁਡਲੈਂਡ, ਨਮੈਰੋ ਕੁਸ ਮਰਜ਼ੀ ਬਰੈਂਡ
ਬਣਦੇ ਨੇ ਮਾਲਵੇ ਦੀ ਧਰਤੀ 'ਚੋਂ ਪੈਦਾ ਹੁੰਦੇ ਨਰਮੇ ਨਾ
ਗਿਆਰਾਂ ਰੁਪੈ ਕਿਲੋ ਖ੍ਰੀਦ ਕੇ
ਸੱਤਰ ਰੁਪੈ ਕਿਲੋ ਪੈਕਟਾਂ 'ਚ ਵਿਕਦੇ ਸਾਡੇ ਚੌਲ
ਬਰਸੀਮ ਦੀਆਂ ਵੱਟਾਂ ਤੇ ਉੱਗੀਆਂ ਮੂਲੀਆਂ ਗਾਜਰਾਂ
ਸ਼ੈਹਰ ਜਾਕੇ ਸੱਜ ਵਿਆਹੀ ਨਾਰ ਅੰਗੂ ਨਾਹ ਧੋ ਕੇ
ਕੈਰਿਟ ਜਾਂ ਰੈਡਿਸ਼ ਕਹਾਉਂਦੀਆਂ
ਭੂਕਾਂ ਆਲੇ ਸਾਡੇ ਗੰਢੇ ਮੂੰਹ ਸਿਰ ਮੁਨਾਕੇ
ਕਿਸੇ ਸ਼ਾਪਿੰਗ ਮਾਲ ਦੀ ਟੋਕਰੀ ਦਾ ਸ਼ਿੰਗਾਰ ਬਣਦੇ ਨੇ
ਪਰ ਉਹੋ ਰਿਹਾ ਸਾਡਾ ਹਾਲ
ਧੂੰਈਂ ਦੇ ਸੇਕ ਨਾਲ ਲੋਈ 'ਚ ਨਿਕਲਿਆ ਮਘੋਰਾ
ਆੜ੍ਹਤ ਦੀ ਦੁਕਾਨ 'ਚੋਂ ਨਿਕਲੇ ਬਾਪੂ ਦਾ ਸ਼ਾਹੀ ਨਾ ਲਿੱਬੜਿਆ
ਖੱਬੇ ਹੱਥ ਦਾ ਅੰਗੂਠਾ
ਤਕਸੀਮ ਖਾਤਰ ਪਟਵਾਰਖਾਨੇ ਵੱਜਦੇ ਗੇੜੇ
ਸੰਗ ਨਾ ਪਾਣੀ ਪਾਣੀ ਹੋਕੇ
ਚੁੰਨੀਆਂ ਦੀਆਂ ਦੰਦਾਂ ਨਾਲ ਕੰਨੀਆਂ ਟੁੱਕਦੀ ਮੁਟਿਆਰ
ਸਾਨੂੰ ਮਾਣ ਆ ਸਾਡੇ ਈ ਬਾਰ੍ਹਾਂ ਵੱਜੇ ਸੀ
ਬਾਜ਼ਾਂ ਆਲੇ ਦੀ ਓਟ ਲੈ
ਬਿਗਾਨੀ ਇੱਜ਼ਤ ਆਪਣੀ ਸਮਝ ਬਚਾਉਦੇਂ ਰਹੇ
ਸਾਡੀ ਗੱਲ ਇਤਿਹਾਸ ਮੁੜ ਮੁੜ ਦੁਹਰਾਉਗਾ
ਸਾਨੂੰ ਮਾਣ ਆਂ ਅਸੀਂ ਬਲਾਤਕਾਰੀ ਨਹੀਂ....ਘੁੱਦਾ

ਦਿਲ ਕਦੋਂ ਟੁੱਟਦਾ?

ਪਰਧਾਨ ਦਿਲ ਪਤਾ ਕਦੋਂ ਟੁੱਟਦਾ? ਜਾਂ ਕਹਿਲੋ ਬੀ ਦੁੱਖ ਜਾ ਕਦੋਂ ਹੁੰਦਾ
1.ਜਦੋਂ ਕਿਤੇ ਜਾਣ ਦੀ ਕਾਹਲੀ ਹੋਵੇ ਤੇ ਉੱਤੋਂ ਪੱਗ ਬੰਨ੍ਹਦਿਆਂ ਆਖਰੀ ਟੈਮ ਤੇ ਲੜ ਘਟਜੇ
3.ਜਦੋਂ ਮੰਗਮੇਂ ਮੋਟਰਸੈਕਲ ਦਾ ਤੇਲ ਰਜ਼ਰਬ 'ਚ ਵੀ ਮੁੱਕਜੇ...ਤੇ ਕਿਸੇ ਨੂੰ ਪੁੱਛੀਏ "ਪਰਧਾਨ ਪਟਰੌਲ ਪੰਪ ਕਿੱਥੇ ਜੇ ਆ"?
ਤੇ ਅਗਲਾ ਕਹਿਦੇ ,"ਤੁਰੇ ਚੱਲੋ ਪੰਜ ਕ ਕੈਲੋਮੀਟਰ ਦੂਰ ਈ ਆ"
4.ਜਦੋਂ ਕੋਈ ਮਾਤੜ੍ਹ ਆਵਦੀ ਗੱਭਣ ਮਹਿੰ ਨੂੰ ਘਿਓ ਤੇਲ ਚਾਰੀ ਜਾਂਦਾ ਤੇ ਸੱਤਾਂ ਮਹੀਨੇਆਂ ਪਿੱਛੋਂ ਡਾਕਟਰ ਚੈੱਕ ਕਰਕੇ ਦੱਸਦਾ ਬੀ ਏਹਤਾ ਖਾਲੀ ਨਿਕਲਗੀ
5.ਜਦੋਂ ਕੱਠ ਵੱਠ 'ਚ ਬੰਦਾ ਜਾ ਆਵੇ ਤੇ ਘਰੇ ਆਕੇ ਪਤਾ ਲੱਗੇ ਬੀ ਪਰਧਾਨ ਜਿੱਪ ਤਾਂ ਖੁੱਲ੍ਹੀ ਰਹਿਗੀ ਸੀ
6.ਜਦੋਂ ਆਖਰੀ ਮੂੰਗਫਲੀ 'ਚੋਂ ਇੱਕ ਗਿਰੀ ਨਿਕਲੇ ਤੇ ਉਹਵੀ ਭੈਣਦਣੀ ਭੁੰਜੇ ਡਿੱਗਪੇ
7.ਜਦੋਂ ਨਾਨਕੇ ਗਏ ਹੋਈਏ ਤੇ ਤੁਰਨ ਵੇਲੇ ਮਾਮਾ ਸੌ ਦਾ ਨੋਟ ਦੇਣਾ ਭੁੱਲਜੇ
8.ਜਦੋਂ ਦਿਬਾਲੀ ਦੀ ਰਾਤ ਨੂ ਦੀਵੇਂ ਜਗੌਣ ਵੇਲੇ ਹਵਾ ਚੱਲਪੇ
9.ਜਦੋਂ ਨਮਾਂ ਪੈੱਨ ਨਮੀਂ ਸ਼ਲ਼ਟ ਦੀ ਜੇਬ 'ਚ ਲੀਕ ਕਰਜੇ
ਕਾਰਨ ਤਾਂ ਹੋਰ ਬੀ ਬਹੁਤ ਨੇ ਬਾਕੀ ਫੇਰ ਦੱਸਾਂਗੇ.....ਘੁੱਦਾ

Sunday 16 December 2012

ਪੱਟਿਆ ਆਪਣੇ ਵਰਗੀ ਦਾ

ਇੱਕ ਸੀ ਤਖਤ ਹਜ਼ਾਰੇ ਤੋਂ, ਤੇ ਇੱਕ ਦਾਨਾਬਾਦ ਦਾ ਜਾਇਆ
ਇੱਕ ਵੱਢਿਆ ਜੰਡ ਹੇਠਾਂ ਤੇ ਦੂਜਾ ਕੰਨ ਪੜਵਾਕੇ ਆਇਆ
ਕਿੱਸੇ ਹੋਰ ਸੁਣਾਵਾਂ ਨੀਂ ,ਜਰਾ ਕਰਨਾ ਗੌਰ ਰਕਾਨੋਂ
ਪੱਟਿਆ ਆਪਣੇ ਵਰਗੀ ਦਾ ਨੀਂ ਇੱਕ ਤੁਰ ਗਿਆ ਹੋਰ ਜਹਾਨੋ

ਕਮਲੀ ਸੀ ਸੱਸੀ ਨੀਂ , ਯਾਰੀ ਰਾਹੀਆਂ ਦੇ ਨਾਲ ਲਾਈ
ਮਾਰੂਥਲ ਵਿੱਚ ਲੱਭਦੀ ਰਹੀ ਦੇਵੇ 'ਡਾਰ ਨਾ ਕਿਤੇ ਦਿਖਾਈ
ਪੂਰੇ ਕਰਤੇ ਸੋਹਣੀ ਨੇ , ਜੋ ਸੀ ਕੀਤੇ ਕੌਲ ਜ਼ੁਬਾਨੋਂ
ਪੱਟਿਆ ਆਪਣੇ ਵਰਗੀ ਦਾ ........

ਮੱਤ ਮਾਰੀ ਹੁਸਨਾਂ ਨੇ, ਨੀਂ ਬਣਦੇ ਯਾਰ ਪਿਆਰੇ ਵੈਰੀ
ਫੇਰ ਮਸਲੇ ਸੁਲਝਾਉਦੇਂ ਨੇ ਨੀਂ ਜਾਕੇ ਥਾਣੇ ਕਦੇ ਕਚੈਹਰੀ
ਪਰ ਕਿੱਥੋਂ ਮੁੜਦੇ ਨੇ, ਨੀਂ ਜੋ ਨਿਕਲੇ ਤੀਰ ਕਮਾਨੋਂ
ਪੱਟਿਆ ਆਪਣੇ ਵਰਗੀ ਦਾ .................

ਹੋਕੇ ਬਾਗੀ ਦੁਨੀਆਂ ਤੋਂ ਨੀਂ ਸੁਣਿਆ ਪੈਂਦਾ ਇਸ਼ਕ ਪੁਗਾਉਣਾ
ਜੋਬਨ ਰੁੱਤ ਦੀਆਂ ਲੱਗੀਆਂ ਨੂੰ ਘੁੱਦਿਆ ਸੌਖਾ ਨਹੀਂ ਨਿਭਾਉਣਾ
ਹੱਥ ਰਹਿ ਗਈਆਂ ਡੋਰਾਂ ਨੇ ਗੁੱਡੀਆਂ ਟੁੱਟੀਆਂ ਨੀਂ ਅਸਮਾਨੋਂ
ਪੱਟਿਆ ਆਪਣੇ ਵਰਗੀ ਦਾ ..........

ਖਰਚੇ ਸੂਤ ਨੀਂ ਆਉਂਦੇ

ਹੁਣ ਦੂਣੇ ਖਰਚੇ ਹੋਗੇ ਸੁਣਿਆ ਨਰਮਾ ਚੁਗਾਈ ਦੇ
ਕਵਾਂਟਲ ਦਾ ਡੂਢ ਸੌ ਮੰਗਦੇ ਅਗਲੇ ਟੀਂਡੇ ਤੁੜਾਈ ਦੇ
ਕੰਪੈਨ ਫੇਰਤੀ ਇੱਕ ਦਿਨ 'ਚ ਝੋਨਾ ਮੰਡੀ ਲਾਹ ਦੇਣਾ
ਤੋਲ ਲਵਾਕੇ, ਗੱਟੇ ਭਰਾਕੇ , ਹਸਾਬ ਮੁਕਾ ਲੈਣਾ
ਦੋ ਰੁਪੈ ਪ੍ਰਤਿ ਬੋਰੀ ਤੇ ਆਏ ਖਰਚੇ ਪੱਲੇਦਾਰੀਆਂ ਦੇ
ਹੁਣ ਤਾਂ ਖਰਚੇ ਸੂਤ ਨੀਂ ਆਉਂਦੇ ਕਹਿੰਦਾ ਕਬੀਲਦਾਰੀਆਂ ਦੇ

ਸਰਪੇਅ, ਰੇਹ ਵੀ ਮਹਿੰਗੀ ਨਾਲੇ ਵਧਿਆ ਬਿਆਜ ਕੁੜੇ
ਤੜਕੇ ਤੋਂ ਲੈਕੇ ਆਥਣ ਤੀਕਰ ਮੁੱਕਦੀ ਨਾ ਭਾਜ ਕੁੜੇ
ਅੱਜ ਭਰਕੇ ਲਿਮਟ ਕੱਲ੍ਹ ਨੂੰ ਨਮੀਂ ਕਰਾਉਣੀ ਆ

ਕੁੜਮ ਜੁੜਮਾਂ ਆਲ਼ੇ ਹੋਗੇ ਬੈਠਕ ਨਮੀ ਪਾਉਣੀ ਆ
ਇੰਤਕਾਲ, ਗਰਦੌਰੀ ਕੰਮ ਵਧਗੇ ਪਟਵਾਰੀਆਂ ਦੇ
ਹੁਣ ਤਾਂ ਖਰਚੇ ਸੂਤ ਨੀਂ ਆਉਂਦੇ...................

ਫਸਲੀ-ਚੱਕਰ ਬਦਲੋ ਦਿੱਤਾ ਹੋਕਾ ਸਰਕਾਰਾਂ ਨੇ
ਬੰਦ ਸਬਸਿਡੀਆਂ, ਮੈਂਹਗਾ ਡੀਜ਼ਲ ਪੈਂਦੀਆਂ ਮਾਰਾਂ ਨੇ
ਸਲਫਾਸ, ਮੋਨੋ ਤਾਂ ਖਾਣ ਚੀਜ਼ੀ ਬਣਗੀ ਕਿਰਸਾਨਾਂ ਦੀ
ਪੱਗ ਸਿਰ ਦੀ ਗਲ ਇੱਚ ਪੈਗੀ ਕਹਾਣੀ ਦੇਸ਼ ਮਹਾਨਾਂ ਦੀ
ਗੀਤਾਂ ਆਲ਼ੇ ਸੁਣਾਉਂਦੇ ਕਿੱਸੇ ਕੇਹੜੀਆਂ ਸਰਦਾਰੀਆਂ ਦੇ
ਹੁਣ ਤਾਂ ਖਰਚੇ ਸੂਤ ਨੀਂ ਆਉਂਦੇ...................

ਮੱਛੀ ਛੱਡਗੀ ਪਾਣੀ ਬੋਰ ਕਰਾਉਣਾ ਪਊ ਡੂੰਘਾ ਨੀਂ
ਸੌ ਦੇ ਨੋਟ ਦਾ ਦੇਂਦੇ ਬਾਣੀਏ ਮਾੜਾ ਜਾ ਰੂੰਘਾ ਨੀਂ
ਸੋਲਾਂ ਸੌ ਨੂੰ ਕਵਾਂਟਲ ਹੁਣ ਪਸੂਆਂ ਦੀਆਂ ਖੁਰਾਕਾਂ ਨੇ
ਕੌਨਮੈਂਟੀ ਸਕੂਲਾਂ ਦੇ ਖਰਚੇ ਧੂੰਏਂ ਕੱਢਤੇ ਜਵਾਕਾ ਨੇ
ਗਲ ਪੰਜਾਲੀ ਜੂਨ ਬਲਦ ਦੀ, ਵੇਲੇ ਟੱਪਗੇ ਯਾਰੀਆਂ ਦੇ
ਹੁਣ ਤਾਂ ਖਰਚੇ ਸੂਤ ਨੀਂ ਆਉਂਦੇ...................

ਚੌਂਕੀਦਾਰਾ, ਨਹਿਰੀ ਮਾਮਲੇ ਖਰਚੇ ਹੋਰ ਗਿਣਾਈਏ
ਸਾਡੀ ਹੋਣੀ ਤੇ ਅਧਾਰਤ ਫਿਲਮਾਂ ਕੀ ਸਿਨਮੇ ਨੂੰ ਜਾਈਏ
ਵਿਆਹ, ਮਕਾਣਾਂ ਪੈੜ ਚੱਕਰ ਨਾ ਮੁੱਕੇ ਆਉਣਾ ਜਾਣਾ ਨੀਂ
ਤੁਰੇ ਜਾਂਦੇ ਪੱਗ ਵਲੇਟਣੀ, ਪੋਪਲਾ ਬਣਾ ਰੋਟੀ ਦਾ ਖਾਣਾ ਨੀਂ
ਅਰਥੀ ਤੀਕਰ ਜਾਣੇ ਧੰਦੇ ਘੁੱਦਿਆ ਖੱਜਲਖੁਆਰੀਆਂ ਦੇ
ਹੁਣ ਤਾਂ ਖਰਚੇ ਸੂਤ ਨੀਂ ਆਉਂਦੇ..............................
ਹੁਣ ਤਾਂ ਖਰਚੇ ਸੂਤ ਨੀਂ ਆਉਂਦੇ ਕਹਿੰਦਾ ਕਬੀਲਦਾਰੀਆਂ ਦੇ.....ਘੁੱਦਾ

Tuesday 11 December 2012

ਏਹੋ ਹਮਾਰਾ ਜੀਵਣਾ

ਲੋਟਣੀਆਂ ਖਾਂਦੀ ਧਰਤੀ ਜਦੋਂ ਜਣੇਪੇ
ਆਲੀ ਬੀਬੀ ਅੰਗੂ ਮਲਕੜੇ ਜੇ ਪਾਸਾ ਲੈਂਦੀ
ਓਦੋਂ ਗੁਰੂ ਘਰ ਦੇ ਗੁੰਬਦ ਕੋਲੋਂ ਨੀਮਾਂ ਹੁੰਦਾ ਸੂਰਜ
ਵਿਹੜੇ ਆਲਿਆਂ ਦੇ ਘਰਾਂ ਬੰਨੀਂ ਜਾ ਮੂੰਹ ਲੁਕਾਉਂਦਾ
ਜਿੱਥੇ ਕਿਸੇ ਕਿਰਤੀ ਦੇ ਗੀਝੇ 'ਚ ਪਿਆ
ਚੇਪੀ ਲੱਗਾ ਪੰਜਾਹਾਂ ਦਾ ਨੋਟ
ਟੱਬਰ ਖਾਤਰ ਕਿਲੋ ਖੰਡ ਜਾਂ ਪਊਏ ਵਿੱਚ
ਤਬਦੀਲ ਹੋਣ ਲਈ ਜੱਦੋ ਜਹਿਦ ਕਰਦਾ
ਜਿੱਥੇ ਮੀਂਹ ਦੀ ਰੁੱਤੇ
ਡੂੰਘੀ ਰਾਤ ਤਾਂਈ ਬੀਂਡਿਆਂ ਦੀ ਚਿਰਰ ਚਿਰਰਰ ਸੁਣਦੀ

ਮੂੰਹ ਚਾਕੇ ਰੋਂਦੇ ਕੁੱਤਿਆਂ ਦੇ ਰੋਣ ਤੋਂ
ਕਿਸੇ ਬੱਡੀ ਅਣਹੋਣੀ ਦਾ ਨਤਾਜ਼ਾ ਲਾਇਆ ਜਾਂਦਾ
ਤੇ ਫੇਰ ਥ੍ਰੀ ਨਟ ਥ੍ਰੀ ਦੇ ਫੈਰ ਦੇ ਬਾਅਦ ਵਰਗੀ ਸੁੰਨ ਛਾ ਜਾਂਦੀ
ਸੀਤ ਹਵਾ ਦਾ ਬੁੱਲ੍ਹਾ ਸੁੱਕੇ ਪੱਤਿਆਂ ਨੂੰ ਧਰੀਕ ਲਿਜਾਂਦਾ
ਜਿੱਥੇ ਸ਼ਾਹਾਂ ਦੀ ਵਹੀ ਤੇ ਲਿਖੀ ਰਕਮ
ਕਿਸੇ ਨੀਂਦ ਲਿਆਊ ਗੋਲੀ ਦੇ ਅਸਰ ਨੂੰ ਫੇਲ੍ਹ ਕਰਦੀ
ਸਿਆਲ ਰੁੱਤੇ ਟੀਂਡੇ ਕੱਢਦੇ ਨਾਲੇ ਧੂੰਈ ਸੇਕਦੇ
ਬਾਬਿਆਂ ਦੇ ਬੁੱਲ੍ਹਾ ਤੇ ਜੰਮੀ ਸਿਕਰੀ
ਸਰਮਾਏਦਾਰਾਂ ਦੀ ਹਾਸੀ ਦੀ ਵਜ੍ਹਾ ਬਣਦੀ
ਜੇਹਨਾਂ ਦੀਆਂ ਔਰਤਾਂ ਨੂੰ "ਨੀਰੇ ਦੀ ਪੰਡ" ਦਾ ਲਾਲਚ ਦੇਕੇ
ਪੰਦਰਾਂ ਮਿੰਟਾਂ ਪਿੱਛੋਂ ਮੋਟਰ ਆਲੇ ਕੋਠੇ 'ਚੋਂ ਕੱਢਕੇ
"ਬਦਚਲਣ" ਦਾ ਪੱਕਾ ਠੱਪਾ ਲਾਇਆ ਜਾਂਦਾ
ਦੁੱਧ ਚਿੱਟੇ ਗੋਲ ਸਿਰਹਾਣਿਆਂ 'ਚ ਬੈਠਾ ਸ਼ਾਹੂਕਾਰ
ਹਾਲ ਪੁੱਛਣ ਤੇ ਇਹੋ ਕਹਿੰਦਾ ,"ਬਸ ਠੀਕ ਟੈਮ ਟੱਪੀ ਜਾਂਦਾ"
ਪਰ ਸਦਕੇ ਜਾਈਏ ਏਹਨਾਂ ਲੋਕਾਂ ਦੇ
ਸੀਰੀ ਪੁੱਤ ਦੀ ਅਰਥੀ ਨੂੰ ਮੋਢਾ ਦੇਣ ਵੇਲੇ ਵੀ ਏਹੀ ਕਹਿਕੇ
ਰੱਬ ਨੂੰ ਚਿੜ੍ਹਾਉਂਦੇ ਨੇ
"ਏਹੋ ਹਮਾਰਾ ਜੀਵਣਾ ਤੂੰ ਸਾਹਿਬ ਸਚੇ ਵੇਖ"....ਘੁੱਦਾ

Thursday 6 December 2012

ਛੰਦ

ਪਹਿਲੋਂ ਹੱਥ ਜੋੜ ਬਾਜ਼ਾਂ ਵਾਲੇ ਨੂੰ ਧਿਆਂਵਦਾ
ਲਿਖਣੇ ਦੀ ਕੋਸ਼ਿਸ਼ ਹੈ ਜੀ ਲਿਖਣਾ ਨਾ ਆਂਵਦਾ
ਨੌਂ ਜੀ ਅੰਮ੍ਰਿਤ ਪਾਲ ਜੋ ਮਾਲਵੇ ਦਾ ਵਸਨੀਕ ਹੈ
ਇੱਕੀ ਵਰ੍ਹੇ ਉਮਰ ਤੇ ਦਸ ਪੋਹ ਜਨਮ ਤਰੀਕ ਹੈ
ਬਾਬੇ ਘੁੱਦੇ ਦਾ ਵਸਾਇਆ ਜੀ ਜੋ ਨਗਰ ਪੁਰਾਣਾ ਹੈ
ਪਿੰਡ ਘੁੱਦਾ ਤਸੀਲ ਬਠਿੰਡਾ ਦਾਸ ਦਾ ਟਿਕਾਣਾ ਹੈ

ਸੰਗਤ ਮੰਡੀ ਨੇੜੇ ਪੈਂਦਾ ਹੈ ਜੀ ਟੇਸ਼ਨ ਰੇਲ ਦਾ
ਸੂਏ ਰਜਬਾਹੇ ਦਾ ਜੀ ਪਾਣੀ ਆਉਂਦਾ ਮੇਲ੍ਹਦਾ
ਬੀੜਾਂ, ਫੁੱਲੋ, ਰੋਹੀ, ਟੇਲਾਂ ਏਹੇ ਮੋਘੇ ਖਾਸ ਨੇ

ਖਸਰਾ, ਖਤੌਨੀ ਸਾਰੇ ਨੰਬਰ ਪਟਵਾਰੀ ਪਾਸ ਨੇ
ਬਲਾਕ ਹੈ ਸੰਗਤ ਤੇ ਜੀ ਨੰਦਗੜ੍ਹ ਪੈਂਦਾ ਠਾਣਾ ਹੈ
ਪਿੰਡ ਘੁੱਦਾ ਤਸੀਲ ਬਠਿੰਡਾ ਦਾਸ ਦਾ ਟਿਕਾਣਾ ਹੈ

ਜੈ ਸਿੰਘ ਤੇ ਨਰੂਆਣਾ ਜੀ ਚੜ੍ਹਦੇ ਵੱਲ ਪੈ ਗਏ
ਚੱਕ, ਬਾਦਲ ,ਲੰਬੀ ਲਹਿੰਦੇ ਬੰਨੀਂ ਰਹਿ ਗਏ
ਨੌਂ ਕੁ ਮੀਲ ਡੱਬਆਲੀ ਤੇ ਗਿੱਦੜਬਾਹਾ ਦੂਰ ਨੇ
ਬਾਜਕ, ਜੱਸੀ ਜੀ ਇਤਿਹਾਸਕ ਨਗਰ ਮਸ਼ਹੂਰ ਨੇ
ਪਤਾ ਲਿਖੋ ਜੀ ਖਾਸ ਹੀ ਨਗਰ ਦਾ ਡਾਕਖਾਨਾ ਹੈ
ਪਿੰਡ ਘੁੱਦਾ ਤਸੀਲ ਬਠਿੰਡਾ ਦਾਸ ਦਾ ਟਿਕਾਣਾ ਹੈ

ਕਾਲਜ, ਹਸਪਤਾਲ ਤੇ ਅਦਾਰੇ ਨੇ ਹੋਰ ਗੌਰਮੈਂਟ ਦੇ
ਦੋ ਸਰਕਾਰੀ ਤੇ ਬਾਕੀ ਨੇ ਸਕੂਲ ਦੋ ਕੌਂਨਮੈਂਟ ਜੇ
ਪਿੰਡੋ ਬਾਹਰ ਠੇਕਾ ਹੈ ਜੀ ਤੇ ਨਾਲ ਹੀ ਢਾਬਾ ਹੈ
ਦੋ ਵੇਲੇ ਡਾਲੀ ਕਰਦਾ ਗੁਰਦੁਆਰੇ ਦਾ ਬਾਬਾ ਹੈ
ਦੋ ਗੁਰੂ ਘਰ, ਦੋ ਮੰਦਰ ਤੇ ਜੀ ਇੱਕ ਡੇਰਾ ਪੁਰਾਣਾ ਹੈ
ਪਿੰਡ ਘੁੱਦਾ ਤਸੀਲ ਬਠਿੰਡਾ ਦਾਸ ਦਾ ਟਿਕਾਣਾ ਹੈ

ਮੁਲਾਜ਼ਮ ਨੇ ਘੱਟ ਤਾਂਹੀ ਬਹੁਤੇ ਲੋਕ ਕਿਰਸਾਨ ਨੇ
ਸ਼ਹੀਦਾਂ ਵਿੱਚ ਆਉਂਦੇ ਕਾਲੇ ਅਰਗੇ ਨੌਜਵਾਨ ਨੇ
ਢਿੱਲੋਂ, ਟਿਵਾਣੇ, ਸਿੱਧੂ ਤੇ ਹੋਰ ਵੀ ਜੀ ਖਾਸੇ ਗੋਤ ਨੇ
ਜਾਤਾਂ ਪਾਤਾਂ ਸਾਰੀਆਂ ਜੀ ਪਰ ਲੋਕ ਇੱਕੋ ਜੋਤ ਨੇ
ਲਹਿੰਦੇ ਵੱਲ ਘਰ ਜੀ ਸਾਡਾ "ਬੁੱਟਰ" ਘਰਾਣਾ ਹੈ
ਪਿੰਡ ਘੁੱਦਾ ਤਸੀਲ ਬਠਿੰਡਾ ਦਾਸ ਦਾ ਟਿਕਾਣਾ ਹੈ.....ਘੂੱਦਾ

ਸੋ ਕਿਉ ਮੰਦਾ ਆਖੀਐ

ਜੇਹੜੀਆਂ ਤੜਕੇ ਸੰਦੇਹਾਂ ਬਾਬਾ ਬੋਲਣ ਤੋਂ ਪਹਿਲਾਂ ਉੱਠਦੀਆਂ ਨੇ
ਵਰੀ ਆਲ਼ੇ ਘਸੇ ਜੇ ਸ਼ੌਲ ਦੀ ਬੁੱਕਲ ਮਾਰ
ਪੈਰ ਧਰਕੇ ਛਟੀਆਂ ਦਾ ਵਿਚਾਲਿਓ ਲੱਕ ਤੋੜ ਚੁੱਲ੍ਹੇ ਡਾਹੁੰਦੀਆਂ ਨੇ
ਚਾਹ ਦਾ ਪਤੀਲਾ ਕਾੜ੍ਹ,
ਮੈਸ੍ਹਾਂ ਦੇ ਛੱਤੜੇ ਤੋਂ ਲੈ ਕੌਲਿਆਂ ਤਾਂਈ ਵੇਹੜਾ ਸੁੰਭਰ ਸਾਹ ਲੈਂਦੀਆਂ
ਫਟਦੇ ਸਟੋਵਾਂ ਤੇ ਗੈਸ ਸਲੰਡਰਾਂ ਦਾ ਸ਼ਿਕਾਰ ਬਣਦੀਆਂ ਜੇਹੜੀਆਂ
ਯਮਲੇ ਦੇ ਗੀਤਾਂ ਤੇ
ਚਰਖੇ ਦੀ ਤੰਦ ਅਰਗੀਆਂ ਸਿੱਧ ਪੱਧਰੀਆਂ
ਸ਼ੀਸ਼ੇ ਦੀ ਘੂਰ ਤੋਂ ਡਰਦੀਆਂ
ਮੰਡੀ ਝੋਨਾ ਵੇਚਣ ਗਏ ਪ੍ਰਾਹੁਣੇ ਤੋਂ ਨਮੇਂ ਸੂਟ ਦੀ ਆਸ ਲਾਕੇ

ਮੂੰਹ ਨੇਹਰੇ ਤਾਂਈ ਬੂਹੇ ਖੜ੍ਹੀਆਂ ਉਡੀਕਦੀਆਂ
ਅੱਡੇ ਤੇ ਰੁਕੀ ਰੋਡਵੇਜ਼ ਦੀ ਪੁਰਾਣੀ ਲੇਲੈਂਡ ਦੀ ਗੂੰਜ ਸੁਣ
ਪੇਕਿਆਂ ਤੋਂ ਕਿਸੇ ਦੇ ਆਉਣ ਦੀ ਆਸ ਰੱਖਣ ਆਲੀਆਂ
ਮਾਘ ਮਹੀਨੇ ਠੰਡਿਆਂ ਹੱਡਾਂ ਨੂੰ ਤਾਅ ਦੇਂਦੀ
ਲੋਹੜੀ ਦੀ ਅੱਗ ਵਰਗੀਆਂ ਨਗਾਸ੍ਹ ਭਰੀਆਂ
ਫਿਲਮਾਂ ਦੀ ਕਾਲਪਨਿਕ ਦੁਨੀਆਂ ਤੋਂ ਦੂਰ
ਜਸਵੰਤ ਕੰਵਲ ਦੇ ਨਾਵਲ ਦੇ ਸਰਵਰਕ ਵਰਗੀਆਂ
ਢਿੱਡਾਂ 'ਚ ਸੰਤਾਲੀ ਤੇ ਚੌਰਾਸੀ ਦਾ ਦਰਦ ਲੁਕਾਉਣ ਆਲੀਆਂ
ਜੇਹਨਾਂ ਲਈ ਇਸ਼ਕ ਦਾ ਇਕੋ ਮਤਲਬ ਹੁੰਦਾ
"ਇਕੋ ਥਾਂ ਲਾਉਣੀ ਤੇ ਨਿਭਾਉਣੀ"
ਵੱਡਿਆਂ ਤੋਂ ਜ਼ਰਾ ਕੁ ਚੁੰਨੀ ਦਾ ਪਰਦਾ ਜਾਂ
ਬਜ਼ੁਰਗਾਂ ਤੋਂ ਅੱਖ ਦੀ ਝੇਪ ਮੰਨਣ ਆਲੀਆਂ
ਸਕਲਟਾਂ, ਫਲਿਰਟਾਂ, ਫਰੈਡਸ਼ਿਪਾਂ, ਤੋਂ ਦੂਰ
ਬਸ ਸ਼ਾਇਦ ਕੁੜੀਆਂ ਦੀ ਏਸੇ ਜਾਤ ਤੋਂ ਪ੍ਰਭਾਵਿਤ ਹੋ
ਬਾਬੇ ਨਾਨਕ ਨੇ ਲਿਖਿਆ ਸੀ
"ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ"....ਘੁੱਦਾ

Friday 30 November 2012

ਜਵਾਕਾਂ ਆਲੀ ਰੁੱਤ

ਫੜ੍ਹਨ ਮਚੀਚੀ ਖੇਡਦੇ ਸੀ ਚਾਨਣੀਆਂ ਰਾਤਾਂ ਨੂੰ
ਸਾਉਣ ਭਾਦਰੋਂ ਵਿੱਚ ਲਿੱਪਦੇ ਰਹੇ ਸਬ੍ਹਾਤਾਂ ਨੂੰ
"ਝਾਅ" ਆਖਣ ਨੂੰ ਕੰਧੋਲੀ ਵਿੱਚ ਰੱਖੀ ਮੋਰੀ ਸੀ
ਕੰਨ ਤੇ ਬਾਪੂ ਦਾ ਥਪੜਾ ਜਾਂ ਬੇਬੇ ਦੀ ਲੋਰੀ ਸੀ
ਟੋਕਰੇ ਬਣਦੇ ਜਦੋਂ ਤੂਤ ਦੀ ਹੁੰਦੀ ਸ਼ੰਗਾਈ ਸੀ
ਜਵਾਕਾਂ ਆਲੀ ਰੁੱਤ ਕੇਰਾਂ ਜੇ ਸਾਡੇ ਤੇ ਆਈ ਸੀ...

ਭੁੰਜੇ ਰਗੜਦੇ ਅੱਡੀਆਂ ਜਦੋਂ ਸਕੂਲੇ ਜਾਣਾ ਹੁੰਦਾ ਸੀ
ਰੁਮਾਲ ਜੂੜੇ ਤੇ ,ਨੀਕਰ, ਝੱਗਾ ਬਾਣਾ ਹੁੰਦਾ ਸੀ
ਜਮਾਂ, ਘਟਾਓ, ਗੁਣਾ ਤੇ ਬਾਕੀ ਸਵਾਲ ਭਾਗ ਦੇ

ਧੁੱਪੇ ਪੀਰਡ ਲੱਗਦੇ ਜਦੋਂ ਸੀ ਦਿਨ ਮਾਘ ਦੇ
ਅੱਧੀ ਛੁੱਟੀ ਟੱਪਣੇ ਦੀ ਵੀ ਜੁਗਤ ਬਣਾਈ ਸੀ
ਜਵਾਕਾਂ ਆਲੀ ਰੁੱਤ .............

ਛੇ ਕੇਂਦਰ ਸ਼ਾਸ਼ਤ ਤੇ ਭਾਰਤ ਦੇ ਅਠਾਈ ਹੋਰ ਪ੍ਰਾਂਤ ਨੇ
"ਥੰਬ ਰੂਲ" ਤੇ ਚੇਤੇ ਆਰਕੀਮਿਡੀਜ਼ ਦੇ ਸਿਧਾਂਤ ਨੇ
ਗੱਗੂ ਕੱਟਾ ਤੇ ਮੋਤੀ ਕੁੱਤਾ ਸੀ ਦਰਜ ਵਿੱਚ ਕਤਾਬਾਂ ਦੇ
"ਬੌਡਮਾਸ" ਦੇ ਫਾਰਮੂਲੇ ਵਰਤੇ ਵਿੱਚ ਹਿਸਾਬਾਂ ਦੇ
ਬਲੇਟਾਂ ਨਾ ਘੜੀਆਂ ਪੈਂਸਲਾਂ ਜਾਂ ਦਵਾਤ ਸ਼ਿਆਈ ਸੀ
ਜਵਾਕਾਂ ਆਲੀ ਰੁੱਤ........................

ਡੀਜੇ ਡੂਜੇ ਨਮੇਂ ਨੇ ਬੀਬੀਆਂ ਘੋੜੀਆਂ ਗਾਉਂਦੀਆਂ ਸੀ
ਗੁਰਮੀਤ ਬਾਵਾ ਦੀ ਫੀਲਿੰਗ ਲੈ ਹੇਕਾਂ ਲਾਉਦੀਆਂ ਸੀ
ਰੇਡੀਆ ਸੁਣਾਉਂਦਾ ਸੀ ਮਰਜਾਣੇ ਮਾਨ ਦੇ ਬੋਲਾਂ ਨੂੰ
ਠੰਡੂ ਰਾਮ ਤੇ ਹੋਰ ਆੜੀਆਂ ਦੀਆਂ ਕਲੋਲਾਂ ਨੂੰ
ਦਸਮੀਂ 'ਚ ਨੱਥੇ, ਜਗਨੇ, ਦੀਨੇ ਦੀ ਕਰੀ ਪੜ੍ਹਾਈ ਸੀ
ਜਵਾਕਾਂ ਆਲੀ ਰੁੱਤ ..............

ਛਿੰਝ, ਅਖਾੜਾ, ਬਾਜੀ, ਕੌਡੀ ਤੇ ਖੇਡ ਮਦਾਰੀ ਦਾ
ਟੂਪ ਵੱਢ ਗਲੇਲ ਬਣੌਂਣੀ ਨਿਸ਼ਾਨਾ ਸਿੰਨਕੇ ਮਾਰੀ ਦਾ
ਬਾਥੂ, ਮੇਥੇ ਤੇ ਰੋਹੀਓਂ ਤੋੜ ਲਿਆਉਂਦੇ ਸਰ੍ਹੋਂ ਦੇ ਸਾਗ ਨੂੰ
ਸੁਖਨੇ ਅੰਗੂ ਟੱਪ ਗਿਆ ਵੇਲਾ ਘੁੱਦਿਆ ਮਾੜੇ ਭਾਗ ਨੂੰ
ਮੋਹ, ਲਾਡ, ਪਿਆਰ, ਸਨੇਹ ਦੀ ਬਸ ਕਰੀ ਕਮਾਈ ਸੀ
ਆਹ ਜਵਾਕਾਂ ਆਲੀ ਰੁੱਤ ਕੇਰਾਂ ਜੇ ਸਾਡੇ ਤੇ ਆਈ ਸੀ....ਘੁੱਦਾ

Tuesday 13 November 2012

ਸਾਡੀ ਕਵਿਤਾ

ਉਹਨੇ ਪੁੱਛਿਆ ਕਵਿਤਾ ਕਿਮੇਂ ਲਿਖੀਦੀ ਆ ?
ਬਾਹਾਂ 'ਤਾਹਾਂ ਕਰਕੇ ਅੰਗੜਾਈ ਭੰਨਦਿਆਂ ਆਹ ਜਵਾਬ ਸੀ ਮੇਰਾ
ਢਿੱਲੀ ਚੂਲ 'ਚ ਤੇਸੇ ਦੀ ਪੀਣ ਨਾਲ ਫਾਲ ਠੋਕਦੇ ਸੇਪੀ ਆਲੇ
ਬਖਤੌਰ ਤਰਖਾਣ ਕੋਲ ਕਸੀਏ ਕਟਾਉਣ
ਆਲਿਆਂ ਦੀ ਰੌਣਕ, ਤੇ ਮਿਸਤਰੀ ਦੇ ਕੰਨ ਤੇ
ਟੰਗੀ ਪਿਨਸਲ ਦੇਖ ਕਵਿਤਾ ਫੁਰਦੀ ਆ
ਘਰ ਦੀ ਕਢਾਈ ਵਈ ਸਰੋਂ ਦਾ ਤੇਲ ਕੌਲੀ 'ਚ ਤੱਤਾ ਕਰਕੇ ,
ਮੰਜੇ ਦੀ ਦੌਣ ਤੇ ਬਹਿ ਅੱਡੀਆਂ ਦੀਆਂ ਪਾਟੀਆਂ ਬਿਆਈਆਂ 'ਚ
ਉਂਗਲਾਂ ਨਾਲ ਲਾਉਂਦੇ ਤਾਏ ਨੂੰ ਦੇਖ ਕਵਿਤਾ ਫੁਰਦੀ ਆ
ਦੋ ਆਲੀ ਚਾਹ ਪਿੱਛੋਂ ਰੇਤੇ ਨਾ ਮਾਂਜੀ ਬਾਟੀ

ਤੇ
ਜਦੋਂ ਤੀਹ ਵਰ੍ਹੇ ਪਹਿਲਾਂ ਗੁਜ਼ਰੇ ਕਿਸੇ ਬਜ਼ੁਰਗ ਦਾ ਨੌਂ ਲਿਸ਼ਕਦਾ
ਉਦੋਂ ਕਵਿਤਾ ਫੁਰਦੀ ਆ
ਸਿਆਲ ਰੁੱਤੇ ਪਰਾਲੀ ਤੇ ਜੰਮੇ ਕੱਕਰ ਨੂੰ ਵੇਖ
ਜਦੋਂ ਕਣਕ ਦੀ ਕੋਰ ਭਿਔਂਣ ਬਾਰੇ ਸੋਚਿਆ ਜਾਂਦਾ
ਤੇ ਹਾੜ੍ਹ ਮਹੀਨੇ ਟੋਟਣ ਤੋਂ ਲੈ ਅੱਡੀ ਤਾਂਈ ਢੂਈ ਤੇ ਵਗਦੀ
ਮੁੜ੍ਹਕੇ ਦੀ ਧਾਰ ਨੂੰ ਜਦੋਂ ਮਹਿਸੂਸ ਕੀਤਾ ਜਾਂਦਾ
ਓਦੋਂ ਵੀ ਕਵਿਤਾ ਫੁਰਦੀ ਆ
ਛੁੱਟੜ ਧੀ ਦਾ ਕੇਸ ਝਗੜਨ ਖਾਤਰ ਕਚੈਹਰੀ ਜਾਂਦਾ
ਬਸ 'ਚ ਬੈਠਾ ਬਜ਼ੁਰਗ ਜਦੋਂ ਮੋਟੇ ਸ਼ੀਸ਼ੇਆਂ ਆਲੀ
ਐਨਕ ਵਿੱਚਦੀ ਟਿਕਟ ਤੇ ਲਿਖੇ ਪਿੰਡਾਂ ਦੇ ਨੌਂ ਪੜ੍ਹਦਾ
ਉਹਦੀ ਬੇਤੁਕੀ ਜੀ ਕੋਸ਼ਸ਼ ਵੇਖ ਕਵਿਤਾ ਫੁਰਦੀ ਆ
ਸਾਡੀ ਕਵਿਤਾ ਮਸ਼ੂਕ ਦੀ ਅੱਖ ਨੂੰ ਹਿਰਨੀ ਨਾਲ ਨਹੀਂ ਤੋਲਦੀ
ਤੋਰ ਦਾ ਮੋਰਾਂ ਨਾਲ ਕਮਪੈਰੀਸਨ ਨਹੀਂ ਕਰਦੀ
ਗੱਲ੍ਹਾਂ ਨੂੰ ਸੇਬ ਨਹੀਂ ਆਖਦੀ,
ਜਾਂ ਹੋਟਲ ਦੇ ਕਿਸੇ ਕਮਰੇ 'ਚ ਵੜਕੇ
ਪੰਦਰਾਂ ਮਿੰਟਾਂ ਪਿੱਛੋਂ ਨਿੰਮੋਝੂਣੀ ਜੀ ਹੋਕੇ ਬਾਹਰ ਨਹੀਂ ਆਉਂਦੀ
ਬਸ ਇਹੋ ਵਜ੍ਹਾ ਸਾਡੀ ਕਵਿਤਾ ਕਦੇ ਨਹੀਂ ਮਰਦੀ
ਸਾਡੇ ਮਰਨ ਪਿੱਛੋਂ ਵੀ.....ਘੁੱਦਾ

Tuesday 30 October 2012

ਪੈਂਤੀ ਅੱਖਰੀ

"ਦਰਬੜ ਦਰਬੜ" ਸੁਣੀ ਨਾ ਜੀਹਨੇ ਰਿੱਝਦੇ ਸਾਗ ਦੀ
ਕੋਸੀ ਕੋਸੀ ਧੁੱਪ ਨਾ ਕਦੇ ਸੇਕੀ ਜੀਹਨੇ ਮਾਘ ਦੀ
ਬੈਲੈਂਸ ਜਾਂ ਬਣਾਕੇ ਠੂਣਾ ਨਾ ਲਿਆ ਸੁਹਾਗੇ ਦਾ
ਜੀਹਨੇ ਜਪੁਜੀ ਸਾਬ੍ਹ ਨਾ ਪੜ੍ਹਿਆ ਕਦੇ ਨਾਨਕ ਬਾਬੇ ਦਾ
ਕੈਂਚੀ ਸਿੱਖਦੇ ਚੈਨ 'ਚ ਜੀਹਦਾ ਪਜਾਮਾ ਅੜਿਆ ਨਾ
ਸਮਝੀਂ ਨਿੱਕਿਆ ਓਹੋ "ਪੈਂਤੀ ਅੱਖਰੀ" ਪੜ੍ਹਿਆ ਨਾ........

ਫਰਕ ਜੇਹੜਾ ਨਾ ਜਾਣੇ ਨਰਮੇ ਅਤੇ ਕਪਾਹਾਂ ਦੇ
ਅਲਰਜੀ ਹੋਣ ਤੋਂ ਡਰਦਾ ਘੱਟੇ ਦੇਖਕੇ ਰਾਹਾਂ ਦੇ
ਅੰਕਲ, ਐਂਟੀ ਆਖੇ ਜੇਹੜਾ ਸਕੇ ਚਾਚੇ ਚਾਚੀਆਂ ਨੂੰ

ਸਕੂਲ ਵੇਲੇ ਨਾ ਖਾਧਾ ਜੀਹਨੇ ਸਲੇਟੀਆਂ ਗਾਚੀਆਂ ਨੂੰ
ਗਾਲ੍ਹੜ-ਟੁੱਕ ਖੇਡਦਿਆਂ ਜੇਹੜਾ ਨਿੰਮਾਂ ਤੇ ਚੜ੍ਹਿਆ ਨਾ
ਸਮਝੀਂ ਨਿੱਕਿਆ ਓਹੋ "ਪੈਂਤੀ ਅੱਖਰੀ" ਪੜ੍ਹਿਆ ਨਾ........

ਬਹਿ ਸੱਥ 'ਚ ਬਾਬਿਆਂ ਕੋਲੇ ਜੀਹਨੇ ਸੇਕੀ ਧੂਣੀ ਨਾ
ਗਲੋਟਾ, ਤੱਕਲਾ ,ਛਿੱਕੂ ਜਾਂ ਜੇਹੜਾ ਜਾਣੇ ਪੂਣੀ ਨਾ
ਸੂਈ ਕੰਧੂਈ, ਕਰੋਸ਼ੀਆ ਜਾਂ ਜਾਣੇ ਨਾ ਸਲਾਈਆਂ ਨੂੰ
ਮੱਲ, ਸੇਰੂ, ਜਾਂ ਨਾ ਜਾਣੇ ਮੰਜੇ ਦੀਆਂ ਬਾਹੀਆਂ ਨੂੰ
ਨਿੱਕੇ ਹੁੰਦਿਆਂ ਜੇਹੜਾ ਟਰੈਲੀ ਦੇ ਡਾਲੇ ਤੇ ਖੜ੍ਹਿਆ ਨਾ
ਸਮਝੀਂ ਨਿੱਕਿਆ ਓਹੋ "ਪੈਂਤੀ ਅੱਖਰੀ" ਪੜ੍ਹਿਆ ਨਾ......

ਵਿੱਚ ਬਚਪਨ ਦੇ ਜੀਹਦੀ ਤੋਤੀ ਜਿੱਪ 'ਚ ਆਈ ਨਾ
ਚੜ੍ਹੇ ਜਵਾਨੀ ਤਾਂ ਜੀਹਨੇ ਕਿਤੇ ਗਰਾਰੀ ਪਾਈ ਨਾ
ਕਹੀ, ਕੁਹਾੜੀ ਤੰਗਲੀ ਜਾਂ ਜੰਦਰੇ ਨੂੰ ਪਛਾਣੇ ਨਾ
ਜੇਠ ਹਾੜ੍ਹ ਦੇ ਮੀਹਨੇ ਤੂਤਾਂ ਦੀਆਂ ਛਾਮਾਂ ਨੂੰ ਮਾਣੇ ਨਾ
ਲੀੜੇ ਲਾਹ ਜੇਹੜਾ ਮੋਟਰ ਦੀ ਕਦੇ ਖੇਲ 'ਚ ਵੜਿਆ ਨਾ
ਸਮਝੀਂ ਨਿੱਕਿਆ ਓਹੋ "ਪੈਂਤੀ ਅੱਖਰੀ" ਪੜ੍ਹਿਆ ਨਾ.....

ਜਾਂ ਫਰਕ ਜੇ ਬਾਹਲਾ ਕਰਦਾ ਜੇਹੜਾ ਜਾਤਾਂ ਪਾਤਾਂ ਦੇ
'ਖੰਡ ਪਾਠਾਂ ਵੇਲੇ ਨਾ ਕੱਟੇ ਜੀਹਨੇ ਨੀਂਦਰੇ ਰਾਤਾਂ ਦੇ
ਚਿੱਬੜ, ਖੱਖੜੀ, ਫੁੱਟਾਂ ਜਾਂ ਪਛਾਣੇ ਨਾ ਹਦਵਾਣੇ ਨੂੰ
"ਘੁੱਦੇ" ਕੋਲ ਟਿਊਸ਼ਨ ਰੱਖਲਾ ਆਖੀਂ ਓਸ ਸਿਆਣੇ ਨੂੰ
ਬਣ ਊਧਮ ਸਿਹੁੰ ਜੇਹੜਾ ਵੈਰੀ ਦੀ ਹਿੱਕ ਤੇ ਚੜ੍ਹਿਆ ਨਾ
ਸਮਝੀਂ ਨਿੱਕਿਆ ਓਹੋ "ਪੈਂਤੀ ਅੱਖਰੀ" ਪੜ੍ਹਿਆ ਨਾ.........ਘੁੱਦਾ

Thursday 25 October 2012

ਅਕਤੂਬਰ ਦੇ ਯੱਕੜ

ਤੜਕੇ ਉੱਠਣ ਸਾਰ ਪੰਜਾਬੀਆਂ ਦੇ ਟੋਟਣ 'ਚ ਡਾਂਗ ਅੰਗੂ ਖਬਰ ਵੱਜੀ।
ਚਾਹ ਦੇ ਪਹਿਲੇ ਸੜ੍ਹਾਕੇ ਨਾਲ ਈ ਆਹ ਖਬਰ ਪਤਾ ਲੱਗਗੀ ਬੀ ਭੱਟੀ ਹੋਣੀਂ ਚਲ ਵਸੇ।
ਭੱਟੀ ਅਰਗਿਆਂ ਨੂੰ ਭਮਾਂ ਦੀ ਕਦੇ ਦੇਖਿਆ ਨਹੀਂ, ਪਰ ਕਲਾਕਾਰਾਂ ਨਾਲ ਲੋਕਾਂ ਦਾ ਵੱਖਰਾ ਜਾ ਰਿਸ਼ਤਾ ਜੁੜਿਆ ਵਾ ਹੁੰਦਾ।
ਐਹੇ ਜੀ ਖਬਰ ਕਲੇਜਾ ਚੀਰਦੀ ਜਾਂਦੀ ਆ । ਦੋ-ਚਾਰ ਦਿਨਾਂ ਨੂੰ ਏਹਨਾਂ ਦੀ "ਪਾਵਰਕੱਟ" ਫਿਲਮ ਵੀ ਰਿਲੀਜ਼ ਹੋਣੀ ਸੀ।
ਸੋਚਿਆ ਕੀ ਤੇ ਹੋਇਆ ਕੀ। ਭੱਟੀ ਹੋਣਾਂ ਦੀ ਵਿਅੰਗਮਈ ਕਮੇਡੀ ਖਾਸੀ ਪੋਲ ਖੋਲ੍ਹ ਸੀ। ਟਰਬਿਊਨ 'ਚ ਵੀ ਉਲਟਾ ਪੁਲਟਾ ਸਿਰਲੇਖ ਹੇਠ ਏਹਨਾਂ ਦੇ ਆਰਟੀਕਲ ਛਪਦੇ ਰਹਿੰਦੇ ਸੀ।
ਸੱਥ 'ਚੋਂ ਉੱਠ ਮੂਕਾ ਝਾੜਕੇ ਮੋਢੇ ਤੇ ਰੱਖ ਲਿਆ ਤੇ ਦਾਹੜੀ ਤੇ ਹੱਥ ਮਾਰ ਪਿੰਡ ਦੇ ਚੜ੍ਹਦੇ ਆਲੇ ਪਾਸੇ ਸਿਵਿਆਂ ਬੰਨੀਂ ਤੁਰਗੇ।
ਪਿੱਛੇ ਹੱਥ ਮਾਰਤਾ.....ਚੰਗਾ ਪਰਧਾਨ ...ਖੈਸਰਲਾ ਈ ਆ....ਬਸ ਹੁਣ ਨੀਂ ਮੁੜਦੇ......ਘੁੱਦਾ
-----------------------------------------------------------------------------------------------------------------

ਕੇਰਾਂ ਆਹੀ ਦਿਨ ਭਰਾਵਾ ਅੱਸੂ ਕੱਤੇ ਦੇ।
ਰਾਵਣ ਕੇਸੀ ਨਾਹ ਕੇ ਹਟਿਆ ਸੀ । ਕੁੰਭਕਰਨ ਤੇ ਮੇਘਨਾਥ ਅਰਗੇ ਵੀ ਘਰੇ ਈ ਸੀਗੇ ।
ਹਾਂ ਸੱਚ ਛੁੱਟੀ ਸੀ ਓਦੇਂ ਦਸ਼ੈਹਰੇ ਦੀ ।
ਰਾਵਣ ਕੁੰਭਕਰਨ ਨੂੰ ਕੈਂਹਦਾ ਬੀ ਚੱਲ ਪਰਧਾਨ ਰਾਮ ਦੇ ਛੋਟੇ ਭਾਈ ਲਛਮਣ ਨੂੰ ਫੂਨ ਕਰਦੇ ਬੀ ਸੀਤਾ ਅਸੀਂ ਕਿਡਨੈਪ ਕਰੀ ਵਈ ਆ।
ਕੁੰਭਕਰਨ ਨੇ ਨਾਲ ਦੀ ਨਾਲ ਲਛਮਣ ਦਾ ਲੰਬਰ ਲਾ ਲਿਆ , ਅੱਗੋਂ ਕੰਮੂਟਰ ਕਹਿੰਦਾ ਬੀ ਫੂਨ ਬਿਜ਼ੀ ਆ ਹਲੇ, ਫੇਰ ਕਰਿਓ।
ਕੁੰਭਕਰਨ ਨੇ ਹਸਾਬ ਕਤਾਬ ਲਾਲਿਆ ਬੀ ਬਾਈ ਲਛਮਣ ਤਾਂ ਕਿਸੇ ਨਿੱਕੀ ਨਾਲ ਗਰਾਰੀ ਫਸਾ

ਈ ਬੈਠਾ।
ਰਾਵਣ ਕੈਂਹਦਾ ਚੱਲ ਮਾਨਾਂ ਦੇ ਮੁੰਡੇ ਦਾ ਨੰਬਰ ਲਾਲਾ, ਓਹਵੀ ਕੋਲੇ ਈ ਹੁੰਦਾ , ਨਾਲੇ ਉਹਦਾ ਨੰਬਰ ਵਿਹਲਾ ਈ ਹੁੰਦਾ, ਬਿਜ਼ੀ ਘੱਟ ਈ ਹੁੰਦਾ।
ਕੁੰਭਕਰਨ ਕੈਂਹਦਾ ਜਰ ਪੈਸੇ ਥੋੜ੍ਹੇ ਆ । ਰਾਵਣ ਹਰਖ ਗਿਆ ਕਹਿੰਦਾ ਭੈਣ ਦੇ ਆਈ ਫੋਨਾਂ ਯਾਬੇ, ਪੈਹੇ ਤਾਂ ਪਵਾਲਿਆ ਕਰੋ।
ਹਾਰਕੇ ਕੁੰਭਕਰਨ ਨੇ "ਹੈਪੀ ਦਸਹਿਰਾ" ਲਿਖਕੇ ਮੈਸਜ ਕਰਤਾ ਭਰਾਵਾ। ਮਾਨਾਂ ਦਾ ਮੁੰਡਾ ਹਿੱਲ ਗਿਆ ਬੀ ਨਮਾਂ ਨੰਬਰ ਤੋਂ ਮੈਸਜ , ਬਣਗੀ ਗੱਲ। ਲਛਮਣ ਅਰਗਿਆਂ ਤੋਂ ਪੜਦੇ ਜਾ ਕਰਕੇ ਹਨੂੰਮਾਨ ਨੇ ਭਰਾਵਾ ਫੂਨ ਲਾਲਿਆ, ਅੱਗੋ ਰਾਵਣ ਨੇ ਚੱਕਲਿਆ।
ਰਾਵਣ ਗੁੰਡਾ ਫੀਲਿੰਗ ਜੀ ਲੈ ਕੇ ਸ਼ੋਅਲੇ ਦੇ ਗੱਬਰ ਅੰਨੂੰ ਹੱਸਣ ਲਾਗਿਆ।
ਮੇਘਨਾਥ ਕਹਿੰਦਾ ਪਰਧਾਨ ਹਿੜ ਹਿੜ ਘੱਟ ਕਰਿਆ ਕਰ, ਨਾਲੇ ਤਾਂ ਮੁਸ਼ਕ ਆਉਂਦਾ , ਨਾਲੇ ਦਸ ਸਿਰ ਆ ਤੇਰੇ 'ਵਾਜ਼ ਵੀ ਕੋਟਕਪੂਰੇ ਤਾਂਈ ਜਾਂਦੀ ਆ।
ਰਾਵਣ ਕੱਚਾ ਜਾ ਹੋਕੇ ਮੇਘਨਾਥ ਨੂੰ ਕਹਿੰਦਾ, "ਸਾਲਾ ਲਗਾੜਾ".....ਘੁੱਦਾ
---------------------------------------------------------------------------------------------------------------
 ਨਿੱਤ ਨਮਾਂ ਮੁੱਦਾ ਦੇਖਣ 'ਚ ਆਉਦਾਂ। ਪਰ ਲੰਡੂ ਨੇ ਉਹ ਲੋਕ ਜੇਹੜੇ ਕੈਂਹਦੇ ਆ ਬੀ ਬਾਦਲ ਚੰਗਾ, ਕੈਪਟਨ ਚੰਗਾ ਜਾਂ ਨਮੀਂ ਪਾਲਟੀ ਆਲਾ ਮਨਪ੍ਰੀਤ ਦੁੱਧ ਧੋਤਾ।
ਮਹਾਂ ਫੁੱਦੂ ਦੇ ਖਿਤਾਬ ਦੇ ਹੱਕਦਾਰ ਨੇ ਉਹ ਲੋਕ ਜੇਹੜੇ ਏਹਨਾਂ ਪਿੱਛੇ ਆਵਦੇ ਘਰ ਪਾੜਦੇ ਨੇ , ਪਿੰਡਾਂ 'ਚ ਲੜਾਈਆਂ ਵਿੱਢਦੇ ਨੇ। ਤਾਏ ਚਾਚਿਆਂ ਨਾਲ ਬੋਲਤੀ ਬੰਦ ਕਰ ਲੈਂਦੀ ਆ ਜੰਤਾ ਏਹਨਾਂ ਕਰਕੇ।
ਬਾਦਲ ਨੇ ਆਵਦੇ ਪਿੱਛੋਂ ਆਵਦਾ ਈ ਮੁੰਡਾ ਉੱਪ ਮੁੱਖ ਮੰਤਰੀ ਬਣਾਕੇ ਇਹ ਸਿੱਧ ਕੀਤਾ ਬੀ ਉਹਦੇ ਮੁੰਡੇ ਤੋਂ ਜ਼ਿਆਦਾ ਉੱਪ ਮੁੱਖ ਮੰਤਰੀ ਦੇ ਅਹੁਦ

ੇ ਦਾ ਕੋਈ ਦਾਅਵੇਦਾਰ ਨਹੀਂ, ਡਰੈਗਟਲੀ ਏਹ ਗੱਲ ਸ਼ਪੱਸ਼ਟ ਹੁੰਦੀ ਆ ਓਹੀ ਇੱਕੋ ਇੱਕ ਪੰਜਾਬ ਦਾ ਸਿਆਣਾ ਬੰਦਾ।
ਨੰਨੀ ਛਾਂ ਆਲੀ ਨੇ ਵਿਧਾਨ ਸਭਾ ਚੋਣਾਂ ਵੇਲੇ ਸਿੱਖ ਵੋਟ ਕੈਸ਼ ਕਰਨ ਖਾਤਰ ਚੌਰਾਸੀ ਦੰਗਿਆਂ ਦਾ ਮੁੱਦਾ ਚੱਕਿਆ।
ਹੁਣ ਕਿਮੇਂ ਚੁੱਪ ਹੋਗੀ, ਹੁਣ ਕੇਹੜਾ ਤਗਮੇ ਮਿਲਗੇ ਸ਼ਹੀਦ ਪਰਿਵਾਰਾਂ ਨੂੰ। ਥੋਡੇ ਸਾਹਮਣੇ ਆ , ਆਉਂਦੀਆਂ ਵੋਟਾਂ ਵੇਲੇ ਫੇਰ ਆਹੀ ਮੁੱਦਾ ਚੱਕਿਆ ਜਾਊ। ਟੈਟਲਰ ਨੂੰ ਰਪਈਆ ਧਰਨਾ ਗੱਲ ਨੀਂ ਬਾਤ ਨੀ।
ਦੁੱਧ ਧੋਤੀ ਪਾਲਟੀ ਦਾ ਆਗੂ ਭਗਤ ਸਿੰਘ ਤੋਂ ਪ੍ਰਭਾਵਤ ਹੋਇਆ ਵਾ। ਸਰਕਾਰੀ ਸਕੂਲ਼, ਹਸਪਤਾਲ ਏਹ ਮੰਤਰੀ ਆਪ ਈ ਖੋਲ੍ਹਦੇ ਨੇ।
ਪਰ ਏਹਨਾਂ ਨੂੰ ਆਵਦੀਆਂ ਖੋਲ੍ਹੀਆਂ ਸੰਸਥਾਵਾਂ ਤੇ ਈ ਯਕੀਨ ਹੈਨੀ । ਤਾਂਹੀ ਤਾਂ ਆਵਦੇ ਜਵਾਕ ਆਊਟ ਔਫ ਪੰਜਾਬ ਕਨੇਡੇ 'ਮਰੀਕੇ ਪੜ੍ਹਦੇ ਆ। ਤੀਜੀ ਪਾਰਟੀ ਦੇ ਮੁਖੀਏ ਦਾ ਮੁੰਡਾ ਵੀ ਵਲੈਤ ਈ ਪੜ੍ਹਦਾ, ਸੌਰੀ ਭਗਤ ਸਿੰਘ ਆਲ਼ੀ ਕੇਸਰੀ ਪਾਲਟੀ ਆਲਾ।
ਲਗਾੜੇ ਨੇ ਉਹ ਜੇਹੜੇ ਪਾਰਟੀਆਂ ਪਿੱਛੇ ਜਫੋ ਜਫੀ ਹੁੰਦੇ ਨੇ, ਲਗਾੜੀ ਸੋਚ...ਲੁੱਚਪੌ ਨਿਰਾ, ..ਨਿੱਜੀ ਸਵਾਰਥ...ਘੁੱਦਾ

---------------------------------------------------------------------------------------------------------------


 ਆਹ ਨਮਾਂ ਈ ਇੱਕ ਬਾਲ ਬੱਚਿਆਂ ਆਲਾ ਦਾਹੜੀ ਆਲਾ
ਸਿਆਣਾ ਬਿਆਣਾ ਜਾ ਬੰਦਾ ਟੀਬੀ ਤੇ ਜਨਾਨੀਆਂ ਦੇ ਲਿਵੇ ਹੋ ਹੋ ਗਾਣਾ ਗਾਉਂਦਾ
ਕਹਿੰਦਾ ਬੀ "ਕੁੜੀ ਸੈਚਡੇ ਸੈਚਡੇ ਕਰਦੀ ਰਹਿੰਦੀ ਆ"
ਜੇਹੇ ਜਾ ਲੋਕ ਸੁਣਦੇ ਆ ਉਹੋ ਜਾ ਅਗਲਾ ਸੁਣਾਈ ਜਾਂਦਾ
ਕੱਲੇ ਸੱਭਿਆਚਾਰ ਤੋਂ ਕੀ ਡੋਕੇ ਲੈਣੇ ਆ ਅਗਲੇ ਨੇ ਚਾਰ ਪੈਸੇ ਕਮਾਕੇ ਜਵਾਕਾਂ ਦਾ ਢਿੱਡ ਵੀ ਭਰਨਾ।
ਪਰ ਪਰਧਾਨ ਐਸ ਗੱਲ ਦੀ ਸਮਝ ਨੀਂ ਆਈ ਬੀ ਦਿਨ ਤਾਂ ਸੰਡੇ ਮੰਡੇ ਵੀ ਹੁੰਦੇ ਆ ਪਰ ਕੁੜੀ ਕੱਲਾ ਸੈਚਡੇ ਸੈਚਡੇ ਕਾਹਤੋਂ ਕਰਦੀ ਆ ਜਰ। ਰੋਟੀ ਦੁੱਭਰ ਕਰਤੀ ਝੋਰਾ ਲੱਗਾ ਪਿਆ..
----------------------------------------------------------------------------------------------------------------
 ਯਕੀਨ ਹੋਇਆ ਨਾ ਭੋਰਾ ਕੰਨਾ ਤੇ
ਕੀ ਵੇਖਣਾ ਪੈ ਗਿਆ ਅੱਖਾਂ ਨੂੰ
ਤੇਰਾ ਨੋਂ ਹੋਰਾਂ ਨਾ ਜੋੜ ਰਹੀਆਂ
ਕਿਮੇਂ ਫੜਾਂ ਜ਼ੁਬਾਨਾਂ ਲੱਖਾਂ ਨੂੰ
ਖਤ ਰੁਲਗੇ ਦੱਸ ਕੇਹੜੇ ਡਾਕਖਾਨੇ
ਜੋ ਭੇਜੇ ਵਏ ਪਿਛਲ਼ੇ ਸਾਲ ਦੇ
ਰੰਗ ਦੇਲੇ ਸੁਣਿਆ ਚੁੰਨੀਆਂ ਨੂੰ
ਤੂੰ ਹੋਰਾ ਦੀਆਂ ਪੱਗਾਂ ਨਾਲਦੇ...
 ਸੋਨਾ ਚੜ ਗਿਆ ਬੱਤੀ ਹਜ਼ਾਰ ਨੂੰ
ਕੀ ਕੀਮਤ ਪਿੱਤਲ ਸਵੱਲੇ ਦੀ
ਤਾਂਹੀਉਂ ਮੁੰਦਰੀ ਨੇ ਥਾਂ ਲੈ ਲਈ ਆ
ਹੁਣ ਸਾਡੇ ਆਲੇ ਛੱਲੇ ਦੀ
ਆਪਣੇ ਵਾਲੇ ਸਫੈਦਿਆਂ ਤੇ ਅੱਜ
ਹੋਰਾਂ ਦੇ ਨਾਂ ਖੁਣਦੇ ਨੇ
ਚੂੜੀਆਂ ਦੀ ਥਾਂ ਚੂੜੇ ਦੀ
ਛਣਕਾਰ ਨਮੇਂ ਈ ਸੁਣਦੇ ਨੇ
ਹੱਸਦੀ ਖੇਡਦੀ ਰਹੀਂ ਬਸ
ਛੱਡੀ ਸਾਨੂੰ ਸਾਡੇ ਹਾਲ ਤੇ
ਰੰਗ ਦੇਲੇ ਤੂੰ ਸੁਣਿਆ ਚੁੰਨੀਆਂ ਨੂੰ
ਹੋਰਾਂ ਦੀਆਂ ਪੱਗਾਂ ਨਾਲਦੇ.....ਘੁੱਦਾ
----------------------------------------------------------------------------------------------------------------

ਪਿੱਛੇ ਜੇ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਉਰਫ ਮੰਨਾ ਹੋਣਾਂ ਦੀ ਯਾਦ 'ਚ ਬਠਿੰਡੇ ਰੋਜ਼ ਗਾਰਡਨ 'ਚ ਰਾਤ ਨਾਟਕ ਮੇਲਾ ਹੋਇਆ ਸੀ।
ਪਿੰਡੋਂ ਪੱਚੀ ਤੀਹ ਜਣੇ ਨਾਟਕ-ਮੇਲਾ ਵੇਖਣ ਬੱਗਗੇ । ਇਨਕਲਾਬੀ ਗਤੀਵਿਧੀਆਂ ਦੇ ਮੌਜੂਦਾ ਆਗੂ ਕਾਮਰੇਟ ਅਮੋਲਕ ਹੋਣਾਂ ਦੀਆਂ ਗੱਲਾਂ ਲੂੰ ਕੰਡੇ ਖੜ੍ਹੇ ਕਰਨ ਆਲੀਆਂ ਸੀ। ਦੱਸਣ ਆਲੇ ਦੱਸਦੇ ਆ ਬੀ ਅਮੋਲਕ ਹੋਣਾਂ ਨੇ 1979 'ਚ M.Tech ਕਲੀਅਰ ਕਰਲੀ ਸੀ। ਪਰ ਉਹ ਲੰਡੂ ਲੋਕਤੰਤਰੀ ਤਾਣੇ ਬਾਣੇ ਤੋਂ ਐਨੇ ਫਰੱਸਟਰੇਟ ਹੋਗੇ ਕਿ ਉਹ ਆਪਣੇ ਇੰਸਚੀਚਿਊਟ 'ਚੋਂ ਫਾਈਨਲ ਸਰਟੀਫਿਕੇਟ ਵੀ

ਨਾ ਲੈਣ ਗਏ। ਗੱਲਾਂ 'ਚੋਂ ਉਹਨ੍ਹਾਂ ਨੇ ਗੱਲ ਤੋਰੀ ਬੀ ਨਮੀਆਂ ਪੰਜਾਬੀ ਫਿਲਮਾਂ ਰਿਲੀਜ਼ ਹੁੰਦੀਆਂ , ਫਿਲਮ ਦਾ ਨੌਂ ਹੁੰਦਾ "ਪਿੰਕੀ ਮੋਗੇ ਆਲੀ" "ਜੱਟ ਜੂਲੀਅਟ" "ਜੀਹਨੇ ਮੇਰਾ ਦਿਲ ਲੁੱਟਿਆ " ਜਾਂ ਹੋਰ ਕੁਸ ਬੀ ਆ। ਫਿਲਮਾਂ ਸਾਰੀਆਂ ਇਸ਼ਕ ਮੁਸ਼ਕ 'ਦਾਲੇ ਘੁੰਮਦੀਆਂ।
ਜੰਤਾ ਨੂੰ ਚੱਜਦੀ ਮੱਤ ਦੇਣ ਆਲੀ ਕੋਈ ਗੱਲ ਨੀਂ ਹੁੰਦੀ , ਬਸ ਹਰੇਕ ਫਿਲਮ 'ਚ ਏਹੀ ਕੁਝ ਦੱਸਿਆ ਜਾਂਦਾ ਆ ਬੀ ਕੁੜੀ ਕਿਮੇਂ ਪੱਟੀ ਜਾਂਦੀ ਆ, ਜਾਂ ਹੋਰ ਲੁੱਚਪੌ।
ਕਹਿੰਦੇ ਬੀ ਫਿਲਮਾਂ ਦੇ ਡਬਲ ਮੀਨਿੰਗ ਡਾਇਲੌਗ ਹੁੰਦੇ ਨੇ , ਡਰੈਗਟ ਆਰ ਪਾਰ ਗੱਲਾਂ।
ਜਦੋਂ ਫਿਲਮ ਮੁਕੰਮਲ ਹੋਜੇ ਸਾਰੀ ਟੀਮ ਜਾਕੇ ਹਰਮੰਦਰ ਸੈਹਬ ਮੱਥਾ ਟੇਕ ਆਉਂਦੀ ਆ ਬੀ ਫਿਲਮ ਚੱਲਜੇ ਹੁਣ।
ਅੱਗੋਂ ਹਰਮੰਦਰ ਸਾਹਬ ਆਲਿਆਂ ਦਾ ਸੁਭਾਅ ਵੀ ਬਾਹਲਾ ਰਲੌਟਾ ਆ ਜਰ ਹਰੇਕ ਦੇ ਸਿਰੋਪਾਓ ਪਾ ਦੇਂਦੇ ਆ।
ਮੈਨੂੰ ਦੀਂਹਦੀ ਭਮਾਂ ਦੀ ਓਹੋ ਜਾਵੜੇ ਜੇਹੜਾ ਜਰ ਮਧਰਾ ਜਾ ਹਿੰਦੀ ਫਿਲਮਾਂ 'ਚ ਹੁੰਦਾ , ਕੀ ਨੌਂ ਜਰ ਚੇਤੇ ਨੀਂ ਆਉਂਦਾ , ਹਾਂ ਸੱਚ ਇਮਰਾਨ ਹਾਸ਼ਮੀ, ਜਥੇਦਾਰ ਜੇ ਉਹਦੇ ਨਾਲ ਵੀ ਫੋਟੂ ਖਿਚਾ ਕੇ 'ਖਬਾਰ ਦੇ ਫਰੰਟ ਪੇਜ ਤੇ ਛਪਾਉਣਗੇ।
ਨੰਦੂ ਕੱਢਤਾ ਧਰਮਕੀ ਸਥਾਨਾਂ ਦਾ ...ਚਲੋ ਉਹ ਜਾਣੇ....ਘੁੱਦਾ
---------------------------------------------------------------------------------------------------------------
 ਮੁਲਖ ਰੱਬ ਪਿੱਛੇ ਡਹਿ ਡਹਿ ਮਰੀ ਜਾਂਦਾ । ਭੈਣ ਮਰਾਵੇ ਆਸਤਿਕਤਾ ਨਾਸਤਿਕਤਾ ਕੀ ਧਾਰ ਕਢਾਉਣੀ ਆ ਏਹਨਾਂ ਗੱਲਾਂ ਤੋਂ।
ਮਾਤਾ ਅਰਗੀਆਂ ਰੱਬ ਦੇ ਵੀ ਓਤੋਂ ਦੀ ਨੇ।
ਜੰਮ ਪਾਲ ਕੇ ਰਿੱਛਾਂ ਅਰਗੇ ਬਣਾਤੇ ਮਾਤਾ ਅਰਗੀਆਂ ਨੇ, ਹੁਣ ਵੀ ਠਿੱਠ ਈ ਕਰੀਦਾ।
ਨਾਹ ਕੇ ਗਿੱਲਾ ਤੌਲੀਆ ਬੈੱਡ ਤੇ ਚਲਾ ਕੇ ਮਾਰੀਦਾ, ਵਾਲ ਵਾਹਕੇ ਕੰਘੇ 'ਚੋਂ ਵਾਲ ਕੱਢਣੇ ਭੁੱਲ ਜਾਈਦਾ ਬੀ ਚੱਲ ਕੋਈ ਨਾ ਮਾਤਾ ਹੈਗੀ ਆ।
ਕਿਤੇ ਜਾਣਾ ਹੋਵੇ ਮਾਤਾ ਹੋਣੀਂ ਹੁਣ ਵੀ ਜਬਾਕਾਂ ਅੰਗੂ ਸਮਝਾਉਦੀਆਂ ਪੁੱਤ ਕਿਸੇ ਤੋਂ ਲੈਕੇ ਕੋਈ ਚੀਜ਼ ਨੀਂ ਖਾਣੀ,

ਾਰ ਸਕੂਟਰ ਤੇਜ਼ ਨਾ ਚਲਾਈਂ। ਕਿਸੇ ਓਪਰੇ ਬੰਦੇ ਨੂੰ ਬਾਹਲਾ ਬੁਲਾਈਂ ਨਾ।
ਠੰਢ ਆਗੀ ਪੁੱਤ ਨਹਾ ਕੇ ਬੁੱਕਲ ਮਾਰਕੇ ਬਾਹਰ ਨਿਕਲਿਆ ਕਰੋ।
ਤੜਕੇ ਸਿਰ ਤੇ ਮੂਕਾ ਵਲ੍ਹੇਟ ਕੇ ਬਿਸਤਰੇ 'ਚੋਂ ਨਿਕਲਿਆ ਕਰੋ, ਠੰਢ ਜਾਂਦੀ ਆਉਂਦੀ ਈ ਲੱਗਦੀ ਆ।
ਨੇਹਰੇ ਸਵੇਰੇ ਜੁੱਤੀ ਜੋੜਾ ਪਾਕੇ ਮੰਜੇ ਤੋਂ ਉੱਠਿਆ ਕਰੋ, ਸੱਪ ਸਲੂਪੀ ਦਾ ਪਤਾ ਨੀਂ ਹੁੰਦਾ ਪੁੱਤ , ਮੁੜਕੇ ਕੇਹੜਾ ਘਰ ਪੁੱਛਾਂਗੇ।
ਮੱਸਿਆ, ਸੰਗਰਾਦਾਂ, ਦੇਸੀ ਮਹੀਨੇ, ਵਿਆਹ , ਤਿੱਥ ਤਿਓਹਾਰ , ਮੱਝਾਂ ਦੇ ਨਮੇਂ ਦੁੱਧ ਤੇ ਸੂਣ ਦੀਆਂ ਤਰੀਕਾਂ,
ਆਹ ਸਾਰਾ ਬਾਇਓਡਾਟਾ ਮਾਤਾ ਅਰਗੀਆਂ ਨੂੰ ਜ਼ਬਾਨੀ ਯਾਦ ਹੁੰਦਾ।
ਸੱਚਿਓ ਦਮ ਆ ਮਾਤਾ ਹੋਣਾਂ 'ਚ। ਤਾਂਹੀ ਤਾਂ ਜਲਾਲ ਆਲੇ ਮਾਣਕ ਦਾ ਗੀਤ ਹਿੱਟ ਹੋਗਿਆ ਸੀ
"ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ"...ਘੁੱਦਾ

----------------------------------------------------------------------------------------------------------------


 ਰਾਤ ਨੂੰ ਸੌਣ ਲੱਗੇ ਸਰ੍ਹਾਣੇ ਮਬੈਲ ਰੱਖੀਦਾ ਤੇ ਜਦੋਂ ਤੜਕੇ ਸੰਦੇਹਾਂ 'ਲਾਰਮ ਬੋਲਦਾ ਅੱਧੀ ਪੌਣੀ ਅੱਖ ਜੀ ਖੋਲ੍ਹਕੇ ਹੱਥ ਜੇ ਮਾਰਕੇ ਮੰਜਾ ਫਰੋਲੀਦਾ ਤਾਂ ਮਬੈਲ ਲੱਤਾਂ ਕੋਲੇ ਪਿਆ ਹੁੰਦਾ।
ਕਈ ਆਰੀ ਖਾਸੇ ਮੈਸਜ ਆਏ ਪਏ ਹੁੰਦੇ ਆ। ਬਾਹਲੀ ਹਾਸੀ ਆਲਾ ਮਾਲ ਪੱਤਾ ਭੇਜਦੀ ਆ ਜੰਤਾ।
"ਜਯ ਮਾਤਾ ਦੀ"
ਯਹ ਮੈਸਜ ਮਾਂ ਵੈਸ਼ਨੂੰ ਦੇਵੀ ਸੇ ਚਲਾ ਹੈ, ਪੰਦਰਾਂ ਲੋਗੋਂ ਕੋ ਭੇਜੀਏ,
ਇਗਨੋਰ ਮਤ ਕਰਨਾ, ਏਕ ਲੜਕੇ ਨੇ ਇਗਨੋਰ ਕੀਤਾ ਥਾ ਵੋਹ ਇਗਜ਼ਾਮ ਮੇਂ ਫੇਲ੍ਹ ਹੋ ਗਿਆ।
ਨਾਲ ਆਹ ਵੀ ਲਿਖਿਆ ਬਾ ਹੁੰਦਾ
"ਸੌਰੀ ਯਾਰ ਮੁਝੇ ਵੀ ਫਸਾਇਆ ਗਿਆ ਹੈ"
ਜਾਂ ਐਹੇ ਜਾ ਮੈਸਜ ਆਊ
ਗਟਰ ਮਟਰ ਜਾ ਲਿਖਕੇ ਕਿਹਾ ਵਾ ਹੁੰਦਾ,
ਅਗਰ ਆਪ ਕਿਸੀ ਦੇ ਪਿਆਰ ਕਰਤੇ ਹੋ ਤੋਂ , ਨੈੱਗਲੇਕਟ ਨਾ ਕਰਨਾ ਔਰ ਪੰਦਰਾਂ ਲੋਗੋਂ ਕੋ ਭੇਜੀਏ,
ਦੋ ਦਿਨੋਂ ਮੇਂ ਤੁਮ੍ਹਾਰਾ ਪਯਾਰ ਤੁਮਾਰੇ ਸਾਥ ਹੋਗਾ"
ਮਖਾ ਜਰ ਪੁੱਛ ਨਾ ISI ਮਾਰਕੇ ਅੰਗੂ ਸੌ ਪਰਸੰਟ ਗਰੰਟੀ ਦੇਂਦੇ ਆ ਭੈਣ ਦੇ ਮੁੰਡੇਆਂ ਦਿਨੇ..ਘੁੱਦਾ
 ----------------------------------------------------------------------------------------------------------------
ਪੰਜਾਬੀ ਦੀ Vocabulary

ਅਦਬ---ਸਤਿਕਾਰ
ਤਹਿਜ਼ੀਬ---ਬੋਲ ਚਾਲ ਦਾ ਸਲੀਕਾ
ਅਨੁਕੂਲ------ਢੁਕਵਾਂ
ਬੁਨਿਆਦੀ---ਮੁੱਢਲਾ
ਫਿਰਕਾ----ਜਾਤ, ਮਜ੍ਹਬ
ਅਣਹੋਂਦ----ਗੈਰਮੌਜੂਦਗੀ, ਗੈਰ-ਹਾਜ਼ਰੀ
ਅਰਥਾਤ----ਮਤਲਬ
ਹਕੀਕਤ-----ਸੱਚ

ਕਲਪਨਾ----ਸੋਚ ਉਡਾਰੀ
ਮੁਹੱਈਆ----ਪਹੁੰਚਾਉਣਾ
ਤਫਤੀਸ਼----ਜਾਂਚ ਪੜਤਾਲ, ਘੋਖ,
ਤਹਿਕੀਕਾਤ---ਜਾਂਚ ਪੜਤਾਲ, ਡੂੰਘੀ ਗੁਪਤ ਜਾਣਕਾਰੀ
ਜਰਖੇਜ਼---ਉਪਜਾਊ
ਮੁਲਾਂਕਣ----ਤੋਲਣਾ, ਕਮਪੈਰੀਸਨ ਕਰਨਾ
ਸੰਦਰਭ-----ਬਾਰੇ ਵਿੱਚ
ਖਾਮੀ------ਕਮੀ
ਕਾਦਰ----ਰੱਬ
ਹਰਫ----ਸ਼ਬਦ, ਅੱਖਰ
ਸਿਰਨਾਵਾਂ ----ਪਤਾ ਟਿਕਾਣਾ, ਐੱਡਰੈੱਸ

ਪੈਂਤੀ ਅੱਖਰੀ ਐਮੇਂ ਨੀਂ ਬਣੀ। ਨੱਕ ਇੱਚਦੀ ਨਿਕਲੀ 'ਵਾਜ਼ ਨੂੰ ਵੀ ਇੰਨ ਬਿੰਨ ਲਿਖਣ ਦੀ ਕਾਬਲੀਅਤ ਆ ਏਹਦੇ 'ਚ। ਬਹੁਤ ਨੇ ਹੋਰ ਡੂੰਘੀ ਗੱਲਬਾਤ ਆਲੇ ਸ਼ਬਦ...ਬਾਕੀ ਫੇਰ ਨਿਗ੍ਹਾਹ ਇੱਚਦੀ ਕੱਢਾਂਗੇ...ਘੁੱਦਾ

----------------------------------------------------------------------------------------------------------------

 ਕਿਸੇ ਨਮੀਂ ਫਿਲਮ ਦਾ ਕੋਈ ਡਾਇਲੌਗ ਹਿੱਟ ਹੋਜੇ ਜੰਤਾ ਓਸੇ ਡਾਇਲੌਗ ਤੇ ਈ ਪੇਜ ਬਣਾ ਦੇਂਦੀ ਆ।
ਤੜਕੇ ਉੱਠ ਕੇ ਜੰਗਲ ਪਾਣੀ ਮਗਰੋਂ ਜਾਂਦੇ ਆ ਪਹਿਲਾਂ ਕਿਸੇ ਕੁੜੀ ਕੱਤਰੀ ਦੀ ਫੋਟੂ ਪਾਕੇ ਅੱਧੇ ਮੁਲਖ ਨੂੰ ਟੈਗ ਕਰ ਦੇਂਦੇ ਆ।
ਬੰਨੋ ਬੰਨੀਂ ਦੇ ਚੱਕਮੇਂ ਜੇ ਕਮੈਂਟ ਕਰ ਕਰ ਮੁਲਖ ਸਵਾਦ ਲਈ ਜਾਂਦਾ।
ਬਾਕੀ ਗਰੁੱਪਾਂ ਆਲੇ ਬਾਹਲੀ ਮਗਜ਼ਖਪਾਈ ਕਰਦੇ ਆ ਜਰ, ਕਿਤੇ ਰੱਬ, ਕਿਤੇ ਸਿਆਸਤ ਬਾਹਲੀਆਂ ਲੜਾਈਆਂ ਹੁੰਦੀਆਂ।
ਘਰੋ ਘਰੀ ਬੈਠੇ ਈ ਜੁੰਡੋ ਜੁੰਡੀ ਹੋਈ ਜਾਂਦੇ ਆ, ਕਈ ਤਾਂ ਗਾਲ੍ਹ ਦੁੱਪੜ ਵੀ ਚਲਾ ਲੈਂਦੇ ਆ ਪੜਦੇ ਜੇ ਨਾਲ।
ਸਤਿਆ ਸਤਾਇਆ ਬੰਦਾ ਦਸ ਮਿੰਟ ਫੇਹਬੁੱਕ ਤੇ ਆਉਂਦਾ,
ਅੱਗੋ ਆਈ ਡੀ ਲੋਗ ਇਨ ਕਾਹਦੀ ਕਰੀ ਦੀ ਆ, ਅਈਂ ਲੱਗਦਾ ਜਿਮੇਂ "ਟਾਕਰੇ ਜੱਟਾਂ ਦੇ" ਫਿਲਮ ਚੱਲੀ ਜਾਂਦੀ ਹੋਵੇ
ਦਸ ਮਿੰਟ ਚੌੜ ਚੱਪਾ ਕਰ ਲਿਆ ਕਰੋ ਐਥੇ ਬੀਰ ਅਣਿਆ। ਭੈਣ ਦੇ ਬੀਰ ਆਹਾ ਟਕੂਏ , ਗੰਡਾਸੇ ਜੇ ਕੰਮੂਟਰ ਆਲੇ ਮੇਜ਼ ਥੱਲੇ ਰੱਖਦੋ ..ਘੁੱਦਾ

-----------------------------------------------------------------------------------------------------------------
 ਸੰਨ ਸੰਤਾਲੀ ਵੇਲੇ ਬਾਹਲਾ ਟੈਲੇਂਟ ਤਾ ਲਹਿੰਦੇ ਪੰਜਾਬ ਬੰਨੀਂ ਰਹਿ ਗਿਆ...ਨਮੂਨਾ ਵੇਖ ਜਰ

ਬੁੱਲ੍ਹੇ ਨੂੰ ਲੋਕੀਂ ਮੱਤੀਂ ਦਿੰਦੇ
ਬੁੱਲ੍ਹਿਆ ਆ ਬਹਿਜਾ ਵਿੱਚ ਮਸੀਤੀਂ
ਵਿੱਚ ਮਸੀਤਾਂ ਦੇ ਕੀ ਕੁਝ ਹੁੰਦਾ
ਜੇ ਦਿਲੋਂ ਨਮਾਜ਼ ਨਾ ਕੀਤੀ
ਬਾਹਰੋਂ ਧੋਏ ਲੱਤਾਂ ਗੋਢੇ ਅੰਦਰੇ ਰਹੀ ਪਲੀਤੀ
ਤੇਰਾ ਦਿਲ ਖਿਡਾਵੇ ਮੁੰਡੇ ਕੁੜੀਆਂ ਸਜਦੇ ਕਰੇਂ ਮਸੀਤੀਂ
ਕੰਨ ਨੂੰ ਹੱਥ ਲਾਵੇ ਪਹਿਲੇ ਫੇਰ ਨਮਾਜ਼ ਤੇ ਨੀਤੀ
ਦੁਨੀਆਂ ਦਾਰਾ ਰੱਬ ਦੇ ਨਾਲ ਵੀ
ਚਾਰ ਸੌ ਵੀਹ ਤੈਂ ਕੀਤੀ
-----------------------------------------------------------------------------------------------------------------
 ਸਾਡੇ ਪਿੰਡ ਤੋਂ ਚੜ੍ਹਦੇ ਆਲੇ ਪਾਸੇ ਪਿੰਡ ਆ "ਫੁੱਲੋ ਮਿੱਠੀ"। ਉੱਥੋਂ ਦੀ ਬਹੁਤ ਜੰਤਾ ਸਾਡੇ ਨਾ ਹੁੰਦੀ ਸੀ ਸਕੂਲ 'ਚ।
ਫੁੱਲੋ ਮਿੱਠੀ ਪਿੰਡ ਵਿੱਚਦੀ ਰੇਲ ਦੀ ਲੈਨ ਨੰਘਦੀ ਆ। ਬਠਿੰਡਿਓ ਡੱਬਆਲੀ, ਹਨੂੰਮਾਨਗੜ੍ਹ ਤੇ ਸੂਰਤਗੜ੍ਹ ਨੂੰ ਜਾਣ ਆਲੀਆਂ ਗੱਡੀਆਂ ਹੋਕੇ ਲੰਘਦੀਆਂ।
ਪਿੱਛੇ ਜੇ ਸਰਕਾਰੀ ਮਾਹਟਰ ਮਰਦਮ ਸ਼ੁਮਾਰੀ ਕਰਦੇ ਸੀ ਪੰਜਾਬ 'ਚ। ਬਹੁਤ ਪੁੱਛ ਦੱਸ ਕਰਕੇ ਫਾਰਮ ਜਾ ਭਰਦੇ ਸੀ।
ਮਰਦਮ ਸ਼ਮਾਰੀ ਆਲੇ ਫੁੱਲੋ ਮਿੱਠੀ ਜਾਵੜੇ ਭਰਾਵਾ। ਜੇਹੜੇ ਘਰੇ ਜਾਇਆ ਕਰਨ ਕਿਸੇ ਦੇ ਤਿੰਨ ਨਿਆਣੇ ਕਿਸੇ ਦੇ ਚਾਰ। ਦੋ ਨਿ

ਆਣਿਆਂ ਆਲਾ ਤਾਂ ਵਿਰਲਾ ਈ ਘਰ ਸੀ। ਸਰਵੇ ਕਰਨ ਆਲੇ ਮਾਸਟਰ ਨੇ ਕਿਸੇ ਸਿਆਣੇ ਬੰਦੇ ਨੂੰ ਪੁੱਛਿਆ ਬੀ ਬਾਬਾ ਜੀ ਨੇੜੇ ਤੇੜੇ ਦੇ ਸਾਰੇ ਪਿੰਡਾਂ 'ਚ ਗਏ ਸੀ , ਹਰੇਕ ਦੇ ਮਸੀਂ ਦੋ ਦੋ ਨਿਆਣੇ ਈ ਆ।
ਥੋਡੇ ਪਿੰਡ 'ਚ ਤਿੰਨ ਜਾਂ ਚਾਰ ਜਵਾਕ ਜੰਮਣ ਦਾ ਟ੍ਰੇਂਡ ਕਾਹਤੋਂ ਆ?
ਬਾਬਾ ਕਹਿੰਦਾ ਟ੍ਰੇਂਡ ਟ੍ਰੰਡ ਕੋਈ ਨੀਂ ਪੁੱਤ.....ਪਿਛਲੇ ਪਹਿਰ ਡੂਢ ਕ ਵਜੇ ਬਠਿੰਡੇ ਬੰਨੀਓਂ ਰੇਲ ਆਉਂਦੀ ਆਂ ਕੂਕਾਂ ਮਾਰਦੀ।
ਸਾਰੇ ਪਿੰਡ ਨੂੰ 'ਠਾਅ ਦਿੰਦੀ ਆਂ, ਉਦੋਂ ਬਾਅਦ ਜੰਤਾ ਹੈਨਾਂ ਕੰਮਾਂ ਤੇ ਈ ਹੁੰਦੀ ਆ।
ਮਾਸਟਰ ਬੱਖੀਆਂ ਫੜ੍ਹਕੇ ਲਿਟਦੇ ਫਿਰਨ..ਘੁੱਦਾ

----------------------------------------------------------------------------------------------------------------

 ਕੇਰਾਂ ਏਮੇ ਜਿਮੇਂ ਗੀਤਾ ਸ਼ਕਤੀਮਾਨ ਨੂੰ ਕਹਿੰਦੀ ਚੱਲ ਪਰਧਾਨ ਅੱਜ ਘੁੰਮਣ ਚੱਲਦੇ ਆ ਕਿਤੇ।
ਸ਼ਕਤੀਮਾਨ ਨੇ ਗੀਤਾ ਗੰਧਾੜੇ ਚੱਕਲੀ ਤੇ ਵਰੋਲਾ ਈ ਬਣ ਗਿਆ ਭਰਾਵਾ ,ਵਲੇਵੇਂ ਮਾਰਦਾ ਜਾਵੇ । ਗੀਤਾ ਨੂੰ ਐਂ ਸੀ ਬੀ ਚੱਲ ਕਿਤੇ ਬੀਚ ਬੂਚ ਤੇ ਗੋਆ ਬੰਨੀਂ ਲੈ ਕੇ ਜਾਊਗਾ ।
ਕੰਜਦਾ ਕਾਲਾਡੂੰਮਾ ਦੇ ਜੰਗਲਾਂ 'ਚ ਲੈਗਿਆ ।
ਗੀਤਾ ਸੋਚਣ ਲਾਗੀ ਬੀ ਅੱਜ ਲੋਟ ਆਇਆ ਕੰਮ ਅੱਜ ਤਾਂ ਪਰਪੋਜ਼ ਲਾਉਣਾ ਈ ਲਾਉਣਾ।
ਗੀਤਾ ਲਿਵੇ ਜੇ ਹੋਗੀ। ਕੁਦਰਤੀਏਂ ਸ਼ਕਤੀਮਾਨ ਦਾ ਮਬੈਲ ਖੜਕ ਪਿਆ ।
ਗੀਤਾ ਹਰਖਗੀ ਕਹਿੰਦੀ ਆਹ ਫੁੱਫੜ ਨੂ

ੰ ਬੰਦ ਕਰਕੇ ਜੇਬ 'ਚ ਪਾਲਾ।
ਸ਼ਕਤੀਮਾਨ ਕਹਿੰਦਾ ਮੇਰੀ ਡਰਿੱਸ ਦੇ ਤਾਂ ਜੇਬ ਈ ਹੈਨੀਂ। ਗੀਤਾ ਕਹਿੰਦੀ ਪਰਧਾਨ ਘੱਟੋ ਘੱਟ ਆਉਣ ਜਾਣ ਵੇਲੇ ਚੱਜਦੇ ਲੀੜੇ ਪਾਲਿਆ ਕਰ। ਸ਼ਕਤੀਮਾਨ ਜਮੀਂ ਕੱਚਾ ਜਾ ਹੋ ਗਿਆ।
ਗੀਤਾ ਫੇਰ ਨੇੜੇ ਹੋਗੀ ਬੀ ਪਰਪੋਜ਼ ਲਾਉਣਾ । ਸ਼ਕਤੀਮਾਨ ਦਾ ਫੇਰ ਮਬੈਲ ਖੜਕ ਪਿਆ। ਦਰਦ-ਏ ਡਿਸਕੋ ਆਲੇ ਟਊਨ ਲੱਗੀ ਭਰਾਵਾ। ਫੂਨ ਤੇ ਗੱਲ ਕਰਕੇ ਸ਼ਕਤੀਮਾਨ ਕਹਿੰਦਾ ਨਿੱਕੀਏ ਜਾਣਾ ਪਊ ਕਿਸੇ ਸਕੂਲ 'ਚ ਅੱਗ ਲੱਗੀ ਪਈ ਆ। ਫਾਇਰ ਬਰਗੇਡ ਆਲਿਆਂ ਦਾ ਤਾਂ ਪਾਣੀ ਮੁੱਕ ਗਿਆ।
'ਤਾਹਾਂ ਨੂੰ ਉਂਗਲ ਜੀ ਕਰਕੇ ਸ਼ਕਤੀਮਾਨ ਉੱਡਣ ਈ ਲੱਗਾ ਸੀ ਭਰਾਵਾ ਗੀਤਾ ਨੇ ਡਲਾ ਮਾਰਿਆ ਟੋਟਣ 'ਚ
ਕਹਿੰਦੀ, "ਭੈਣ ਦੇ ਦੇਸ਼ ਭਗਤੀ ਈ ਯਾਹਵਾ".....ਘੁੱਦਾ

----------------------------------------------------------------------------------------------------------------

 ਮੁੜ ਮੁੜ ਉਹੀ ਫੇਰ ਓਹੀ ਗੱਲਾਂ।
ਕਿਸੇ ਨੇ ਟੀ.ਵੀ ਦੀ ਕਾਢ ਕੱਢੀ ਬੀ ਚੱਲ ਕੰਮਾਂ - ਕਲੇਸਾਂ ਦਾ ਸਤਿਆ ਬੰਦਾ ਦਸ ਮਿੰਟ ਐਂਟਰਟੇਨਮੈਂਟ ਕਰ ਲਿਆ ਕਰੂ।
ਪਹਿਲੋਂ ਪਹਿਲ ਸੌਗਾਤ, ਲਿਸ਼ਕਾਰਾ, ਲਫਾਫੀ ਆਲਾ ਨਾਟਕ, ਪੜ੍ਹਕੇ ਜਮਾਤਾਂ ਚਾਰ ਪੈਂਚਨੀ ਪਿੰਡ ਦੀ ਬਣੀ ਐਹੇ ਜੇ ਪ੍ਰੋਗਰਾਮ ਆਇਆ ਕਰਨ।
ਰੋਟੀ ਟੁੱਕ, ਚੁੱਲਾ ਚੌਂਕਾ ਨਬੇੜ ਕੇ ਬੀਬੀਆਂ ਦਸ ਮਿੰਟ ਗੀਤ ਗੱਪਾ ਸੁਣ ਲੈਂਦੀਆਂ ਸੀ ਜੀਹ'ਚ ਗੁਰਮੀਤ ਬਾਵਾ ਅਰਗੀਆਂ ਚਰਖਾ ਜਾ ਕੱਤਦੀਆਂ ਕੱਤਦੀਆਂ ਗਾਉਂਦੀਆਂ ਹੁੰਦੀਆਂ ਸੀ।
ਹੁਣ ਕਾਟੋ-ਕਲੇਸ ਤਾਂ ਜੰਤਾ ਦੇ ਉਂਈ ਵਧੇ

ਪਏ ਆ। ਓਤੋਂ ਆਹਾ ਨਾਟਕਾਂ ਆਲੇ।
ਗੋਪੀ ਬਹੂ, ਅਸ਼ਕਰਾ ਆਲੇ ਨਾਟਕ ਬਾਹਲੇ ਮਸ਼ਹੂਰ ਆ, ਟੀ.ਵੀ ਤੇ ਵੀ । ਅਖਬਾਰਾਂ ਤੇ ਵੀ ਏਹੀ।
ਜਿੰਨੇ ਵੀ ਆਹਾ ਨਾਟਕ ਨੇ ਏਹ ਅਈਂ ਉਂਗਲਾਂ ਲਾਉਂਦੇ ਆ ਬੀ ਕਿਤੇ ਸੱਸ ਨੂੰਹ 'ਕੱਠੀਆਂ ਬਹਿਕੇ ਰੋਟੀ ਨਾ ਖਾ ਲੈਣ ਕਿਤੇ। ਜੁੰਡੋ ਜੁੰਡੀ ਹੋਣਾਂ ਸਖਾਉਂਦੇ ਨੇ ਏਹੇ।
ਹਰੇਕ ਨਾਟਕ 'ਚ ਦਰਾਣੀਆਂ ਜਠਾਣੀਆਂ ਸੁੰਨਗਾਂ ਈ ਚਲਾਈ ਜਾਣਗੀਆਂ ਬੀ ਆਹ ਘਰੋਂ ਨਿਕਲਜੇ।
ਜਵਾਕ ਦਾ ਰੋ ਰੋ ਤਾਲੂਆ ਡਿੱਗ ਪੈਂਦਾ , ਉਹਨੂੰ ਨੀਂ ਚੱਕਦੀਆਂ ਜਿੰਨਾਂ ਚਿਰ ਨਾਟਕ 'ਚ ਮਸ਼ਹੂਰੀ ਨੀਂ ਆਉਂਦੀ।
ਦੁੱਧ ਉੱਬਲ ਕੇ ਸਲੈਂਡਰ ਤੇ ਡੁੱਲ੍ਹ ਜਾਂਦਾ, ਰੋਟੀ ਦੋਹੇਂ ਪਾਸਿਓਂ ਕਾਲੀ ਹੋ ਜਾਂਦੀ ਆ, ਦਾਲ ਥੱਲੇ ਲੱਗ ਜਾਂਦੀ ਆ ਭੈਣ ਦਾ ਬੀਰ ਮੁਸ਼ਕ ਆਉਣ ਲੱਗ ਜਾਂਦਾ। ਬਿੱਲੀ ਰੋਟੀਆਂ ਆਲੇ ਛਾਬੇ ਨੂੰ ਮੂੰਹ ਮਾਰ ਜਾਂਦੀ ਆ।
ਜਦੋਂ ਨਾਟਕ ਮੁੱਕਜੇ ਓਦੋਂ ਬੀਬੀਆਂ ਕਹਿੰਦੀਆਂ , "ਚੱਲ ਨੀਂ ਕੰਮ ਕਰੀਏ ਟੀ.ਵੀ ਨੇ ਕੀ ਦੁੱਧ ਦੇਣਾ"
ਟੀ .ਵੀ ਨੇ ਕੀ ਦੁੱਧ ਦੇਣਾ , ਦੁੱਧ ਮੱਝਾਂ ਆਲ਼ਾ ਵੀ ਡੁੱਲ੍ਹਿਆ ਪਿਆ ਹੁੰਦਾ...ਭੈਣ ਦੇ ਨਾਟਕਾਂ ਈ ਯਾਹਵੇ...ਘੁੱਦਾ

----------------------------------------------------------------------------------------------------------------


 ਕੇਰਾਂ ਏਮੇਂ ਜਿਮੇਂ ਕਹਿੰਦੇ ਭਰਾਵਾ ਜੰਗਲ 'ਚ ਸ਼ੇਰ ਆਵੇ, ਪੂਰੀ ਗਰਮੇਸ਼ 'ਚ, ਸੀ ਬੀ ਦਾਹੜੀ ਜੀ ਆਲਾ ,
ਸਾਹਮਣੇ ਕੁੱਤਾ ਬੈਠਾ ਖੁਰਕਖਾਧਾ ਜਾ , ਕੁੱਤਾ ਕਹਿੰਦਾ ਅੱਜ ਤਾਂ ਪਰਧਾਨ ਖੈਸਰਲਾ ਦਿਨ ਈ ਆ। ਸ਼ੇਰ ਖਾਜੂ ਅੱਜ।
ਕੁੱਤਾ ਸਕੀਮ ਪਾ ਗਿਆ ਮੌਕੇ ਤੇ ਸ਼ੇਰ ਬੰਨੀਂ ਪਿੱਠ ਕਰਕੇ ਬਹਿ ਗਿਆ , ਕੋਲੇ ਹੱਡੀਆਂ ਜੀਆਂ ਪਈਆਂ ਸੀ ਤੇ ਊਂਈ ਚੱਬਣ ਲਾਗਿਆ।
ਸ਼ੇਰ ਲਿਵੇ ਆ ਗਿਆ ਤੇ ਕੁੱਤਾ ਕਹਿੰਦਾ ," ਅੱਜ ਤਾਂ ਜਰ ਸਵਾਦ ਆ ਗਿਆ ਸ਼ੇਰ ਮਾਰਕੇ, ਇੱਕ ਅੱਧਾ ਸ਼ੇਰ ਹੋਰ ਟੱਕਰਜੇ ਸਵਾਦ ਈ ਆਜੇ"
ਸ਼ੇਰ ਦਾ ਮੂਤ ਲਿਕਲਣ ਆਲਾ ਹੋ

ਗਿਆ ਬੀ ਮਾਰਤੇ ਪਰਧਾਨ ਅੱਜ ਤਾਂ ,
ਆਹ ਕਤੀੜ ਤਾਂ ਸ਼ੇਰ ਖਾਂਦਾ।
ਬੋਚ ਕ ਦਿਨੇ ਸ਼ੇਰ ਪਿੱਛੇ ਨੂੰ ਲਹਿ ਪਿਆ, ਛਾਂ ਨੀਂ ਪੈਣ ਦਿੱਤੀ ਭਰਾਵਾ ਸ਼ੇਰ ਨੇ ਤਾਂ।
ਕੁਜਰਤੀਏਂ 'ਤਾਹਾਂ ਡਾਹਣੀ ਤੇ ਕੁੜੀ ਦਾ ਜਾਰ ਬਾਂਦਰ ਬੈਠਾ ਸੀ। ਬਾਂਦਰ ਨੂੰ ਸਾਰੀ ਗੱਲ ਦਾ ਪਤਾ ਸੀ।
ਬਾਂਦਰ ਸੋਚਦਾ ਬੀ ਮੈਂ ਜਾਕੇ ਸ਼ੇਰ ਨੂੰ ਦੱਸ ਦੇਨਾਂ ਬੀ ਕੁੱਤਾ ਤਾਂ ਤੈਥੋਂ ਡਰਦਾ , ਉਹ ਤਾਂ ਐਮੇਂ ਸਕੀਮ ਲਾ ਗਿਆ।
ਬਾਂਦਰ ਨੂੰ ਐਂ ਸੀ ਬੀ ਚੱਲ ਐਨੇ ਨਾਲ ਸ਼ੇਰ ਨਾਲ ਆੜੀ ਪੈਜੂ
ਸ਼ੇਰ ਕੋਲ ਬਾਂਦਰ ਜਾਵੜਿਆ ਭਰਾਵਾ ਤੇ ਜਾਕੇ ਸਾਰੀ ਗੱਲ ਦੱਸਤੀ, ਸ਼ੇਰ ਹਰਖ ਗਿਆ ਬੀ ਸਾਲਾ ਕੁੱਤਾ ਕੁੱਤੇਖਾਣੀ ਕਰ ਗਿਆ ਜਰ ।
ਕਹਿੰਦਾ ਚੱਲ ਬਾਂਦਰਾਂ ਮਾਰਕੇ ਆਈਏ ਕਤੀੜ ਨੂੰ।
ਕੁੱਤਾ ਫੇਰ ਉੱਥੇ ਬੈਠਾ ਸੀ ਤੇ ਸ਼ੇਰ ਵੇਖ ਕੇ ਕੁੱਤਾ ਦਹਿਲ ਗਿਆ ਬੀ ਹੁਣ ਮਾਰੂ।
ਕੁੱਤਾ ਫੇਰ ਸ਼ੇਰ ਬੰਨੀਂ ਪਿੱਠ ਕਰਕੇ ਬਹਿ ਗਿਆ ਤੇ ਕਹਿੰਦਾ, " ਭੈਣ ਦੇ ਬੀਰ ਬਾਦਰ ਜੇ ਨੂੰ ਸ਼ੇਰ ਫਸਾਉਣ ਖਾਤਰ ਭੇਜਿਆ ਸੀ ,ਹਲੇ ਤੱਕ ਬਹੁੜਿਆ ਈ ਨਹੀਂ ਸਾਲਾ ਜਰਦਾਖਾਣਾ ਜਾ"
ਸ਼ੇਰ ਨੂੰ ਕੱਚੀ ਤ੍ਰੇਲੀ ਆਗੀ ਬੀ ਆਹ ਬਾਂਦਰ ਵੀ ਗੱਦਾਰੀ ਕਰ ਗਿਆ।
ਆਅਅ ਕੀ ਭਾਈ ਸਣੇ ਬਾਂਦਰ ਸ਼ੇਰ ਅਰਗੇ ਵਰੋਲਾ ਈ ਬਣਗੇ, ਕਤੀੜ ਸਕੀਮ ਲਾ ਗਿਆ

---------------------------------------------------------------------------------------------------------------



ਕਹਿਣ ਨੂੰ ਚਿੱਤ ਨੀਂ ਕਰਦਾ ਪਰ ਰਿਹਾ ਨੀਂ ਜਾਂਦਾ।
ਆਹਾ ਪੀਟੀਸੀ ਚੈਨਲ ਆਲੇ, ਤੜਕੇ ਸੰਦੇਹਾਂ ਈ ਇੱਕ ਚਬਲ ਜਾਂ ਬੰਦਾ ਮੰਗਮੇਂ ਲੈਪਟੌਪ ਤੇ ਕੁੰਡਲੀ ਲੈਟ ਆਲਾ ਸੌਫਟਵੇਅਰ ਇੰਸਟਾਲ ਕਰਕੇ ਬਹਿ ਜਾਂਦਾ।
ਪ੍ਰੋਗਰਾਮ ਦਾ ਨੌਂ ਧਰਤਾ "ਤਕਦੀਰ ਕੀ ਸਿਤਾਰੇ"। ਜੰਤਾ ਦੇ ਫੂਨ ਤੇ ਫੂਨ ਭਣੋਈਏ ਨੂੰ। ਜੈਤੋ ਆਲਾ ਫੁੱਫੜ ਬਣਾਤਾ।
ਬੰਦਾ ਬੰਦੇ ਦਾ ਭਵਿੱਖ ਦੱਸੇ ਬੀ ਚੰਗਾ ਹੋਉ ਕਿ ਮਾੜਾ ਸਾਲੀ ਕਿੱਡੀ ਲੰਡੂ ਸੋਚ ਆ ਏਹੇ।
ਨਾਲੇ ਇੱਕ ਗੱਲ ਨੋਟ ਕਰਲਿਓ ਜੇਹੜੇ ਆਹ ਭਵਿੱਖਬਾਣੀਆਂ ਦੱਸਦੇ ਆ, ਜਾਂ ਲੋਕਾਂ ਦੀਆਂ ਪੁੱਛਾਂ ਕੱਢ

ਦੇ ਨੇ ਬੀ ਤਬੀਤ ਕੀਹਨੇ ਪਾਏ ਆ।
ਏਹੇ ਸਾਰੇ ਜਮਾਂ ਟੋਟਲੀ ਨੰਗ ਮਲੰਗ ਹੁੰਦੇ ਨੇ ਕੁੜੀ ਦੇ ਖਸਮ ।
ਇੱਕ ਹੋਰ ਕਲਾਸ ਆ ਏਹਨਾਂ ਦੀ , ਜੇਹਨਾਂ ਤੋਂ ਡੱਕਾ ਤੋੜਕੇ ਦੂਹਰਾ ਨਹੀਂ ਨਾ ਹੁੰਦਾ ਜਮਾਂ ਟੁੱਕਲ ਹੁੰਦੇ ਆ ਜੇਹੜੇ
ਉਹ ਆਖਣਗੇ ਸਾਡੇ 'ਚ ਫਲਾਣੀ ਮਾਤਾ ਆਉਂਦੀ ਆ। ਜਾਂ ਕਈ ਆਖਣਗੇ ਸਾਡੇ 'ਚ ਫਲਾਣੇ ਸ਼ਹੀਦ ਸਿੰਘ ਦਾ ਪਹਿਰਾ ਆਉਂਦਾ।
ਕਿਤੇ ਸਾਨੂੰ ਟਕਰਾਇਓ ਏਹੇ ਜੇ।
ਜੀਹਦੀ ਮੋਘੇ ਦੇ ਮੁੱਢ 'ਚ ਪੰਦਰਾਂ ਕਿੱਲੇ ਆਉਂਦੀ ਹੋਵੇ ਜਾਂ ਦੋਹੇਂ ਟੈਮ ਘਰੇ ਸੌਖੀ ਰੋਟੀ ਪੱਕਦੀ ਹੋਵੇ ਉਹਦੇ 'ਚ ਮਾਤਾ ਜਾਂ ਬਾਬੇ ਕਾਹਤੋਂ ਨੀਂ ਆਉਂਦੇ?
ਏਹੇ ਜੇ ਲੋਕਾਂ ਦੀ ਗੁਰੂ ਨਾਨਕ ਸਾਬ੍ਹ ਨੇ ਆਸਾ ਦੀ ਵਾਰ 'ਚ ਬੜੀ ਖੁੱਲ੍ਹ ਕੇ ਡੰਡ ਲਾਹੀ ਆ।
ਕਿਸੇ ਨੇ ਸੀ ਕਿਹਾ ਕਹਿੰਦਾ ਭਾਰਤ ਦੀ ਜੰਤਾ ਪੇਪਰ ਤਾਂ ਸਾਇੰਸ ਦਾ ਦੇਣ ਜਾਂਦੀ ਆ, ਪਰ ਡੌਲੇ ਤੇ ਤਬੀਤ ਬੰਨ੍ਹਿਆ ਹੁੰਦਾ ਬੀ ਪੇਪਰ ਵਧੀਆ ਹੋਜੇ।...ਨਹੀਂ ਸੁਧਰਨ ਆਪਾਂ....ਮੱਥੇ ਤੇ ਲਿਖਿਆ ਵਾ...ਘੁੱਦਾ
-----------------------------------------------------------------------------------------------------------
 ਟੀ.ਵੀ ਟੱਲੇ ਵੇਚਦੋ ਭੈਣ ਦੇ ਬੀਰ ਦੇ...ਕਾਹਨੂੰ ਕਰੰਟ ਫੂਕਿਆ ...ਲੁੱਦੇਆਣੇ ਆਲੇ ਹਰਭਜਨ ਅਰਗੇ ਵਿਗਟ ਪਿੱਛੋਂ ਸਿੱਟਦੇ ਆ ਕੋਈ ਨਾ ਕੋਈ ਸਟੇਟਸ ਪਹਿਲਾਂ ਪਾ ਦੇਂਦਾ ...ਅੰਪੈਰ ਦਾ ਫੈਸਲਾ ਵੀ ਨੀਂ 'ਡੀਕਦੇ
----------------------------------------------------------------------------------------------------------
 ਸਾਡੇ ਏਥੇ ਚਾਹ ਦਾ ਕੰਮ ਕਰਦਾ ਇੱਕ ਨਉਜਵਾਨ। ਪੱਤੀ ਠੋਕ, ਮਿੱਠਾ ਰੋਕ, ਆਦਾ ਊਦਾ ਪਾ , ਤੋਪੇ ਤੋੜ ਚਾਹ ਬਣਾਉਦਾ।
ਪੱਕਾ ਨੌਂ ਤਾਂ ਹੋਰ ਆ ਉਹਦਾ ਪਰ ਊਂ ਸਾਰੇ ਡੱਬੂ ਡੱਬੂ ਈ ਕੈਂਹਦੇ ਆ ਉਹਨੂੰ।
ਸਾਰੇ ਮੁਲਖ ਦੇ ਸ਼ੇਅਰ ਸ਼ੂਰ ਜਾਣਦਾ ਪੱਟੂ ਜੇਹੜਾ ਕੋਲੇ ਬਹਿਜੇ ਸੁਣਾ ਸੁਣਾ ਧਰਨ ਪਾ ਦੇਂਦਾ ਅਗਲੇ ਦੇ।
ਅੱਜ ਆਵਦੀ ਭਰਜਾਈ ਦੀ ਗੱਲ ਸਣਾਈ ਜਾਵੇ।
ਕੈਂਹਦਾ ਪਹਿਲਾਂ ਭਾਬੀ ਬਠਿੰਡੇ ਪੋਲਟਰੀ ਫਾਰਮ ਦਾ ਕੰਮ ਸਿੱਖਣ ਲਾਗੀ ਸੀ।
ਮਖਾ ਪਰਧਾਨ ਬਠਿੰਡੇ ਪੋਲਟਰੀ ਫਾਰਮ ਕਿਮੇਂ ਜਰ, ਸਮਝੋਂ ਬਾਹਰ ਆ ਗੱਲ।
ਕੈਂਹਦਾ ਨਹੀਂ ਜਰ ਜਿੱਥੇ ਬੁੜ੍ਹੀਆਂ ਕੁੜ੍ਹੀਆਂ ਮੂੰਹ ਸਿਰ ਜਾ ਸਮਾਰਦੀਆਂ ਹੁੰਦੀਆਂ
ਮਖਾ ਬਿਔਟੀ ਪਾਰਲਰ ਹੁੰਦਾ ਉਹਤਾ ।
ਕਹਿੰਦਾ ਹਾਂ ਹਾਂ, ਓਹੀ ਤਾਂ ਕਿਹਾ....ਪਤੰਦਰ ਬਿਊਟੀ ਪਾਰਲਰ ਨੂੰ ਪੋਲਟਰੀ ਫਾਰਮ ਈ ਦੱਸੇ

---------------------------------------------------------------------------------------------------------------

ਥੋਡੇ ਜਵਾਕ ਨਹਾਉਂਦੇ ਨੇ ਜੌਸਨ ਬੇਬੀ ਸੌਪ ਜਾ ਲਾਕੇ
ਅਸੀਂ ਬੱਠਲ ਵਿੱਚ ਨਾਹ ਲਈਏ ਨਿੱਕੀਏ ਰੌਲਾ ਰੂਲਾ ਪਾਕੇ
ਥੋਡੇ ਕੌਨਮੈਂਟੀ ਸਕੂਲ ਕੁੜੇ ਤੇ ਅਸੀਂ ਪੜ੍ਹਨਾ ਬਹਿ ਕੇ ਟਾਟਾਂ ਤੇ
ਬਸ ਆਹੀ ਫਰਕ ਨੇ ਯੈਂਕਣੇ ਨੀਂ ਤੇਰੇ ਮੇਰੇ ਹਾਲਾਤਾਂ ਦੇ..

---------------------------------------------------------------------------------------------------------------
 ਟੋਭੇ ਅਰਗਾ ਨੌਹਣ ਨੀਂ, ਜੇ ਵਿੱਚ ਗਾਰ ਨਾ ਹੋਵੇ
ਤੀਵੀਂ ਵਰਗੀ ਰੀਸ ਨੀਂ ਜੇ ਤੀਵੀਂ ਬਦਕਾਰ ਨਾ ਹੋਵੇ
ਜੂਏ ਅਰਗੀ ਖੇਡ ਨੀਂ ਜੇ ਵਿੱਚ ਹਾਰ ਨਾ ਹੋਵੇ
ਭਾਈਆਂ ਅਰਗੀ ਰੀਸ ਨੀਂ ਜੇ ਵਿੱਚ ਖਾਰ ਨਾ ਹੋਵੇ
ਤੇ ਛੜੇ ਅਰਗੀ ਰੀਸ ਨੀ ਜੇ ਛੜਾ ਬਿਮਾਰ ਨਾ ਹੋਵੇ

--------------------------------------------------------------------------------------------------------------

ਬਸ਼ੱਕ ਦੁਨੀਆਂ ਪੜ੍ਹ ਲਿਖਗੀ। ਸੋਹਣੀ ਗੱਲ ਆ। ਇੱਕਾ ਦੁੱਕਾ ਨੂੰ ਛੱਡਕੇ ਬਾਕੀ ਲੋਕ ਵੈਹਮਾਂ ਭਰਮਾਂ ਤੋਂ ਦੂਰ ਵੀ ਹੋ ਰਹੇ ਨੇ। ਹੋਰ ਵੀ ਸੋਹਣੀ ਗੱਲ ਆ।
ਪਰ ਮੜ੍ਹੀਆਂ ਮਸਾਣੀਆਂ, ਕੁਛ ਵਹਿਮ ਭਰਮ ਆਪਣੇ ਆਲੇ ਸੱਭਿਆਅਚਾਰ 'ਚ ਜ਼ਰੂਰੀ ਵੀ ਨੇ।
ਬਾਰਾਂ ਤੇ ਤੇਲ ਚੋਣੇ, ਸਰਬਾਲਾ ਬਨਾਉਣਾ, ਪਾਣੀ ਵਾਰਨਾ, ਖਾਰੇ ਨਾਹ ਕੇ ਚੱਪਣੀਆਂ ਤੋੜਨੀਆਂ,
ਜੰਡੀ ਵੱਢਣੀ, ਹੋਰ ਸਾਰਾ ਲੱਲ ਪੱਲ ।ਅੱਜ ਏਹਨਾਂ ਰਬਾਜਾਂ ਦਾ ਡੱਕਾ ਫੈਦਾ ਨਹੀਂ। ਪਰ ਜੇ ਇਹੋ ਜੇ ਰਵਾਜ ਨਾ ਹੋਣ ਫੇਰ ਵਿਆਹਾਂ ਦਾ ਸਵਾਦ ਵੀ ਨੀਂ ਜਮਾਂ। ਪੰਜਾਬ ਦੇ ਕਈ

ਮੇਲੇ ਨਿਰੇ ਵਹਿਮਾਂ ਭਰਮਾਂ ਤੇ ਟਿਕੇ ਨੇ, ਜਿਮੇਂ ਦਾਰੁਆਂ ਦੇ ਲੰਗਰ ਲਾਉਣੇ, ਜਰਗ ਦੇ ਮੇਲੇ ਤੇ ਮੁਲਖ ਐਮੀਂ ਮਿੱਟੀ ਕੱਢੀ ਜਾਂਦਾ। ਮੀਂਹ ਪਵਾਉਣ ਖਾਤਰ ਗੁੱਡੀ ਫੂਕਣੀ। ਸੈਂਟੀਫਿਕ ਕੋਈ ਅਫੇਕਟ ਨਹੀਂ ਏਹਨਾਂ ਗੱਲਾਂ ਦਾ।
ਪਰ ਏਹਨਾਂ ਬਿਨ੍ਹਾਂ ਜੁੜਕੇ ਬਹਿਣ ਦਾ ਮੌਕਾ ਵੀ ਨੀਂ ਮਿਲਦਾ।
ਦੀਵਾਲੀ ਆਲ਼ੇ ਦਿਨ ਜੰਤਾ ਆਵਦੇ ਬਾਬਿਆਂ ਦੀ ਨੌਂ ਦੀ ਰੋਟੀ ਖਵਾਉਂਦੀ ਆ ਜਬਾਕਾਂ ਨੂੰ। ਖੀਰ ਸੜ੍ਹਾਕ ਕੇ ਜਵਾਕ ਪੈਡਲ ਮਾਰ ਹੋਅਅ ਟੱਪ ਜਾਂਦੇ ਆ। ਪਤਾ ਈ ਆ ਰੋਟੀ ਜਵਾਕ ਖਾਂਦੇ ਆ ਬਾਬਿਆਂ ਨੂੰ ਕਿੱਥੋਂ ਉੱਪੜਜੂ। ਜੇਹੜੇ ਦੁਨੀਆਂ ਤੋਂ ਕੂਚ ਕਰਗੇ।
ਪਰ ਐਨੇ ਪੱਜ ਨਾ ਬਜ਼ੁਰਗਾਂ ਨੂੰ ਚੇਤੇ ਕਰਿਆ ਜਾਂਦਾ। ਕਨਕਲੂਸਨ ਏਹੋ ਨਿਕਲਦਾ ਗੱਲ ਦਾ, ਬੀ ਕੁਸ ਵਹਿਮ ਭਰਮ ਆਪਣੇ ਜਿਓਣ ਲਈ ਜ਼ਰੂਰੀ ਵੀ ਨੇ ....ਘੁੱਦਾ

---------------------------------------------------------------------------------------------------------------

ਭੜਾਕਿਆਂ ਦਾ ਹੋਲਸੇਲ ਦਾ ਸਮਾਨ ਬਜ਼ਾਰ ਨਾਲੋਂ
ਵਧੀਆ ਤੇ ਸਸਤਾ ਲੈਣ ਲਈ ਸੰਪਰਕ ਕਰੋ।
ਰੇਟ ਲਿਸਟ
ਲੱਡੂ ਬੰਬ-- 5 ਰੁਪੈ
ਬੁਲਟ ਬੰਬ---3 ਰੁਪੈ
ਸੱਪਾਂ ਆਲ਼ਾ ਪੈਟਕ----2 ਰੁਪੈ
ਮਾਤਾ ਆਲ਼ੇ ਭੜਾਕਿਆਂ ਦਾ ਗੁੱਟਾ---8 ਰੁਪੈ
ਕੁੱਕੜ ਭੜਾਕਿਆਂ ਦਾ ਪੈਟਕ----10 ਰੁਪੈ
ਸੂਬੀ ਬੰਬ-----8 ਰੁਪੈ
ਸੀਟੀ ਆਲੀ ਅਸ਼ਤਬਾਜ਼ੀ---20 ਰੁਪੈ

'ਨਾਰ----10 ਰੁਪੈ
ਬੱਠਲ ਆਲੀ ਚਕਰੀ----5 ਰੁਪੈ
ਸੱਪਾਂ ਆਲ਼ਾ ਪੈਟਕ----2 ਰੁਪੈ

ਪ੍ਰੋ:- ਨਿੱਕਾ ਗਰਨੈਬ ( ਮੌਸਮੀ ਦੁਕਾਨਦਾਰ )
ਮਬੈਲ ਲੰਬਰ--ਨੜਿੱਨਮੇਂ ਇੱਕ ਸੌ ਨੱਬੇ, ਨਾ ਲੱਗੇ ਨਾ ਲੱਭੇ
--------------------------------------------------------------------------------------------------------------
 ਸਾਡੇ ਪਿੰਡੋਂ ਬਾਦਲ ਬੰਨੀਂ ਜਾਦਿਆਂ ਚਾਰ ਕੁ ਕੈਲੋਮੀਟਰ ਦੀ ਵਿੱਥੀ ਤੇ ਅਗਲਾ ਪਿੰਡ ਨੰਦਗੜ੍ਹ ਆਉਂਦਾ ।
ਓਥੇ ਖਾਸਾ ਪੁਰਾਣਾ ਆਦਰਸ਼ ਸੀਨੀਅਰ ਸਕੈਂਡਰੀ ਸਕੂਲ ਆ। ਸਾਡੇ ਤੋਂ ਪਹਿਲਾਂ ਆਲੀ ਪੀੜ੍ਹੀ ਆਲ਼ੇ ਸਾਰੇ ਓਥੋਂ ਈ ਪੜ੍ਹੇ ਨੇ।
ਕੇਰਾਂ ਏਮੇਂ ਜਿਮੇਂ ਸਕੂਲ 'ਚ ਨਮੇਂ ਦਾਖਲੇ ਭਰਾਈ ਜਾਣ ਭਰਾਵਾ। ਜਵਾਕ ਭਾਪਿਆਂ ਤਾਇਆਂ ਨਾਲ ਸਕੂਲ ਆਏ ਵਏ ਦਾਖਲੇ ਕਰਾਉਣ।
ਇੱਕ ਬਜ਼ੁਰਗ ਆਇਆ ਵਾ ਸੀ ਪੋਤੇ ਨਾ। ਕੱਠ ਵੱਠ ਖਾਸਾ ਸੀ । ਵਾਹਵਾ ਟੈਮ ਲੱਗ ਗਿਆ।
ਬਜ਼ੁਰਗ ਮਾਸਟਰ ਨੂੰ ਕਹਿੰਦਾ ਬੀ ਮਾਹਟਰ ਸੀ ,"ਬਸ਼ਾਬ ਕਰਕੇ ਆਉਣਾ ,

ਕੇਹੜੇ ਪਾਸੇ ਜਾਮਾਂ"
ਮਾਸਟਰ ਨੇ ਦੱਸਤਾ ਬੀ ਬਾਬਾ ਐਧਰ ਮੁੜਕੇ ਪਿੱਛੇ ਜਾਵੜਾ। ਬਾਬਾ ਹੌਲਾ ਹੋ ਤਾਂ ਆਇਆ ਭਰਾਵਾ ਤੇ ਆਉਣ ਸਾਰ ਮਾਹਟਰ ਨੂੰ 'ਲਾਂਬਾ
ਦੇਣ ਲਾਗਿਆ ਕਹਿੰਦਾ "ਮਾਹਟਰਾ ਜਰ ਮੂਤਣ ਆਲਾ ਜਗਾੜ ਈ ਬਾਹਲਾ ਉੱਚਾ ਲਾਇਆ ਤੁਸੀਂ ਤਾਂ, ਮੈਂ ਤਾਂ ਮਸਾਂ ਅੱਡੀਆਂ ਚੱਕ ਚੱਕ ਕੇ ਮੂਤਿਆ"
ਮਾਸਟਰ ਕੈਂਹਦਾ ਬਾਬਾ ਕਿੱਥੇ ਕਰਕੇ ਆਇਆਂ ਮੂਤ?
ਬਾਬਾ ਕਹਿੰਦਾ ," ਹਾਅ ਕੰਧ ਦੇ ਪਿਛਲੇ ਜੇ ਪਾਸੇ"
ਮਾਸਟਰ ਕਹਿੰਦਾ ਬਾਬਾ ਜਰ ਉਹ ਤਾਂ ਹੱਥ ਧੋਣ ਆਲ਼ਾ ਬਾਸ਼ ਬੇਸਿਨ ਸੀ
ਸਣੇ ਜਵਾਕ ਮਾਸਟਰ ਭੈਣਜੀਆਂ ਲਿਟਦੇ ਫਿਰਨ....ਘੁੱਦਾ
---------------------------------------------------------------------------------------------------------------
 ਏਮੇਂ ਜਿਮੇਂ ਨਿੱਕੇ ਗਰਨੈਬ ਦਾ ਦਿਲ ਟੁੱਟਾ ਵਾ ਸੀ ਕੇਰਾਂ ਜੇ,
ਕਹਿੰਦਾ ਬਾਈ ਨਿੱਕੀ ਮਨਾਉਣੀ ਆ, ਕੇਹੜੇ ਲੋਟ ਮਨਾਈਏ?
ਮਖਾ ਬੀ ਛੇਟੇਆ ਸ਼ਹਿਰੀਆਂ ਅੰਗੂ ਗਰੀਟੰਗ ਕਾਰਡ ਜਾ ਦੇਕੇ ਵੇਖਲਾ, ਖੌਰੇ ਮੰਨਜੇ।
ਕਾਰਡ ਖ੍ਰੀਦਣ ਜਾਵੜੇ ਭਰਾਵਾ, ਜਾਕੇ ਦੁਕਾਨਦਾਰ ਨੂੰ ਕਹਿੰਦਾ ਬਾਈ ਐਹੇ ਜਾ ਕਾਡ ਹੈਗਾ
ਜੀਹਦੇ ਤੇ ਲਿਖਿਆ ਹੋਵੇ ਬੀ "ਨਿੱਕੀਏ ਮੈਂ ਸਿਰਫ ਤੇ ਸਿਰਫ ਤੈਨੂੰ ਪਿਆਰ ਕਰਦਾ"
ਦੁਕਾਨਦਾਰ ਕਹਿੰਦਾ ਬੀ ਹਾ ਬਾਈ ਹੈਗਾ
ਸਾਡੇ ਆਲਾ ਬਾਹਲਾ ਲਗਾੜਾ ਕਹਿੰਦਾ, "ਚੰਗਾ ਪਰਧਾਨ ਦਸ ਪੀਸ ਪੈਕ ਕਰਦੇ'
--------------------------------------------------------------------------------------------------------------
 
ਸੁੱਕੀ ਚਾਹ ਨਾ ਲੈਣ ਜਾਈਏ ਸੁਬਾਹ ਹੱਟ ਤੋਂ
ਤੇ ਬੀੜੀ ਜਰਦੇ ਵਾਲਿਆਂ ਦੀ ਬੜੀ ਭੀੜ ਹੁੰਦੀ
ਅੱਠ ਵਾਲੀ ਨਾ ਕਹਿੰਦੇ ਕਦੇ ਬੱਸ ਚੜ੍ਹੀਏ
ਤੇ ਲੁੱਚੀ ਲੰਡੀ ਮੰਡੀਰ ਉਹਦੇ ਤੇ ਚੜ੍ਹੀ ਹੁੰਦੀ
ਦਸ ਆਲੀ ਨਾ ਰਾਸਥਾਨ ਦੀ ਰੇਲ ਫੜ੍ਹੀਏ
ਤੇ ਭੁੱਕੀ ਆਲਿਆਂ ਨਾ ਉਹ ਵੀ ਭਰੀ ਹੁੰਦੀ
ਕਹਿੰਦੇ ਚਾਰ ਵਜੇ ਨਾ ਠੇਕੇ ਦੇ ਕੋਲ ਜਾਈਏ
ਤੇ ਮੱਖਣ ਬਰਾੜਾ ਮੁੱਛ ਨੰਗ ਦੀ ਵੀ ਉਥੇ ਖੜ੍ਹੀ ਹੁੰਦੀ
---------------------------------------------------------------------------------------------------------------

ਉਲਝਣ ਤੇ ਸੁਲਝਣ ਵਿੱਚ ਓਨਾ ਕੁ ਫਰਕ ਹੁੰਦਾ
ਜਿੰਨਾਂ ਮੁਲਜ਼ਮ ਤੇ ਮੁਲਾਜ਼ਮ ਵਿੱਚ
--------------------------------------------------------------------------------------------------------------
 ਸ਼ੈਰੀ ਮਾਨ ਨੇ ਇੱਕ ਗੀਤ 'ਚ ਪੁਰਜਾ ਕਹਿਤਾ, ਮੁਲਖ ਦੀ ਅਣਖ ਹਿਲਗੀ।
ਮੁਲਖ ਕੈਂਹਦਾ ਬੀ ਹਾਂ ਹਾਂ ਪੁਰਜਾ ਆਖਿਆ ਤਾਂ ਆਖਿਆ ਕਿਓ।
ਜੇਹੜੀ ਨਿੱਕੀ ਕਿਸੇ ਚੰਗੇ ਰੁਮਾਲ ਜਿੰਨੇ ਲੀੜੇ ਪਾਉਂਦੀ ਹੋਵੇ, ਦਸ ਦਸ ਹਜ਼ਾਰ ਵਾਲ ਸਟਰੇਟ ਕਰਨ ਤੇ ਲਾਉਂਦੀ ਹੋਵੇ,
ਨਹੁੰ ਵਧਾਕੇ ਸੁਰਖੀ ਨਾਲ ਦੀ ਨੇਲ ਪਾਲਸ਼ ਲਾਕੇ,ਫਲਿਰਟ ਮਾਰਦੀ ਬਾਹਰੇ ਨਿਕਲਦੀ ਆ ਉਹ ਘਰੋਂ ਰੱਖੜੀ ਬੰਨ੍ਹਣ ਖਾਤਰ ਬਾਹਰ ਨਹੀਂ ਨਿਕਲਦੀ, ਪੁਰਜਾ ਕਹਾਉਣ ਈ ਜਾਂਦੀ ਆ।
ਏਥੇ ਪੁਰਜਾ ਆਪਣੇ ਆਲੀਆਂ ਨੂੰ ਨਹੀਂ ਕਿਹਾ, ਜੇਹੜੀਆਂ ਕਮਲੀਆਂ ਜੀਆਂ ਪ੍ਰੈਸ ਕਰਨ ਲੱਗੀ

ਆਂ ਝੱਗੇ 'ਚ ਮੋਰਾ ਕੱਢ ਦੇਂਦੀਆਂ।
ਅਗਲੀ ਗੱਲ, ਜੇ ਥੋਨੂੰ ਲੱਗਦਾ ਬੀ ਵਾਕਏ ਈ ਪੁਰਜਾ ਸ਼ਬਦ ਗਲਤ ਕਹਿਤਾ ਤਾਂ ਚੱਲ ਮੰਨ ਲੈਣੇਂ ਆ ਹਾਂ ਬੀ ਗਲਤ ਆ।
ਪਰ ਸ਼ੈਰੀ ਮਾਨ ਦਾ ਦੂਜਾ ਗੀਤ ਆ ਕੁੜੀਆਂ ਆਲ਼ਾ ਬੀ
"ਮਾਏ ਇੱਕ ਘਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਨੀਂ"
ਕਿਸੇ ਨੇ ਆਹ ਗੀਤ ਦੀ ਸਿਫਤ ਕੀਤੀ ਆ ਏਥੇ ?
ਬਸ ਸਾਰੀ ਟੇਪ 'ਚੋਂ ਮੁਲਖ ਨੇ ਪੁਰਜਾ ਸ਼ਬਦ ਈ ਚੱਕ ਲਿਆ।
ਕਿਸੇ ਨੇ ਕਿਹਾ ਸੀ ਬੀ ਦੁਨੀਆਂ ਮੱਖੀਆਂ ਅਰਗੀ ਹੁੰਦੀ ਆ, ਜੇਹੜੀਆਂ ਸਾਰਾ ਸਰੀਰ ਛੱਡਕੇ , ਜ਼ਖਮ ਤੇ ਈ ਜਾਕੇ ਬਹਿੰਦੀਆਂ...ਲਗਾੜੀ ਸੋਚ....ਘੁੱਦਾ
-------------------------------------------------------- ---------------------------------------------------
ਟੱਚ ਆਲੇ ਫੂਨਾਂ ਦਾ ਖਾਸਾ ਰਬਾਜ ਚੱਲ ਪਿਆ ਅੱਜਕੱਲ੍ਹ।
ਘਰੇ ਰੈਅ ਕਰੀ ਆ ਅੱਜ। ਡੂਢ ਕ ਸੌ ਦਾ ਵਿਕਜੂ ਮੇਰੇ ਆਲਾ ਫੂਨ , ਤਿੰਨ ਚਾਰ ਸੌ ਹੋਰ ਪਾਕੇ
ਐਹੇ ਜਾ ਲਿਆਉਣੇ ਆ ਨਮਾਂ।
ਦੁਨੀਆਦਾਰੀ ਤਾਂ ਵੇਖਲੀਏ, ਪੈਹੇ ਤਾਂ ਚੜ੍ਹਦੇ ਲਹਿੰਦੇ ਈ ਰਹਿੰਦੇ ਨੇ। ਐਰਕੀਂ ਨਾ ਲਹਿਣਗੇ 'ਗਾਹਾਂ ਹਾੜ੍ਹੀ ਨੂੰ ਸਹੀ
-----------------------------------------------------------------------------------------------------------
 ਤੜਕੇ ਅੱਧਾ ਕੈਲੋਂ ਪੱਕੇ ਦਾ ਚਾਹ ਦਾ ਕੌਲਾ ਸੜ੍ਹਾਕ ਕੇ ਚੂਰੀ ਚਾਰੀ ਖਾਕੇ,
ਮੁਲਖ ਕਹਿੰਦਾ ਅੱਜ ਵਰਤ ਰੱਖਿਆ ਵਾ। ਮਿੱਠਾ ਸ਼ਿੱਠਾ ਵੀ ਖਾਦਾ ਜਾਂਦਾ ਕਹਿੰਦੇ , ਮੁਆਫ ਆ । ਬਸ 'ਕੱਲਾ ਅੰਨ ਨੀਂ ਖਾਣਾ। ਖਾਣ ਨੂੰ ਪਰਧਾਨ ਪਿੱਛੇ ਰਹਿ ਕੀ ਗਿਆ।
ਦੁਪੈਹਰੇ ਕਿਸੇ ਸਕੀਮੀ ਦੀ ਘੜੀ ਵਈ ਘਾਹਣੀ ਸੁਣਦੇ ਆ ਪੰਡਤਾਂ ਤੋਂ।
ਵਿਆਹੇ-ਵਰ੍ਹੇ ਤਾਂ ਬਰਤ ਰੱਖਦੇ ਈ ਰੱਖਦੇ ਆ ਪਰ ਪ੍ਰੇਮੀ ਨਿੱਕੇ ਨਿੱਕੀਆਂ ਇੱਕ ਦੂਜੇ ਨੂੰ ਇੰਮਪ੍ਰੈਸ ਕਰਨ ਖਾਤਰ ਊਂਈ ਨਜ਼ੈਜ਼ ਖੁੱਡਾ ਰੜ੍ਹਾਈ ਜਾਂਦੇ ਨੇ। ਆਵਦੇ ਜਣੇ ਮਸ਼ੂਕ ਖਾਤਰ ਸੈਕਰੀਫਾਈ

ਸ ਕਰਦੇ ਆ
ਜੇ ਵਾਕਏ ਈ ਇੱਕ ਦਿਨ ਭੁੱਖੇ ਰੈਹਣ ਨਾ ਉਮਰਾਂ ਵਧਦੀਆਂ ਹੁੰਦੀਆਂ ਤਾਂ ਜੇਲ੍ਹਾਂ 'ਚ ਭੁੱਖ ਹੜਤਾਲਾਂ ਕਰਨ ਆਲੇ ਭਗਤ ਸਿੰਘ ਅਰਗੇ ਅੱਜ ਵੀ ਸੱਥਾਂ 'ਚ ਬੈਠੇ ਨਮੇਂ ਸਕਾਟ ਮਾਰਨ ਦੀਆਂ ਸਕੀਮਾਂ ਘੜੀ ਜਾਂਦੇ ਹੁੰਦੇ।
ਤਾਂਹੀ ਕਹਿਣੇ ਆ ਰੋਟੀ ਟੁੱਕ ਖਾ ਲਿਆ ਕਰੋ ਟੈਮ ਨਾ , ਸਾਹ ਤਾਂ ਅੱਗੇ ਈ ਗਿਣਤੀ ਦੇ ਹੁੰਦੇ ਆ ਓਤੋਂ ਦੰਦਲ ਪੈਜੂ ਭੁੱਖ ਨਾਲ ,ਚਮਚਾ ਵੀ ਨੀਂ ਧਿਆਉਣਾ ਟੈਮ ਤੇ.....ਘੁੱਦਾ
---------------------------------------------------------------------------------------------------------------
 ਕਰਵਾ ਚੌਥ ਦੇ ਵਰਤਾਂ ਦੇ ਮੱਦੇਨਜ਼ਰ
ਸੇਬ, ਕੇਲੇ ਹੋਰ ਫਲ ਫਰੂਟ, ਲਾਲ ਚੂੜ੍ਹੀਆ, ਸੰਧੂਰ, ਖੰਭਣੀਆਂ ਜਾਂ ਹੋਰ ਲੱਲ ਪੱਲ
ਬਜ਼ਾਰ ਨਾਲੋਂ ਵਧੀਆ ਤੇ ਸਸਤਾ ਖ੍ਰੀਦਣ ਲਈ ਮਿਲੋ

ਪ੍ਰੋ. ਨਿੱਕਾ ਗਰਨੈਬ
 
---------------------------------------------------------------------------------------------------------------
 ਸਿਆਲ ਆ ਗਿਆ ਬਸ। ਪੇਟੀਆਂ 'ਚੋਂ ਗਦੈਲੇ ਰਜਾਈਆਂ ਬਾਹਰ ਝਾਕਣ ਲਾਗੇ।
ਕੌਡੀਆਂ ਦੇ ਸਟਾਰ ਸੱਪਾਂ ਅੰਗੂ ਖੁੱਡਾਂ 'ਚੋਂ ਲਿਕਲਣ ਆਲੇ ਨੇ । ਮਾਰਚ-ਪਰੈਲ ਤਾਂਈ ਪਿੰਡਾਂ 'ਚ ਗੜਗੱਜ ਪੈਣੀ ਆ ਹੁਣ।
ਗੋਲ-ਘਤੇਰੇ ਵਾਹਕੇ ਚੱਲਣਗੀਆਂ ਕਬੱਡੀਆਂ ਤੇ ਮੱਖਣ ਬਰਾੜ ਅਰਗੇ ਸ਼ੇਅਰ ਸੁਣਾ ਸੁਣਾ ਮੁਲਖ ਦਾ ਲੂੰ- ਕੰਡਾ ਖੜ੍ਹਾ ਕਰਣਗੇ।
"ਐ ਹੈਹੈਹੈ.....ਅਗਲੀ ਕਬੱਡੀ ਪੌਣ ਚੱਲਿਆ ਪੱਤੋ ਦਾ ਨਉਜਵਾਨ, ਜਗਸੀਰ ਨੌਂ ਆ ਮੁੰਡੇ ਦਾ, ਮਾਂ ਮੋਹ ਨਾ ਸੀਰਾ ਕੈਂਹਦੀ ਆ
ਪੰਜਾਬ ਦਾ ਕੋਈ ਖੇਡ ਮੇਲਾ ਨੀਂ ਜਿੱਥੇ ਸੀਰੇ ਜਾਂ ਕਾਲੇ ਨੌਂ ਦਾ

ਗੱਭਰੂ ਨਾ ਖੇਡਿਆ ਹੋਵੇ
ਪੱਤੋ ਕੋਲੇ ਖਾਈ ਸੁਣੀਂਦੀ ਖਾਈ ਦੇ ਕੋਲ ਦੀਨਾ, ਤੈਂ ਮਨਮੋਹ ਲਿਆ ਵੇ ਕੌਡੀ ਦਿਆ ਸ਼ੌਕੀਨਾ",
ਨਉਜਵਾਨ ਬਾਜ਼ਾਂ ਆਲਾ ਦਾ ਓਟ ਆਸਰਾ ਲੈ, ਲਾਈ ਹੱਥਾਂ ਨੂੰ ਕਲੀ, ਜਿੰਦ ਵਰੋਧੀਆਂ ਵੇਹੜੇ ਚਲੀ, ਮੌਲਾ ਕਰੇ ਭਲੀ"
ਅੱਗੋਂ ਜੰਡ ਸਾਹਬ ਦੀ ਧਰਤੀ ਦੇ ਨਉਜਵਾਨ "ਇੱਕ ਨੀਂ ਦੋ ਨੀਂ ਚਾਰ ਹਾਂ ਭਰਾ, ਜੇਹੜਾ ਚੰਗਾ ਲੱਗਾ ਹੱਥ ਓਸੇ ਨੂੰ ਤੂ ਲਾ"
ਸਾਂਵਲਾ ਜਾ ਰੰਗ , ਸਰੂ ਜਿਹਾ ਕੱਦ, ਟੁੱਟਕੇ ਪੈ ਗਿਆ ਚੋਬਰ, ਲੱਗ ਗਿਆ ਰੋਪੜੀਆ ਜਿੰਦਾ,
ਪੱਤੋ ਆਲਾ ਨਉਜਵਾਨ ਸੁਹਾਗਾ ਬਣ ਗਿਆ, ਲੱਗਦਾ ਹੋਇਆ ਜ਼ੋਰ, ਹੰਦੇ ਦੂਰ ਨੇ, ਚੱਲਦੀਆਂ ਹੋਈਆਂ ਘੜੀ ਦੀਆਂ ਸੂਈਆਂ, ਅਉ ਟੈਮ ਹੋ ਗਿਐ ,ਅੰਕ ਜਾਫੀ ਦੇ ਖਾਤੇ, ਜੰਡ ਸੈਹਬ ਦੇ ਖਾਤੇ"........ਚਲਦਾ
ਜ਼ੋਰ ਜਾਫੀ ਜਾਂ ਰੇਡਰ ਦਾ ਲੱਗਦਾ ਹੁੰਦਾ ਤੇ ਮੁੱਠੀਆਂ ਮੁਲਖ ਦੀਆਂ ਮਿੱਚ ਜਾਂਦੀਆਂ, ਇੱਕ-ਦੂਜੇ ਨੂੰ ਧੱਕਾ ਵੱਜ ਜਾਂਦਾ ਮੱਲੋ-ਮੱਲੀ।
ਜ਼ੋਰ-ਧੱਕੇ ਜਾਂ ਜੁੱਸੇ ਕਰਕੇ ਆਹ ਖੇਡ ਭਾਰਤ ਦੇ ਓਤਲੇ ਪਾਸੇ, ਹਰਿਆਣੇ, ਰਾਸਥਾਨ, ਜੰਮੂ ਕਸ਼ਮੀਰ ਦੇ ਵਿਚਾਲੇ ਜੇ ਵਸਦੇ ਵਸਦੇ ਖਿੱਤੇ ਦੇ ਹਿੱਸੇ ਆਈ ਆ ......ਜੇਹਨੂੰ "ਪੰਜਾਬ" ਕੈਂਹਦੇ ਨੇ.....ਘੁੱਦਾ
--------------------------------------------------------------------------------------------------------------
 ਵਾਹਵਾ ਦਿਨ ਪਹਿਲਾਂ ਫਰੀਦਕੋਟੋਂ ਸ਼ਰੂਤੀ ਨੌਂ ਦੀ ਨਿੱਕੀ ਅਗਵਾ ਹੋਈ ਸੀ। ਪੰਦਰਾਂ ਕੁ ਵਰ੍ਹੇ ਉਮਰ ਦੱਸਦੇ ਨੇ ਉਹਦੀ।
ਮੀਡੀਆ ਨੇ ਐਸ ਖਬਰ ਨੂੰ ਖਾਸਾ ਪ੍ਰਮੋਟ ਕਰਿਆ ਤੇ ਨੀਲਿਆਂ , ਚਿੱਟਿਆਂ ਨੇ ਸਿਆਸੀ ਲਾਹਾ ਲਿਆ ਏਹਤੋਂ।
ਅਖਬਾਰਾਂ ਨੇ ਵੀ ਦੱਸਿਆ ਏਸ ਨਾਟਕ ਬਾਰੇ ਪਰ ਪਰਦੇ ਪਿੱਛੇ ਕੀ ਵਾਪਰਿਆ ਉਹ ਲਕੋ ਲਿਆ ਸਾਰਿਆਂ ਨੇ।

ਜੂਨ ਮਹੀਨੇ ਨਿਸ਼ਾਨ ਸਿੰਘ ਨਾਂ ਦੇ ਕਾਕੇ ਨੇ ਟਿਊਸ਼ਨ ਜਾਂਦੀ ਸ਼ਰੂਤੀ ਨੂੰ ਅਗਵਾ ਕੀਤਾ ਤੇ ਚੰਡੀਗੜ੍ਹ ਲੈ ਗਿਆ। ਰੱਜਕੇ ਘਦਿੱਤਾਂ ਕੀਤੀਆਂ
ਘਰਦਿਆਂ ਨੇ ਰਪੋਟ ਲਿਖਾਈ। ਪੁਲਸ ਸੁੱਤੀ ਰ

ਹੀ। ਇੱਕ ਦਿਨ ਸ਼ਰੂਤੀ ਨੇ ਬਚ ਬਚਾ ਕੇ ਘਰੇ ਫੂਨ ਕੀਤਾ ਤੇ ਘਰਦੇ ਪੁਲਸ ਨੂੰ ਨਾਲ ਲੈਕੇ ਸ਼ਰੂਤੀ ਨੂੰ ਘਰੇ ਲੈ ਆਏ। ਨਿਸ਼ਾਨ ਸਿੰਘ ਤੇ ਇੱਕੀ ਕੇਸ ਚੱਲਦੇ ਸੀ। ਉੱਨੀਂ ਕੇਸਾਂ ਵਿੱਚੋਂ ਉਸਨੂੰ ਨਾਬਾਲਗ ਹੋਣ ਕਰਕੇ ਸੁਧਰ ਜਾਣ ਦਾ ਮੌਕਾ ਦੇਕੇ ਛੱਡਤਾ।
ਸਤੰਬਰ ਮਹੀਨੇ ਹੋਏ ਬਾਬੇ ਫਰੀਦ ਦੇ ਮੇਲੇ ਵੇਲੇ ਸੁਖਬੀਰ ਬਾਦਲ ਤੋਂ ਪਿਛਲੀ ਲਾਈਨ ਵਿੱਚ ਨਿਸ਼ਾਨ ਸਿਹੁੰ ਬੈਠਾ ਸੀ। ਮੀਡੀਆ ਨੇ ਪੁਲਸ ਅਫਸਰਾਂ ਨੂੰ ਸਵਾਲ ਕੀਤਾ ਕਿ ਕਈ ਕੇਸਾਂ 'ਚ ਲੋੜੀਂਦਾ ਮੁਲਜ਼ਮ ਸਾਹਮਣੇ ਬੈਠਾ, ਫੜ੍ਹਦੇ ਕਾਹਤੋਂ ਨਹੀਂ?
ਪੁਲਸ ਅਫਸਰ ਨੇ ਜਵਾਬ ਦਿੱਤਾ..."ਸਾਡੀਆਂ ਮਜ਼ਬੂਰੀਆਂ ਜਾਂ ਸੀਮਤਾਈਆਂ ਹੁੰਦੀਆਂ...ਤਾਂ ਕਰਕੇ"
ਹੁਣ ਐਰਕੀਂ ਜਦੋਂ ਸ਼ਰੂਤੀ ਨੂੰ ਘਰੋਂ ਅਗਵਾ ਕੀਤਾ , ਨਿਸ਼ਾਨ ਸਿਹੁੰ ਸ਼ਰੂਤੀ ਦੇ ਘਰਦਿਆਂ ਨੂੰ ਜ਼ਖਮੀ ਕਰਕੇ
ਕੁੜੀ ਨੂੰ ਵਾਲਾਂ ਤੋਂ ਘੜੀਸਕੇ ਬਾਹਰ ਲੈਕੇ ਗਿਆ। ਮੋੜ ਮੁੜਨ ਲੱਗਿਆਂ ਨਿਸ਼ਾਨ ਸਿਹੁੰ ਦੀ ਗੱਡੀ ਦਾ ਟੈਰ ਨਾਲੀ 'ਚ ਫਸ ਗਿਆ ਤੇ ਪੱਚੀ ਮਿੰਟ ਅਗਵਾਕਾਰਾਂ ਦੀ ਪਾਲਟੀ ਓਥੇ ਖੜ੍ਹੀ ਰਹੀ। ਏਹ ਘਟਨਾ ਸੱਤ ਨੰਬਰ ਗਲੀ 'ਚ ਵਾਪਰੀ ਤੇ ਨੌਂ ਨੰਬਰ ਗਲੀ 'ਚ ਪੁਲਸ ਚੌਂਕੀ ਵੀ ਹੈਗੀ ਆ।
ਕਾਲੇ ਦੌਰ ਵੇਲੇ ਪਾਣੀ ਲਾਉਂਦੇ ਕਿਰਸਾਨਾਂ ਦੇ ਪੁੱਤਾਂ ਦੇ ਮੁਕਾਬਲੇ ਬਣਾਉਣ ਦੇ ਦੋਸ਼ 'ਚ ਦੋ ਕੇਸਾਂ ਦਾ ਸਾਹਮਣਾ ਕਰ ਰਹੇ ਪੁਲਸ ਅਪਸਰ ਸੁਮੇਧ ਸੈਣੀ ਅਰਗੇ ਏਸ ਨੂੰ ਇਸ਼ਕ- ਮੁਸ਼ਕ ਦਾ ਮਸਲਾ ਕਹਿਕੇ ਰਫਾ-ਦਫਾ ਕਰ ਰਹੇ ਨੇ।
ਤਾੜੀ ਇੱਕ ਹੱਥ ਨਾਲ ਨੀਂ ਵੱਜਦੀ ਪਰ ਜੇ ਨਿਰਾ ਇਸ਼ਕ ਦਾ ਮਸਲਾ ਹੁੰਦਾ ਤਾਂ ਨਿਸ਼ਾਨ ਸਿਹੁੰ ਸ਼ਰੂਤੀ ਨੂੰ ਜੁੰਡਿਆਂ ਤੋਂ ਘੜੀਸਕੇ ਗੱਡੀ 'ਚ ਨਾ ਬਿਠਾਉਦਾਂ। ਪਰ ਚਲੋ ਜੇ ਵਾਕਏ ਈ ਏਹੇ ਮੋਹ- ਪ੍ਰੇਮ ਦੀ ਗੱਲ ਆ ਜਾਂ ਰਜ਼ਾਮੰਦੀ ਦੀ ਗੱਲ ਆ, ਫੇਰ ਸ਼ਰੂਤੀ ਅਠ੍ਹਾਰਾਂ ਸਾਲਾਂ ਤੋਂ ਘੱਟ ਆ, ਵਿਆਹ ਕਿਮੇਂ ਹੋਜੂ, ਏਹਵੀ ਕਨੂੰਨੀ ਜੁਰਮ ਆ ਫਿਰਤਾ।
ਅੱਧੀ ਕਿਲੋ ਭੁੱਕੀ ਨਾ ਕੋਈ ਹਮਾਤੜ ਫੜ੍ਹਿਆ ਜਾਵੇ ਫੇਰ ਅਗਲੇ ਕੁੱਟ ਕੁੱਟ ਪਿੱਛੇ ਤੇ ਉੜਾ ਆੜਾ ਲਿਖ ਦੇਂਦੇ ਆ...ਐਂਰਕੀ ਗੱਲ ਹੋਰ ਆ।
ਸਰਮਾਏਦਾਰੀ ਸਿਸਟਮ ਕਹਿਲੋ ਜਾਂ ਪੁਲਸ- ਗੁੰਡਾ ਗਠਜੋੜ, ਮਸਲੇ ਤੇ ਪੜਦਾ ਪਾਉਣ ਨੂੰ ਫਿਰਦੇ ਆ ਅਗਲੇ।
ਕਾਲਜਾਂ 'ਚੋਂ ਕੁੜੀਆਂ ਹਟਾਲਾਂਗੇ , ਸਕੂਲ ਜਾਣੋਂ ਹਟਾਲਾਂਗੇ, ਨੌਕਰੀਆਂ ਤੋਂ ਹਟਾਲਾਂਗੇ ਪਰ ਆਹ ਕੁੜੀ ਤਾਂ ਘਰ ਦੇ ਵਿਹੜੇ 'ਚੋਂ ਚੱਕੀ ਆ।
ਘਰ ਦੇ ਵਿਹੜੇ 'ਚੋਂ ਕੁੜੀਆਂ ਦਾ ਤੁਰਨਾ ਕਿਮੇਂ ਬੰਦ ਕਰਲਾਗੇਂ। ਗੱਲ ਉਹ ਨੀਂ ਪਰਧਾਨ ਬੀ ਕੋਈ ਨਾ।
ਜੇ ਅੱਜ ਫਰੀਦਕੋਟ ਆ ਕੱਲ੍ਹ ਨੂੰ ਘੁੱਦਾ ਜਾਂ ਥੋਡਾ ਪਿੰਡ ਵੀ ਦੂਰ ਨੀਂ.......ਏਦੂੰ ਬਾਅਦ ਥੋਡੀ ਬਾਰੀ ਆ
--------------------------------------------------------------------------------------------------------------
 ਸ਼ੈਹਰਾਂ ਦਾ ਤਾਂ ਪਤਾ ਨੀਂ ਪਰ ਪਿੰਡਾਂ ਆਲਿਆਂ ਦੀ ਇੱਕ ਗੱਲ ਜਮਾਂ ਪੱਕੀ ਹੁੰਦੀ ਆ।
ਨੰਘਦੇ ਟੱਪਦੇ ਰਾਹ, ਗਲੀ 'ਚ ਹਰੇਕ ਨੇ ਇੱਕ ਦੂਜੇ ਨੂੰ ਬੁਲਾਉਣਾ ਈ ਬੁਲਾਉਣਾ ਹੁੰਦਾ,
ਚਾਚਾ, ਤਾਇਆ, ਬਾਈ ਜਾਂ ਮਾਸੀ, ਚਾਚੀ ਆਖਕੇ । ਬੁਲਾਉਣ ਦੇ ਤਰੀਕੇ ਬਹੁਤ ਅੱਤ ਹੁੰਦੇ ਨੇ।
ਨਾਲੇ ਪਤਾ ਹੁੰਦਾ ਮੱਘਰ ਸਿਹੁੰ ਖੇਤੋਂ ਨੀਰਾ ਵੱਢੀ ਲਿਆਉਂਦਾ ਤਾਂ ਵੀ ਜਦੋਂ ਕੋਲ ਦੀ ਟੱਪਣਗੇ ਆਹ ਸਵਾਲ ਜ਼ਰੂਰ ਕਰਨਾ ਈ ਕਰਨਾ।
ਓ...ਹੋਰ ਬਈ ਮੱਘਰ ਸਿੰਹਾਂ ਨੀਰਾ ਵੱਢ ਲਿਆਇਆ..... ਹੈਂ?
ਜੇ ਮੀਂਹ ਪੈਂਦਾ ਹੋਵੇ ਫੇਰ ਮੱਘਰ ਸਿਹੁੰ ਨੂੰ

ਏਮੇਂ ਸੰਬੋਧਨ ਕਰਦੇ ਨੇ।
ਓ...ਹੋਰ ਬਾਈ ਮੀਂਹ ਪਵਾਤਾ ...ਫੇਰ ...ਹੈਂ
ਬਾਈਚਾਂਸ ਜੇ ਅੰਤਾਂ ਦੀ ਗਰਮੀ ਪੈਂਦੀ ਹੋਬੇ, ਫੇਰ ਢੂਈ ਤੋਂ ਕੁੜਤਾ ਜਾ ਚੱਕਕੇ ਪਿੱਤ ਆਲੀ ਢੂਈ ਦੀ ਨੁਮਾਇਸ਼ ਕਰਦੇ ਨਾਲੇ ਤਾਂ ਸੱਥ ਬੰਨੀਂ ਤੁਰੇ ਆਉਣਗੇ ਨਾਲੇ ਆਉਣ ਸਾਰ ਮੱਘਰ ਸਿਹੁੰ ਨੂੰ ਫੇਰ ਘੇਰ ਲੈਂਦੇ ਆ।
ਮਾਰਤੇ ....ਜਰ ਮੱਘਰ ਸਿੰਹਾਂ ਬਾਹਲੀ ਗਰਮੀ ਕਰਾਈ ਆ ਪਤੰਦਰਾ...
ਪਿੰਡ 'ਚ ਕੋਈ ਪੁਲਸੀਆ ਆਜੇ, ਨਮੀਂ ਗੱਡੀ ਤੇ ਕੋਈ ਓਪਰਾ ਬੰਦਾ ਆਜੇ, ਗੁਰਦਆਰੇ ਆਲਾ ਬਾਬਾ ਹੋਕਾ ਬੋਲਦਾ ਹੋਵੇ, ਕਿਸੇ ਦੇ ਭੋਗ ਪੈਂਦਾ ਹੋਵੇ, ਮੱਘਰ ਸਿਹੁੰ ਨੂੰ ਏਹ ਸਵਾਲ ਕਰਨਾ ਈ ਕਰਨਾ ,,..ਜਰ ਆਹ ਪਰੋਗਰਾਮ ਕੇਂਹਨਾਂ ਦੇ ਹੋਈ ਜਾਂਦਾ?
ਹਾਰਕੇ ਮੱਘਰ ਸਿਹੁੰ ਜੱਜੇ ਪੈਰ ਬਿੰਦੀ ਅਰਗਾ ਮੂੰਹ ਬਣਾਕੇ ਆਪ ਈ ਸੱਥ 'ਚੋਂ ਉੱਠਕੇ ਦੋ ਆਲੀ ਚਾਹ ਪੀਣ ਦਾ ਬਹਾਨਾ ਬਣਾਕੇ ਘਰ ਨੂੰ ਹੋ ਤੁਰਦਾ........ਘੁੱਦਾ
-----------------------------------------------------------------------------------------------------------------
 ਜਦੋਂ ਸਮਝ ਤੈਨੂੰ ਸਾਡੀ ਆਊਗੀ
ਅਸੀਂ ਹੋਵਾਂਗੇ ਪਾਰ ਚਨਾਬਾਂ ਤੋਂ
ਬੋਲ ਥਿਰਕਣਗੇ, ਦੇਹ ਕੰਬੂਗੀ
ਹੱਸ ਹੋਣਾ ਨਹੀਂ ਜਨਾਬਾਂ ਤੋਂ
ਰਸ ਚੂਸ ਜਾਣੇ ਮੌਸਮੀ ਭੌਰਿਆਂ ਨੇ
ਰੌਣਕ ਰਹਿਣੀ ਨਹੀਂ ਗੁਲਾਬਾਂ ਤੇ
ਪਰਲੋ ਆਜੂ ਦਿਲ ਦੇ ਦੇਸ਼ ਅੰਦਰ
ਜਿਓ ਸੀ ਚੌਰਾਸੀ ਵਿੱਚ ਪੰਜਾਬਾਂ ਤੇ
ਦੁਆ ਸਾਡੀ ਤੂੰ ਵਸਦਾ ਰਹਿ ਮਿੱਤਰਾ
ਵੇਂਹਦਾ ਰਹਿ ਦੁਨੀਆਂ ਦੇ ਰੰਗਾਂ ਨੂੰ
ਕਦੇ ਭੁੱਬੀ ਨਿੱਕਿਆ ਰੋਵੇਂਗਾ
ਕਰ ਚੇਤੇ ਘੁੱਦੇ ਦੇ ਮਲੰਗਾਂ ਨੂੰ

--------------------------------------------------------------------------------------------------------------
 ਆਹ ਨਿੱਕੇ ਨਿੱਕੀਆ ਫੇਕ ਐਡੀਆਂ ਆਲੇ
ਜੇਹੜੇ ਪੇਂਡੋ ਪਿਛੋਕੜ ਦਿਖਾਉਣ ਤੋਂ ਡਰਦੇ ਨੇ, ਰਹਿੰਦੇ ਹੁੰਦੇ ਆ ਐਹੇ ਜੇ ਪਿੰਡ 'ਚ ਜਿੱਥੇ ਰਲੈਂਸ , ਵੋਢਾਫੂਨ ਦੀ ਰੇਂਜ ਦੇ ਵੀ ਮਸੀਂ ਇੱਕ ਦੋ ਡੰਡੇ ਆਉਂਦੇ ਨੇ ਪਰ ਫੇਸਬੁੱਕ ਤੇ ਲਿਖਿਆ ਵਾ ਹੁੰਦਾ ਬੀ ਹੋਮਟਾਊਨ ਚੰਡੀਗੜ੍ਹ ਆ ।
ਜਦੋਂ ਸ਼ਹਿਰ ਨੂੰ ਜਾਂਦੇ ਨੇ ਤਾਂ ਹੱਥ 'ਚ ਫਲਾਫਾ ਫੜ੍ਹਿਆ ਹੁੰਦਾ, ਜੀਹਦੇ ਤੇ ਲਿਖਿਆ ਹੁੰਦਾ "ਫਲਾਣੇ ਦੀ ਹੱਟੀ"।
ਪਰ ਫੇਹਬੁੱਕ ਤੇ ਕਿਸੇ ਦਾ ਮੰਗਮਾਂ ਬ੍ਰੈਂਡਡ ਜਾ ਕੋਟ ਪਾਕੇ ਫੋਟੋ ਅਪਲੋਡ ਕਰਨਗੇ ਨਿੱਕੀਆਂ ਖਿੱਚਣ ਖਾਤਰ।
ਦੁਕਾਨ ਆਲ

ਾ ਭੁਜੀਏ ਦਾ ਪੈਟਕ ਉਧਾਰਾ ਨੀਂ ਦੇਂਦਾ ਕਈਆਂ ਨੂੰ ਪਰ ਏਥੇ ਸੁਖਬੀਰ ਦੇ ਭਣੋਈਏ ਬਣੇ ਰਹਿਣਗੇ।
ਕਈ ਬਾਹਲੇ ਸਾਊ ਬਣਦੇ ਆ ਬੱਡੇ ਬੱਡੇ ਕਮੈਂਟ , ਬੀ ਕੁੜੀਆਂ ਬਚਾਉ ਰੁੱਖ ਲਗਾਉ, ਫਲਾਣ ਢੀਂਗ
ਹਜ਼ਾਰ 'ਚੋਂ ਇੱਕ ਹੋਊਗਾ ਜੇਹੜਾ ਨੇਹਰੇ ਸਵੇਰੇ ਕੱਲੀ ਮਿਲੀ ਕੁੜੀ ਕੱਤਰੀ ਨੂੰ ਭੈਣ ਆਖੂਗਾ, ਦੂਜੇ ਤਾਂ ਲੁੱਚਪੌ ਈ ਸੋਚਣਗੇ ਪਰ ਜੇ ਧਨੀਆ ਰਗੜ ਕੇ ਪੀਤਾ ਵਾ ਫਿਰ ਤਾਂ ਕਹਿਣਾ ਈ ਕੀ ਆ।
ਜੇਹੜਾ ਅੰਦਰ ਹੁੰਦਾ ਉਹੀ ਕੁਸ ਬਾਹਰ ਰੱਖਿਆ ਕਰੋ, ਪਰਧਾਨਗੀਆਂ ਘੋਟਣ ਦਾ ਕੋਈ ਫੈਦਾ ਨੀਂ, ਔਕਾਤ 'ਚ ਈ ਚਾਹੀਦਾ ਕੰਮ..ਨਹੀਂ ਸਿਰੋਪਾ ਈ ਪੈਣਗੇ.....ਘੁੱਦਾ
----------------------------------------------------------------------------------------------------------
 ਕਹਿੰਦੇ ਖੜਤਾਲਾਂ ਖੜਕਗੀਆਂ ਸੀ । ਛੱਪੜਾਂ ਕਿਨਾਰੇ ਇੱਕ ਲੱਤ ਤੇ ਖਲੋਤੇ ਬਗਲਿਆਂ ਨੂੰ ਜਿਮੇਂ ਸੱਪ ਸੁੰਘਗੇ ਹੋਣ, ਪਾਣੀ ਤੇ ਤਰਦੀਆਂ ਮਰਗਾਬੀਆਂ ਕੁੜ ਕੁੜ ਕਰਦੀਆਂ ਪੱਤਣਾਂ ਤੇ ਪਏ ਝਾਫਿਆਂ 'ਚ ਬਣਾਏ ਆਲ੍ਹਣਿਆਂ ਵੱਲ ਨੂੰ ਲਹਿਪੀਆਂ।
ਮਾਵਾਂ ਨੇ ਤਵਿਆਂ ਤੇ ਪਈ ਰੋਟੀ ਵੀ ਨਾ ਥੱਲੀ ਤੇ ਜਵਾਕ ਗੋਦੀ ਚੱਕਕੇ ਅੰਦਰ ਵੜਗੀਆਂ ਤੇ ਸੰਗਲੀ ਆਲੇ ਕੁੰਡੇ ਅੰਦਰੋਂ ਲਾਲੇ।
ਸੀ.ਆਰ.ਪੀ ਤੇ ਪੰਜਾਬ ਪੁਲਸ ਦੇ ਕਲੇਜੇ ਨੂੰ ਮੂੰਹ ਨੂੰ ਆਗੇ, ਵਾਇਰਲੈਸਾਂ ਘੁਕਰਗੀਆਂ , ਖਬਰ ਆਗੀ ਬੀ ਮਾਨੋਚਾਹਲ ਆਲਾ ਖਾੜਕੂ ਬਾਬਾ ਘੇਰ ਲਿਆ।

ਮਿਲਟਰੀ ਹੋਰ ਬੁਲਾ ਲਈ। ਖੇਤਾਂ 'ਚ ਮੁਕਾਬਲਾ ਹੋਇਆ। ਜੇਹੜਾ ਅੱਗੇ ਵਧੇ ਟੋਟਣ ਚੋਂ ਗੋਲੀ ਪਾਰ ਹੋਜੇ। ਕੱਲੇ ਖਾੜਕੂ ਨੇ ਬਾਗਾਂ ਕਢਾਤੀਆਂ। ਅੰਤ ਮੁਕਾਬਲੇ 'ਚ ਖਾੜਕੂ ਸਰੀਰ ਛੱਡ ਗਿਆ।
ਗੋਬਿੰਦ ਰਾਮ ਅਰਗਿਆਂ ਨੇ ਸਿੱਖ ਜੰਤਾ ਨੂੰ ਡਰੈਗਟ ਚੈਲੰਜ ਕਰਤੇ ਬੀ ਗੋਬਿੰਦ ਸਿੰਘ ਨੂੰ ਭੁੱਲਜੋਂਗੇ ਪਰ ਗੋਬਿੰਦ ਰਾਮ ਨੂੰ ਚੇਤੇ ਰੱਖੋਂਗੇ।
ਸਮਾਂ ਬਲਵਾਨ ਸੀ। ਰੁੜ੍ਹਗੇ ਗੋਬਿੰਦ ਰਾਮ ਅਰਗੇ।
ਗ੍ਰਿਫਤਾਰੀ ਪਿੱਛੋਂ ਸੁੱਖੇ ਦਾ ਆੜੀ ਜਿੰਦਾ ਖਾੜਕੂ ਦਿੱਲੀ ਹਸਪਤਾਲ 'ਚ ਦਾਖਲ ਸੀ। ਇੱਕ ਲੱਤ 'ਚ ਖਾਸੀਆਂ ਗੋਲੀਆਂ ਵੱਜੀਆਂ ਸੀ।
ਇੱਕ ਨਿੱਕੇ ਨੇ ਆਕੇ ਕਮੈਂਟ ਕੀਤਾ ਕਹਿੰਦਾ," ਆਹ ਬੰਦਾ ਹੁਣ ਫੁੱਟਬਾਲ ਖੇਡੂਗਾ"
ਜਿੰਦੇ ਨੇ ਉਹ ਨਿੱਕੇ ਨੂੰ ਆਹ ਜਵਾਬ ਦਿੱਤਾ, "ਕਾਕਾ ਜਦੋਂ ਤੇਰੇ ਅਰਗਿਆਂ ਨੂੰ ਪਤਾ ਲੱਗਦਾ ਸੀ ਨਾ ਬੀ ਜਿੰਦਾ ਤੇ ਸੁੱਖਾ ਦਿੱਲੀ 'ਚ ਨੇ, ਓਦੋਂ ਤੇਰੇ ਅਰਗੇ ਮਾਵਾਂ ਦੀਆਂ ਢੂਈਆਂ ਉਹਲੇ ਜਾਕੇ ਲੁਕਦੇ ਸੀ"
ਪੰਜ ਕਰੋੜ ਰੁਪੈ ਬਾਰੇ ਜਿੰਦੇ ਨੂੰ ਪਤਾ ਸੀ ਬੀ ਕਿੱਥੇ ਰੱਖਿਆ। ਦਿੱਲੀ ਪੁਲਸ ਨੇ ਅਗਲਾ ਪਿਛਲਾ ਜੋਰ ਲਾ ਲਿਆ, ਪਰ ਖਾੜਕੂ ਨੇ ਉੱਘ ਸੁੱਘ ਨਾ ਕੱਢੀ।
ਮਨਸੂਬੇ, ਉਦੇਸ਼, ਹਾਲਾਤ ਕੁਛ ਮਰਜ਼ੀ ਰਹੇ ਹੋਣ, ਪਰ ਏਹ ਹੁੰਦੇ ਸੀ ਅਸਲੀ ਖਾੜਕੂ।
ਕੋਈ ਸ਼ੱਕ ਨਹੀਂ , ਦਲਜੀਤ ਦੀ ਕੈਸਟ "ਬੈਕ ਟੂ ਬੇਸਿਕ" ਸੋਹਣੀ ਆ, ਪਰ ਪੱਟੂ ਨੇ "ਖਾੜਕੂ" ਸ਼ਬਦ ਦਾ ਬਲਾਤਕਾਰ ਕਰਕੇ ਰੱਖਤਾ...ਘੁੱਦਾ
-------------------------------------------------------------------------------------------------------------
 ਤੜਕੇ ਸੀ ਜੋ "ਹੈ" ਹੁਣ ਉਹ "ਸੀ" ਹੋ ਗਿਆ
ਬਿੜਕਾਂ ਕੱਢਦੇ ਲੋਕੀਂ ਫਲਾਣੇ ਨੂੰ ਕੀ ਹੋ ਗਿਆ
ਫੂਨ ਘੁਕਾਤਾ ਸੌਹਰੀਂ ਪਰਾਹੁਣਾ ਪੂਰਾ ਹੋ ਗਿਆ
ਪੱਗ ਕੰਨ ਤੋਂ ਚੱਕਕੇ ਬਾਪੂ ਸੁਣਦਾ ਕਲੇਜਾ ਦੂਹਰਾ ਹੋ ਗਿਆ
"ਹੌਂਸਲਾ ਰੱਖੋ" ਕਹਿਕੇ ਨੀਂ ਮੁਲਖ ਘਰ ਨੂੰ ਮੁੜ ਗਿਆ
ਔਹ ਅਰਥੀ ਚੱਕੀ ਆਉਦੇਂ ਨੀਂ ਪਿੰਡ ਚੋਂ ਇੱਕ ਹੋਰ ਤੁਰ ਗਿਆ..
----------------------------------------------------------------------------------------------------------------

ਕਹਿੰਦਾ ਸੁਣਿਆ ਮੱਘਰਾ ਤੇਰਾ ਮੁੰਡਾ ਫੂਡ ਮਹਿਕਮੇ 'ਚ ਅਪਸਰ ਲੱਗ ਗਿਆ
"ਹਾਂ ਲੱਗ ਤਾਂ ਗਿਆ ਜਰ ਪਰ ਚਾਹ ਪਾਣੀ ਤੇ ਪੰਦਰਾਂ ਲੱਖ ਲਾਤਾ"
ਤੇਰੀ ਓਓ ਭੈਂ.....ਐਨੇ ਪੈਸੇ ਲਾਤੇ ਪਰਧਾਨ ਨੌਕਰੀ ਪਿੱਛੇ
ਮੁੱਛਾਂ ਨੰ ਬਟਾ ਦੇਕੇ, ਸੱਜੇ ਹੱਥ ਨਾ ਪੱਗ ਦਾ ਖੱਬਾ ਲੜ ਸੂਤ ਕਰਕੇ ਮੱਘਰ ਸਿਹੁੰ ਬੋਲਿਆ
"ਚੱਲ ਕੋਈ ਨਾ ਜਿੱਦੇਂ ਮੁੰਡਾ ਵਿਆਹਿਆ ਕੁੜੀ ਆਲਿਆਂ ਤੋਂ ਲੈਲਾਗੇਂ"
ਕੱਛਾਂ ਥਾਣੀ ਹੱਸਦਾ ਮੱਘਰ ਸਿਹੁੰ ਘਰ ਨੂੰ ਤੁਰ ਗਿਆ.....ਘੁੱਦਾ
--------------------------------------------------------------------------------------------------------------

ਸਕਿਆਂ ਭਰਾਵਾਂ ਤੇ ਯਾਰਾਂ 'ਚ ਬਸ ਐਨਾ ਕ ਫਰਕ ਹੁੰਦਾ। ਭਰਾਵਾਂ ਨਾਲ ਕੰਮ ਧੰਦੇ ਜਾਂ ਕਬੀਲਦਾਰੀ ਦੀ ਗੱਲ ਤੋਂ ਬਿਨਾਂ ਹੋਰ ਕੁਛ ਸ਼ੇਅਰ ਨੀਂ ਹੁੰਦਾ। ਜਾਂ ਕਹਿਲੋ ਇੱਕ ਲੀਕ ਵਾਹੀ ਵਈ ਹੁੰਦੀ ਆ।
ਯਾਰਾਂ ਨਾਲ ਲੁੱਚਪੌ ਜਾਂ ਹੋਰ ਹਰੇਕ ਫੀਲਿੰਗ ਸ਼ੇਅਰ ਹੁੰਦੀ ਆ। ਸੱਜੀਆ ਖੱਬੀਆਂ ਬਾਹਵਾਂ ਕਹਿਲੋ, ਜਿੰਨ੍ਹਾਂ ਬਿਨ੍ਹਾਂ ਕਦੇ ਨੀਂ ਸਰਦਾ।
ਬੰਦੇ ਦੀ ਜਿੰਦਗੀ 'ਚ ਮੇਨਲੀ ਤਿੰਨ ਤਰ੍ਹਾਂ ਦੇ ਯਾਰ ਈ ਹੁੰਦੇ ਆ, ਸਕੂਲ਼ ਆਲੇ, ਕਾਲਜ ਆਲੇ ਤੇ ਪਿੰਡ ਆਲੇ।
ਸਕੂਲ ਆਲੇ ਨੇੜਲੇ ਪਿੰਡਾਂ ਦੇ ਹੁੰਦੇ ਆ, ਕਾਲਜ ਆਲ਼ੇ ਔਲਓਵਰ

ਪੰਜਾਬ ਦੇ ਤੇ ਪਿੰਡ ਆਲੇ ਉਹੋ ਜੇਹੜੇ ਆਥਣੇ ਸੱਥ 'ਚ ਮਿਲਦੇ ਨੇ।
ਫਰਿੰਡਾਂ ਤੇ ਯਾਰਾਂ 'ਚ ਬਾਹਲਾ ਫਰਕ ਹੁੰਦਾ। ਬਰਡੇ ਵਿਸ਼ ਨਾ ਕਰਨ ਤੇ ਫਰਿੰਡ ਰੁੱਸ ਸਕਦਾ, ਸੌਰੀ, ਥੈਕਯੂ, ਸਾਰੀ ਫੀਲਿੰਗ ਹੁੰਦੀ ਆ।
ਯਾਰਾਂ 'ਚ ਗਾਲ੍ਹ ਦੁੱਪੜ, ਕੰਬਲ ਕੁੱਟ ਸਭ ਮਾਫ ਹੁੰਦਾ।
ਆਥਣੇ ਤੜਕੇ ਜਦੋਂ ਕਿਤੇ ਕੰਮ ਅੜਜੇ ਫੂਨ ਕਰੀਦਾ ਨਾਲਦਿਆਂ ਨੂੰ, "ਪਰਧਾਨ ਕਿੱਥੇ ਆਂ"?
ਅੱਗੋ ਕਦੇ ਐਂ ਨੀਂ ਕਿਹਾ ਬੀ ਮੈਂ ਫਲਾਣੇ ਥਾਂ ਤੇ ਆਂ, ਜਾਂ ਬਿਜ਼ੀ ਆਂ
ਬਸ ਵੋਟਾਂ ਆਲ਼ੀ ਜੀਪ ਨੂੰ ਸ਼ੂਕਦੇ ਈ ਆਉਂਦੇ ਆ ਆਉਣ ਸਾਰ ਏਹਨਾਂ ਮੂੰਹੋਂ ਆਹ ਲਫਜ਼ ਨਿਕਲਦੇ ਆ ," ਕੰਮ ਦੱਸ ਬਾਈ".....ਘੁੱਦਾ
--------------------------------------------------------------------------------------------------------------
 ਗੱਲ ਹੁੰਦੀ ਆ ਪੰਥਕ ਕਹਾਉਣ ਆਲੇ ਲੋਕਾਂ ਦੀ। ਗੁਰੂ ਦੇ ਬਾਣੇ ਨੂੰ ਲੀਕ ਲਾਉਣ ਆਲਿਆਂ ਦੀ।
ਧਰਮਕੀ ਦੀਵਾਨਾਂ ਆਲ਼ੇ ਬਾਬੇ ਗਰਮ ਤਕਰੀਰਾਂ ਨਾ ਹਿੰਦੂ- ਸਿੱਖ ਦਾ ਪਾੜਾ ਵਧਾਉਦੇਂ ਈ ਆਏ ਨੇ।
ਗੰਗੂ ਬਾਹਮਣ ਦੀ ਮਿਸਾਲ ਸਾਹਮਣੇ ਰੱਖਦੇ ਨੇ ਦੂਜੇ ਪਾਸੇ ਟੋਡਰ ਮੱਲ ਦਾ ਜ਼ਿਕਰ ਕਦੇ ਨੀਂ ਕਰਦੇ।
ਐਂਰਕੀ ਸਾਡੇ ਪਿੰਡਾਂ ਬੰਨਿਓਂ ਬ੍ਰਾਹਮਣ ਸੰਮਤੀਆਂ ਆਲ਼ੇਆਂ ਨੇ ਫਰੀ ਬੱਸਾਂ ਤੋਰੀਆਂ ਨੌਮੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਖਾਤਰ ਅਨੰਦਪੁਰ ਸਾਬ੍ਹ ਬੰਨੀਂ। ਬਹੁਤ ਵਧੀਆਂ ਊਧਮ ਕੀਤਾ। ਜਾਂ ਕਹਿਲੋ ਨੇੜੇ ਆਉਣ ਦੀ ਪੁਲਾ

ਂਘ ਪੱਟੀ ਆ।
ਜੇ ਇਤਿਹਾਸ ਦੀ ਕਿਤਾਬ 'ਚੋਂ ਮਾਝੇ ਦੇ ਸੂਰਮਿਆਂ ਦਾ ਜ਼ਿਕਰ ਕੱਢ ਦਈਏ ਤਾਂ ਕਤਾਬ ਦੀ ਕੱਲੀ ਜਿਲਤ ਈ ਬਾਕੀ ਰਹਿਜੂ, ਮਲਬ ਬੀ ਇਤਿਹਾਸ ਮਝੈਲੀਆਂ ਨੇ ਬਣਾਇਆ। ਪਰ ਬਾਬਾ ਦੀਪ ਸਿੰਘ ਜਾਂ ਸ਼ਹੀਦ ਤਾਰੂ ਸਿੰਘ ਹੋਣਾਂ ਤੇ ਨੌਂ ਤੇ ਲੋਕੀਂ ਗੱਦੀਆਂ ਚਲਾਉਂਦੇ ਨੇ।
ਬੀ ਫਲਾਣੇ ਬੰਦੇ 'ਚ ਫਲਾਣਾ ਸ਼ਹੀਦ ਬਾਬਾ ਆਉਂਦਾ। ਨਹਿਸ਼ੀ ਸੋਚ, ਠੱਗੋ ਠੱਗੀ ਦਾ ਢੰਗ ਕਹਿਲੋ।
ਗੁਰੂ ਘਰਾਂ ਤੇ ਕਾਬਜ਼ ਬਾਬੇ ਜੇਹਨਾਂ ਕਦੇ ਚੱਜ ਨਾ ਬੁਰਸ਼ ਨੀਂ ਕੀਤਾ ਉਹੋ ਲਾਚੀਆਂ ਨੂੰ ਫੁਕ ਮਾਰਕੇ ਮੁਲਖ ਨੂੰ ਪ੍ਰਸ਼ਾਦ ਕਹਿਕੇ ਦੇਂਦੇ ਨੇ ਬੀ ਦੁੱਖ ਦਲਿੱਦਰ ਦੂਰ ਹੋਣਗੇ।
ਅਗਲੀ ਗੱਲ , ਬੁਢਲਾਢੇ ਬੰਨੀਂ ਗੁਰਦੁਆਰਾ ਆ ਕੋਈ ਓਥੇ ਤੀਜੇ ਪਾਤਸ਼ਾਹ ਦਾ ਜੁੱਤਾ ਪਿਆ। ਮਿੱਥ ਬਣਾਈ ਵਈ ਵੀ ਆ, ਬੀ ਜੇਹੜੇ ਬੰਦੇ ਦੇ ਪਿੰਡੇ ਨੂੰ ਉਹ ਜੁੱਤਾ ਟੱਚ ਕਰਜੂ, ਉਹ ਟੋਟਲੀ ਠੀਕ ਹੋਜੂ। ਪਿੱਛੇ ਜੇ ਇੱਕ ਹੋਰ ਬਾਬਾ ਫੜ੍ਹਿਆ ਸੀ ਗੁਰੂ ਗ੍ਰੰਥ ਸਾਬ੍ਹ ਦੀ ਹਜ਼ੂਰੀ 'ਚ ਲੀਲੀ ਫਿਲਮ ਵੇਖੀ ਜਾਂਦਾ ਸੀ ਪੱਟੂ ਫੋਨ ਤੇ।
ਪ੍ਰਚਾਰਕ ਏਹੀ ਸਿੱਧ ਕਰਨ ਦੀ ਕੋਸ਼ਸ਼ ਕਰਦੇ ਨੇ ਬੀ ਗੁਰੂ ਗ੍ਰੰਥ ਸਾਬ੍ਹ ਪੂਜਣਯੋਗ ਚੀਜ਼ ਆ ਸਮਾਂ ਦੀ ਇਹ ਨੀਂ ਦਸਦੇ ਬੀ ਗੁਰੂ ਗ੍ਰੰਥ ਪੜ੍ਹਨਯੋਗ ਵੀ ਆ।
ਸਰਸੇ ਆਲੇ, ਭਨਿਆਰੇ ਆਲੇ, ਰਾਧਾ ਸੁਆਮੀਏ , ਏਹਨਾਂ ਬਾਰੇ ਲੇਖ ਲਿਖਕੇ ਫੇਰ ਮੈਗਜ਼ੀਨਾਂ 'ਚ ਛਾਪਿਓ, ਹੋਰ ਜੱਬਕਝੂਟਾ ਛੱਡੋ ਪਹਿਲਾਂ ਪੀੜ੍ਹੀਆਂ ਥੱਲੇ ਸੋਟੇ ਫੇਰੋ........ਲਗਾੜੇ.....ਘੁੱਦਾ
--------------------------------------------------------------------------------------------------------------
 ਗੋਲਫ ਟੈਨਿਸ ਕਿਰਕਿਟ ਖੇਡਣ ਤੇਰੇ ਬੰਨੀਂ ਲੋਕ ਕੁੜੇ
ਬਾਂਦਰ ਕਿੱਲਾ ਈ ਨਾ ਛੱਡਣ ਸਾਡੇ ਆਲੇ ਬੋਕ ਕੁੜੇ
"ਓ ਮਾਈ ਗੌੜ" ਜਾ ਕਹਿੰਦੇ ਥੋਡੇ ਪੈਂਦਾ ਸੋਗ ਕਿਤੇ
ਜੰਤਾ ਤਿੰਨ ਪਿੰਡਾਂ ਦੀ ਜੁੜਜੇ ਸਾਡੇ ਪੈਂਦਾ ਭੋਗ ਕਿਤੇ
ਛਾਤੀ ਵੀ ਨਾ ਕੱਜਦੇ ਲੀੜੇ ਥੋਡੇ ਕੀ ਕਹਿਣੇ ਨੀਂ
ਬਸ ਸ਼ਰਮ, ਹਯਾ ਤੇ ਅਣਖਾਂ ਸਾਡੇ ਲੋਕਾਂ ਦੇ ਗਹਿਣੇ ਨੀਂ....ਘੁੱਦਾ
--------------------------------------------------------------------------------------------------------------

ਸੈਕਲ ਹੁੰਦਾ ਮਜਬੂਰੀ ਕਿਸੇ ਦੀ
ਤੇ ਕਈ ਵਰਜਸ਼ ਵਜੋਂ ਚਲਾਉਂਦੇ ਨੇ
ਕਈ ਰੋਟੀ ਖਾਤਰ ਤੁਰਦੇ ਨੇ
ਤੇ ਕਈ ਤੁਰਕੇ ਰੋਟੀ ਪਚਾਉਂਦੇ ਨੇ
-----------------------------------------------------------------------------------------------------------
 ਛੇਮੀਂ ਸੱਤਮੀਂ ਵੇਲੇ ਤੱਪੜਾਂ ਤੇ ਬਹਿਕੇ ਪੇਪਰ ਦੇਂਦੇ ਸੀ। ਜਿੱਦੇਂ ਪੰਜਾਬੀ ਦਾ ਪੇਪਰ ਹੁੰਦਾ ਤਾਂ ਕਵੱਸ਼ਨ ਪੇਪਰ ਤੇ ਪਹਿਲਾਂ ਏਹੀ ਦੇਂਹਦੇ ਬੀ ਲੇਖ ਕੇਹੜਾ ਆਇਆ ਤੇ ਜਦੋਂ ਪਤਾ ਲੱਗਦਾ ਬੀ ਲੇਖ ਬਾਬੇ ਨਾਨਕ ਬਾਰੇ ਆ ਤਾਂ ਖੁਸ਼ੀ ਨਾ ਵਰਾਛਾਂ ਖਿੜਕੇ ਕੰਨਾਂ ਨਾ ਲੱਗ ਜਾਂਦੀਆਂ। "ਸਤਿਗੁਰੂ ਨਾਨਕ ਪ੍ਰਗਟਿਆ" ਨਾ ਸ਼ੁਰੂ ਕਰਦੇ ਤੇ ਧਰਮ ਨਾ ਪੰਜ ਸੱਤ ਸ਼ੀਟਾਂ ਭਰ ਦੇਂਦੇ ਚੌੜ ਚੌੜ 'ਚ।
ਏਮੇਂ ਜਿਮੇਂ ਦਸਮੀਂ ਵੇਲੇ ਹਿਸਟਰੀ ਦੇ ਪੇਪਰ 'ਚ ਪੰਦਰਾਂ ਲੰਬਰਾਂ ਦਾ ਬੱਡਾ ਪ੍ਰਸ਼ਨ ਆਉਂਦਾ ਸੀ ਬੀ ਗੁਰੂ ਨਾਨਕ ਸਾਬ੍ਹ ਦੀਆਂ

ਸਿੱਖਿਆਵਾਂ ਲਿਖੋ। ਖਲਾਰੇ ਪਾ ਦੇਂਦੇ ਸੀ , ਪੰਦਰਾਂ ਨੰਬਰ ਬੱਟ ਤੇ ਹੁੰਦੇ ਸੀ ਜਮਾਂ।
ਬਾਪੂ ਹੋਣਾਂ ਦੀ ਰੀਸ ਨਾ ਸੁਖਮਨੀ ਸਾਹਬ ਦਾ ਗੁਟਕਾ ਫੜ੍ਹ ਪਾਠ ਕਰਦੇ ਤਾਂ ਇੱਕ ਚੀਜ਼ ਨੋਟ ਕਰੀ ਸੀ, ਹਰੇਕ ਪੇਜ ਦੀ ਲਾਸਟ ਲਾਈਨ 'ਚ ਗੁਰੂ ਨਾਨਕ ਸਾਬ੍ਹ ਦਾ ਨੌਂ ਜ਼ਰੂਰ ਆਉਂਦਾ।
ਜਾਤ, ਧਰਮ ਕੋਈ ਹੋਵੇ ਹਰੇਕ ਦੀ ਦੁਕਾਨ ਤੇ ਬਾਬੇ ਨਾਨਕ ਦੀ ਫੋਟੂ ਜ਼ਰੂਰ ਲੱਗੀ ਹੁੰਦੀ ਆ।
ਪਿੰਡਾਂ ਦੀ ਨਤਾਜ਼ਾ ਨੱਬੇ ਫੀਸਦੀ ਜੰਤਾ ਨਾਨਕ ਨਾਮ ਲੇਵਾ ਈ ਆ ਤਾਂ ਕਰਕੇ ਆੜ੍ਹਤੀਏ ਸਰਪੇਅ ਜਾਂ ਯੂਰੀਆ ਦੇ ਕਲੰਡਰਾਂ ਤੇ ਬਾਬੇ ਨਾਨਕ ਦੀ ਫੋਟੂ ਛਾਪਦੇ ਨੇ।
ਬਸ਼ੱਕ ਕਈ ਬਾਬੇ ਨਾਨਕ ਦੇ ਨਾਂ ਤੇ ਠੱਗਾ ਵੱਗੀ ਜਾਂ ਲੁੱਤਘੁੱਤੀਆਂ ਕਰੀ ਜਾਂਦੇ ਨੇ। ਪਰ ਕਾਬਲ, ਕੰਧਾਰ, ਸ੍ਰੀਲੰਕਾ, ਬੰਗਲਾਦੇਸ਼, ਪਾਕਿ 'ਚ ਬਾਬੇ ਨਾਨਕ ਸਾਬ੍ਹ ਨਾਲ ਰਿਲੇਟਡ ਗੁਰੁਦਵਾਰੇ ਉਹਨਾਂ ਦੀ ਉੱਚੀ ਸਖਸ਼ੀਅਤ ਦੀ ਗਵਾਹੀ ਭਰਦੇ ਨੇ।
ਕੋਈ ਉਦਾਹਰਨ ਦੇਣ ਵੇਲੇ ਲੋਕ ਬਾਬੇ ਨਾਨਕ ਦੀ ਬਾਣੀ ਦੀਆਂ ਤੁੱਕਾਂ ਦਾ ਹਵਾਲਾ ਦੇਂਦੇ ਨੇ।
ਭਮਾਂ ਜੰਨ ਚੜ੍ਹਦੀ ਹੋਵੇ, ਭਮਾਂ ਜਵਾਨ ਦੀ ਚਿਖਾ ਨੂੰ ਅੱਗ ਲਾਉਣ ਲੱਗੇ ਹੋਈਏ ਬਸ ਆਪਣੇ ਪੰਜਾਬੀ ਏਹੋ ਕਹਿੰਦੇ ਨੇ
"ਸੁੱਖ ਰੱਖੀ ਬਾਬਾ ਨਾਨਕਾ"
ਅਰਦਾਸ ਪਿੱਛੋਂ ਦੋਹਿਰਾ ਗਾਉਣ ਲੱਗੇ 'ਵਾਜ਼ ਰਲਾ ਕੇ ਗਾਉਂਦੇ ਨੇ "ਨਾਨਕ ਨਾਮ ਜ਼ਹਾਜ਼ ਹੈ ਚੜ੍ਹੇ ਸੋ ਉੱਤਰੇ ਪਾਰ"
ਮਹਾਨ ਇੰਨਕਲਾਬੀ ਬਾਬੇ ਦੇ ਜਨਮ ਦਿਨ ਦੀਆਂ ਮੁਬਾਰਕਾਂ ਸਭਨੂੰ....ਘੁੱਦਾ
----------------------------------------------------------------------------------------------------------------
 ਪੀ.ਟੀ .ਸੀ ਨਿਊਜ ਤੇ ਤੁਹਾਡਾ ਸਵਾਗਤ ਹੈ
ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ
1..ਭਗਤੇ ਨੇੜੇ ਨਾਬਾਲਗ ਨਾਲ ਸਮੂਹਿਕ ਬਲਾਤਕਾਰ, ਦੋਸ਼ੀ ਫਰਾਰ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੀੜਤ ਨੂੰ ਮਿਲੇ
2. ਚੌਰਾਸੀ ਦੰਗਾ ਪੀੜਤਾਂ ਲਈ ਜੱਦੋ ਜਹਿਦ ਜਾਰੀ ਰਹੇਗੀ- ਹਰਸਿਮਰਤ ਬਾਦਲ
3. ਪੰਜਾਬ 'ਚ ਨਮੇਂ ਥਰਮਲ ਪਲਾਟ ਲਾਏ ਜਾਣਗੇ , ਆਉਂਦੇ ਸਾਲਾਂ 'ਚ ਪੰਜਾਬ ਬਿਜਲੀ ਉਤਪਾਦਨ 'ਚ ਨੰਬਰ ਇੱਕ ਹੋਵੇਗਾ- ਸੁਖਬੀਰ ਬਾਦਲ
4. ਕਣਕ ਦੇ ਸਮਰਥਨ ਮੁੱਲ 'ਚ ਵਾਧੇ ਲਈ ਕੇਂਦਰ ਸਰਕਾਰ ਨੂੰ ਮਿਲਾਂਗੇ-- ਪ੍ਰਕਾਸ਼ ਸਿੰਘ ਬਾਦਲ
5 ਵਿਸ਼ਵ ਔਰਤ ਦਿਵਸ ਤੇ ਹਰਸਿਮਰਤ ਜੀ ਬਾਦਲ ਨੇ ਕੁੜੀਆਂ ਨੂੰ ਬਣਦਾ ਰੁਤਬਾ ਦੇਣ ਦਾ ਸੱਦਾ ਦਿੱਤਾ
6.ਤੀਜੇ ਕਬੱਡੀ ਕੱਪ ਤੇ ਪੰਜ ਕਰੋੜ ਹੋਵੇਗਾ ਪਹਿਲਾ ਇਨਾਮ...ਸੁਖਬੀਰ ਬਾਦਲ
ਤੇ ਹੁਣ ਖਬਰਾਂ ਵਿਸਥਾਰ ਨਾਲ
ਹੋਰ ਕੋਈ ਖਬਰ ਈ ਹੈਨੀਂ...ਭੈਣ ਦੇ ਚੈਨਲਾਂ ਈ ਯਾਹਵੇ..ਅੱਤ ਘਟੀਆ ਚੈਨਲ...ਘੂੱਦਾ
-----------------------------------------------------------------------------------------------------------------

ਵਿਆਜ ਵਧਗੇ ਲਿਮਟਾਂ ਤੇ ,ਤੇ ਰੇਟ ਦੁੱਗਣੇ ਸਰਪੇਹਾਂ ਦੇ
ਭਾਅ ਵਧੇ ਨਾ ਫਸਲਾਂ ਦੇ ਖਰਚੇ ਚੱਕਤੇ ਰੇਹਾਂ ਦੇ
ਪਿੱਠ ਕੁੱਟੀ ਟੀਚਰਾਂ ਦੀ ਵਰਚਾਕੇ ਟੈਂਕੀਆਂ ਉੱਤੋਂ ਲਾਹ ਲਏ
ਗੋਲੇ ਅੱਥਰੂ ਗੈਸਾਂ ਦੇ ਡਾਗਾਂ ਲਾਈਆਂ ਮੂਧੇ ਪਾ ਲਏ
ਤਨਖਾਹਾਂ, ਪੜਾਈਆਂ, ਸਬਸੀਟੀਆਂ ਬਾਰੀ ਖਜ਼ਾਨਾ ਖਾਲੀ ਕਹਿੰਦੇ ਕੁੜੀ ਦੇ ਜਾਰ ਨੇ
ਔਹ ਪੰਦਰਾਂ ਮਿੰਟਾਂ ਦਾ ਸਵਾ ਕਰੋੜ ਲੈ ਲਿਆ ਸੋਡੇ ਫੁੱਫੜ ਅਕਸ਼ੇ ਕੁਮਾਰ ਨੇ...ਘੁੱਦਾ
---------------------------------------------------------------------------------------------------------------
 ਕਾਲਜ ਟੈਮ ਅੱਠ ਜਣੇ ਹੁੰਦੇ ਸੀ ਅਸੀਂ ਕੱਠੇ। ਇੱਕੋ ਕਮਰੇ 'ਚ ਰੋਟੀ ਟੁੱਕ ਖਾਂਦੇ , ਚੌੜ ਚੱਪਾ, ਘਸੁੰਨਮੁੱਕੀ, ਕੰਬਲ ਕੁੱਟ ,ਸੀਪ , ਭਾਬੀ, ਬਹੁਤ ਬੈਬਤਾਂ ਕਰਦੇ।
ਟੂਰਾਂ ਤੇ ਕੱਠੇ ਜਾਂਦੇ ਵਿਓਤਾਂ ਕਰਕੇ, ਕੰਟੀਨਾਂ, ਵਰਕਸ਼ਾਪਾਂ, ਲੈਬਾਂ, ਮੇਲੇ, ਭੂਤ ਭੰਗੜੇ, ਬੋਲੀਆਂ, ਮੁੱਕਦੀ ਗੱਲ ਦਿਨੇ ਰਾਤ ਕੱਠੇ ਰਹਿੰਦੇ। ਕਾਲਜ ਦੀ ਜੰਤਾ ਸਾਡੀਆਂ ਉਦਾਹਰਣਾਂ ਦਿਆ ਕਰੇ।
ਟੈਮ ਟੈਮ ਦੀ ਗੱਲ ਆ। ਸਾਰੇ ਨਿੱਖੜਗੇ ਖੱਖੜੀ ਅੰਗੂ। ਕਰਨ ਸਾਡੇ 'ਚੋਂ ਵੱਡਾ ਹੁੰਦਾ ਸੀ । ਉਹਦੇ ਵਿਆਹ ਦੀਆਂ ਸਕੀਮਾਂ ਘੜਦੇ ਹੁੰਦੇ ਸੀ।
ਕੱਲ੍ਹ ਸੱਚਿਓਂ ਕਰਨ ਦਾ ਵਿਆਹ ਆ।
ਸਾਡੇ 'ਚੋਂ ਦੋ ਜਣਿਆਂ ਦਾ ਪੇਪਰ ਆਗਿਆ। ਇਕ ਨਿਉਜੀਲੈਂਡ ਬੈਠਾ। ਇੱਕ ਦਾ ਆਵਦਾ ਵਿਆਹ ਆ ਤਾਂ ਕਰਕੇ ਨੀਂ ਆਉਂਦਾ।
ਇਕ ਮਾਨਸਾ ਬੈਠਾ ਮਨੈਜਰ ਬਣਿਆ, ਛੁੱਟੀ ਨੀਂ ਮਿਲੀ। ਬਸ ਕਰਨ ਦੇ ਵਿਆਹ ਤੇ ਜਾਣ ਨੂੰ ਅਸੀਂ ਦੋ ਜਣੇ ਰਹਿਗੇ ਕੱਲ੍ਹ ਨੂੰ।
ਭੈਣ ਦਣਾ ਸੁਪਨਿਆਂ ਤੇ ਹਕੀਕਤ 'ਚ ਲੱਖਾਂ ਕੋਹਾਂ ਦਾ ਫਰਕ ਹੁੰਦਾ। ਸਮਾਂ ਵਾਕਏ ਬਲਵਾਨ ਆ...ਨਖੇੜ ਕੇ ਧਰਤੇ, ਫੰਬਾਂ ਆਲੇ ਬੱਦਲਾਂ ਅੰਗੂ...ਹੁਣ ਨੀਂ ਪੋਲੇ ਪੈਰੀ 'ਕੱਠੇ ਹੁੰਦਾ ਲੱਗਦਾ....ਘੁੱਦਾ

------------------------------------------------------------------------------------------------------------
 ਖਾੜਕੂਬਾਦ ਦੇ ਸਮੇਂ ਨਾ ਰਿਲੇਟਡ ਬਹੁਤ ਕੁਝ ਸੁਣਿਆਂ ਜਾਂ ਪੜ੍ਹਿਆ। ਬਥੇਰੇ ਬਣਗੇ, ਤੇ ਬਥੇਰੇ ਉੱਜੜਗੇ।
ਸਾਡੇ ਏਥੇ ਬਾਈ ਦਰਸ਼ਨ ਅਰਗੇ ਵੀ ਮਾੜਾ ਮੋਟ ਖੜਕਾ ਦੜਕਾ ਕਰਦੇ ਸੀ ਸਿੰਘਾਂ ਨਾ ਰਲਕੇ।
ਅੱਜ ਤੜਕੇ ਬਾਈ ਨੇ ਗੱਲ ਸੁਣਾਈ । ਸਾਡੇ ਪਿੰਡ ਦੀ ਕੁੜੀ ਵਿਆਹੀ ਵਈ ਸੀ ਕਿਸੇ ਪਿੰਡ।
ਸਹੁਰੇ ਕੁੜੀ ਨੂੰ ਨਜ਼ੈਜ਼ ਠਿੱਠ ਕਰਦੇ ਸੀ। ਚਾਰ ਪੰਜ ਜਣੇ ਰਲਕੇ ਖੱਟੇ ਪਰਨੇ ਬੰਨ੍ਹਕੇ, ਲੋਈਆਂ ਦੀ ਬੁੱਕਲਾਂ ਮਾਰਕੇ
ਕੁੜੀ ਦੇ ਸਹੁਰੇ ਜਾਵੜੇ । ਜੇਹੜੇ ਜੀਅ ਕੁੜੀ ਨੂੰ ਤੰਗ ਕਰਦੇ ਸੀ ਕਹਿੰਦਾ ਲੰਮੇ ਪਾ ਪਾ ਲਾਈਆਂ ਉਹਨ੍ਹਾਂ ਦੇ।
ਬਾਈ ਦੱਸਦਾ ਕਹਿੰਦਾ ਤਿੰਨ ਦਿਨਾਂ ਬਾਅਦ ਪੁਲਸ ਨੇ ਸਾਨੂੰ ਚੱਕ ਲਿਆ।
ਮਖਾ ਬੀ ਪੁਲਸ ਨੂੰ ਥੋਡਾ ਕਿਮੇਂ ਪਤਾ ਲੱਗਿਆ ਵਈ?
ਕਹਿੰਦਾ ਸਾਡੇ 'ਚੋਂ ਇਕ ਜਣੇ ਨੇ ਕੁੜੀ ਦੀ ਦਰਾਣੀ ਨੂੰ ਲੈਂਡਲਾਈਨ ਦਾ ਨੰਬਰ ਸਿੱਟਤਾ ਸੀ।
ਆਅਅ ਕੀ ਫਿਰ...ਕਹਿੰਦਾ ਥੂ ਥੂ ਅੱਡ ਹੋਈ ਬਾਕੀ ਪਿੱਛਾ ਕੁੱਟ ਕੁੱਟ ਪੁਲਸ ਨੇ ਧੂਸ ਕੱਢਤੀ

----------------------------------------------------------------------------------------------------------------
 ਹੁਣ ਤਾਂ ਖੈਰ ਆਮ ਹੋਗੀ ਗੱਲ। ਰੋਜ਼ 'ਖਬਾਰਾਂ ਡੱਟੀਆਂ ਆਉਂਦੀਆਂ ਬੀ ਫਲਾਣੇ ਥਾਂ ਫਲਾਣੀ ਨਾ ਮੁਲਖ ਨੇ ਬਲਾਤਕਾਰ ਚੱਕਤਾ।
ਬਲਾਤਕਾਰ ਆਲੀ ਫਰੰਟ ਪੇਜ਼ ਤੇ ਓਹੀ ਖਬਰ ਛਪਦੀ ਆ ਜੀਹਤੋਂ ਵਿਰੋਧੀ ਧਿਰਾਂ ਨੂੰ ਲਾਹਾ ਮਿਲਦਾ ਹੋਵੇ। ਊਂ 'ਖਬਾਰ ਦੇ ਅੰਦਰ ਪੰਜਮੇਂ ਸੱਤਮੇਂ ਵਰਕਣੇ ਤੇ ਦੋ-ਚਾਰ ਐਹੇ ਜੀਆਂ ਖਬਰਾਂ ਤਾਂ ਹੁੰਦੀਆਂ ਈ ਹੁੰਦੀਆਂ।
ਪਹਿਲੇ ਦਿਨ ਮੁਲਖ ਕਾਂਡ ਕਰ ਦੇਂਦਾ, ਦੂਏ ਦਿਨ ਟੀਵੀਆਂ ਆਲਿਆਂ ਨੂੰ ਟੈਲੀਕਾਸਟ ਜੋਗਰਾ ਮਟੀਰੀਅਲ ਮਿਲ ਜਾਂਦਾ।
ਓਧਰੋਂ ਸੰਸਦਾਂ ਕੁਰਸੀਆਂ ਭੰਨ ਬੁਰੇ ਹਾਲ। ਤੀਏ ਦਿਨ ਚਾਰ ਕੁ ਕੁੜੀਆਂ ਬਚਾਰੀਆਂ ਰਲਕੇ ਇੰਡੀਆਂ ਗੇਟ ਜਾਂ ਹੋਰ ਕਿਤੇ ਜਾ ਕੇ ਦੋਆਂ ਦੋਆਂ ਆਲੀਆਂ ਮੋਬੱਤੀਆਂ ਜਗਾ ਆਉਂਦੀਆਂ।
ਅੱਛਾ ਜੀ , ਚੌਥੇ ਦਿਨ ਇਕ ਅੱਧਾ ਨਿੱਕਾ ਗ੍ਰਿਫਤਾਰ ਕਰਿਆ ਜਾਂਦਾ ਤੇ ਪੰਜਮੇਂ ਦਿਨ ਪੁਲਸ ਰਿਮਾਂਡ।
ਛੇਵੇਂ ਸੱਤਮੇਂ ਦਿਨ ਕਿਸੇ ਐੱਮ ਐੱਲ ਏ ਨਾ ਗਾਟੀ ਪਾਕੇ ਅਗਲੇ ਆਵਦਾ ਮੁੰਡਾ ਕਢਾ ਲਿਆਉਂਦੇ ਆ। ਫੁੱਦੂ ਆ ਸਿਸਟਮ ਜਮਾਂ।
ਪਿੱਛੇ ਜੇ ਹਰਿਆਣੇ ਬੰਨੀਂ ਏਹੀ ਕੁਸ ਹੋਇਆ ਸੀ। ਉੱਥੋਂ ਦੀਆਂ ਖਾਪ ਪੰਚੈਤਾਂ ਨੇ ਕਿਹਾ ਬੀ ਬਲਾਤਕਾਰ ਐਸ ਕਰਕੇ ਹੁੰਦੇ ਆ ਕਿਓਂਕਿ ਮੁੰਡੇ ਕੁੜੀਆਂ ਫਾਸਟ ਫੂਡ ਨਿਊਡਲ, ਬਰਗਰ ਖਾਂਦੇ ਤਾਂ ਕਰਕੇ ਮੁਲਖ 'ਚ ਗਰਮੀ ਭੜਕਦੀ ਆ ਤੇ ਬੈਬਤਾਂ ਕਰਦੇ ਨੇ। ਜਵਾਬ ਵੇਖੋ
ਪਰ ਜੇਹੜੀ ਕੁੜੀ ਕੱਤਰੀ ਨਾ ਐਹੇ ਜਾ ਕੁਝ ਹੁੰਦਾ ,ਨਾ ਮੀਡੀਆ, ਨਾ ਫੇਸਬੁੱਕੀਏ, ਨਾ ਪੁਲਸ, ਨਾ ਲੀਡਰ, ਨਾ ਬੁੱਧੀਜੀਵੀ...ਕੋਈ ਉਹਦੇ ਦੁਖ ਦਾ ਨਤਾਜ਼ਾ ਨੀਂ ਲਾ ਸਕਦਾ ਬਾਕੀ ਰੱਬ ਤਾਂ ਪਹਿਲਾਂ ਈ ਸ਼ਿਕਾਰੀਆਂ ਬੰਨੀਂ ਆ....ਘੁੱਦਾ

------------------------------------------------------------------------------------------------------------

 
ਦੋ ਤਿੰਨ ਦਿਨ ਹੋਗੇ ਬਾਹਰੇ ਗਏ ਵਏ ਸੀ। ਅੱਜ ਆਕੇ ਫੇਸਬੁੱਕ ਵੇਖੀ, ਮੁਲਖ ਨੇ ਦਿੱਲੀ ਰੇਪ ਆਲੇ ਮੁੱਦੇ ਦੀਆਂ ਫੋਟਮਾਂ ਪਾਕੇ ਟੈਗ ਕਰਿਆ ਵਾ। ਕੈਂਡਲ ਲੈਟਾਂ, ਧਰਨੇ, ਮੁਜ਼ਾਹਰੇ ਫੇਸਬੁੱਕ ਤੇ ਥਪੜੋ ਥਪੜੀ ਹੋਇਆ ਪਿਆ ਕੰਮ।
ਗੱਲ ਸ਼ਪੱਸ਼ਟ ਆ, ਜਿਹੋ ਜੇ ਐਕਸ਼ਨ ਹੋਣਗੇ ਓਹੋ ਜੇ ਰਿਐਕਸ਼ਨ ਹੋਣਗੇ।
"ਜਿਸਮ", "ਡਰਟੀ ਪਿਕਚਰ" ਅਰਗੀਆਂ ਫਿਲਮਾਂ ਬੌਕਸ ਆਫਿਸ ਤੇ ਹਿੱਟ ਹੁੰਦੀਆਂ। ਏਹੀ ਧਰਨੇ ਦੇਣ ਆਲੇ ਲੋਕ ਹਿੱਟ ਕਰਦੇ ਨੇ ਫਿਲਮਾਂ। ਸ਼ੈਹਰਾਂ ਦੇ ਮੋੜਾਂ ਚੌਕਾਂ ਤੇ ਦੂਜੀਆਂ ਫਿਲਮਾਂ ਦੇ ਬਿਕਨੀਆਂ ਆਲ਼ੇ ਪੋਸਟਰ ਕੰਧਾਂ ਨੂੰ ਚਮੇੜੇ ਹੁੰਦੇ ਨੇ। "ਜੰਗਲ ਕੀ ਆਗ", "ਕਵਾਰੀ ਭਾਬੀ" ਜਾਂ ਕੁਸ ਹੋਰ।
ਏਹੇ ਜਾ ਮਟੀਰੀਅਲ ਦੇਖਕੇ ਬਲਾਤਕਾਰ ਈ ਹੋਣਗੇ, ਨਗਰ ਕੀਰਤਨ ਤਾਂ ਨਿਕਲਣੋਂ ਰਹੇ।
ਡੱਕਿਆ ਮੁਲਖ ਕਹਿੰਦਾ ਫਾਂਸੀ ਦੇਦੋ ਮੁਲਜ਼ਮਾਂ ਨੂੰ। ਸਿਆਣੇ ਕਹਿੰਦੇ ਫਾਂਸੀਆਂ ਗੋਲੀਆਂ ਨਾਲ ਬੁਰਾ ਬੰਦਾ ਮਰ ਸਕਦਾ , ਪਰ ਬੁਰਾਈ ਨੀਂ ਮਰਦੀ। 2001 'ਚ ਧਨੰਜੇ ਚੈਟਰਜੀ ਨੂੰ ਏਸੇ ਦੋਸ਼ ਹੇਠ ਫਾਂਸੀ ਦਿੱਤੀ ਸੀ ਪਰ ਅਗਲੇ ਦਿਨ ਈ ਕੋਟਕਪੂਰੇ ਬਲਾਤਕਾਰ ਹੋਇਆ ਸੀ ਕਿਸੇ ਨਿੱਕੀ ਦਾ।
ਮੁਲਖ ਫੇਰ ਸੁਧਾਰ ਲਿਓ ਪਹਿਲਾਂ ਅੰਦਰਲਾ ਲੁੱਚਪੌ ਸੂਤ ਕਰਲੋ ਬਾਈ ਅਣਿਆ। ਚੀਰਨੇ ਗੰਢੇ ਤੇ ਕਰਨੀਆਂ ਬਦਮਾਸ਼ੀਆਂ।
ਕਾਲੇ ਗੋਲ ਘਤੇਰੇ ਆਲੀਆਂ ਫੋਟਮਾਂ ਪਰਫੈਲਾਂ ਤੇ ਲਾਕੇ ਮੁਲਖ ਸੁਧਰੂ ਨਾਲੇ ਢਾਣੀ ਆਲੇਆਂ ਦੇ ਬਾਬੇ ਦਾ ਛੁਣਛੁਣਾ..ਘੁੱਦਾ

----------------------------------------------------------------------------------------------------------------

 
ਠੰਢ ਨੂੰ ਮੱਦੇਨਜ਼ਰ ਰੱਖਦੇ ਹੋਏ ਕੱਢੀ ਗਈ ਪਰਸਿੱਧ ਲੋਕ ਗੈਕ ਨਉਜਵਾਨ ਦਿਲਾਂ ਦੀ ਧੜਕਣ ਨਿੱਕੇ ਗਰਨੈਬ ਦੇ ਬੋਲਾਂ ਨਾ ਸਜੀ
ਨਮੀਂ ਐਲਬਮ ਦੇ ਟਾਈਟਲ ਗੀਤ ਦੀਆਂ ਚੰਦ ਸਤਰਾਂ...

ਐਰਕੀਂ ਓਹੀ ਬੂਟ ਜਰਾਬਾਂ ਨੀਂ ਓਹੀ ਵਲ੍ਹੇਟਿਆ ਗੁਲੂਬੰਦ ਕੁੜੇ
ਤ੍ਰੇਲ ਨਾ ਤਖਤੇ ਫੁੱਲਗੇ ਨੀਂ ਸੱਦਕੇ ਮਿਸਤਰੀ ਦਿੱਤੇ ਰੰਧ ਕੁੜੇ
ਤਰਪਾਲਾਂ ਪਾਕੇ ਸਾਰੇ ਕੱਜਤੇ ਨੀਂ ਤਵੀਆਂ, ਸੁਹਾਗਾ ਸੰਦ ਕੁੜੇ
ਘੌਲ ਨਹਾਉਣ ਦੀ ਹੋ ਜਾਂਦੀ ਤੋਪੇ ਤੋੜ ਪੈਂਦੀ ਠੰਢ ਕੁੜੇ
ਤਣੀ ਤੇ ਨਿੱਕਰਾਂ ਗਿੱਲੀਆਂ ਨੇ ਧੁੰਦਾਂ ਸੂਰਜ ਕਰਤਾ ਬੰਦ ਕੁੜੇ
ਖਾ ਖਾ ਸਾਗ ਜਾਰਾਂ ਨੂੰ ਚੜ੍ਹ ਗਿਆ ਨੀਂ ਹਰਾ ਗੂੜ੍ਹਾ ਰੰਗ ਕੁੜੇ
ਗਲਮਾ ਭੀੜਾ ਹੋ ਗਿਆ ਹੁਣ ਤੇਰੇ ਦਿੱਤੇ ਸਬਾਟਰ ਦਾ
ਤਾਂਹੀ ਹੋਰ ਰਹੇ ਆਂ ਮੰਗ ਕੁੜੇ
 
-------------------------------------------------------------------------------------------------------------

 
 
 


Sunday 14 October 2012

ਦਿਨ ਜੋਬਨ ਦੇ

ਮਾਰਕੇ ਵਿਸਲਾਂ ਹੇਹੇ ਲਿਆ ਮੈਸ੍ਹਾਂ ਸਮਰਾਉਣੀਆਂ
ਲੀੜੇ ਲਾਹ ਪਿੱਤ ਮਾਰਨੀ ਜਦੋਂ ਕਣੀਆਂ ਆਉਣੀਆਂ
ਲਾਹ ਪਸੂਆਂ ਦੇ ਸੰਗਲ ਜਾ ਗੇੜੇ ਮਾਰਨੇ ਛੱਪੜਾਂ ਤੇ
ਪੰਜਮੀਂ ਤਾਂਈ ਜੇਹੜੇ ਪੜ੍ਹਦੇ ਰਹੇ ਬਹਿਕੇ ਤੱਪੜਾਂ ਤੇ
ਦੋ ਦੂਣੀ ਚਾਰ ਦੇ ਜੇਹੜੇ ਭਾਹੜੇ ਸੁਣਾਉਂਦੇ ਰਹੇ
ਢਲੀ ਜਵਾਨੀ ਦਿਨ ਜੋਬਨ ਦੇ ਚੇਤੇ ਆਉਂਦੇ ਰਹੇ....

ਬੱਸਾਂ ਆਲਿਆਂ ਨੂੰ ਪਾਣੀ ਪਿਆਉਣਾ ਦਿਨ ਨਿਮਾਣੀ ਦੇ
ਬੋਹੜ ਛਾਮੇਂ ਦੁਪੈਹਰੇ ਸੌਣਾ ਥੱਕ ਕੇ ਮੰਜੀ 'ਲਾਣੀ ਤੇ
ਲੈ ਸਾਬਣ ਦੀ ਚੱਕੀ ਹੱਟੀ ਆਲੇ ਤੋਂ ਮੰਗਦੇ ਰੂੰਘਾ ਸੀ
ਸੰਗਾਊ ਘੱਟ ਬੋਲਦਾ ਜੇਹੜਾ ਉਹਨੂੰ ਕਹਿੰਦੇ ਗੂੰਗਾ ਸੀ
ਚਿੜੀ ਫੜ੍ਹਨੇ ਨੂੰ ਦੁਸਾਂਗ ਸਹਾਰੇ ਟੋਕਰਾ ਖੜਾਂਉਦੇ ਰਹੇ
ਢਲੀ ਜਵਾਨੀ ਦਿਨ ਜੋਬਨ ਦੇ ਚੇਤੇ ਆਉਂਦੇ ਰਹੇ.....

ਆਲੇ ਵਿੱਚ ਰੱਖਦੇ ਸੀ ਲਕੋਕੇ ਬਾਗੜਾਂ ਆਲੇ ਕੁੱਜੇ ਨੂੰ
ਮਾਤਾ ਤੋਂ ਰੱਖਦੇ ਲਕੋਕੇ ਖੇਡਦਿਆਂ ਡਿੱਗਕੇ ਗੋਢੇ ਸੁੱਜੇ ਨੂੰ
ਗੁੜ ਨਾ ਖਾਣੀ ਫਿਰ ਰੋਟੀ ਤੇ ਦੁੱਧ ਪੀਦੇਂ ਰਹੇ ਤੌੜੀ ਦਾ
ਗਲੀਆਂ ਪਿੰਡ ਦੀਆਂ ਕੱਛ ਆਥਣੇ ਘਰ ਸੀ ਬਹੁੜੀ ਦਾ
ਦਣ ਬਣਾ ਕੇ ਗੁੱਲੀ ਦਾ ਜਚਕੇ ਗੱਭਾਂ ਲਾਉਂਦੇ ਰਹੇ
ਢਲੀ ਜਵਾਨੀ ਦਿਨ ਜੋਬਨ ਦੇ ਚੇਤੇ ਆਉਂਦੇ ਰਹੇ....

ਗੁਲੇਲ ਬਣਾਉਣੀ ਸੈਕਲ ਦੀ ਵੱਢਕੇ ਟੂਪ ਪੁਰਾਣੀ ਨੂੰ
ਕੰਨ ਲਾ ਰੇਡੀਆ ਸੁਣਦੇ ਹਰਮੰਦਰ ਸੈਹਬ ਦੀ ਬਾਣੀ ਨੂੰ
ਮੰਜੇ ਬਿਸਤਰੇ 'ਕੱਠੇ ਕਰਦੇ ਜਦੋਂ ਸੀ ਦਿਨ ਵਿਆਹਾਂ ਦੇ
ਜਿਦ੍ਹੇਂ ਨਗਰ ਕੀਰਤਨ ਨਿਕਲੇ ਬਹੁਕਰ ਲਾਉਂਦੇ ਰਾਹਾਂ ਤੇ
ਸੱਥੀਂ ਬੈਠੇ ਬਾਬਿਆਂ ਨੂੰ ਪੜ੍ਹ ਅਖਬਾਰ ਸੁਣਾਉਦੇ ਰਹੇ
ਢਲੀ ਜਵਾਨੀ ਦਿਨ ਜੋਬਨ ਦੇ ਚੇਤੇ ਆਉਂਦੇ ਰਹੇ....

ਕੈਦੇ ਜੋੜਨ ਖਾਤਰ ਗੂੰਦ 'ਕੱਠੀ ਕਰਦੇ ਰਹੇ ਕਿੱਕਰਾਂ ਦੀ
ਅੱਧੀ ਛੁੱਟੀ 'ਮਰੂਦ ਤੋੜਨ ਜਾਂਦੀ ਸੀ ਢਾਣੀ ਮਿੱਤਰਾਂ ਦੀ
ਦਿਨ ਸੰਗਰਾਂਦ ਦੇ ਰਸਦ ਲੈ ਗੁਰੂ ਘਰ ਨੂੰ ਜਾਂਦੇ ਸੀ
ਮਿੰਨਤ ਜੀ ਕਰਕੇ ਬਾਬੇ ਦੀ, ਦੇਗ ਦੋ ਆਰੀ ਖਾਂਦੇ ਸੀ
ਹਵਾ ਪੁਰੇ ਦੀ "ਘੁੱਦਿਆ" ਮੀਂਹ ਦੇ ਅੰਦਾਜ਼ੇ ਲਾਉਂਦੇ ਰਹੇ
ਢਲੀ ਜਵਾਨੀ ਦਿਨ ਜੋਬਨ ਦੇ ਚੇਤੇ ਆਉਂਦੇ ਰਹੇ.....ਘੁੱਦਾ

Sunday 30 September 2012

ਬਾਜ਼ਾਂ ਆਲਿਆਂ ਤੇਰੇ ਸਰਦਾਰ ਨਿਕਲੇ

ਗੱਲ ਤੋਰੀ ਸੀ ਬਾਬੇ ਨਾਨਕ ਨੇ ਜਾ ਉੱਪੜੀ ਫਿਰ ਤਲਵਾਰਾਂ ਤੇ
ਵਰਕੇ ਲਹੂ ਨਾ ਲਬੇੜਨ ਲਈ ਸਿਰ ਲੱਥਥੇ ਗਏ ਸਰਦਾਰਾਂ ਦੇ
ਸਮਿਆਂ ਨੇ ਵੀ ਹੱਦ ਕੀਤੀ ਸਬਰ ਪਰਖੇ ਤੱਤੀਆਂ ਤਵੀਆਂ ਨੇ
ਮੀਰੀ ਪੀਰੀ ਦੀ ਤਲਵਾਰ ਚੱਕੀ ਮੂੰਹ ਮੋੜੇ ਮਿੱਤਰਾ ਛਵੀਆਂ ਨੇ
ਲਾਟ ਬਣ ਖਬਰ ਲਾਹੌਰ ਪੁੱਜੀ ਕੱਖਾਂ ਵਿੱਚੋਂ ਅੰਗਿਆਰ ਨਿਕਲੇ
ਨੀਲੇ ਬਾਣੇ ਸਿਰ ਸਜੇ ਦੁਮਾਲੇ ਔਹ ਬਾਜ਼ਾਂ ਆਲਿਆਂ ਤੇਰੇ ਸਰਦਾਰ ਨਿਕਲੇ

ਆਦਤ ਹੈਨੀ ਕਰਜ਼ ਸਿਰ ਰੱਖਣੇ ਦੀ ਸੂਦ ਸਣੇ ਮੂਲ ਚੁਕਾਉਂਦੇ ਰਹੇ
ਕਿੱਸਾ ਪੜ੍ਹੀਂ ਸੁੱਖੇ ਮਹਿਤਾਬ ਆਲ਼ਾ ਕਿਮੇਂ ਰੰਘੜਾਂ ਦੇ ਸਿਰ

ਲਾਹੁੰਦੇ ਰਹੇ
ਉਦਾਹਰਨ ਐਮੇਂ ਨੀਂ ਬਣਦੀ ਯੋਧਿਆਂ ਦੀ ਬੜੇ ਮੁੱਲ ਸਿਰਾਂ ਦੇ ਪੈਂਦੇ ਰਹੇ
ਚਰਖੜੀਆਂ,ਆਰੇ ਸਾਡੇ ਖਿਡੌਣੇ ਬਣੇ ਮੋਮਨ ਕਾਫਰ ਸਾਨੂੰ ਕਹਿੰਦੇ ਰਹੇ
ਚਮਕੌਰ ਗੜ੍ਹੀ ਤੇ ਗੱਲ ਪੁੱਤ ਵੱਡਿਆਂ ਦੀ ਹੱਥੀਂ ਫੜ੍ਹ ਹਥਿਆਰ ਨਿਕਲੇ
ਨੀਲੇ ਬਾਣੇ ਸਿਰ ਸਜੇ ਦੁਮਾਲੇ ਔਹ ਬਾਜ਼ਾਂ ਆਲਿਆਂ ਤੇਰੇ ਸਰਦਾਰ ਨਿਕਲੇ

ਕੀ ਧਾਂਕ ਸੀ ਸਿੰਘ ਸੂਰਮੇ ਨਲੂਏ ਦੀ ਜਾ ਪੁੱਛੀਂ ਕਿਤੇ ਅਫਗਾਨੀਆਂ ਨੂੰ
ਮਰਦਾਂ ਬਰੌਬਰ ਆਪਣੀ ਪੁੱਜਤ ਹੈ "ਮਾਤਾ ਭਾਗੋ" ਦੱਸੇ ਜਨਾਨੀਆਂ ਨੂੰ
ਰੀਤ ਇੱਟ ਨਾਲ ਇੱਟ ਖੜਕਾਉਣੇ ਦੀ ਗੱਲ ਤਕੜੀ ਬੰਦੇ ਬਹਾਦਰ ਦੀ
ਜ਼ਿਕਰ ਛਿੜਦਾ ਕੁਰਬਾਨੀਆਂ ਦਾ ਮਿਸਾਲ ਹੈਨੀ "ਹਿੰਦ ਦੀ ਚਾਦਰ" ਦੀ
ਨੌਂ ਖੇਡਾਂ ਵਿੱਚ ਚੰਗਾ ਕਮਾ ਰਹੇ ਨੇ ਫੌਜਾ ਸਿੰਘ ਹੋਣੀਂ ਤੇਜ਼ ਤਰਾਰ ਨਿਕਲੇ
ਨੀਲੇ ਬਾਣੇ ਸਿਰ ਸਜੇ ਦੁਮਾਲੇ ਔਹ ਬਾਜ਼ਾਂ ਆਲਿਆਂ ਤੇਰੇ ਸਰਦਾਰ ਨਿਕਲੇ

ਲੰਮੇ ਪੈ ਰੇਲਾਂ ਜੇਹਨਾਂ ਰੋਕੀਆਂ ਸੀ ਜੇਹੜੇ ਜੰਡਾਂ ਨਾ ਪੁੱਠੇ ਸੜਦੇ ਰਹੇ
ਲਟ ਲਟ ਰੂੰ ਵਿੱਚ ਜਿਸਮ ਮੱਚੇ ਤੱਤੇ ਪਾਣੀਆਂ ਅੰਦਰ ਕੜ੍ਹਦੇ ਰਹੇ
ਪਿਛਲੀ ਉਮਰੇ ਜਰਨੈਲ ਬਣਕੇ ਪੱਤ ਹਰਮੰਦਰ ਦੀ ਬਚਾਉਂਦੇ ਰਹੇ
ਸੋਮਨਾਥ ਬੰਨੀਓਂ ਲੁੱਟਕੇ ਆਈਆਂ ਨੂੰ ਸਗੋਂ ਭੈਣ ਆਖ ਬੁਲਾਉਂਦੇ ਰਹੇ
ਪਾਈ ਵੰਗਾਰ ਸੀ ਜਦੋਂ ਬਸਾਖੀ ਨੂੰ ਸੀਸ ਪੰਜ ਤੇ ਸਿਰ ਹਜ਼ਾਰ ਨਿਕਲੇ
ਨੀਲੇ ਬਾਣੇ ਸਿਰ ਸਜੇ ਦੁਮਾਲੇ ਔਹ ਬਾਜ਼ਾਂ ਆਲਿਆਂ ਤੇਰੇ ਸਰਦਾਰ ਨਿਕਲੇ

ਜਮਾਂ ਦਿਲ ਤੇ ਜਦੋਂ ਆ ਵਾਰ ਕੀਤਾ ਕਤਲ ਹੋਏ ਚੜ੍ਹੀ ਜਵਾਨੀ ਦੇ
ਕਮਾਦਾਂ ,ਪੁਲਾਂ ਤੇ ਬਣੇ ਮੁਕਾਬਲੇ ਹਸਾਬ ਲੱਗਦੇ ਨਹੀਂ ਹੋਈ ਹਾਨੀ ਦੇ
ਕੀ ਵੈਦਿਆ ਤੇ ਕੀ ਇੰਦਰਾ ਸੀ ਬਸ ਗੱਲ ਗਲਾਂ ਵਿੱਚ ਸੜਦੇ ਟੈਰਾਂ ਦੀ
ਮਾਰਿਆ ਉਹਨ੍ਹਾਂ ਜੇਹਨਾਂ ਲਈ ਮਰਦੇ ਰਹੇ ਕਰਤੂਤ ਨਹੀਂ ਸੀ ਗੈਰਾਂ ਦੀ
ਨੌਂ ਨਾਲ ਖਾੜਕੂ ਲਾ "ਘੁੱਦਿਆ" ਚੋਬਰ ਬੁਲਟਾਂ ਤੇ ਹੋ ਸਵਾਰ ਨਿਕਲੇ
ਨੀਲੇ ਬਾਣੇ ਸਿਰ ਸਜੇ ਦੁਮਾਲੇ ਔਹ ਬਾਜ਼ਾਂ ਆਲਿਆਂ ਤੇਰੇ ਸਰਦਾਰ ਨਿਕਲੇ.....ਘੁੱਦਾ

Sunday 23 September 2012

ਛੂਹਣ ਛਲੀਕੀ ,ਦਾਵੀ ਦੁੱਕੜੇ


ਖੇਡਣੀ ਉਚ ਨੀਚ ਦੀ ਪਾਪੜੀ ਜਾਂ ਲੁਕਣ ਮਚੀਚੀਆਂ
ਪੁਗ ਕੇ ਦਾਵੀ ਸਿਰ ਪੈਂਦੀ ਕੰਧ ਬੰਨੀਂ ਹੋਕੇ ਅੱਖਾਂ ਮੀਚੀਆਂ
ਇੱਕ ਤੋਂ ਲੈਕੇ ਸੌ ਤੀਕਰ ਗਿਣਕੇ ਫਿਰ ਕੂਕ ਛੱਡਣੀ
ਢੂਈ 'ਚ ਲਾਉਣਾ ਥੱਪਾ ਨਾਲ ਜਚਾਕੇ ਗਾਲ੍ਹ ਕੱਢਣੀ
ਰਹੀਆਂ ਪੀਚੋ ਬੱਕਰੀ ਖੇਡਦੀਆਂ ਰਲਕੇ ਨਿਆਣੀਆਂ
ਛੂਹਣ ਛਲੀਕੀ ,ਦਾਵੀ ਦੁੱਕੜੇ ਗੱਲਾਂ ਹੋਗੀਆਂ ਪੁਰਾਣੀਆਂ

ਵਿਚਾਲੇ ਰੱਖਕੇ ਜੋੜੇ ਇੱਕ ਗੋਲ ਘਤੇਰਾ ਜਾ ਵਾਹਕੇ ਬਈ
ਚੱਪਲ ਚੱਕਣੀ ਚੁਸਤੀ ਨਾਲ ਪੂਰੀ ਜੁਗਤ ਬਣਾਕੇ ਬਈ
ਖੇਡ ਕਸੂਤੀ ਬਾਂਦਰ ਕਿੱਲਾ ਜੋੜਿਆਂ ਨਾ ਢੂਈਆਂ ਸੇਕਣੀਆਂ
ਐਤਬਾਰ ਨੂੰ ਰਲਕੇ ਲੜਾਈ ਆਲੀਆਂ ਫਿਲਮਾਂ ਵੇਖਣੀਆਂ
ਤਾਰਿਆਂ ਛਾਵੇਂ ਸੁਣਦੇ ਬਾਤਾਂ ਪਾਤਰ ਹੁੰਦੇ ਸੀ ਰਾਜੇ ਰਾਣੀਆਂ
ਛੂਹਣ ਛਲੀਕੀ ,ਦਾਵੀ ਦੁੱਕੜੇ ਗੱਲਾਂ ਹੋਗੀਆਂ ਪੁਰਾਣੀਆਂ

ਨਿੰਮ ਦੇ ਉੱਤੇ ਚੜ੍ਹਕੇ ਰਹੇ ਖੇਡਦੇ ਖੇਡ ਗਲਕਾਲ੍ਹੜ ਟੁੱਕ ਦੀ
ਛੱਡਕੇ ਲਮਕਾ ਪੜਦੇ ਨਾ ਡੰਡਾ ਟੁੱਕਣਾ ਨਾ ਸੀ ਮਿੱਤ ਮੁੱਕਦੀ
ਪਿੱਲ ਚੋਟ ,ਕਲੀ ਚੋਟਾ ਚਾਹੀਦੀਆਂ ਸੀ ਗੋਲੀਆਂ ਕੱਚ ਦੀਆਂ
ਸੀਪ, ਭਾਬੀ ਤਾਸ਼ ਅਰਗੀਆਂ ਸੀਗੀਆਂ ਖੇਡਾਂ ਸੱਥ ਦੀਆਂ
ਰੋਟੀ ਵੇਲੇ ਘਰੇ ਮੁੜਦੇ ਆਥਣੇ ਅੱਖ ਬਚਾਕੇ ਨਾਲ ਹਾਣੀਆਂ
ਛੂਹਣ ਛਲੀਕੀ ,ਦਾਵੀ ਦੁੱਕੜੇ ਗੱਲਾਂ ਹੋਗੀਆਂ ਪੁਰਾਣੀਆਂ

"ਘਰ ਕੇਹੜਾ ਬਾਬੇ ਨਾਨਕ ਦਾ" ਪੁੱਛਣਾ ਉੱਚੀ ਥਾਂ ਤੇ ਖੜ੍ਹਕੇ
ਜੂੜੇ ਇੱਕ ਦੂਜੇ ਦੇ ਹੱਥ ਵਿੱਚ ਹੁੰਦੇ ਨਿੱਕੀ ਗੱਲ ਤੋਂ ਲੜਕੇ
ਚੋਰ ਛਪਾਹੀ ਖੇਡਦਿਆਂ ਫੀਲਿੰਗ ਲੈਦੇਂ ਪੂਰੀ ਜਿਉਣੇ ਮੌੜ ਦੀ
ਡਿੱਗਕੇ ਮਾਰਦੇ ਚੀਕਾਂ ਤਾਂ ਐਨ ਮੌਕੇ ਤੇ ਆ ਬੇਬੇ ਬਹੁੜਦੀ
ਚੁੰਨੀ ਨਾ ਭਾਫ ਜੀ ਦੇਕੇ ਫੇਰ ਫੂਕਾਂ ਮਾਰਦੀਆਂ ਸੁਆਣੀਆਂ
ਛੂਹਣ ਛਲੀਕੀ ,ਦਾਵੀ ਦੁੱਕੜੇ ਗੱਲਾਂ ਹੋਗੀਆਂ ਪੁਰਾਣੀਆਂ

ਦਿਨ ਦਿਵਾਲੀ ਦੇ ਕਾਗਜ਼ ਤੇ ਧਰਕੇ ਸੂਬੀ ਬੰਬ ਚਲਾਉਂਦੇ ਰਹੇ
ਟੀਸੀ ਲਾਕੇ ਪਤੰਗ ਡੋਰ ਨਾਲ ਇੱਕ ਚਿੱਠੀ ਪਾਉਂਦੇ ਰਹੇ
ਦਿਨ ਲੋਹੜੀ ਦੇ ਰਲਕੇ ਰਹੇ ਚਿਣਦੇ ਗੀਹਰੇ ਪਾਥੀਆਂ ਦੇ
ਦੁੱਲੇ ਭੱਟੀ ਦੀ ਮਸ਼ਹੂਰ ਕਹਾਣੀ, ਰਲ ਗਾਉਂਦੇ ਸਾਥੀਆਂ ਦੇ
ਚੇਤਿਆਂ ਵਿੱਚ ਰਹਿਗੀਆਂ "ਘੁੱਦਿਆ" ਓਹੋ ਮੌਜਾਂ ਮਾਣੀਆਂ
ਛੂਹਣ ਛਲੀਕੀ ,ਦਾਵੀ ਦੁੱਕੜੇ ਗੱਲਾਂ ਹੋਗੀਆਂ ਪੁਰਾਣੀਆਂ.....ਘੁੱਦਾ

ਮੂੰਹ ਨੇਹਰੇ ਜੇ


ਮੂੰਹ ਨੇਹਰੇ ਜੇ ਬੀਂਡਿਆਂ ਦੀ ਸੁਣਦੀ
ਡੂੰਘੀ ਜੀ ਚਿਰਰ ਚਿਰਰਰ
ਗੁਰੂ ਘਰ ਦੇ ਸਪੀਕਰ 'ਚੋਂ ਆਉਂਦੀ,
ਡੱਬੀਦਾਰ ਮੂਕੇ ਵਿੱਚਦੀ ਪੁਣਕੇ
ਕੰਨਾਂ ਤਾਂਈ ਜਾਂਦੀ ਰਹਿਰਾਸ ਦੀ ਬਾਣੀ
ਜਿੱਥੋਂ ਖੰਘੂਰਾ ਮਾਰ ਪਾਠੀ ਸਿੰਘ ਸ਼ੁਰੂ ਕਰਦਾ
"ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਿ ਨਾ ਹੋਈ"
ਜਿੱਥੇ ਡੇਰੇ ਦੇ ਸੰਘਣੇ ਬੋਹੜ ਆਥਣੇ ਜੇ ਡਰਾਉਣੀ ਚੁੱਪ ਬਣਦੇ ਨੇ
ਜਿੱਥੇ ਸੱਤ ਬਜੇ ਰਮਨ ਕੁਮਾਰ ਭਾਰੀ ਜੀ
'ਵਾਜ਼ 'ਚ ਖਬਰਾਂ ਸੁਣਾਉਂਦਾ
ਜਿੱਥੇ ਹਾਰੇ 'ਚ ਧੁਖਦੀਆਂ ਪਾਥੀਆਂ ਦਾ ਧੂੰਆਂ
ਹਵਾ ਨੂੰ ਜੱਫੀਆਂ ਪਾ 'ਤਾਹਾਂ ਚੜ੍ਹ ਜਾਂਦਾ
ਧੂੰਆਂ ਵੇਖ ਸਿਆਣੀ ਬੁੜੀ ਆਖਦੀ ਆ
"ਜੀਹਦੇ ਬੰਨੀਂ ਧੂੰਆਂ ਆਉਂਦਾ, ਉਹ ਸੱਸ ਨੂੰ ਪਿਆਰਾ ਹੁੰਦਾ"
ਜਿੱਥੇ ਸੀਰੀ ਦੇ ਸੈਕਲ ਦੇ ਹੈਂਡਲ ਨਾ ਰੋਟੀ ਬੰਨ੍ਹੀਂ ਹੁੰਦੀ ਆ
ਤੇ ਡਮਾਕ 'ਚ ਰਾਤ ਨੂੰ ਪਾਣੀ ਦੀ ਵਾਰੀ ਦਾ ਫਿਕਰ ਹੁੰਦਾ
ਜਿੱਥੇ ਮੋਨੋ ਪੀਕੇ ਮੁੱਕੇ ਪੁੱਤ ਨੂੰ ਚੇਤੇ ਕਰਕੇ
ਤਾਰਿਆਂ ਛਾਵੇਂ ਪਈ ਮਾਂ ਦੇ ਅੱਖਾਂ ਦੇ ਕੋਏਂ ਗਿੱਲੇ ਹੁੰਦੇ ਨੇ
ਜਿੱਥੇ ਨਿੱਕੇ ਜਵਾਕਾਂ ਨੂੰ "ਮਾਣੋ ਬਿੱਲੀ" ਦਾ ਡਰ ਦਿੱਤਾ ਜਾਂਦਾ
ਜਿੱਥੇ ਫੌਜੀ ਪੁੱਤ ਖਾਤਰ ਚਿੱਠੀ ਲਿਖਾਉਂਦੀ ਮਾਤਾ
ਸਾਰੇ ਟੱਬਰ ਦੇ ਹਜ਼ਾਰਾਂ ਦੁੱਖ ਸੁੱਖ ਗਿਣਾਕੇ
ਅੰਤ ਵਿੱਚ ਹੌਂਸਲੇ ਨਾਲ ਲਿਖਾਉਂਦੀ ਆ,
"ਬਾਕੀ ਸਭ ਸੁੱਖ ਸਾਂਦ ਆ ਪੁੱਤ"
ਓਥੇ ਕੱਲੇ ਕੁੜੀਆਂ ਉਧਾਲਣ ਆਲ਼ੇ ਮਿਰਜ਼ੇ ਈ ਪੈਦਾ ਨੀਂ ਹੁੰਦੇ
"ਦੰਬੂਖਾਂ" ਬੀਜਣ ਆਲੇ ਵੀ ਏਥੋਂ ਈ ਨਿਕਲਦੇ ਨੇ
ਜੇਹਨਾਂ ਦੀ ਫੋਟੋ ਨਾਲ ਲਿਖਿਆ ਹੁੰਦਾ
"ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨੁ ਕੇ ਹੇਤ,
ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ"...ਘੁੱਦਾ

Saturday 8 September 2012

ਫਿਕਰ ਕਰੀਂ ਨਾ ਯਾਰਾਂ ਦੀ


ਅੱਖ ਮੀਚ ਨਿਸ਼ਾਨਾ ਲਾਉਣਾ ਫੋੜਨੀ ਕੱਚ ਦੀ ਗੋਲੀ ਨੀਂ
ਨਮਾਂ ਚਿੱਟੇ ਰੰਗ ਦਾ ਕੁੜਤਾ ਜੁੱਤੀ ਪੱਕੀ ਸੋਲ੍ਹੀ ਨੀ
ਵੱਟਣਾ ਸਨ ਦਾ ਪਿੰਨਾ ਤੇ ਬਹਿ ਸੱਥ 'ਚ ਠਰਕਾਂ ਭੋਰਨੀਆਂ
ਹੱਦ ਨਾ ਪਿੰਡ ਦੀ ਟੱਪੇ ਪਰ ਗੱਲਾਂ ਕਨੇਡਿਓਂ ਤੋਰਨੀਆਂ
ਓਬਾਮੇ ਨੂੰ ਲਾਉਣਾ ਸੀਰੀ ਤੇ ਗੱਲ ਚੱਕਣੀ ਸਰਕਾਰਾਂ ਦੀ
ਬਸ ਹੱਸਦੀ ਖੇਡਦੀ ਰਿਹਾ ਕਰ ਫਿਕਰ ਕਰੀਂ ਨਾ ਯਾਰਾਂ ਦੀ

ਗਾਟੀ ਪਾਕੇ ਜ਼ਹਾਜ਼ ਸਿੱਟਣ ਦੀਆਂ ਨਜ਼ੈਜ਼ ਸੋਚਾਂ ਸੋਚਣੀਆਂ
ਫੇਲ੍ਹ ਸਨਸਕਰੀਨ ਕਰੀਮਾਂ ਜਦੋਂ ਝੋਨੇ ਦੀਆਂ ਵੱਟਾਂ ਪੋਚਣੀਆਂ
ਗੋਡਿਆਂ ਵਿੱਚ ਫਸਾਕੇ ਚੱਕਾ , ਹੈਂਡਲਾਂ ਨੂੰ ਸਿੱਧੇ ਕਰਦੇ ਰਹਿਣਾ ਨੀਂ
ਪਹਿਲੋਂ ਕੈਂਚੀ ਸੈਕਲ ਦੀ ਸਿੱਖਣੀ ਫੇਰ ਕਾਠੀ ਤੇ ਬਹਿਣਾ ਨੀਂ
ਖੋਲ੍ਹਿਆ ਦੁਪੈਹਰ ਦੀ ਰੋਟੀ ਦਾ ਪੋਣਾ ਵਾਸ਼ਨਾ ਖਿੱਲਰੇ 'ਚਾਰਾਂ ਦੀ
ਬਸ ਹੱਸਦੀ ਖੇਡਦੀ ਰਿਹਾ ਕਰ ਫਿਕਰ ਕਰੀਂ ਨਾ ਯਾਰਾਂ ਦੀ

ਕਿੱਲਤ ਮੀਂਹ ਦੀ ਜੰਤਾ ਕੱਠੀ ਕਰਕੇ ਗੁੱਡੀ ਫੂਕਣ ਜਾਣਾ ਨੀਂ
ਪਿੱਪਲ ਦੇ ਪੱਤੇ ਨਾ ਬਣਾਇਆ ਪੂੜਾ ਭਿਓਂ ਕੇ ਖੀਰ 'ਚ ਖਾਣਾ ਨੀਂ
ਦਾਤ ਨਾ ਚੀਰਨੀਆਂ ਸਰ੍ਹੋਂ ਦੀਆਂ ਗੰਦਲਾਂ ਤੇ ਅੱਗ ਡਾਹੁਣੀ ਲੱਕੜਾਂ ਦੀ
ਚਾਹ ਪੱਤੀ ਠੋਕ ਕੇ ਮਿੱਠਾ ਰੋਕ ਕੇ ਗੱਲ ਪੁਰਾਣੀ ਯੱਕੜਾਂ ਦੀ
ਚਾਚੇ ਫੌਜੀ ਤੋਂ ਸੁਨਣੀ ਕਹਾਣੀ ਫੌਜ 'ਚ ਮਾਰੀਆਂ ਮਾਰਾਂ ਦੀ
ਬਸ ਹੱਸਦੀ ਖੇਡਦੀ ਰਿਹਾ ਕਰ ਫਿਕਰ ਕਰੀਂ ਨਾ ਯਾਰਾਂ ਦੀ

ਪੱਗ ਕਦੇ ਕਦਾਈਂ ਬੰਨ੍ਹੀਦੀ ਜਦੋਂ ਛਿਮਾਹੀ ਸ਼ਹਿਰ ਨੂੰ ਜਾਈਦਾ
ਕਬੀਲਦਾਰੀ ਦਾ ਸੌਦਾ ਪੱਤਾ ਮਖਾ ਟਰੈਲੀ ਭਰ ਕੇ ਲਿਆਈਦਾ
"ਰਾਮ ਰਾਮ" ਜੀ ਕਹਿ ਹਰਾਨੀ ਨਾ ਲਾਲੇ ਦੇ ਏ.ਸੀ ਬੰਨੀਂ ਝਾਕੀਦਾ
ਬਿਨ੍ਹਾਂ ਕਾਪੀਓਂ ਮੰਗਮਾਂ ਮੋਟਰਸੈਕਲ ਡਰ ਬਰਦੀ ਖਾਕੀ ਦਾ
ਪਿੱਛੇ ਸੀਟ ਤੇ ਬੈਠਾ ਹੁੰਦਾ ਤਾਇਆ ਕਿੱਥੋਂ ਝਾਤੀ ਲੈਣੀ ਨਾਰਾਂ ਦੀ
ਬਸ ਹੱਸਦੀ ਖੇਡਦੀ ਰਿਹਾ ਕਰ ਫਿਕਰ ਕਰੀਂ ਨਾ ਯਾਰਾਂ ਦੀ

ਲੰਘਦੇ ਟੱਪਦੇ ਉਹ ਥੌਂ ਵੇਖੀਦਾ ਜਿੱਥੇ 'ਕੱਠੇ ਪੜ੍ਹਦੇ ਹੁੰਦੇ ਸੀ
ਜਵਾਕਾਂ ਆਲ਼ੀ ਮੱਤ ਸੀ ਓਦੋਂ ਟੌਫੀ ਪਿੱਛੇ ਵੀ ਲੜਦੇ ਹੁੰਦੇ ਸੀ
ਕਰਲਾ ਓੱਚੀਆਂ ਪੜ੍ਹਾਈਆਂ ਤੇਰੀ ਜਿੱਡੀ ਆਪਣੀ ਔਕਾਤ ਨਹੀਂ
ਤੈਨੂੰ ਚੇਤੇ ਕਦੇ ਆਪਾਂ ਕਰਿਆ ਨਾ ਟੱਪੀ ਏਮੇਂ ਦੀ ਕੋਈ ਰਾਤ ਨਹੀਂ
ਸੁਖਨੇ ਅੰਗੂ ਭੁੱਲਜੀਂ ਰੁੱਤ ਹੁਣ "ਘੁੱਦੇ" ਨਾ ਮਾਣੇ ਤਿਉਹਾਰਾਂ ਦੀ
ਬਸ ਹੱਸਦੀ ਖੇਡਦੀ ਰਿਹਾ ਕਰ ਫਿਕਰ ਕਰੀਂ ਨਾ ਯਾਰਾਂ ਦੀ.....ਘੁੱਦਾ

ਜਵਾਨੀ ਦੇ ਦਿਨ ਚਾਰਾਂ ਨੂੰ


ਸਟੇਨਗੰਨ ਦੀ ਫੀਲਿੰਗ ਲੈਣੀ ਹੱਥੀਂ ਫੜ੍ਹਕੇ ਡਰਾਫਟਰ ਨੂੰ
"ਪੈਂਰੀ ਪੈਣਾਂ" ਕਹਿ ਬੁਲਾਉਣਾ ਲੰਘਦੇ ਟੱਪਦੇ ਮਾਹਟਰ ਨੂੰ
ਜਮਾਂ ਪਿਛਲੇ ਬੈਂਚ ਤੇ ਬਹਿ ਹੇਕਾਂ ਲਾ ਵਿਰਸੇ ਗਾਉਂਦੇ ਰਹੇ
ਬਸ ਪਿੱਛੇ ਜਾਲ ਨਾਲ ਲਮਕ ਕੇ ਜਦੋ ਕਾਲਜ ਆਉਂਦੇ ਰਹੇ
ਇੱਕੋ ਜਿੱਕੀਆਂ ਸੀ ਸਾਡੀਆਂ ਪੱਗਾਂ, ਜੰਤਾ ਪਛਾਣੇ ਸਰਦਾਰਾਂ ਨੂੰ
ਅੱਖਰਾਂ 'ਚ ਨਾ ਕਦੇ ਬਿਆਨ ਹੁੰਦਾ ਜਵਾਨੀ ਦੇ ਦਿਨ ਚਾਰਾਂ ਨੂੰ

ਪੰਜ ਕੱਕਿਆਂ ਦਾ ਪੂਰਾ ਸੀ ਤਰਸੇਮ ਜਮਾਤੀ ਪੰਜਗਰਾਂਈਆਂ ਤੋਂ
ਸਿੱਖ ਸਰਦਾਰ ਸੀ ਚੋਬਰ ਪਰ ਛੋਟਾ ਸੀ ਦੂਜੇ ਭਾਈਆਂ ਤੋਂ
ਸੈਦੇਕਿਆਂ ਤੋਂ ਕਬੀਲਦਾਰ ਜਾ "ਬਲਤੇਜ ਚਮਕੀਲਾ" ਆਉਦਾਂ ਸੀ
ਉਂ ਮੋਨਾ ਸੀ ਸਿਰ ਤੋਂ ਪਰ ਫਿਰ ਵੀ ਬਾਈ ਪੱਗ ਸਜਾਉਂਦਾ ਸੀ
ਖੇਮਕਰਨ ਤਾਂਈ ਸੀ ਜੀਹਦੇ ਯਾਰਾਨੇ ,ਪੁਗਾਉਂਦਾ ਰਿਹਾ ਕਰਾਰਾਂ ਨੂੰ
ਅੱਖਰਾਂ 'ਚ ਨਾ ਕਦੇ ਬਿਆਨ ਹੁੰਦਾ ਜਵਾਨੀ ਦੇ ਦਿਨ ਚਾਰਾਂ ਨੂੰ

ਹਾਜ਼ਰ ਜਵਾਬੀ ,ਤਕੜਾ ਜੁੱਸਾ, ਗੱਲ ਬੱਬਲ ਸਿਹੁੰ ਭਲਵਾਨ ਦੀ
ਪੱਗ ਪੋਚਮੀਂ, ਹੱਸਦਾ ਚਿਹਰਾ ਓਦੋਂ ਮੁੱਛ ਫੁੱਟਦੀ ਸੀ ਜਵਾਨ ਦੀ
ਜਿੰਮ ਜੁੰਮ ਦਾ ਸੀ ਸ਼ੌਕੀ "ਜੱਸਾ ਢਿੱਲੋਂ" ਇੱਕ ਬਰਨਾਲੇ ਬੰਨੀਂ ਦਾ
ਪੰਜਾ ਲਾਉਣ 'ਚ ਸੀਗਾ ਤਕੜਾ ਸਾਰੇ ਕਾਲਜ 'ਚ ਸੀ ਮੰਨੀ ਦਾ
ਸਾਦਿਕ ਬੰਨੀਂ ਗਾਟੀਆਂ ਪਾ ਗਿਆ ਸੀ ਲਾਂਭੇ ਕਰਕੇ ਯਾਰਾਂ ਨੂੰ
ਅੱਖਰਾਂ 'ਚ ਨਾ ਕਦੇ ਬਿਆਨ ਹੁੰਦਾ ਜਵਾਨੀ ਦੇ ਦਿਨ ਚਾਰਾਂ ਨੂੰ

ਗੱਲ ਕਰਨੀ ਰਹਿਗੀ ਸੀ ਗੁਰੂਹਰਸਹਾਏ ਆਲੇ "ਝੰਡੇ" ਘੋਰੀ ਦੀ
ਗੱਲ ਜਮਾਂ ਸਿਰੇ ਲਾਉਂਦਾ ਸੀ ਝੰਡਾ ਨਾ ਫੇਰ ਸੀ ਅੱਗੇ ਤੋਰੀ ਦੀ
ਖੰਘੂਰਾ ਮਾਰ "ਕਰਨ" ਕਲਾਸ 'ਚ ਵੜਦਾ ਤਾਂ ਵਜਦੀਆਂ ਕੂਕਾਂ ਸੀ
ਚੜ੍ਹਦੀ ਉਮਰੇ ਢਿੱਲਾ ਜਾ ਰਹਿੰਦਾ ਪੱਟੂ ਦੀਆਂ ਸੱਚਿਓਂ ਛੇ ਮਸ਼ੂਕਾਂ ਸੀ
ਜਮਾਂ ਭੋਲਾ ਸੀ, ਸ਼ਰੀਫ ਅੱਤ ਦਾ ਤਾਂਹੀ ਚੰਗਾ ਲੱਗਦਾ ਸੀ ਨਾਰਾਂ ਨੂੰ
ਅੱਖਰਾਂ 'ਚ ਨਾ ਕਦੇ ਬਿਆਨ ਹੁੰਦਾ ਜਵਾਨੀ ਦੇ ਦਿਨ ਚਾਰਾਂ ਨੂੰ

ਜਿਲ੍ਹਾ ਮੋਗਾ ਸੀ ਨੌਂ "ਗੱਗੂ ਢਿੱਲੋਂ" ਪਿੰਡ ਜੀਹਦਾ ਬੁਰਜ ਹਮੀਰ ਸੀ
ਘੋਨ ਮੋਨ ਜਾ ਸੀ ਸ਼ਕਲੋ ਖੰਡ ਦੀ ਬੋਰੀ ਅਰਗਾ ਗੁੰਦਮਾਂ ਸਰੀਰ ਸੀ
ਬਜ਼ੁਰਗ ਜੋੜੇ ਦੇ ਘਰ ਵਿੱਚ ਸੀ ਅਸੀਂ ਲਈ ਇੱਕ ਬੈਠਕ ਰਹਿਣੇ ਨੂੰ
ਟਿਫਨ "ਪ੍ਰੇਮ" ਦਾ, ਆਥਣੇ ਗੇੜਾ ਸ਼ੇੜਾ ਬਚਿਆ ਹੋਰ ਕੀ ਕਹਿਣੇ ਨੂੰ
ਸੱਤੇ ਅੱਠੇ ਜਣੇ ਰਲ ਫਿਲਮਾਂ ਦੇਂਹਦੇ ਅੰਦਰੋਂ ਭੇੜ ਕੇ ਬਾਰਾਂ ਨੂੰ
ਅੱਖਰਾਂ 'ਚ ਨਾ ਕਦੇ ਬਿਆਨ ਹੁੰਦਾ ਜਵਾਨੀ ਦੇ ਦਿਨ ਚਾਰਾਂ ਨੂੰ

ਕੁੱਲ੍ਹ,ਮਨਾਲੀ, ਸ਼ਿਮਲਾ, ਕੁਫਰੀ ਤੇ ਗੱਲ ਅਨੰਦਪੁਰ ਵਾਲੇ ਬਾਬੇ ਦੀ
ਪਹਾੜ ਘੁੰਮਕੇ ਆ ਖਾਂਦੇ ਫੇਰ ਦਾਲ ਜਗਰਾਓਂ "ਭਲਵਾਨ ਦੇ ਢਾਬੇ" ਦੀ
ਪੇਪਰ ਮੁੱਕਦੇ ਫਿਰ ਚਾਅ ਮਲ੍ਹਾਰ ਨਾਲ ਅੰਬਰਸਰ ਵੀ ਜਾਂਦੇ ਸੀ
ਤਰਨਤਾਰਨੋ ਹੋਕੇ ਆਥਣੇ ਜਾ ਲੰਗਰ ਹਰਮੰਦਰ ਸੈਹਬੋਂ ਖਾਂਦੇ ਸੀ
ਕੇਹੜਾ ਘੁਮਾਵੇ ਸੂਈਆਂ "ਘੁੱਦਿਆ" ਮੋੜ ਲਿਆਏ ਓਹ ਬਹਾਰਾਂ ਨੂੰ
ਅੱਖਰਾਂ 'ਚ ਨਾ ਕਦੇ ਬਿਆਨ ਹੁੰਦਾ ਜਵਾਨੀ ਦੇ ਦਿਨ ਚਾਰਾਂ ਨੂੰ
ਅੱਖਰਾਂ 'ਚ ਨਾ ਕਦੇ ਬਿਆਨ ਹੁੰਦਾ ਜਵਾਨੀ ਦੇ ਦਿਨ ਚਾਰਾਂ ਨੂੰ.....ਘੁੱਦਾ

ਫੌਜਣ


ਪਹੁ ਫੁੱਟੇ ਤੇ ਵਿਹੜੇ 'ਚੋਂ ਸਫੈਦਿਆਂ ਦੇ ਖਿੱਲਰੇ ਪੱਤੇ
ਸੁੰਭਰਿਆ ਕਰੇ , ਮੁੜ੍ਹਕਾ ਪੂੰਝਦੀ 'ਤਾਹਾਂ ਝਾਕਦੀ
ਤਾਂ ਚਾਅ ਚੜ੍ਹ ਜਾਂਦਾ ਜਨੌਰਾਂ ਦੀਆਂ 'ਡਾਰਾ ਵੇਖਕੇ
ਡਾਲੀ ਆਲੇ ਬਾਬੇ ਨੂੰ ਦੁੱਧ ਪਾ,
ਕਾਂ ਜੋਗੀ ਚੂਰੀ ਕੁੱਟਿਆ ਕਰੇ
ਕਦੇ ਕਦਾਈਂ ਡਾਕੀਏ ਦੇ ਸੈਕਲ ਦੀ ਟੱਲੀ ਖੜਕੇ
ਆਟਾ ਗੁੰਨ੍ਹਦੀ ਭੱਜਿਆ ਕਰੇ ਸਾਹੋ ਸਾਹ ਹੋਈ
ਪੁੱਠੇ ਹੱਥ ਨਾ ਜੁਲਫ ਸੂਤ ਕਰ, ਚਿੱਠੀ ਫੜ੍ਹਿਆ ਕਰੇ
ਬਲਦ ਗਲੋਂ ਜੋਤ ਲਾਹ , ਤੇਜੋ ਦੇ ਮੱਥੇ ਤੋਂ ਮੂਕੇ ਨਾ
ਆਟਾ ਪੂੰਝਦਾ ਛੁੱਟੀ ਆਇਆ ਫੌਜੀ
ਤੇ ਨਾਲੇ ਆਖਦਾ, "ਕਮਲੀਏ ਖਿਆਲ ਰੱਖਿਆ ਕਰ"
ਚਿੱਠੀ ਵੇਖ ਹਾਸੇ ਖੰਭ ਲਾ ਉੱਡਗੇ ਤੇਜੋ ਦੇ
"ਜੀ ਤੁਹਾਨੂੰ ਫੇਰ ਬੁਲਾ ਭੇਜਿਆ ਫੌਜ ਨੇ ਬਾਕੀ ਛੁੱਟੀ ਮੁਲਤਵੀ"
ਭਰੇ ਗੱਚ 'ਚੋਂ ਨਿਕਲੇ ਤੇਜੋ ਦੇ ਭਾਰੇ ਬੋਲ ਸੁਣ
ਉਹ ਮੁਸ਼ਕਰੀਏ ਹੱਸਿਆ ਤੇ ਕਹਿੰਦਾ
" ਭਾਗਵਾਨੇ ਨੌਕਰੀ ਕੀ ਤੇ ਨਖਰਾ ਕੀ"
ਕਾਲੇ ਵੱਡੇ ਟਰੰਕ ਨੂੰ ਚੱਕ ਫੇਰ ਚੜ੍ਹ ਗਿਆ ਫੌਜੀ
ਕੋਠੇ ਖੜ੍ਹੀ ਦੇਂਹਦੀ ਰਹੀ, ਜਿੱਥੋਂ ਤੀਕ ਦਿੱਸਿਆ
ਸ਼ਾਇਦ ਰਜਵਾਹੇ ਸੂਏ ਤੱਕ ਨਿਗ੍ਹਾਹ ਪਹੁੰਚਦੀ ਰਹੀ
ਅਣਮਨੇ ਮਨ ਨਾਂ ਕੋਠਿਓਂ ਉੱਤਰੀ
ਰੇਡੀਏ ਦੇ ਨਮੇਂ ਸੈੱਲ ਪਾ ਕਿੱਲੀ ਤੇ ਟੰਗ ਛੱਡਦੀ
ਆਥਣੇ ਹਰਮੰਦਰ ਸੈਹਬ ਦੀ ਗੁਰਬਾਣੀ ਪਿੱਛੋਂ
ਲੰਘਦੀ ਟੱਪਦੀ ਖਬਰਾਂ ਸੁਣ ਲੈਂਦੀ
ਭਖੀ ਜੰਗ, ਗੋਲੇ ਬਾਰੂਦ ਦੀਆਂ ਗੱਲਾਂ ਕਰਦਾ
ਤੇਜੋ ਨੂੰ ਅਨਾਂਊਸਰ ਵਿਓ ਅਰਗਾ ਲੱਗਦਾ
ਸੁਬਾ ਸ਼ਾਮ ਨਿਸ਼ਾਨ ਸਾਹਿਬ ਬੰਨੀਂ ਦੇਖ
ਸਿਰ ਕੱਜਕੇ ਨੇਮ ਨਾ ਮੱਥਾ, ਟੇਕ ਸੁਖ ਮੰਗਿਆ ਕਰੇ
ਫੇਰ ਡਾਕੀਏ ਦੇ ਸੈਕਲ ਦੀ ਟੱਲੀ ਖੜਕੀ
ਦਾਲ 'ਚੋਂ ਕੋਕੜੂ ਚੁਗਦੀ ਚੁਗਦੀ ਸੈਕਲ ਵੱਲ ਭੱਜੀ
ਤੇ ਕੰਬਦੀਆਂ ਉਂਗਲਾਂ ਨੇ ਚਿੱਠੀ ਫੜ੍ਹੀ
ਡਾਕੀਏ ਦੀ "ਨੀਵੀਂ ਝਾਕਣੀ " ਈ ਚਿੱਠੀ ਦੇ ਬੋਲ ਨਿਕਲੇ
ਹੱਥੋਂ ਥਾਲ ਛੁੱਟ ਦਾਲ ਭੁੰਜੇ ਖਿੱਲਰ ਗਈ
ਸਫੈਦਿਆਂ ਦੇ ਪੱਤੇ ਖਿਲਰਦੇ ਰਹੇ,
ਜਨੌਰ ਡਾਰਾਂ ਬੰਨ੍ਹ ਬੰਨ੍ਹ ਉੱਡਦੇ ਰਹੇ
ਨਿਸ਼ਾਨ ਸਾਹਿਬ ਝੂਲਦਾ ਰਿਹਾ
ਰੇਡੀਆ ਨਿੱਤ ਖਬਰਾਂ ਸੁਣਾਉਂਦਾ ਰਿਹਾ
ਕਿਤੇ ਡਾਕੀਏ ਦਾ ਸੈਕਲ ਨਾ ਆਇਆ
ਨੱਤ ਚਾਰ ਗੁਆਂਢਣਾਂ ਆ ਬੈਠਦੀਆਂ,
ਤੇਜੋ ਸਿਰ ਚਿੱਟੀ ਚੁੰਨੀ ਧਰ ਮੁੜ ਜਾਂਦੀਆਂ
ਪਰ ਕਿਸੇ ਐਂ ਨਾ ਆਖਿਆ
"ਕਮਲੀਏ ਖਿਆਲ ਰੱਖਿਆ ਕਰ"...ਘੁੱਦਾ

ਬਰਥਡੇ


ਤੇਰੇ ਬੰਨੀਂ ਬਰਥਡੇ ਮਨਾਉਣ ਦਾ ਰਵਾਜ
ਜਿੰਨੀਂ ਉਮਰ ਹੋਗੀ, ਉਨ੍ਹੀਆਂ ਮੋਮਬੱਤੀਆਂ ਬਾਲਣੀਆਂ
ਨਮੇਂ ਕੱਪੜੇ ਪਾਉਣੇ ਤੇ ਜੰਤਾ ਨੇ ਕਮੈਂਟ ਕਰਨੇ
"ਸੋ ਕਿਊਟ" "ਵਾਓਓ ਔਸਮ"
ਸਿਰ ਤੇ ਟੋਪੀਆਂ ਜੀਆਂ ਲੈਕੇ ਤਾੜੀਆਂ ਮਾਰ ਮਾਰ ਆਖਣਾ
"ਹੈਪੀ ਬਰੱਥਡੇ ਟੂ ਯੂ"
ਕੇਕਾਂ ਨਾ ਮੂੰਹ ਲਬੇੜਨੇ
ਬੁਲਬੁਲੇ ਫਲਾ ਫਲਾ ਛੱਡਣੇ
ਟੈਡੀ ਬੀਰਾਂ ਤੇ ਬਾਰਬੀ ਡੌਲ ਆਲੇ ਗਿਫਟ
ਮੈਨੂੰ ਕਹਿੰਦੀ, "ਕਦੇ ਤੇਰਾ ਬਰਥਡੇ ਨੀਂ ਮਨਾਇਆ"?
ਮਖਾ ਕੇਰਾਂ ਮਨਾਇਆ ਸੀ
ਕਹਿੰਦੀ ਫੇਰ ਤਾਂ ਖੂਬ ਇੰਜੁਆਏ ਕੀਤਾ ਹੋਣਾ
ਕੀ ਕੀਤਾ ਤੁਸੀਂ ਬਰਥਡੇ ਪਾਰਟੀ ਤੇ
ਮਖਾ ਅਖੰਡ ਪਾਠ ਕਰਾਇਆ ਸੀ ਕੇਰਾਂ
ਤਿੰਨੀ ਦਿਨੀਂ ਭੋਗ ਪਾਤਾ ,
ਜੰਤਾ ਨੂੰ ਜਲੇਬ ਖਵਾਤੇ
ਮਾਮੇ ਨੇ ਸਿਰ ਪਲੂਸ ਕੇ ਇੱਕ ਸੌ ਇੱਕ ਦਾ ਸ਼ਗਨ ਦੇਤਾ
ਤੇ ਨਾਲੇ ਨਾਨਕਿਆਂ ਨੇ ਨਾਭੀ ਪੱਗ ਦਿੱਤੀ ਸੀ
ਦਾਦੀ ਨੇ ਪੰਜ ਸੇਰ ਘਿਓ ਮਾਤਾ ਨੂੰ ਗਿਫਟ ਕਰਤਾ
ਸੁਨਿਆਰਿਆਂ ਨੂੰ ਤੜਾਗੀ ਪਵਾਈ ਦਾ ਸ਼ਗਨ ਦੇਤਾ ,
ਦਾਈ ਨੂੰ ਦੁੱਧ ਧਵਾਈ ਦਾ ਬੰਬਲਾਂ ਆਲਾ ਕੰਬਲ ਤੇ ਤੋਤੇਰੰਗਾ ਸੂਟ
ਰਾਜੇ ਸਿੱਖਾਂ ਨੂੰ ਨਿੰਮ ਬੰਨ੍ਹਾਈ ਦੀ ਪੰਜ ਕੱਪੜੀ ਨਾਲੇ ਮਣ ਦਾਣੇ
ਕਹਿੰਦੀ...."hmmm...plz change the topic"....ਘੁੱਦਾ

ਨਵੇਂ ਯੱਕੜ


ਬਠਿੰਡੇ ਹਨੂੰਮਾਨ ਚੌਂਕ ਤੋਂ ਕਿਲ੍ਹੇ ਬੰਨੀਂ ਨੱਕ ਦੀ ਸੇਧ ਨੂੰ ਕੱਪੜਾ ਮਾਰਕਿਟ ਦੇ ਪਿੱਛੋਂ ਦੀ ਟੇਢੀ ਜੀ ਗਲੀ ਨਿੱਕਲਦੀ ਆ ਇੱਕ ।
ਉੱਥੇ ਇੱਕ ਮੰਦਰ ਦੇ ਨਾਲ ਜੇ ਕਰਕੇ ਕਿਸੇ ਵੈਦ ਦਾ ਚਲਾਇਆ ਵਾ ਹਸਪਤਾਲ ਆ। ਦੇਸੀ ਤਰੀਕਿਆਂ ਨਾ ਹੱਡੀਆਂ ਠੀਕ ਕਰਨ ਦਾ ਕੰਮ।
ਕੱਲ੍ਹ ਰਾਂਤੀ ਤਰਲੋਕ ਜੱਜ ਹੋਣਾਂ ਦਾ ਮੈਸਜ ਆਇਆ ਸੀ ਬੀ ਉਹ ਏਥੇ ਆ ਰਹੇ ਇਲਾਜ ਕਰਾਉਣ ਤੇ ਨਾਲੇ ਮੋਬਾਇਲ਼ ਨੰਬਰ ਘੱਲਿਆ ਸੀ ਉਹਨ੍ਹਾਂ ਨੇ।
ਇੱਕ ਦੋ ਵਜੇ ਤਾਂਈ ਕੰਮ ਸੀ । ਓਦੋਂ ਬਾਅਦ ਫੋਨ ਕਰਕੇ ਮਿਲਣ ਪਹੁੰਚਗੇ ਜੱਜ ਸਾਬ੍ਹ ਹੋਣਾਂ ਨੂੰ। ਜਾਕੇ ਕਿਹਾ ਮੈਂ ਜੱਜ ਸਾਬ੍ਹ ਹੋਣਾਂ ਨੂੰ ਮਿਲਣਾ।
ਕਹਿੰਦੇ ਪਤਾ ਨੀਂ ਸਾਨੂੰ ਤਾਂ ਅੱਗੇ ਪਤਾ ਕਰਲੋ। 'ਗਾਹਾਂ ਵੜ ਗਿਆ ਮੈਂ ਢੀਠ ਜਾ ਹੋਕੇ। ਬਹੁਤ ਢੂਈਆਂ ਚੂਕਨਿਆਂ ਦੇ ਮਰੀਜ਼ ਪਏ ਸੀ ।
ਅੱਗੇ ਇੱਕ ਕਮਰੇ 'ਚ ਜੱਜ ਸਾਬ੍ਹ ਹੋਣੀ ਬੈਠੇ ਸੀ ਨਾਲ ਇੱਕ ਬੀਬੀ ਬੈਠੇ ਸੀ।
ਮੈਨੂੰ ਦੇਖ ਕੇ ਜੱਜ ਸਾਬ੍ਹ ਹੋਣੀ ਵੀ ਉੱਠ ਖੜ੍ਹੇ ਤੇ ਆਪਾਂ ਵੀ ਪਹਿਲੀ ਨਜ਼ਰੇ ਪਛਾਣ ਲਿਆ।
ਦੋਹੇਂ ਲੱਤਾਂ ਤੋਂ ਲੈ ਲੱਕ ਤਾਂਈ ਪਜਾਮੇ ਹੇਠ ਦੀ ਗਰਮ ਪੱਟੀ ਬੰਨ੍ਹੀ ਵਈ ਸੀ। ਦਾਹੜੀ ਦੇ ਸਫੇਦ ਵਾਲ ਤੇ ਬੋਲਣ ਦਾ ਤਰੀਕਾ ਦੱਸਦੇ ਸੀ ਬੀ ਤਜਰਬਾ ਕੀ ਹੁੰਦਾ।
ਬਹਿਕੇ ਦਸ ਕੁ ਮਿੰਟ ਗੱਲਾਂ ਬਾਤਾਂ ਕੀਤੀਆਂ, ਮੇਰੇ ਨਾਲ ਪੰਜ -ਛੇ ਜਣੇ ਸੀ ਪਰ ਉਹ ਬਾਹਰੇ ਈ ਖੜ੍ਹੇ ਰਹੇ।
ਮੇਰੇ ਨਾਲਦਿਆਂ 'ਚੋਂ ਪਿੰਦੂ ਨੂੰ ਛੱਡਕੇ ਕਿਸੇ ਨੂੰ ਪਤਾ ਨੀਂ ਸੀ ਜੱਜ ਸਾਬ੍ਹ ਕੌਣ ਨੇ। ਮੁੜਕੇ ਉੱਠਕੇ ਚੱਪਲਾਂ ਪਾਕੇ ਬਾਹਰ ਨੂੰ ਮੇਰੇ ਨਾ ਹੋ ਤੁਰੇ ਕਹਿੰਦੇ , "ਚੱਲ ਕਾਕਾ ਤੇਰੇ ਆੜੀਆਂ ਨੂੰ ਮਿਲੀਏ"
ਸਦਕੇ ਜਾਈਏ ਬੋਹੜ ਬਾਬਿਆਂ ਦੀ ਨਿਮਰਤਾ ਦੇ, ਏਹਨਾਂ ਦੀਆਂ ਲਿਖਤਾਂ ਚੋਰੀ ਕਰਕੇ ਗਾਉਣ ਆਲੇ ਸੂਫੀ ਗੈਕ ਬਣਗੇ
ਤੇ ਏਹਨਾਂ ਦੇ ਵਿੱਚੋਂ ਨਾਂ ਵੀ ਕੱਢਤੇ ਲਿਖਤਾਂ 'ਚੋਂ।
ਸਰਤਾਜ ਅਰਗਿਆਂ ਨੇ ਆਹ ਗਜ਼ਲ ਬਿਨ੍ਹਾਂ ਪੁੱਛੇ ਦੱਸੇ ਪੜਦੇ ਜੇ ਨਾਲ ਗਾਤੀ ਸੀ

ਅਸੀਂ ਅੱਗ ਦੇ ਵਸਤਰ ਪਾਉਂਣੇ ਨੇ ਨਜ਼ਦੀਕ ਨਾ ਹੋ,
ਅਸੀ ਧਰਤ ਆਕਾਸ਼ ਜਲਾਉਣੇ ਨੇ ਨਜ਼ਦੀਕ ਨਾ ਹੋ,
ਅਸੀਂ ਯਾਰਾਂ ਨੂੰ ਤਾਂ ਗਲੇ ਲਗਾ ਕੇ ਦੇਖ
ਲਿਆ,ਅਸੀਂ ਦੁਸ਼ਮਣ ਗਲੇ ਲਾਉਣੇ ਨੇ ਨਜ਼ਦੀਕ ਨਾ ਹੋ,
ਜਾਹ ਤੈਥੋਂ ਸਾਚਾ ਸਾਥ ਨਿਭਾਇਆ
ਨਹੀਂ ਜਾਣਾ,ਮੇਰੇ ਰਸਤੇ ਬੜੇ ਡਰਾਉਣੇ ਨੇ ਨਜ਼ਦੀਕ ਨਾ ਹੋ,
ਮੈਨੂੰ ਸ਼ੀਸ਼ੇ ਨੇ ਤੜਕਾਕੇ ਜ਼ਖਮੀ ਕੀਤੇ ਏ,
ਅੱਜ ਮੈਂ ਸ਼ੀਸ਼ੇ ਤਿੜਕਾਉਣੇ ਨੇ ਨਜ਼ਦੀਕ ਨਾ ਹੋ,

ਖੈਰ ਕੋਈ ਨਾ, ਚੜ੍ਹਦੀਆਂ ਕਲਾ 'ਚ ਰੱਖੀਂ ਦਾਤਿਆ ਪੰਜਾਬੀ ਬੋਲੀ ਦੇ ਏਹਨਾਂ ਬੋਹੜ ਬਾਬਿਆਂ ਨੂੰ...ਘੁੱਦਾ

------------------------------------------------------------------------------------------------------------

ਆਥਣੇ ਜੇ ਫੇਸਬੁੱਕ ਵੇਖਣ ਆਲੀ ਹੁੰਦੀ ਆ ਜਰ। ਬਹੁਤ ਭੜਾਕੇ ਪੈਂਦੇ ਆ ਧਰਮ ਨਾ ।
ਬਾਹਲੀ ਫੀਲਿੰਗ ਆਲਾ ਮਾਲ ਪੱਤਾ ਪੋਸਟ ਕਰਿਆ ਹੁੰਦਾ ਕਈਆਂ ਨੇ ਬੀ ਦਿਲ ਤਾਂ ਬਸ ਟੁੱਟ ਗਿਆ ਹੁਣ ਕਾਹਨੂੰ ਜੁੜਨਾ ਏਹੇ। ਡੂੰਘੇ ਡੂੰਘੇ ਲਫਜ਼ਾਂ ਨਾਲ ਲਿਖਕੇ ਸ਼ੇਅਰ ਜੇ ਭਰਾਵਾ ਟੈਗ ਵੀ ਕੀਤਾ ਹੁੰਦਾ। ਜਮੀਂ ਸਮਝ ਨੀਂ ਆਉਂਦੀ ਹਾਰਕੇ ਪਾਸੇ ਹੋਣਾ ਪੈਂਦਾ । ਪਹਿਲਾਂ ਆਸ਼ਕ ਭਾਈਚਾਰਾ ਖੂਹ 'ਚ ਛਾਲ ਮਾਰਦਾ ਸੀ, ਦਾਰੂ ਪੀਕੇ ਗਜ਼ਲਾਂ ਲਿਖਦਾ ਸੀ ਬੁਰੇ ਹਾਲ।
ਹੁਣ ਬਲੇਡ ਨਾ ਨਬਜ਼ ਜੀ ਕੱਟਦੇ ਦੀ ਫੋਟੋ ਬਾਹਲੀ ਪਰਧਾਨ ਕਰੀ ਆ ਨਾਲੇ ਦਿਲ ਜਾ ਕੱਢਕੇ ਇੱਕ ਪੱਟੂ ਬੈਠਾ ਹੁੰਦਾ। ਐਹੇ ਜੀ ਅਮੋਸ਼ਨਲ ਜੀ ਫੋਟੂ ਪਾਕੇ ਸਾਬਕਾ ਮਸ਼ੂਕ ਨੂੰ ਟੈਗ ਕਰਿਆ ਵਾ ਹੁੰਦਾ।
ਝੂਠ ਨੀਂ ਜਰ ਜੇਹਨਾਂ ਦੇ ਲੱਕ ਤੇ ਪੈਂਟ ਨੀਂ ਖੜ੍ਹਦੀ ਉਹਨਾਂ ਦੀ ਆਹੀ ਫੀਲਿੰਗ ਹੁੰਦੀ ਆ ਬੀ ਮਸ਼ੂਕ ਕੱਢਕੇ ਈ ਲਿਆਉਣੀ ਆ ਹਿੱਕ ਦੇ ਜ਼ੋਰ ਤੇ।
ਤਾਹਿਰ ਮਹਿਮੂਦ ਦਾ ਲੇਖ ਸੀ ਕਹਿੰਦਾ ਜਿਹੜੇ ਜੰਡ ਹੇਠਾਂ ਮਿਰਜ਼ਾ ਟੁੱਕਿਆ ਸੀ ਉੱਥੇ ਬਰ-ਬਰ ਉੱਡਦੀ ਆ। ਪਿੰਡ ਦੇ ਲੋਕੀਂ ਲਿਵੇ ਨੀਂ ਲੱਗਦੇ ਉਹਨਾਂ ਜੰਡਾ ਦੇ
ਕੋਈ ਨਿੱਕੀ ਸੈਡ ਮੂਡ ਆਲ਼ੀ ਸਮਾਇਲੀ ਜੀ ਬਣਾਕੇ ਪੋਸਟ ਕਰਦੇ , ਜੰਤਾ ਦੇ ਲੈਕ ਤੇ ਲੈਕ।
ਖੁਰਨੀਆਂ ਤੇ ਬੰਨ੍ਹੇ ਪਸ਼ੂਆਂ ਦੀ ਭਮਾਂ ਦੀ ੜਿੰਗ ੜਿੰਗ ਕੇ ਜੀਭ ਤਾਲੂਏ ਨਾ ਲੱਗਜੇ ਉਹਨ੍ਹਾਂ ਨੂੰ ਪਾਣੀ ਨੀਂ ਦਖਾਉਣਾ ਕੁੜੀ ਨੂੰ ਕਹੀ ਜਾਣਗੇ
"ਤੁਸੀਂ ਸੈਡ ਨਾ ਹੋਵੋ ਮੈਨੂੰ ਦੱਸੋ ਮੈਂ ਫਰਿੰਡ ਆ ਥੋਡਾ"
ਏਥੇ ਮੇਰੇ ਅਰਗਾ ਲਿਖਕੇ ਪਾਦੇ ਬੀ "ਜਰ ਅੱਜ ਤਾਂ ਹੱਥ ਟੋਕੇ 'ਚ ਆਗਿਆ , ਬੋਲੀ ਉਂਗਲ ਚੱਕਤੀ"।
ਇੱਕ ਦੋ ਜਣੇ ਮੂੰਹ ਮੱਥੇ ਲੱਗਣ ਆਲ਼ੇ ਲੈਕ ਕਰਨਗੇ ਤੇ ਨਿੱਕੇ ਗਰਨੈਬ ਅਰਗਾ ਜਿਹੜਾ ਕੰਮੂਟਰ ਯੁੱਗ 'ਚ ਵੀ ਫੁੱਲਾਂ ਆਲੀ ਨੀਕਰ ਪਾਉਂਦਾ
ਉਹ ਕਮੈਂਟ ਕਰੂ "ਆਹ ਵਧੀਆ ਹੋਇਆ ਪਰਧਾਨ ਤਵੇ ਜੇ ਲਾਉਂਦਾ ਸੀ ਮੇਰੇ ਤੇ" —
------------------------------------------------------------------------------------------------------------

ਭਰਾਵਾ ਕੇਰਾਂ ਜੇ ਬੀਰ ਦਵਿੰਦਰ ਨੇ ਗਾਣਾ ਗਾਤਾ ਬੀ
"ਗੱਡੀ 'ਚ ਦੋਨਾਲੀ ਰੱਖਾਂ ਬਾਰਾਂ ਬੋਰ ਦੀ ,ਡੱਬ 'ਚ ਬੰਦੂਕ ਦਾ ਮੈਂ ਬੱਚਾ ਰੱਖਦਾ"
ਨਿੱਕਾ ਗਰਨੈਬ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਬੀ ਜਿਹੜਾ ਬੰਦਾ ਬੰਦੂਕ ਦਾ ਸਾਰਾ ਟੱਬਰਟੋਰ ਈ ਨਾਲ ਚੱਕੀ ਫਿਰਦਾ ਉਹਦੀ ਪਤਾ ਨੀਂ ਕਿੰਨੀ ਦਹਿਸ਼ਤ ਹੋਣੀ ਆ।
ਤੇ ਕੁਜਰਤਿਓਂ ਭਰਾਵਾ ਬੀਰ ਦਵਿੰਦਰ ਟੱਕਰ ਗਿਆ ਏਹਨੂੰ ਬਠਿੰਡੇ ਫੌਜੀ ਚੌਂਕ 'ਚ । ਏਹ ਮੱਛੀਂ ਮਾਰਕਿਟ ਬੰਨੀਂਓਂ ਟੋਕੇ ਕਟਾ ਕੇ ਲਿਆਇਆ ਸੀ ਕੁਤਰੇ ਆਲੀ ਮਸ਼ੀਨ ਦੇ
ਏਹਨੇ ਚੌਵੀ ਇੰਚਾਂ ਸੈਕਲ ਜਾਕੇ ਮੂਹਰੇ ਲਾਤਾ। ਕਹਿੰਦਾ ਰੁਕ ਬਾਈ।
ਰੁਕ ਗਿਆ ਭਰਾਵਾ ਅਗਲਾ ਵੀ, ਨਿੱਕਾ ਜਾਕੇ ਕਹਿੰਦਾ ਬਾਈ ਤਲਾਸ਼ੀ ਦੇ, ਏਹਨੇ ਭਰਾਵਾ ਉਹਦੀ ਸ਼ਲਟ ਦਾ ਲੜ ਜਾ ਚੱਕ ਲਿਆ ਕਹਿੰਦਾ ਬਾਈ ਡੱਬ ਦਖਾ।
ਥੱਲੇ ਭੈਣਦੇਣੀ ਟੁੱਟੀ ਜੀ ਬੱਧਰੀ ਆਲੀ ਬੈਲਟ।
ਮੁੜਕੇ ਨਿੱਕਾ ਕਹਿੰਦਾ ਬਾਈ ਗੱਡੀ ਦੀ ਡਿੱਗੀ ਖੋਲ੍ਹ,
ਡਿੱਗੀ 'ਚ ਮੁਸ਼ਕਾਟ ਮਾਰੇ ਮਰੇ ਚੂਹਿਆਂ ਦਾ ਨਾਲੇ ਲਿੱਬੜਿਆ ਜਾ ਟੈਰ ਰੱਖਿਆ ਵਾ।
ਜਾਣ ਲੱਗਿਆਂ ਨਿੱਕੇ ਨੇ ਮੂੰਹ ਜਾ ਮਰੋੜ ਕੇ ਬੀਰ ਦਵਿੰਦਰ ਨੂੰ ਏਹ ਕਹਿ ਕੇ ਸੰਬੋਧਨ ਕੀਤਾ...
"ਹੀ ਭੈਣ ਦਾ ਬੀਰ ਗੱਪੀ"...ਘੁੱਦਾ
------------------------------------------------------------------------------------------------------------

ਪਿੱਛੇ ਜੇ ਵਾਹਵਾ ਖਬਰਾਂ ਆਉਦੀਆਂ ਰਹੀਆਂ ਬੀ ਫਲਾਣੇ ਥੌਂ ਫਲਾਣੀ ਮੂਰਤੀ ਦੇ ਮੂੰਹ 'ਚੋਂ ਦੁੱਧ ਨਿਕਲਣ ਲਾਗਿਆ। ਜੰਤਾ ਦੇ ਦਰਸ਼ਨ ਤੇ ਦਰਸ਼ਨ ਬੀ ਖੌਣੀ ਆਹ ਤਾਂ ਰੱਬ ਆਪ ਈ ਪਰਗਟ ਹੋਗਿਆ। ਖੈਰ ਆਪਾਂ ਕਿਸੇ ਨੂੰ ਕੀ ਟਿੱਚਰਾਂ ਕਰਨੀਆਂ ਆਵਦੀ ਪੀੜ੍ਹੀ ਹੇਠਾਂ ਈ ਸੋਟਾ ਫੇਰ ਲੀਏ। ਵੀਹ ਕੁ ਦਿਨਾਂ ਦੀ ਗੱਲ ਆ ਤੜਕੇ ਪੌਣੇ ਕ ਚਾਰ ਫੂਨ ਖੜਕ ਪਿਆ । ਚੱਕਿਆਂ ਤਾਂ ਪਿੰਡ 'ਚੋਂ ਸੀ ਮਾਣਕ ਸਿਹੁੰ ਦਾ , ਕਹਿੰਦਾ ਬਾਰ 'ਚ ਆਜਾ ਬਾਈ ਨਾਲ ਉਹਦੇ ਪਿੰਦੂ ਸੀ। ਸਾਡੇ ਨਾਲਦੇ ਪਿੰਡ ਕੋਟਗੁਰੂ 'ਚ ਗੁਰੂ ਗੋਬਿੰਦ ਸਿੰਘ ਨਾ ਸੰਬੰਧਤ ਇਤਿਹਾਸਕ ਗੁਰੂ ਘਰ ਆ। ਖਿਦਰਾਣਿਓਂ ਹੋਕੇ ਦਮਦਮਾ ਸੈਹਬ ਜਾਂਦਿਆਂ ਗੁਰੂ ਸਾਬ੍ਹ ਏਥੇ ਰੁਕੇ ਸੀ। ਮਾਣਕ ਕਹਿੰਦਾ ਗੁਰਦਆਰੇ ਬਾਜ਼ ਆਇਆ , ਵੇਖ ਕੇ ਆਉਣਾ। ਮਖਾ ਚਲ , ਤੜਕੇ ਤਿੰਨੇ ਜਣੇ ਗੁਰੂ ਘਰ ਜਾਵੜੇ। ਮੱਥਾ ਟੇਕਕੇ ਅੰਦਰ ਵੜਗੇ ਜਿੱਥੇ ਸਰੂਪ ਪਏ ਹੁੰਦੇ ਨੇ, ਹਾਂ ਸੱਚ ਸੱਚਖੰਡ ਕਹਿੰਦੇ ਆ।
ਉੱਥੇ ਛੱਤ ਨਾ ਬੰਨ੍ਹੇ ਚੰਦੋਏ ਤੇ ਬਾਜ਼ ਬੈਠਾ। ਜੰਤਾ ਦੇ ਫੋਟੋ ਤੇ ਫੋਟੋ। ਇੱਕੋ ਗੇਟ ਸੀ ਕਮਰੇ ਦਾ। ਉੱਥੋਂ ਦੀ ਜੰਤਾ ਵੜੀ ਜਾਵੇ
ਬਾਜ਼ ਪੱਖੇ 'ਚ ਵੱਜਕੇ ਜਖਮੀ ਹੋਇਆ ਵਾ ਸੀ। ਖੂਨ ਚੰਦੋਏ ਨੂੰ ਲੱਗਾ ਵਾ ਸੀ
ਮੂੰਹ ਨੇਹਰੇ ਜੇ ਮੁਲਖ ਆਸ਼ਿਆਂ ਮਗਰ ਟਰੈਲੀਆਂ ਪਾਕੇ ਗੁਰਦਆਰੇ ਪਹੁੰਚ ਗਿਆ ਲਿਵੇ ਦੇ ਪਿੰਡਾਂ ਦਾ। ਪਾਰਕਿੰਗਾਂ ਕਰਨ ਨੂੰ ਥਾਂ ਨਾ ਬਚੀ।
ਬਾਜ਼ ਦਹਿਲਿਆ ਪਿਆ ਸੀ ਜਮਾਂ। ਭੰਬਲਭੂਸੇ 'ਚ ਪੈ ਗਿਆ ਬੀ ਮਾਰਤੇ। ਦੂਰੋਂ ਦੂਰੋਂ ਲੋਕ ਆਏ ਗੱਡੀਆਂ ਤੇ ਬੀ ਖੌਣੀ ਉਹੀ ਬਾਜ਼ ਆ ਜੀਹਨੇ ਅੰਮ੍ਰਿਤ ਦੇ ਬਾਟੇ 'ਚ ਠੁੰਗ ਮਾਰੀ ਸੀ। ਮੈਨੂੰ ਦੀਂਹਦੀ ਬੀ ਦੋ ਦਿਨਾਂ 'ਚ ਦੋ ਢਾਈ ਲੱਖ ਆਮਦਨ ਹੋਗੀ ਹੋਣੀ ਆ ਗੁਰੂ ਘਰ ਨੂੰ ਬਾਜ਼ ਕਰਕੇ।
ਨਹਿੰਗਾਂ ਨੇ ਦੇਗ ਖਵਾ ਖਵਾ ਬਾਜ਼ ਦਾ ਕਲੇਜਾ ਜਾਮ ਕਰਤਾ। ਤੀਏ ਦਿਨ ਮੁੰਡੇ ਬਾਜ਼ ਵੇਖਣ ਗਏ , ਬਾਜ਼ ਟੋਕਰੇ 'ਚ ਪਾਇਆ ਵਾ ਸੀ ।
ਪੁੱਛਿਆ ਬੀ ਬਾਜ਼ ਦੇ ਦਰਸ਼ਨ ਕਰਨੇ ਆ ਇੱਕ ਕਹਿੰਦਾ ," ਬਾਬਾ ਜੀ ਤਾਂ ਪੂਰੇ ਹੋਗੇ"
ਬਾਜ਼ਾਂ 'ਚੋਂ ਰੱਬ ਭਾਲਦੀ ਆ ਆਪਣੀ ਗਾਤਰਿਆਂ ਆਲ਼ੀ ਜੰਤਾ ਵੀ, ਬਾਜ਼ਾਂ ਆਲੇ ਦੀ ਉਹ ਗੱਲ ਨੀਂ ਮੰਨਣੀ ਜੀਹਚ ਗੁਰੂ ਨੇ ਕਿਹਾ ਸੀ
"ਜੋ ਪ੍ਰਭ ਕੋ ਮਿਲਬੋ ਚਹੈ ਖੋਜਿ ਸਬਦਿ ਮੇਂ ਲੇਹੁ"...ਘੁੱਦਾ
------------------------------------------------------------------------------------------------------------

ਬਠਿੰਡੇ ਸਟੇਡੀਅਮ ਦੇ ਲਿਵੇ ਗੁਰੂ ਹਰਕ੍ਰਿਸ਼ਨ ਸਕੂਲ ਸੀ ਭਰਾਵਾ, ਹੁਣ ਵੀ ਹੈਗਾ
ਚੱਕ ਚਕਾਕੇ ਘਰਦਿਆਂ ਨੇ ਨਿੱਕੇ ਗਰਨੈਬ ਨੂੰ ਪਿੰਡੋਂ ਹਟਾਕੇ ਉੱਥੇ ਦਾਖਲ ਕਰਾਤਾ ਬੀ ਚੱਲ ਸਮਾਰ ਕੇ ਪੜਲੂ ਚਾਰ ਅੱਖਰ।
ਸੀ ਹਸ਼ਿਆਰ ਜਵਾਕ ਜਾ ਤੇ ਵਾਹਵਾ ਰੁੜ੍ਹ ਪਿਆ 'ਗਰੇਜ਼ੀ ਮੀਡੀਅਮ 'ਚ।
ਏਹਨਾਂ ਨੂੰ ਮਾਡਲ ਟੌਨ ਬੰਨੀਂ ਦੀ ਮੈਡਮ ਸੈਂਸ ਪੜ੍ਹਾਇਆ ਕਰੇ, ਖੁੱਲ੍ਹੇ ਬਾਲ, ਪਜਾਮੀ ਪਾਇਆ ਕਰੇ, ਗਲੇ 'ਚ ਮੰਗਲ ਸੂਤ ਜਾ ਹੋਇਆ ਕਰੇ ਉਹਦੇ।
ਇੱਕ ਦਿਨ ਨਿੱਕਾ ਲੇਟ ਗਿਆ ਸਕੂਲ, ਅੱਖਾਂ ਭਰਾਵਾ ਏਹਦੀਆਂ ਸੁੱਜੀਆਂ ਪਈਆਂ, ਟੂਲੇ ਜੇ ਲੈਂਦਾ ਲੈਂਦਾ , ਪੈਰ ਜੇ ਰਗੜਦਾ ਸਲਡ ਦਿਨੇਂ ਕਲਾਸ 'ਚ ਵੜ ਗਿਆ। ਜੰਤਾ ਖੁਸ਼ ਹੋਗੀ ਬੀ ਭੈਂ ਗਰਨੈਬ ਸਿਹੁੰ ਆਗਿਆ ।
ਚੁੱਪ ਜੇ ਕਰਕੇ ਮੂਹਰਲੀ ਸੀਟ ਤੇ ਬਹਿ ਗਿਆ, ਬੋਲਿਆ ਨਾ ਕਿਸੇ ਨਾ।
ਜੰਤਾ ਉਲਝਗੀ ਬੀ ਆਹ ਕਿਮੇਂ ਚੁੱਪ ਆ ਅੱਜ। ਸਕਲਟਾਂ , ਕਲਿੱਪਾਂ ਆਲੀਆਂ ਕੁੜੀਆਂ ਆਖਣ ਬੀ ਏਹ ਕਾਹਤੋਂ ਸੀਰੀਅਸ ਆ।
ਮੈਡਮ ਅੱਡ ਸ਼ਸ਼ੋਪੰਜ 'ਚ ਬੀ ਹੈ ਵੀ ਜਵਾਕ , ਦਿਲ ਦੱਪਾ ਤਾਂ ਕੀ ਟੁੱਟਣਾ, ਖੌਣੀ ਕੀ ਗੱਲ ਆ।
ਹਾਰਕੇ ਮੈਡਮ ਕਹਿੰਦੀ ਬੀ ਨਿੱਕਿਆ , "ਕੀ ਪ੍ਰੋਬਲਮ ਆ"? ਕੁੱਟਿਆ ਕਿਸੇ ਨੇ?
ਕਹਿੰਦਾ ਜੀ ,"ਨਾ ਪੁੱਛੋ ਨਾ ਬੱਸ ਹੋਰ ਗੱਲ ਆ"
ਕੁੜੀਆਂ ਪੁੱਛਣ ਬੀ ਅੱਖਾਂ ਸੁੱਜੀਆਂ ਜੀਆਂ ਪਈਆਂ ਰੋਇਆ ਲੱਗਦਾ ਰਾਤ ਨੂੰ
ਜਦੋਂ ਜੰਤਾ ਨੇੜੇ ਆਗੀ, ਸਸਪੈਂਸ ਵਧ ਗਿਆ , ਸਾਰਿਆਂ ਦੇ ਮੂੰਹ ਉੱਡੇ ਪਏ ਬੀ ਖੌਣੀ ਕਿੱਡੀ ਕੁ ਗੱਲ ਆ
ਮੈਡਮ ਦੀ ਦੁਬਿਧਾ ਵਧਗੀ , ਕਹਿੰਦੀ ਬੀ ਛੋਟੇਆ ਦੱਸ ਚੱਕਰ ਕੀ ਆ,ਅੱਖਾਂ ਕਾਹਤੋਂ ਸੁੱਜੀਆਂ ?

ਕਹਿੰਦਾ," ਜੀ ਮਹਿੰ ਸੂਣ ਆਲੀ ਸੀ ਜੀ, ਰਾਤ ਰਾਖੀ ਕਰਦਾ ਸੀ"
ਜੰਤਾ ਬੱਖੀਆਂ ਫੜ੍ਹਕੇ ਲਿਟਣ ਲਾਗੀ...ਘੁੱਦਾ
------------------------------------------------------------------------------------------------------------

ਜੀਹਨੇ ਕਹਿੰਦੇ ਬਲਬ ਦੀ ਖੋਜ ਕਰੀ ਸੀ
ਦੱਸਣ ਆਲੇ ਦੱਸਦੇ ਆ ਬੀ ਉਹ ਬੰਦਾ ਨੌਂ ਸੌ ਨੜਿੱਨਵੇਂ ਵਾਰੀ ਬਲਬ ਬਣਾਉਣ 'ਚ ਅਸਫਲ ਰਿਹਾ।
ਤੇ ਮੁੜਕੇ ਉਹਨੇ ਹਜ਼ਾਰਵੀਂ ਕੋਸ਼ਿਸ਼ 'ਚ ਬਲਬ ਜਗਾ ਕੇ ਕੰਮ ਜਮਾਂ ਓਕੇ ਰਪੋਟ ਕਰਤਾ।
ਕਿਸੇ ਨੇ ਉਹਨੂੰ ਕਿਹਾ ਬਾਈ ਤੂੰ ਨੌਂ ਸੌਂ ਨੜਿੱਨਵੇਂ ਆਰੀ ਫੇਲ੍ਹ ਹੋਇਆਂ ਏਹ ਕੰਮ 'ਚ
ਅੱਗੇ ਖੋਜੀ ਨੇ ਆਹ ਜਵਾਬ ਦਿੱਤਾ
" ਨਿੱਕਿਆ ਮੈਂ ਫੇਲ੍ਹ ਨੀਂ ਹੋਇਆ , ਮੈਂ ਨੌਂ ਸੌ ਨੜਿੱਨਵੇਂ ਓਹ ਤਰੀਕੇ ਲੱਭੇ ਨੇ ਜਿਹਨ੍ਹਾਂ ਨਾਲ ਬਲਬ ਨਹੀਂ ਬਣ ਸਕਦਾ"
------------------------------------------------------------------------------------------------------------

ਸੱਤ-ਅੱਠ ਦਿਨਾਂ ਦੀ ਗੱਲ ਆ। ਮੈਂ ਤੇ ਪਿੰਦੂ ਬਠਿੰਡੇ ਅੱਡੇ 'ਚ ਖੜ੍ਹੇ ਸੀ ਤੇ ਮੀਂਹ ਜਾ ਪੈਂਦਾ ਸੀ ਓਦੇਂ। ਸਾਰੀ ਜੰਤਾ ਮੇਨ ਕੈਂਪਸ ਜੇ 'ਚ ਖੜ੍ਹੀ ਸੀ ਜਿੱਥੋਂ ਚੰਡੀਗੜ੍ਹ, ਲੁਧਿਆਣਾ ,ਅੰਬਰਸਰ ਜਾਂ ਹੋਰ ਲੰਮੇ ਰੂਟ ਦੀਆਂ ਬੱਸਾਂ ਲੱਗਦੀਆਂ। ਕੋਈ ਸਿਗਟਾਂ ਖਿੱਚੀ ਜਾਵੇ ਕੋਈ ਨਿੱਕੀਆਂ ਦਾ ਝਾਕਾ ਲਈ ਜਾਂਦਾ ਸੀ। ਬੱਸ ਅੱਡੇ ਦੇ ਵਿਚਾਲੇ ਛੇ ਕੁ ਫੁੱਟ ਦਾ ਗੱਭਰੂ ਖੜ੍ਹਾ ਸੀ ਇੱਕ। ਨੀਲਾ ਚੋਲਾ, ਗੋਰਾ ਨਿਛੋਹ ਰੰਗ, ਲੰਬਾ ਗਾਤਰਾ, ਸੱਸੀ ਦਾਹੜੀ ਤੇ ਨੀਲਾ ਦੁਮਾਲਾ ਉੱਤੇ ਚੱਕਰ ਲਾਏ ਵਏ ਸੀ। ਮਲਬ ਬੀ ਜੰਤਾ ਦੀ ਖਿੱਚ ਦਾ ਕੇਂਦਰ ਸੀ ਉਹ ਨਿਹੰਗ ਸਿੰਘ। ਮੁੱਕਦੀ ਗੱਲ ਕੀ ਬਾਹਲਾ ਅੱਤ ਲੱਗਦਾ ਸੀ ਜਰ । ਪੁਰਾਣੇ ਬੁੱਢਾ ਦਲੀਆਂ ਨੇ ਨਿਹੰਗਾਂ ਦੇ ਅਕਸ ਦਾ ਨੰਦੂ ਕੱਢਤਾ ਸੀ । ਹੁਣ ਬਦਲ ਰਿਹਾ ਕੰਮ।
ਅੱਜ ਏਮੇਂ ਜਿਮੇਂ ਦੀ ਖਬਰ "ਦ ਟ੍ਰਿਬਿਉਨ" ਦੇ ਫਰੰਟ ਪੇਜ ਤੇ ਥੱਲੇ ਲੱਗੀ ਵਈ ਆ। ਬ੍ਰਿਟਿਸ਼ ਕੈਬਨਿਟ ਮੰਤਰੀ ਦੀ ਕੁੜੀ ਅਲੈਂਗਜੇਡਰਾਂ ਨੌਂ ਦੀ ਇੱਕ ਅੰਗਰੇਜ਼ਨ ਪੰਜਾਬ ਆਈ ਸੀ। ਪਹਿਲੋਂ ਪਾਰਟੀਆਂ ਕਲੱਬਾਂ 'ਚ ਜਾਣ ਦੀ ਸ਼ੌਕੀਨ ਸੀ।
ਹਰਮੰਦਰ ਸਾਹਬ ਦੀ ਛੱਤ ਤੇ ਬੈਠੀ ਸੀ । ਲੁਧਿਆਣੇ ਦਾ ਕੋਈ ਨਿਹੰਗ ਚੋਬਰ ਇੰਦਰਜੀਤ ਸਿੰਘ ਉਰਫ ਜਾਂਬਾਜ਼ ਕੋਲ ਦੀ ਟੱਪਿਆ।
ਬਸ ਕਹਿੰਦੀ ਕਲੇਜਿਓਂ ਪਾਰ ਹੋ ਗਿਆ। ਮਲਬ ਬੀ ਕਹਿੰਦੀ ਪਹਿਲੀ ਆਰੀ ਪੂਰਾ ਬੰਦਾ ਵੇਖਿਆ ਸੀ ਤੇ ਤੇ ਮੂੰਹੋਂ ਆਹ ਸ਼ਬਦ ਨਿਕਲੇ ,"Oh ...Wow"
ਗੱਲਬਾਤ ਵਿਆਹ ਤੇ ਆਗੀ ।
ਫੇਰ ਕਹਿੰਦੀ ਆਵਦੇ ਫਰੈਂਡਾਂ ਨੂੰ ਈਮੇਲਾਂ ਕਰਤੀਆਂ ਬੀ ਮੇਰਾ ਤਾਂ ਵਿਆਹ ਹੋ ਰਿਹਾ ਨਿਹੰਗ ਸਿੰਘ ਨਾ। ਫੇਰ ਲਾਂਸ ਏਜਲਸ ਤੇ ਲੰਡਨ 'ਚ ਪਾਰਟੀ ਕੀਤੀ ਜੰਤਾ ਨੂੰ।
ਹੁਣ ਅਲੈਗਜੈਡਰਾਂ ਦਾ ਨੌਂ ਉਤਰੰਗ ਕੌਰ ਖਾਲਸਾ ਆ ਤੇ ਦਸਤਾਰ ਬੰਨ੍ਹਦੀ ਆ ਸਿਰ ਤੇ।
ਬਾਹਰਲੇ ਦਸਤਾਰਾਂ ਪੱਗਾਂ ਬੰਨ੍ਹਕੇ ਹਿੱਕ ਕੱਢਕੇ ਤੁਰਦੇ ਆ । ਤੇ ਆਪਣੇ ਆਲੇ ਦਾਹੜੀ ਵੀ ਐਂ ਕਟਾਉਂਦੇ ਆ ਜਿਮੇਂ ਕੰਧ ਤੇ ਸਲਵਾਰ ਸੁੱਕਣੇ ਪਾਈ ਹੋਵੇ। ਮੇਰੇ ਅਰਗਿਆਂ ਨੂੰ ਮੱਤ ਬਖਸ਼ੀ ਬਾਜਾਂ ਆਲ਼ਿਆ...ਘੁੱਦਾ
------------------------------------------------------------------------------------------------------------

ਇੱਕੀ ਬਾਈ ਸਾਲਾਂ ਦੇ ਹੋਗੇ । ਅਜੇ ਵੀ ਜਦੋਂ ਕਿਤੇ ਜਾਣਾ ਹੁੰਦਾ ਮਾਤਾ ਨੂੰ ਠਿੱਠ ਕਰੀਦਾ ਬੀ ਬੂਟ, ਜਰਾਬਾਂ ਪੈਂਟ ਸ਼ਲਟ ਦੇ ਭਾਲਕੇ ਕਿੱਥੇ ਰੱਖੇ ਆ।
ਅੱਗੋਂ ਮਾਤਾ ਨਾਲੇ ਤਾਂ ਲੀੜੇ ਭਾਲਕੇ ਦੇਂਦੀ ਆ ਵਿਚਾਰੀ ਨਾਲੇ ਆਖੀ ਜਾਊ ਬੋਢਲ ਕੱਟੇ ਬਣ ਗੇ ਹੁਣ ਤਾਂ ਲੀੜਾ ਲੱਤਾ ਆਪ ਸਾਂਭ ਲਿਆ ਕਰੋ।
ਪਰ ਉਹ ਸਰਾਭੇ ਪਿੰਡ ਦਾ ਮੁੰਡਾ ਕੀ ਨੌਂ ਸੀ , ਹਾਂ ਸੱਚ ਕਰਤਾਰ ਸਿੰਘ ਸਰਾਭਾ , ਸਾਰਾ ਉਨ੍ਹੀਂ ਸਾਲਾਂ ਦਾ ਈ ਸੀ
ਖਟਕੜ ਕਲਾਂ ਆਲਾ ਨਿੱਕੀ ਉਮਰੇ ਘਰੇ ਚਿੱਠੀ ਲਿਖਕੇ ਧਰ ਗਿਆ ਬੀ ਹੁਣ ਨੀਂ ਮੁੜਦਾ ਪੋਲੇ ਪੈਂਰੀ।
ਰਾਮਲੀਲਾ ਮੈਦਾਨ 'ਚ ਦੂਏ ਦਿਨ ਮਰਨ ਵਰਤ ਧਰਕੇ ਬਹਿ ਜਾਂਦੇ ਆ , ਤੀਏ ਦਿਨ ਜੂਸ ਦਾ ਗਲਾਸ ਪੀਕੇ ਮੁੱਛਾਂ ਤੇ ਹੱਥ ਮਾਰਕੇ ਉੱਠ ਖੜ੍ਹਦੇ ਆ ਨਾਲੇ ਕਹਿਣਗੇ, "ਸਵਾਦ ਆ ਜਰ , ਹੋਰ ਲਿਆ ਬਾਈ ਅਣਿਆ"
ਹਰਮੰਦਰ ਸਾਹਿਬ ਦੀ ਦੱਖਣੀ ਬਾਹੀ ਤੇ ਬਣੀ ਸਿੱਖ ਰੈਂਫਰੈਂਸ ਲਾਈਬ੍ਰੇਰੀ 'ਚ ਪਈਆਂ ਐਲਬਮਾਂ 'ਚ ਕੈਦ ਫੋਟਮਾਂ ਗਵਾਹ ਨੇ ਕਿਮੇਂ ਅੰਬਰਸਰੋਂ ਪੱਚੀ ਪੱਚੀ ਦੇ ਜਥੇ ਬਣਕੇ ਗੰਗਸਰ ਜੈਤੋ ਨੂੰ ਤੁਰਦੇ ਸੀ, ਨਾਲੇ ਪਤਾ ਹੁੰਦਾ ਸੀ ਪੱਚੀਆਂ 'ਚੋਂ ਕੋਈ ਨੀਂ ਮੁੜਦਾ।
ਰੇਲਾਂ ਮੂ੍ਹਰੇ ਪੈਕੇ ਕਹਿ ਦੇਂਦੇ ਸੀ ,"ਨਿੱਕਿਆ ਬਰੇਕਾਂ ਲਾਲਾ ਜੇ ਹੈਗੀਆਂ ਤਾਂ, ਲੰਗਰ ਛਕਾਉਣਾ ਸੰਗਤ ਨੂੰ"
ਜੰਡਾਂ ਨਾ ਪੁੱਠੇ ਲਮਕਾ ਲਮਕਾ ਸਾੜੇ ਸੀ ਜਿਹੜੇ ਨਨਕਾਣਾ ਸਾਹਬ ਅਜ਼ਾਦ ਕਰਾਉਣ ਗਏ ਸੀ ਕਹਿੰਦੇ।
ਇੱਜ਼ਤ ਕਰਦੇ ਆਂ ਮਦਰ ਟੈਰੇਸਾ ਹੋਣਾਂ ਦੀ, ਸਮਾਜ ਸੇਵਿਕਾਂ ਸੀ , ਪਰ ਵਿਚਾਰਾ ਭਗਤ ਪੂਰਨ ਸਿੰਘ ਕਿਹੜਾ ਪਿੰਗਲਵਾੜੇ 'ਚ ਮੁਜ਼ਰਾ ਕਰਾਉਂਦਾ ਸੀ, ਲੰਗੇ ਲੂਲਿਆਂ ਦੀ ਅਣਥੱਕ ਸੇਵਾ ਕਰੀ ਸੀ ਉਹਨ੍ਹਾਂ ਨੇ , ਪੂਰਨ ਸਿੰਘ ਦਾ ਤਾਂ ਕਦੇ ਮੀਡੀਏ ਨੇ ਜ਼ਿਕਰ ਈ ਨੀਂ ਕਰਿਆ।
ਜਦੋਂ ਐਹੇ ਜੇ ਵਿਤਕਰੇ ਹੁੰਦੇ ਆ ਓਦੋਂ ਜਸਵੰਤ ਸਿੰਘ ਕੰਵਲ ਹੋਣੀਂ ਹਸਾਬ ਕਤਾਬ ਲਾਕੇ ਦੱਸਦੇ ਆ ਬੀ ਛੋਟੇਆ 123 ਫਾਂਸੀਆਂ 'ਚੋਂ 92 ਪੰਜਾਬੀਆਂ ਦੇ ਗਲ ਪਈਆਂ ਸੀ
ਸਦਕੇ ਜਾਈਏ ਸ਼ਹੀਦਾਂ ਨੂੰ ਜੰਮਣ ਆਲ਼ੀਆਂ ਦੇ ਪਤਾ ਨੀਂ ਕਿਹੜੀ ਮਿੱਟੀ ਦੀਆਂ ਬਣੀਆਂ ਸੀ,
ਐਥੇ ਕਿਤੇ ਘਰੋਂ ਬਾਹਰ ਗਏ ਲੇਟ ਹੋਜੀਏ ਮਾਤਾ ਦਾ ਚਾਰ ਆਰੀ ਫੂਨ ਆ ਜਾਂਦਾ, "ਪੁੱਤ ਟੈਮ ਨਾ ਘਰੇ ਆਜਾ , ਜ਼ਮਾਨਾ ਮਾੜਾ "..ਘੁੱਦਾ
------------------------------------------------------------------------------------------------------------

ਐਤਬਾਰ ਦਾ ਦਿਨ ਸੀ ਭਰਾਵਾ, ਮਿਰਜ਼ੇ ਦੀ ਮਸ਼ੂਕ ਸਾਹਿਬਾ ਦਾ ਪਿਓ ਕਹਿੰਦਾ ਜਰ ਸਿਰ 'ਚ ਖੁਰਕ ਜੀ ਹੋਈ ਜਾਂਦੀ ਆ
ਚਲ ਕੇਸੀ ਨੌਂਹਣੇ ਆ
ਸਾਹਿਬਾ ਦੇ ਪਿਓ ਨੇ ਸਾਹਿਬਾ ਨੂੰ ਦਸਾਂ ਦਾ ਨੋਟ ਦੇਤਾ ਨਾਲੇ ਕਹਿੰਦਾ ਜਾ ਨਿੱਕੀਏ ਬਾਣੀਏ ਦੀ ਹੱਟ ਤੋਂ ਸ਼ੈਪੂ ਲਿਆ ਫੜ੍ਹਕੇ
ਸਾਹਿਬਾ ਸੋਹਣੀ ਤਾਂ ਬਾਹਲੀ ਸੀ , ਰੰਗ ਰੂਪ, ਲੰਮੀ ਗੁੱਤ ਮਖਾ ਜਰ ਬਸ ਪੁੱਛ ਨਾ
ਐਕਟਿਵਾ ਖਿੱਚਤੀ ਬਾਣੀਏ ਦੀ ਹੱਟ ਨੂੰ
ਜਾਵੜੀ ਭਰਾਵਾ ਹੱਟ ਤੇ
ਬਾਣੀਏ ਨੂੰ ਕਹਿੰਦੀ , "ਬਾਈ ਹੋਅਅ SUNSILK ਜੇ ਸ਼ੈਪੂ ਆਲੀਆਂ ਪੁੜੀਆਂ ਦੇਦੇ"
ਸਾਹਿਬਾ ਦੇ ਵੀ ਕੱਦੂਰੰਗਾ ਜਾ ਸੂਟ ਪਾਇਆ ਵਾ ਸੀ ਭੀੜੇ ਪਹੁੰਚਿਆਂ ਆਲਾ, ਹੀਲ ਆਲੇ ਸੈਂਡਲ ਜੇ ਪੂਰੀ ਕੈਮ ਲੱਗੇ ਭਰਾਵਾ
ਬਾਣੀਏ ਦੀ ਅੱਖ ਬਦਲਗੀ ਤੇ ਕੰਜਦੇ ਨੇ ਭੁਲੇਖੇ ਨਾ ਲਕਸ ਸ਼ੈਪੂ ਦੀਆ ਪੁੜੀਆਂ ਫੜਾਤੀਆਂ
ਸਾਹਿਬਾ ਨੂੰ ਹਰਖ ਚੜ੍ਹ ਗਿਆ ਬੀ ਆਹ ਕਿ ਮੰਗਿਆ ਸਨਸਿਲਕ ਦੇਤਾ ਲਕਸ ਫਿਰ ਸਾਹਿਬਾ ਨੇ ਬਾਣੀਏ ਨੂੰ ਏਹ ਕਹਿ ਕੇ ਸੰਬੋਧਨ ਕੀਤਾ, "ਕਿਮੇਂ ਨਿੱਕਿਆ ਯੱਬਲ ਆ ਮੈਂ ਪਹਿਲਾਂ ਤੇਲ ਦੀ ਥਾਂ ਸ਼ਹਿਦ ਦੇਤਾ ਸੀ ,
ਤੇ ਐਂਰਕੀਂ ਸਨਸਿਲਕ ਦੀ ਥਾਂ ਲਕਸ"
"ਜਾਗੋ ਗ੍ਰਾਹਕ ਜਾਗੋ"..ਘੁੱਦਾ
------------------------------------------------------------------------------------------------------------


ਇਤਿਹਾਸ ਵਾਹਵਾ ਗੱਲਾਂ ਦੱਸਦਾ। ਸੁਨਣ 'ਚ ਤਾਂ ਲੱਗਦਾ ਬੀ ਗੱਲ ਨੌਰਮਲ ਜੀ ਆ ਕੋਈ ਖਾਸ ਨੀਂ।
ਪਰ ਹੁੰਦੀ ਬਹੁਤ ਖਾਸ ਆ। ਦੱਸਣ ਆਲੇ ਦੱਸਦੇ ਨੇ ਕਿ ਗੁਰਦਾਸ ਨੰਗਲ ਦੀ ਗੜ੍ਹੀ 'ਚੋਂ ਬੰਦਾ ਸਿੰਘ ਬਹਾਦਰ ਹੋਣੀਂ ਗ੍ਰਿਫਤਾਰ ਕਰਲੇ।
ਵਿਰੋਧੀਆਂ ਨੂੰ ਏਹ ਲੱਗਦਾ ਸੀ ਬੀ ਬੰਦਾ ਸਿੰਘ 'ਚ ਕੋਈ ਗੈਬੀ ਸ਼ਕਤੀ ਆ ਏਹੇ ਕਿਸੇ ਵੀ ਜਾਨਵਰ ਦਾ ਰੂਪ ਧਾਰ ਲੈਂਦਾ। ਬੇੜੀਆਂ ਪਾਕੇ, ਪਿੰਜਰੇ 'ਚ ਕੈਦ ਕਰਕੇ ਪਿੰਜਰਾ ਹਾਥੀ ਤੇ ਧਰਕੇ ਬੰਦਾ ਸਿੰਘ ਨੂੰ ਦਿੱਲੀ ਬੰਨੀ ਲੈਗੇ ਅਗਲੇ।
ਨਾਲ ਜੇਹੜੇ ਸਿੰਘ ਗ੍ਰਿਫਤਾਰ ਕਰੇ ਸੀ ਉਹਨ੍ਹਾਂ ਨੂੰ ਭੇਡਾਂ ਦੀਆਂ ਖੱਲਾਂ ਪਾਕੇ ਮਨੋਂ ਜਲੂਸ ਦੀ ਸ਼ਕਲ 'ਚ ਨਾਲ ਲੈਕੇ ਗਏ।
ਦਿੱਲੀ 'ਚ ਇੱਕ ਥਾਂ ਸਟੇਜ ਬਣਾਲੀ। ਹਰ ਰੋਜ਼ ਇੱਕ ਸੌ ਸਿੱਖਾਂ ਦਾ ਕਤਲ ਹੋਇਆ ਕਰੇ। ਲੋਕ ਹੁੰਮ ਹੁਮਾਂ ਕੇ ਆਹ ਨਜ਼ਾਰਾ ਵੇਖਣ ਆਇਆ ਕਰਨ।
ਹਰੇਕ ਸਿੱਖ ਨੂੰ ਪੁੱਛਿਆ ਕਰਨ ਕਿਮੇਂ ਪਰਧਾਨ ਜੇ ਬਚਣਾ ਤਾਂ ਧਰਮ ਬਦਲ ਲਾ।
ਪਰ ਕਿੱਥੇ
ਇੱਕ ਮਾਂ ਦਾ ਇਕਲੌਤਾ ਪੁੱਤ ਵੀ ਸੀਗਾ ਏਹਨਾਂ 'ਚ। ਮਾਂ ਰਾਜੇ ਕੋਲ ਪਹੁੰਚਗੀ , ਜਾਕੇ ਕਹਿੰਦੀ ਜੀ ਮੇਰਾ ਪੁੱਤ ਸਿੱਖ ਨੀਂ ਹੈਗਾ. ਮੁਸਲਮਾਨ ਈ ਆ।
ਬਾਈ ਬਣਕੇ ਮੇਰੇ ਪੁੱਤ ਨੂੰ ਨਾ ਮਾਰਿਓ ।
ਕਹਿੰਦੇ ਜਾ ਮਾਤਾ ਆਵਦੇ ਪੁੱਤ ਨੂੰ ਬੁਲਾ ਜੇ ਸਾਡੇ ਬੰਨੀਂ ਦਾ ਹੋਜੇ ਹੁਣੇ ਛੱਡ ਦਿੰਨੇ ਆਂ।
ਮਰਨ ਖਾਤਰ ਕਤਾਰ 'ਚ ਲੱਗਾ ਖੜਾ ਸੀ ਚੋਬਰ। ਮਾਤਾ ਕਹਿੰਦੀ ਆਹ ਮੇਰਾ ਪੁੱਤ ਆ ਛੱਡਦੋ।
ਅੱਗੋਂ ਗੱਭਰੂ ਬੋਲਿਆ
ਕਹਿੰਦਾ ਜਨਾਬ ਆਹ ਜ਼ਨਾਨੀ ਨੂੰ ਮੈਂ ਜਾਣਦਾ ਈ ਨੀਂ
ਮੌਤ ਜਮਾਂ ਸਿਰ ਤੇ ਸੀ , ਫਿਰ ਵੀ ਮੁੱਕਰ ਗਿਆ ਮਾਤਾ ਸਾਹਮਣੇ
ਰਾਜੇ ਦੇ ਬੁੱਲਾਂ ਤੇ ਸਿਕਰੀ ਜੰਮਗੀ ਬੀ ਆਹ ਕਿੱਥੋਂ ਮੁੱਕ ਜਾਣਗੇ
ਏਹਨਾਂ ਨੂੰ ਕਲਗੀਆਂ ਆਲਾ ਵਿਸਾਖੀ ਵੇਲੇ ਪਤਾ ਨੀਂ ਕੀ ਘੋਲ ਕੇ ਪਿਆ ਗਿਆ ਸੀ ਹਰੇਕ ਆਖਿਆ ਕਰੇ
"ਨਾ ਬਾਈ ਸਿਰ ਵੱਢ ਹੁੰਦਾ ਤਾਂ ਵੱਢਲਾ ਪਰ ਏਹੇ ਝੁਕਦਾ ਨੀਂ"
------------------------------------------------------------------------------------------------------------


ਆਹੀ ਸਾਡੇ ਆਲਾ ਨਿੱਕਾ ਗਰਨੈਬ ਵਾਹਵਾ ਨਿੱਕਾ ਸੀ ਮਲਬ ਬੀ ਮੇਰੀ ਕੱਛ ਜੀ 'ਚ ਆਇਆ ਕਰੇ।
ਤਾਏ ਅਰਗੇ ਸੰਦੇਹਾਂ ਨੀਰੇ ਪੱਠੇ ਨੂੰ ਖੇਤ ਜਾਵੜਿਆ ਕਰਨ ਏਹਨੂੰ ਆਖਿਆ ਕਰਨ ਬੀ ਨਿੱਕਿਆ ਬਲਦ ਜੋੜ ਕੇ ਰੋਟੀ ਦੇ ਟੈਮ ਨੂੰ ਖੇਤ ਆਜੀ ਗੱਡੀ ਲੈਕੇ।
ਏਹਨੂੰ ਚਾਅ ਹੁੰਦਾ ਸੀ ਵਾਹਵਾ । ਕੇਰਾਂ ਜੇ ਭਰਾਵਾ ਕੀ ਹੋਇਆ ਨਾ, ਸੜਕ ਤੇ ਬਲਦ ਆਲੀ ਗੱਡੀ ਲਈ ਜਾਵੇ ਏਹੇ ਉਹਵੀ ਸੱਜੇ ਪਾਸੇ ।
ਕਾਰਾਂ ਜੀਪਾਂ ਆਲੇ ਅੱਗੋਂ ਠਿੱਠ ਹੋਜਿਆ ਕਰਨ ਏਹ ਕੇਹੜਾ ਸੈਡ ਦੇਵੇ ਕਿਸੇ ਨੂੰ।
ਬਿੰਦੇ ਝੱਟੇ ਬਲਦ ਨੂੰ ਹੋ - ਹੋ ਜੇ ਕਰਕੇ ਨਲ਼ੀ ਪੂੰਝ ਲਿਆ ਕਰੇ।
ਸਾਹਮਣਿਓਂ ਕਾਰ ਤੇ ਇੱਕ ਲਾਲਾ ਜਾ ਆਵੇ ਭਰਾਵਾ ਦੇ ਹਾਰਨ ਤੇ ਹਾਰਨ ।
ਏਹ ਪਹਿਲੇ ਦਿਨੋਂ ਈ ਹਿੰਡੀ ਆ ਬਾਹਲਾ
ਏਹਤਾ ਟੀਂਡਰ ਗਿਆ , ਸੈਡ ਨਾ ਦੇਵੇ , ਨਾਲੇ ਏਹੇ ਗਲਤ ਸੈਡ ਸੀਗਾ।
ਲਾਲਾ ਕਹਿੰਦਾ ਕਿਮੇਂ ਨਿੱਕਿਆ ਬਲਦ ਜਾ ਖੱਬੇ ਪਾਸੇ ਨੀਂ ਕਰੀਦਾ ਕੋਈ ਕਾਨੂੰਨ ਕਨਾਨ ਵੀ ਹੁੰਦਾ ਸੜਕਾਂ ਦਾ।
ਨਿੱਕਾ ਬੋਲਦਾ ਕਹਿੰਦਾ , "ਬਾਈ ਚੱਜ ਨਾ ਦੇਖਲਾ ਤੇਰਾ ਫੁੱਫੜ ਬਲਦ ਅਮਰੀਕੀ ਆ ਏਧਰਲੇ ਕਨੂੰਨਾਂ ਦੀ ਢੂਈ ਨੀਂ ਮਾਰਦਾ"
ਲਾਲੇ ਨੇ ਚੁੱਪ ਕਰਕੇ ਕਾਰ ਪੈਲੇ ਪਾਸੇ ਦੀ ਕਰਲੀ ਬੈਕ ਸੀਸਾ ਵੀ ਨੀਂ ਵੇਖਿਆ
------------------------------------------------------------------------------------------------------------


ਕਦੋਂ ਲਿੱਬੜੇ ਪੋਤੜੇ ਤੇ ਕਦੋਂ ਚੜ੍ਹੀ ਜਵਾਨੀ
ਤੇ ਕਦੋ ਦਾਹੜੀ ਵਿੱਚ ਚਿੱਟੇ ਆਉਣ ਲੱਗੇ
ਲਾਲੀ ਗਵਾਚ ਗਈ ਝੁਰੜੀਆਂ ਹੇਠ ਆਕੇ
ਭਾਰੇ ਭਰਵੱਟੇ ਵੀ ਉਮਰ ਦਰਸਾਉਣ ਲੱਗੇ
ਸ਼ੀਸ਼ਾ ਐਨਕ ਦਾ ਹੁੰਦਾ ਗਿਆ ਹੋਰ ਮੋਟਾ
"ਮੱਤ ਮਰਗੀ" ਕਹਿ ਖਿੱਲੀ ਉਡਾਉਣ ਲੱਗੇ
ਕੱਲ੍ਹ ਝੋਲੀ 'ਚ ਪੈ ਸੀ ਅਸੀਂ ਦੁੱਧ ਚੁੰਘਿਆ
ਅੱਜ ਲੋਕੀਂ "ਬਾਬਾ" ਆਖ ਬੁਲਾਉਣ ਲੱਗੇ
ਦੇ ਮੋਢਾ ਸਿਵਿਆਂ ਤੀਕਰ ਫੇਰ ਛੱਡ ਆਏ
ਤੇ ਦਿਨ ਦਸਮੇਂ ਖੀਰ ਵਰਤਾਉਣ ਲੱਗੇ
ਬੁੜ੍ਹਾ ਮਰ ਗਿਆ ਤਰਸਦਾ ਪਾਣੀ ਨੂੰ
ਤੇ ਮੁੰਡੇ ਭੋਗ ਤੇ ਜਲੇਬ ਪਕਾਉਣ ਲੱਗੇ....ਘੁੱਦਾ
------------------------------------------------------------------------------------------------------------

ਕੇਰਾਂ ਜੇ ਇੱਕ ਖਾਸਾ ਕੈਮ ਪੰਜਾਬੀ ਗੀਤ ਆਇਆ ਸੀ
"ਸ਼ੇਰਾ ਜਿਹੇ ਪੁੱਤ ਸੀ ਜਲਾਤੇ ਜਦੋਂ ਮਾਵਾਂ ਦੇ ਤੂੰ ਓਦੋਂ ਰੱਬਾ ਕਿੱਥੇ ਸੀ"
ਮਲਬ ਬੀ ਐਂਰਕੀ ਸਿੱਧਾ ਰੱਬ ਦਾ ਗਲਮਾਂ ਫੜ ਲਿਆ ਹਾਂ ਬਾਈ ਹੁਣ ਕੀ ਧਾਰ ਕਢਾਉਣੀ ਆ ਤੈਥੋਂ ਜਦੋਂ ਡਰੈਗਟ ਘਰੋਂ ਕੱਢ ਕੱਢ ਸ਼ਰੇਆਮ ਮਾਵਾਂ ਸਾਹਮਣੇ ਜਵਾਨ ਪੁੱਤ ਮਾਰੇ ਸੀ ਓਦੋਂ ਕੀ ਤੂੰ ਨਾਨਕੀਸ਼ੱਕ ਭਰਨ ਗਿਆ ਸੀ?
ਗੱਲ ਵੀ ਠੀਕ ਆ, ਰੱਬ ਰੁੱਬ ਦੇ ਵੱਸ ਕੁਸ ਨੀਂ ਰਿਹਾ ਹੁਣ।
ਜੇਹੜੇ ਪਾਇਲਟ ਨੇ ਜਪਾਨ ਦੇ ਸ਼ਹਿਰਾਂ ਨਾਗਾਸਾਕੀ ਤੇ ਹੀਰੋਸ਼ੀਮਾ ਤੇ ਪਰਮਾਣੂ ਬੰਬ ਸਿੱਟੇ ਸੀ ਕੇਰਾਂ ਜੇ ਉਹ ਬੰਦੇ ਦੇ ਲਿਖੇ ਲੇਖ ਛਪੇ ਸੀ।
ਕਹਿੰਦਾ ਮੈਂ ਜ਼ਹਾਜ਼ ਲੈਕੇ ਏਹਨਾਂ ਸ਼ਹਿਰਾਂ ਤੇ ਉੱਡਦਾ ਰਿਹਾ, ਮੈਨੂੰ ਵਾਰੀ ਵਾਰੀ ਕੰਟਰੋਲ ਰੂਮ ਤੋਂ ਹੁਕਮ ਹੁੰਦੇ ਰਹੇ ਬੀ ਬੰਬ ਸਿੱਟਦੇ ਪਰਧਾਨ।
ਕਹਿੰਦਾ ਮੇਰਾ ਚਿੱਤ ਨੀਂ ਕਰਦਾ ਸੀ ਬੰਬ ਸਿੱਟਣ ਨੂੰ, ਮੈਂ ਜਾਣਕੇ ਵੱਧ ਟੈਮ ਲਾਈ ਜਾਂਦਾ ਸੀ ਬੀ ਖੌਣੀ ਕੰਟਰੋਲ ਰੂਮ ਆਪਣਾ ਇਰਾਦਾ ਬਦਲ ਲਏ।
ਪਰ ਕਹਿੰਦਾ ਮੈਂ ਵੀ ਤਨਖਾਹੀਆ ਸੀ ਸਰਕਾਰ ਦਾ ਹਾਣੀਸਾਰ ਨੂੰ ਕਹਿੰਦਾ ਮੈਂ ਬੱਦਲਾਂ ਦੀ ਚੀਥ ਵਿੱਚਦੀ ਸ਼ਹਿਰ ਵੇਖਿਆ ਤੇ ਬੜਾ ਕਰੜਾ ਜ਼ੇਰਾ ਕਰਕੇ ਵਾਰੀ ਵਾਰੀ ਬੰਬ ਸਿੱਟਤੇ। ਬਸ ਮੈਨੂੰ ਧੂੰਏਂ ਦਾ ਉੱਡਦਾ ਵੱਡਾ ਗੋਲਾ ਦਿੱਸਿਆ ਤੇ ਮੈਂ ਆਵਦੇ ਦੇਸ਼ ਵਾਪਸ ਉੱਡ ਗਿਆ।
ਹੁਣ ਉੱਥੇ ਦੱਸੋ ਰੱਬ ਕੀ ਮੋਂਦਾ ਲਾ ਦੇਂਦਾ।
ਓਦੋਂ ਲੱਖਾਂ ਬਿਨ੍ਹਾਂ ਕਸੂਰੋਂ ਮਾਰਤੇ ਤੇ ਕਰੋੜਾਂ ਅਣਜੰਮਿਆ ਦਾ ਭਵਿੱਖ ਯੱਬ ਕੇ ਰੱਖਤਾ।
ਅਸਲ 'ਚ ਜਿੰਨੀ ਦੁਨੀਆਂ ਤੇ ਤਰਥੱਲੀ ਮੱਚਦੀ ਆ ਏਹਦਾ ਕਾਰਨ ਈ ਰੱਬ ਆ।
ਜਦੋਂ ਐਹੋ ਜੀਆਂ ਤਬਾਹੀਆਂ ਮੱਚਦੀਆਂ ਰੱਬ ਕੰਨਾਂ 'ਚ ਹੈੱਡਫੂਨ ਲਾਕੇ ਬੰਬਲਾਂ ਆਲਾ ਖੇਸ ਤਾਣ ਕੇ ਏਹ ਕਹਿਕੇ ਸੌਂ ਜਾਂਦਾ
"ਭੈਣ ਮਰਾਵੇ ਜੰਤਾ"....ਘੁੱਦਾ
------------------------------------------------------------------------------------------------------------

ਪਹਿਲੋ ਪਹਿਲ ਸਕੂਲਾਂ 'ਚ ਕੁਇਜ਼ ਮੁਕਾਬਲੇ ਜੇ ਬਾਹਲੇ ਹੋਇਆ ਕਰਨ
ਹੁਣ ਤਾਂ ਖੈਰ ਰਵਾਜ਼ ਜਾ ਹੱਟਦਾ ਜਾਂਦਾ ਏਹੇ
ਨਿੱਕਾ ਗਰਨੈਬ ਓਦੋਂ ਬੱਲੂਆਣੇ ਦਿੱਲੀ ਮੀਡੀਅਮ ਆਲੇ ਸਕੂਲ 'ਚ ਪੜ੍ਹਿਆ ਕਰੇ
ਬਠਿੰਡੇ ਗੁਰੂ ਨਾਨਕ ਸਕੂਲ 'ਚ ਆਹੀ ਮੁਕਾਬਲਾ ਕਰਾਤਾ ਮੁਲਖ ਦਾ।
ਬੱਲੂਆਣੇ ਸਕੂਲ ਆਲੇ ਨਿੱਕੇ ਨੂੰ ਲੈਗੇ ਬੀ ਪੜ੍ਹਾਈ 'ਚ ਤਾਂ ਖੈਸਰਲਾ ਈ ਆ ਪਰ ਦੁਨੀਆਦਾਰੀ ਦੀਆਂ ਗੱਲਾਂ 'ਚ ਤੇਜ਼ ਆ ਲਿੱਬੜਿਆ ਜਾ।
ਹੋਰ ਸਕੂਲਾਂ ਦੇ ਨਾਹਤੇ ਧੋਤੇ ਜਵਾਕ, ਟਾਈਆਂ ਟੂਈਆਂ, ਜੇਬਾਂ 'ਚ ਰਮਾਲ ਬੁਰੇ ਹਾਲ ਬਾਹਲੇ ਸੋਹਣੇ ਲੱਗਣ ਜਰ
ਏਹਦੇ ਲੀਲੀ ਜੀ ਬੁਲਸ਼ਟ , ਸੈਂਡਲਾਂ ਹੇਠ ਦੀ ਦੋ ਭਾਂਤੀਆਂ ਜਰਾਬਾਂ, ਜੂੜੇ ਤੇ ਰਮਾਲ ਭਰਾਵਾ , ਜੂੜਾ ਘੁੱਟ ਕੇ ਕਰਿਆ ਸੀ ਰੁਮਾਲ ਇੱਚਦੀ ਤੇਲ ਸਿੰਮੀ ਜਾਵੇ
ਏ, ਬੀ ਟੀਮਾਂ ਬਣਾਤੀਆਂ , ਪੈਲੇ ਪਾਸੇ ਏਹਨੂੰ ਬਾਹਤਾ ਡੈੱਸਕ ਜੇ ਤੇ ਮੈਕ 'ਚ ਬੋਲਤਾ ਬੀ ਗਰਨੈਬ ਸਿੰਘ "ਸੀ" ਟੀਮ ਮੇਂ ਹੈ।
ਪਹਿਲਾ ਸਵਾਲ ਈ ਕਰਤਾ ਅਗਲਿਆਂ ਨੇ ਕਹਿੰਦੇ "ਖੁਸ਼ਕੁਸ਼ੀ" ਕੀ ਹੁੰਦੀ ਆ?
ਏ., ਬੀ ਟੀਮਾਂ ਆਲ਼ੇ ਮੈਥ ਕਮੈਸਟਰੀਆਂ ਆਲ਼ੇ ਜਵਾਕ ਚੁੱਪ ਬੀ ਆਹਕੀ
ਏਹਦੇ 'ਚ ਸਮਾਜਕ ਸਿੱਖਿਆ ਕੁੱਟ ਕੁੱਟ ਕੇ ਭਰੀ ਵਈ ਸੀ । ਪਹਿਲਾਂ ਈ ਬੋਲ ਪਿਆ ਕਹਿੰਦਾ ਮੈਂ ਦੱਸਦਾਂ ਜੀ।
ਹਿੰਦੀ ਜੇ ਆਲੇ ਮਾਸਟਰ ਕਰਨ ,"ਬੱਚੇ ਕਾ ਕੌਨਫੀਡੈਂਸ ਤੋ ਦੇਖੋ ਕਮਾਲ ਕਾ ਹੈ"
ਮੈਕ ਫੜ੍ਹਾਤਾ ਏਹਨੂੰ ਕਹਿੰਦੇ "ਬੋਲੀਏ ਬੇਟਾ"
ਚੱਲ ਪਿਆ ਭਰਾਵਾ ਏਹਤਾ , ਕਹਿੰਦਾ " ਜੀ ਖੁਦਕੁਸ਼ੀ ਬੁਜ਼ਦਿਲੋਂ ਕਾ ਕਾਮ ਹੈ, ਘਟੀਆ ਕਿਸਮ ਕੇ ਲੋਗ ਖੁਦਕੁਸ਼ੀ ਕਰਤੇ ਹੈਂ, ਇਸਸੇ ਆਰਥਿਕ ਔਰ ਮਾਨਸਿਕ ਨੁਕਸਾਨ ਹੋਤਾ ਹੈ, ਸਮਾਜ ਮੇਂ ਨਾਕ ਕਟ ਜਾਤੀ ਹੈ,
ਮੁੜਕੇ ਕਹਿੰਦਾ , "ਖੁਦਕੁਸ਼ੀ ਸੇ ਤੋ ਬਿਹਤਰ ਹੈ ਆਦਮੀ ਆਤਮ-ਹੱਤਿਆ ਹੀ ਕਰਲੇ"
ਸਣੇ ਜੱਜ ਜੁੱਜ ਬੱਖੀਆਂ ਫੜ੍ਹਕੇ ਲਿਟਦੇ ਫਿਰਨ,
ਮਾਸਟਰ ਨੇ ਬੋਕ ਅੰਗੂ ਢਾਹ ਲਿਆ ਕਹਿੰਦਾ ਭੈਣਦੇ ਜਰਨਲ ਨੌਲਜਾਂ ਈ ਯਾਹਵੇ



------------------------------------------------------------------------------------------------------------


ਦੇਬੀ ਅਰਗੇ ਸਿਰਾ ਬੰਦੇ ਵੀ ਗਲਤ ਸਿੱਧ ਕਰਤੇ
ਧਰਮਪ੍ਰੀਤ ਤੇ ਦਵੇਂਦਰ ਕੋਹੇਨੂਰ ਅਰਗਿਆ ਨੇ ਬਹੁਤ ਸੈਡ ਰਕਾਟ ਗਾਤੇ
ਵਿਆਹੀਆਂ ਵਰੀਆਂ ਕੁੜੀਆਂ ਨੂੰ ਗੀਤਾਂ ਰਾਹੀ ਲਾਂਮੇ ਦੇ ਦੇ ਮਾਰਤਾ
ਜਾਂ ਕੈਂਹਦੇ ਸੀ ਬੀ ਜਦੋਂ ਦੀ ਤੂੰ ਛੱਡਗੀ ਬੋਤਲ ਨਾ ਯਾਰੀ ਲਾਗੀ
ਤੇਰੀ ਯਾਦ ਆਉਂਦੀ ਆਂ,ਤਾਰੇ ਗਿਣੀਦੇ ਆ ਫਲ਼ਾਣ ਧਿਔਂਕ
ਮਖਾ ਜੰਤਾ ਦੇ ਧਰਨ ਪਾਤੀ ਸੈਡ ਸੌਂਗ ਗਾ ਗਾ ਕੇ

ਇੱਕ ਨਮਾਂ ਗੈਕਾਰ ਉੱਠਿਆ ਕੱਲ੍ਹ ਈ ਸੁਣਿਆ ਗੀਤ
ਕਹਿੰਦਾ
"ਸੱਚ ਜਾਣੀ ਆਗਿਆ ਸਵਾਦ ਨੀਂ ਸਾਨੂੰ ਤੈਥੋਂ ਸੋਹਣੀ ਹੋਰ ਲੱਭ ਗਈ
ਤੇਰੀ ਨਹੀਓਂ ਔਦੀਂ ਭੋਰਾ ਯਾਦ ਤੈਥੋਂ ਸੋਹਣੀ ਹੋਰ ਲ਼ੱਭਗੀ"
ਜਮੀਂ ਸੀਰੀਅਸ ਨੀਂ ਲਿਆ ਪਤੰਦਰ ਨੇ ਕਹਿੰਦਾ ਹਿੱਕ ਤੇ ਤੱਕਲਾ ਗੱਡਤਾ ਕੈਂਹਦਾ ਨਮੀਂ ਤਾਂ ਤੈਥੋਂ ਵੀ ਕੈਮ ਆ
ਪੱਟੂ ਨੇ ਸਿਰਾ ਈ ਲਾਤਾ...ਘੁੱਦਾ
------------------------------------------------------------------------------------------------------------

ਹੁਣ ਤਾਂ ਖੈਰ ਗੱਲਾਂ ਆਉਣ ਲਾਗੀਆਂ ਏਹਨੂੰ
ਨਿੱਕੇ ਗਰਨੈਬ ਦੀ ਗੱਲ ਆ ਭਰਾਵਾ। ਛੋਟਾ ਜਾ ਹੁੰਦਾ ਸੀ ਏਹੇ ।
ਏਹਨੂੰ ਭਰਾਵਾ ਟੈਮਪੀਸ ਤੋਂ ਟੈਮ ਨਾ ਦੇਖਣਾ ਆਇਆ ਕਰੇ।
ਤਾਏ ਅਰਗੇ ਜਾਣਕੇ ਠਿੱਠ ਕਰਿਆ ਕਰਨ ਏਹਨੂੰ । ਜਦੋਂ ਬਾਹਰ ਅੰਦਰ ਕੰਮ ਕਰਦੇ ਹੁੰਦੇ ਤਾਂ ਏਹਨੂੰ
ਆਖਿਆ ਕਰਨ ਜਾ ਨਿੱਕਿਆ ਭੱਜਕੇ ਟੈਮ ਵੇਖ ਕੇ ਆ।
ਇਹ ਆਕੇ ਤਾਏ ਅਰਗਿਆਂ ਨੂੰ ਟੈਮ ਐਸ ਲੋਟ ਦੱਸਿਆ ਕਰੇ
"ਤਾਇਆ ਬੱਡੀ ਸੂਈ ਪਾਂਜੇ ਤੇ ਛੀਕੇ ਦੇ ਵਚਾਲੇ ਆ ਤੇ ਨਿੱਕੀ ਦੂਏ ਤੇ"..ਘੁੱਦਾ
------------------------------------------------------------------------------------------------------------

ਦੂਧ ਕੀ ਅਨਰਜ਼ੀ ਔਰ ਗੇਹੂੰ ਕੇ ਤੱਤੋਂ ਸੇ
ਭਰਭੂਰ ਪਾਂਚ ਰੁਪਏ ਕਾ ਛੋਟਾ ਪਾਰਲੇ ਜੀ
ਦੁਨੀਆਂ ਕਾ ਸਬਸੇ ਜਿਆਦਾ ਬਿਕਨੇ ਵਾਲਾ ਬਿਸਕਿਟ

ਟਾਹਲੀ ਦੇ ਦਸਤੇ ਆਲੀ ਕਹੀ ਕੰਧੋਲੀ ਕੋਲ ਰੱਖ
ਕੌਲੇ ਨਾ ਮਾਰਕੇ
ਜੋੜਿਆਂ 'ਚੋਂ ਤੂੜੀ ਝਾੜਦਾ
ਸਿਰੋਂ ਮੂਕਾ ਲਾਹ ਹੱਥ ਮੂੰਹ ਪੂੰਝ
ਸੱਤ ਰੋਟੀਆਂ ਨੂੰ ਗਪਲ ਗਪਲ ਚਿੱਥ ਕੇ
ਮੁੱਛਾਂ ਆਲੀ ਪੋਣੀ ਨਾ ਪੁਣ
ਦੁੱਧ ਦਾ ਕੌਲਾ ਸੜ੍ਹਾਕ ਕੇ
ਦੂਧ ਔਰ ਗੇਹੂੰ ਕੀ ਧੀ ਭੈਣ ਇੱਕ ਕਰਕੇ
ਮੁਸ਼ਕਰੀਏ ਹੱਸਦਾ
"ਮੱਘਰ ਸਿਹੁੰ" ਮਸ਼ਹੂਰੀ ਕਰਤਾ ਨੂੰ ਏਹ ਕਹਿਕੇ ਸੰਬੋਧਨ ਕਰਦਾ
"ਭੈਣ ਦੇ ਅਨਰਜ਼ੀਆਂ ਈ ਯਹਾਵੇ"...ਘੁੱਦਾ
------------------------------------------------------------------------------------------------------------

ਚੱਲ ਆਪਾਂ ਨੂੰ ਕੀਆ ਅਗਲੀਆਂ ਦੀ ਪਰਾਈਵੇਟ ਲਾਈਫ ਆ।
ਪਰ ਗੱਲ ਕਰੇ ਬਿਨਾਂ ਰਿਹਾ ਨੀਂ ਜਾਂਦਾ ।
ਆਪਣੇ ਆਲੀ ਜੰਤਾ ਆਖੂ ਕੁੜੀਆਂ ਨੂੰ ਬਰਾਬਰ ਦੇ ਹੱਕ ਦੇਤੇ।
ਪਰ ਕੁੜੀ ਦੇ ਜਾਰ ਦਾ ਕਿਸੇ ਕੁੜੀ ਨੂੰ ਫੇਹਬੁੱਕ ਤੇ ਫੋਟੂ ਪਾਉਣ ਦਾ ਹੱਕ ਤਾਂ ਦਿੱਤਾ ਨੀਂ ਹੋਰ ਕੀ ਯੱਕਾ ਧੱਕਣਾ। ਦੇਖਿਆ ਵਚਾਰੀਆਂ ਨਿੱਕੀਆਂ ਮੂੰਹ ਜਾ ਆਸੇ ਪਾਸੇ ਕਰਕੇ ਟੇਢੀ ਜੀ ਫੋਟੋ ਪਾਉਦੀਆਂ ਬੀ ਭੈਣ ਦਾ ਬੀਰ ਕੋਈ ਵੈਵਤ ਨਾ ਕਰਜੇ।
ਨਿਹਾਇਤੀ ਘਟੀਆ ਬੰਦਾ ਕੁੜੀ ਕੱਤਰੀ ਦੀ ਫੋਟੋ ਤੇ ਆਹ ਕਮੈਂਟ ਕਰੂ
"ਲੁਕਿੰਗ ਹੌਟ" "ਮੁਆਆਆ" ਜਾਂ ਹੋਰ ਕੁਸ ਲਿਖਿਆ ਵਾ ਹੁੰਦਾ।
ਹਰਾਨੀ ਹੁੰਦੀ ਆ ਕਈ ਕੁੜੀਆਂ ਏਹੇ ਜੇ ਕਮੈਂਟ ਲਾਈਕ ਕਰਕੇ ਥੈਕਯੂ ਵੀ ਕਰਦੀਆਂ।
ਆਹਾ ਉੱਚੀ ਅੱਡੀ ਆਲ਼ੇ ਸੈਡਲ ਜੇ ਕੱਲੇ ਕੱਦ ਵਧਾਉਣ ਖਾਤਰ ਈ ਕਾਹਨੂੰ ਪਾਏ ਆ , ਮਾਰ ਮਾਰ ਕੇ ਸਿਰ 'ਚ ਮੋਰੀਆਂ ਕਰਦਿਆ ਕਰੋ ਏਹੇ ਜਿਆਂ ਦੇ..ਕੀ ਧਾਰ ਕਢਾਉਣੀ ਆ ਏਹਨਾਂ ਤੋਂ
ਬਾਕੀ ਆਪਾਂ ਥੋਡੇ ਨਾਲ ਈ ਆਂ ....ਘੁੱਦਾ
------------------------------------------------------------------------------------------------------------

ਕਹਿੰਦੇ ਭਾਖੜਾ ਡੈਮ ਦਾ ਪ੍ਰੋਜੈਕਟ ਕੰਮਪਲੀਟ ਹੋਇਆ ਸੀ। ਨਹਿਰੂ ਅਰਗੇ ਉਦਘਾਟਨ ਤੇ ਆਏ ਵਏ ਸੀ ਸਾਰੇ।
ਉਦਘਾਟਨ ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਾ ਸੀ। ਬਹੁਤ ਕਲਾਕਾਰ ਪਹੁੰਚੇ ਪਰਫੋਰਮੈਂਸ ਦੇਣ ਖਾਤਰ।
ਨਾਟਕਕਾਰ ਗੁਰਸ਼ਰਨ ਹੋਣੀ ਵੀ ਬਤੌਰ ਇੰਜਨੀਅਰ ਉੱਥੇ ਮੌਜੂਦ ਸੀ।
ਏਹਨਾਂ ਨੇ ਵੱਡੇ ਅਫਸਰ ਨੂੰ ਕਿਹਾ ਬੀ ਆਪਾਂ ਜਿਹੜਾ ਪ੍ਰੋਗਰਾਮ ਪੇਸ਼ ਕਰਨਾ ਪਹਿਲਾਂ ਆਹ ਦਿਹਾੜੀਦਾਰ ਮਜ਼ਦੂਰਾਂ ਨੂੰ ਦਿਖਾਈਏ ਜੇਹਨਾਂ ਨੇ ਡਰੈਗਟ ਮਿਹਨਤ ਕਰੀ ਆ ਹੱਥੀਂ।
ਮੁਸ਼ਕਰੀਏਂ ਹੱਸਕੇ ਅਪਸਰ ਕਹਿੰਦਾ ਏਹਨਾਂ ਨੂੰ ਬੜੀ ਸੂੰਹ ਆ ਕਲਾ ਦੀ । ਰਹਿਣਦੇ ਜਰ ।
ਉਦਘਾਟਨ ਤੋਂ ਅਗਲੇ ਦਿਨ ਗੁਰਸ਼ਰਨ ਹੋਣਾਂ ਨੇ ਬੇਨਤੀ ਕਰਕੇ ਸਾਰੇ ਕਲਾਕਾਰਾਂ ਨੂੰ ਇੱਕ ਦਿਨ ਖਾਤਰ ਰੋਕ ਲਿਆ ਤੇ ਅਗਲੇ ਦਿਨ ਮਜ਼ਦੂਰਾਂ ਖਾਤਰ ਪ੍ਰੋਗਰਾਮ ਪੇਸ਼ ਕਰਿਆ। ਜਦੋਂ ਪ੍ਰੋਗਰਾਮ ਮੁੱਕਿਆ ਤਾਂ ਪੰਡਾਲ 'ਚੋ ਫੰਡ ਕੱਠਾ ਕਰਨ ਖਾਤਰ ਝੋਲੀ ਘੁਮਾਈ ਗਈ ਤਾਂ 1958 'ਚ ਵੀ 1117 ਰੁਪਏ 'ਕੱਠੇ ਹੋਗੇ ਸੀ।
ਮੁੜਕੇ ਅਫਸਰ ਨੂੰ ਜਾਕੇ ਦੱਸਿਆ ਬੀ ਕਲਾ ਦੇ ਅਸਲੀ ਪਾਰਖੂ ਏਹੀ ਨੇ। ਅਫਸਰ ਦੀ ਦੰਦਾਂ ਹੇਠ ਜੀਭ ਆਗੀ ਬੀ ਆਹ ਲਿੱਬੜੇ ਜੇ ਵੀ ਕਲਾ ਬਾਰੇ ਜਾਣਦੇ ਆ

੨... ਪਹਿਲੋਂ ਆਪਣੇ ਪੜ੍ਹਾਈ ਦੇ ਸਰਟੀਫਿਕੇਟਾਂ ਤੇ ਜਵਾਕ ਦੇ ਨੌਂ ਦੇ ਨਾਲ ਸਿਰਫ ਪਿਓ ਦਾ ਨਾਂ ਈ ਲਿਖਿਆ ਜਾਂਦਾ ਸੀ।
ਮੁੜਕੇ ਗੁਰਸ਼ਰਨ ਹੋਣਾਂ ਨੇ ਆਹਾ ਮੁੱਦਾ ਚੱਕਿਆ ਸੀ ਬੀ ਪਿਓ ਕੱਲਾ ਨੀਂ ਜਵਾਕ ਬਣਾਉਂਦਾ।
ਮੰਜੇ ਤੇ ਪੈਕੇ ਜਣੇਪੇ ਦੀਆਂ ਪੀੜਾਂ ਨਾ ਕਿੱਲਕੇ ਮੰਜੇ ਦੀਆਂ ਬਾਹੀਆਂ ਘੁੱਟਕੇ ਫੜ੍ਹਨ ਆਲ਼ੀ ਮਾਂ ਦਾ ਨੌਂ ਵੀ ਸਰਟੀਫਿਕੇਟਾਂ ਤੇ ਲਿਖਣਾ ਲਾਜ਼ਮੀ ਕਰਿਆ ਜਾਵੇ।
ਜੇ ਅੱਜ ਸਰਟੀਫਿਕੇਟਾਂ ਤੇ ਮਾਤਾ ਦਾ ਨੌਂ ਜਵਾਕ ਦੇ ਨਾਲ ਲਿਖਿਆ ਜਾਂਦਾ ਤਾਂ ਏਹੇ ਬਜ਼ੁਰਗ ਗੁਰਸ਼ਰਨ ਸਿੰਘ ਹੋਣਾਂ ਦੀ ਦੇਣ ਆ
ਉਹ ਬਾਬਿਆਂ ਦੀਆਂ ਗੱਲਾਂ ਏਹੇ ਜੇਹੜੇ ਬੁੱਢੇ ਹੋਕੇ ਵੀ ਕਦੇ ਬੁੱਢੇ ਨਹੀਂ ਹੋਏ ਤੇ ਮਰਕੇ ਵੀ ਕਦੇ ਮਰੇ ਨਹੀਂ...ਘੁੱਦਾ
------------------------------------------------------------------------------------------------------------







myntra.com India's largest online fashion stock

i like that's one
ਓਕੇ mam ਆਪਕੇ ਘਰ ਪਹੁੰਚ ਜਾਏਗਾ
ਪਰ ਪੈਸੇ ?
ਡਲਿਵਰੀ ਕੇ ਬਾਅਦ
ਔਰ ਟਰਾਇਲ?
ਘਰ ਪੇ, ਔਰ ਅਗਰ ਪਸੰਦ ਨਹੀਂ ਆਇਆ ਤੋ ਆਪ ਵਾਪਸ ਕਰ ਸਕਤੇ ਹੈਂ
ਓਏ ਰੀਅਲ ਲਾਈਫ ਮੇਂ ਐਸਾ ਹੋਤਾ ਹੈ?
ਨਾਨਾਨਾ
ਸਰ ਆਪਣਾ ਐੱਡਰੈੱਸ ਲਿਖਵਾ ਦੀਜੀਏ

ਪਿੰਡ ਤੇ ਡਾਕ- ਘੁੱਦਾ
ਜਿਲ੍ਹਾ ਵਾ ਤਹਿ- ਬਠਿੰਡਾ,
ਬਲਾਕ ਤੇ ਥਾਣਾ - ਸੰਗਤ ਮੰਡੀ
ਬਠਿੰਡਿਓਂ ਲਹਿੰਦੇ ਬੰਨੀਂ ਨੂੰ ਬੀਹ ਕੁ ਕਿਲੋਮੀਟਰ ਦੂਰ,
ਡੀ.ਟੀ ਰੋਡ ਤੋਂ ਡੂਢ ਕੁ ਕਿੱਲਾ ਹਟਮਾਂ , ਬਾਬੇ ਘੁੱਦੇ ਦੀ ਸਮਾਧ ਕੋਲੇ ਛੱਪੜ ਦੇ ਜਮਾਂ ਨਾਲ ਲਗਦਾ
ਫਿਰਨੀਂ ਤੋਂ ਈ ਦੀਂਹਦਾ ਘਰ
ਕੁੱਤਾ ਬੰਨ੍ਹਿਆ ਹੁੰਦਾ ਜੀ ਫਿਕਰ ਮਤ ਕਰਨਾ

ਸੌਰੀ ਸਰ ਏਸ ਮਾਮਲੇ ਮੇਂ myntra.com ਕੇ ਹਾਥ ਖੜ੍ਹੇ ਹੈਂ
------------------------------------------------------------------------------------------------------------
ਵਿਛੜਨ ਆਲਾ ਆਖਰੀ ਸਮਾਂ, ਮਿਲਣ ਦਾ ਵੀ ਸਮਾਂ ਹੁੰਦਾ
------------------------------------------------------------------------------------------------------------

ਦੁਬਈ 'ਚ ਬੁਰਜ਼ ਟੈਮ ਬਿਲਡਿੰਗ ਬਣੀ ਆ ਐਨੀ ਕ ਉੱਚੀ ਦੱਸਦੇ ਆ ਬੀ ਕਹਿੰਦੇ ਜਮਾਂ ਟੀਸੀ ਲਾਤੀ।
ਮੁੱਕਦੀ ਗੱਲ ਉੱਤਲੀ ਹਵਾ ਤੀਕ ਬਣਾਈ ਆ ।
ਇੱਕ ਪੁਲ ਜਾ ਬਣਾਇਆ ਕਹਿੰਦੇ ਸਮੁੰਦਰ ਓਤੋਂ ਦੀ ਛੱਤੀ ਕਿਲੋਮੀਟਰ ਲੰਮਾ , ਪਤਾ ਨੀਂ ਸਮੂੰਦਰ ਇੱਚਦੀ ਪਿਲਰ ਕਿਮੇਂ ਕੱਢੇ ਹੋਣਗੇ।
ਸੁਨੀਤਾ ਵਿਲੀਅਮਜ਼ ਨੇ ਚੰਨ ਨੂੰ ਈ ਰੋਜ਼ ਗਾਰਡਨ ਬਣਾਤਾ , ਸੈਰਾਂ ਕਰੀ ਜਾਂਦੀ ਆ ਅਗਲੀ।
ਸੱਤ ਸੱਤ ਸੌ ਤੀਕ ਜਾਕੇ ਬੰਦੇਮਾਰ ਮਜ਼ੈਲਾਂ ਬਣਾਤੀਆਂ ਸੈਂਸ ਨੇ। ਜਦੋਂ ਆਪਾਂ ਪੜ੍ਹਦੇ ਸੀ ਓਦੋਂ ਨੌਂ ਗ੍ਰਹਿ ਹੁੰਦੇ ਸੀ , ਹੁਣ ਨੌਂ ਤੋਂ ਵੱਧ

ਗੇ ਹੋਰ ਲੱਭਗੇ ਵਿਗਿਆਨੀਆਂ ਨੂੰ।
ਤੇ ਏਧਰ ਆਪਣੇ ਆਲੀ ਜੰਤਾ ਨਿੱਤ ਨਮੀਂ ਗੱਲ ਸੁਨਣ ਨੂੰ ਮਿਲਦੀ ਆ ਕੇਰਾਂ ਜੇ ਅਫਵਾਹ ਉੱਡੀ ਸੀ ਤੇ ਨਾਨਕੇ ਆਵਦੇ
ਦੋਹਤਿਆਂ ਨੂੰ ਨਾਲੇ ਤਾਂ ਦੁੱਧ ਪਿਆ ਕੇ ਆਇਆ ਕਰਨ ਨਾਲੇ ਤੋਲ਼ੀਏ ਦੇਕੇ ਆਇਆ ਕਰਨ। ਓਦੋਂ ਪਹਿਲਾਂ ਕੇਰਾਂ ਗੱਲ ਓੱਡੀ ਸੀ ਤੇ ਲੋਕੀਂ ਘਰਾਂ ਮੂਹਰੇ ਕਾਲੇ ਰੰਗ ਨਾ ਲਬੇੜਕੇ ਪੰਜੇ ਲਾਉਂਦੇ ਹੁੰਦੇ ਸੀ।
ਹੁਣ ਇੱਕਮੀਂ ਸਦੀ 'ਚ ਏਥੇ ਫੇਰ ਖਬਰ ਓੱਡੀ ਆ ਸਾਡੇ ਬੰਨੀਂ ਕਿਸੇ ਨੇ ਖਬਰ 'ਡਾਈ ਆ ਅਖੇ ਕਿਸੇ ਬੁੜ੍ਹੇ ਦਾ ਸਸਕਾਰ ਹੋਈ ਜਾਂਦਾ ਸੀ ਤੇ ਅੱਧ ਵਿਚਾਲਿਓਂ ਬੁੜ੍ਹਾ ਓੱਠ ਖੜ੍ਹਿਆ । ਜੇ ਉਹ ਬੁੜ੍ਹੇ ਤੋਂ ਬਚਣਾ ਫੇਰ ਘਰਾਂ ਮੂਹਰੇ ਨਿੰਮ ਬੰਨੋ ਸਾਰੇ ਜਣੇ ।
ਸਿਰਾ ਲਾਤਾ ਜੰਤਾ ਨੇ ਨਿੰਮ ਬੰਨ੍ਹੀ ਬੈਠੇ ਆ ...ਕਰੋ ਤਰੱਕੀਆਂ ..ਵਧੋ ਫੁੱਲੋ .....
-------------------------------------------------------------------------------------------------------------
 (ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਆਪਣੇ ਆਲੀ ਜੰਤਾ ਦੇ ਕੁਛ ਖਾਸ ਲੱਛਣ
--ਜੇ ਕਿਸੇ ਦੇ ਸੁਰਮਾ ਪਾਇਆ ਵਾ ਹੋਵੇ ਤਾਂ ਘੜਿਆ ਘੜਾਇਆ ਵਰ੍ਹਿਆ ਪੁਰਾਣਾ ਕਮੈਂਟ
"ਹੱਟ ਪਿੱਛੇ ਪਰਧਾਨ ਅੱਜ ਤਾਂ ਫਿਰ ਬਾਰ 'ਚ ਸੁਰਮੇ ਦਾ ਟਰੱਕ ਪਲਟ ਗਿਆ ਹੈਂ"
----ਜੇ ਕਿਸੇ ਚੀਜ਼ ਦੀ ਓਚਾਈ ਦੀ ਸਿਫਤ ਕਰਨੀ ਹੋਵੇ ਤਾਂ ਇਓਂ ਕਰਦੇ ਆ
"ਹੈਂ ਬਈ ਮੱਘਰਾ ਅੱਜ ਭਰਾਵਾ ਸ਼ੈਹਰ ਟੀਬੀ ਟਾਬਰ ਵੇਖਿਆ ਜਰ ਜਾਣੀਦੀ ਬਾਹਲਾ ਉੱਚਾ ਸੀ ਜਰ ਬਸ ਐਂ ਸਮਝਲਾ ਬੀ ਟਾਬਰ ਦੇਂਹਦਿਆਂ ਪੱਗ ਡਿੱਗਦੀ ਸੀ"
----ਜੇ ਕਿਤੇ ਖੇ

ਤ ਪਾਣੀ ਪੂਣੀ ਲਾਉਂਦਿਆਂ ਨੂੰ ਸੱਪ ਟੱਕਰਜੇ ਥਾਂਏ ਬੜ੍ਹਕਾ ਦੇਂਦੇ ਆ ਫਿਰ ਘਰੇ ਆਕੇ ਸੱਪ ਦੀ ਲੰਬਾਈ ਦੀ ਪ੍ਰਸੰਸਾ ਇਓਂ ਕਰਦੇ ਆ
"ਬੱਲੇ ਬੱਲੇ ਸੱਪ ਸੀ ਭਰਾਵਾ ਮਸਾਂ ਮਾਰਿਆ ਜਰ ਮੈਨੂੰ ਦੀਂਹਦੀ ਡਾਂਗ ਜਿੱਡਾ ਹੋਉ"
ਹੁਣ ਆਹਾ ਡਾਂਗ ਆਲਾ ਪਤਾ ਨੀਂ ਕੇਹੜਾ ਮੀਟਰ ਆ, ਡਾਂਗ ਤਾਂ ਵੱਡੀ ਨਿੱਕੀ ਵੀ ਹੋ ਈ ਸਕਦੀ ਆ
--- -ਸਬਜ਼ੀ ਮੰਡੀ ਜਾਕੇ ਗੰਢਿਆਂ ਦੀ ਬੋਰੀ ਟੋਹ ਕੇ ਪੁੱਛਣਗੇ
"ਹਾਂ ਬਈ ਨਿੱਕਿਆ ਬੋਰੀ ਦਾ ਕੀ ਰੇਟ ਆ"
ਮੁੜ੍ਹਕਾ ਪੂੰਝਦਾ ਦੁਕਾਨਦਾਰ ਖੁਸ਼ ਹੋ ਜਾਂਦਾ ਬੀ ਚੱਲ ਤਕੜਾ ਗਾਹਕ ਆਇਆ ਬੋਰੀ ਆਲਾ
ਬੋਰੀ ਦੇ ਤੋਪੇ ਖੁਲ੍ਹਾ ਕੇ ਗੰਢੇ ਵੇਖਕੇ ਆਖਣਗੇ ,"ਠੀਕ ਆ ਜਰ , ਕਿਲੋ ਕ ਤੋਲਦੇ"
----ਜੇ ਕਿਤੇ ਭੁੱਲ ਭੁਲੇਖੇ ਸ਼ੈਹਰ ਜਾਕੇ ਲੀੜੇ ਕੱਪੜੇ ਆਲ਼ੀ ਦੁਕਾਨ 'ਚ ਵੜ ਜਾਣ ਤਾਂ ਹੋਰ ਸਿਆਪਾ ਪੈਂਦਾ
ਜਿਹੜੇ ਨਕਲੀ ਜੇ ਬੁੱਤਾਂ ਦੇ ਲੀੜੇ ਪਾਕੇ ਖੜ੍ਹਾਏ ਹੁੰਦੇ ਆ ਉਹਨ੍ਹਾਂ ਨੂੰ ਈ ਵੇਖੀਂ ਜਾਣਗੇ ਨਾਲੇ ਕਹਿਣਗੇ
"ਕਮਾਲ ਆ ਜਰ ਬਸ ਬੋਲਦੇ ਨੀਂ ਉਂ ਤਾਂ ਜਮਾਂ ਈ ਬੰਦਿਆਂ ਅਰਗੇ ਆ"
ਬਾਕੀ ਗੱਲਾਂ ਫੇਰ ਦੱਸੂੰਗਾ ਬਾਹਲੀਆਂ ਉਂ ਤਾਂ...ਘੁੱਦਾ

-------------------------------------------------------------------------------------------------------------

 ਭਗਤੇ ਆਲੇ ਅਰਗੇ ਗੀਤਕਾਰ ਬਹੁਤ ਸੁਣਾਤੇ ਰਾਜਪੁਰੇ ਆਲੀ ਨਿੱਕੀ ਨੇ
ਮਾੜਾ ਜਾ ਆਹ ਨਮੂਨਾ ਪੜ੍ਹਿਓ ਜਰਾ
ਬਾਬੇ ਹੋਣੀਂ ਕੀ ਲਿਖਗੇ...ਹੰਸ ਸਿੰਘ ਬਰਾੜ ਮਾਣੀਖੇੜੇ ਆਲ਼ੇ ਬਾਬੂ ਰਜਬ ਅਲੀ ਹੋਣਾਂ ਦੇ ਚੇਲੇ

ਲੋਕ ਗੈਕ ਬਣੇ ਮਸ਼ਟੰਡੇ , ਕੱਦੂ ਵਿੱਚ ਫਸਾਲੇ ਡੰਡੇ
ਟੰਗ ਦੀ ਬਾਂਹ ਤੇ ਬਾਂਹ ਦੀ ਟੰਗ ਹੈ
ਸੁਰ ਤੋਂ ਬਾਹਰ ਪਾੜਦੇ ਸੰਘ ਹੈ ,ਕਹਿਣ ਦੋਗਾਣੇ ਗਾਉਂਦੇ ਆ
ਪਿੰਡੋਂ ਸ਼ਹਿਰੋਂ ਲੱਭਕੇ ਕਿਧਰੋਂ ਨਾਲ ਦੀ ਕੁੜੀ ਲਿਆਂਉਂਦੇ ਆ
ਜਾਨਣ ਸੁਰ ਨਾ ਜਾਨਣ ਤਾਲ ਆ, ਆਖਣ ਜੋੜੀ ਬੜੀ ਕਮਾਲ ਆ
ਝਾਕਾ ਲਵੇ ਪਨੀਰੀ ਹੁਣਦੀ, ਏਹ

ਕੋਈ ਗੀਤ ਗੂਤ ਨੀਂ ਸੁਣਦੀ
ਵੇਖੇ ਝਲਕ ਜ਼ਨਾਨੀ ਦੀ
ਦਿਨ ਕਲਜੁਗ ਦੇ ਮਾੜੇ ਵਧਗੀ ਕਾਰ ਸ਼ੈਤਾਨੀ ਦੀ

ਬਈ ਅੱਜ ਕੱਲ੍ਹ ਜੁਲਮਾਂ ਬੁਰਜ਼ ਉਸਾਰੇ

ਢਹਿੰਦੇ ਜਾਂਦੇ ਧਰਮ ਚੁਬਾਰੇ
ਗਿਰਜ਼ੇ ਗੁਰਦਆਰੇ ਤੇ ਮੰਦਰ, ਕਾਜ਼ੀ ਰੋਣ ਮਸੀਤਾਂ ਅੰਦਰ
ਲੋਕ ਨਾ ਕਰਦੇ ਸ਼ਰਮਾਂ ਨੂੰ
ਹੋਗੀ ਆਪ ਮੁਹਾਰੀ ਦੁਨੀਆਂ ਮੰਨਣੋਂ ਹਟਗੀ ਧਰਮਾ ਨੂੰ
ਹਰ ਥਾਂ ਲੋਭ ਜੁਲਮ ਦਾ ਰਾਜ ਆ
ਮੋਮਨ ਲੱਗਪੇ ਖਾਣ ਵਿਆਜ ਆ
ਹਿੰਦੂ ਸਿੱਖ ਵੀ ਰਸਮਾਂ ਛੱਡਣ, ਨਾ ਦਸਵੰਧ ਕਮਾਈਓਂ ਕੱਢਕੇ
ਨਾ ਗੱਲ ਸਮਝਣ ਹਾਣੀ ਦੀ
ਦਿਨ ਕਲਜੁਗ ਦੇ ਮਾੜੇ ਵਧਗੀ ਕਾਰ ਸ਼ੈਤਾਨੀ ਦੀ

ਆਹ ਜੋ ਪੜ੍ਹਨ ਕਾਲਜੀ ਕੁੜੀਆਂ

ਬਹੁਤੀਆਂ ਗਲਤ ਕੰਮਾਂ ਵਿੱਚ ਰੁੜ੍ਹੀਆਂ
ਸਰੋਤਿਓ ਜਮਾਂ ਗਵਾਤੀ ਜੱਗਦੀ, ਮੂੰਹ 'ਚੋਂ ਬੋਲਦਿਆਂ ਸੰਗ ਲੱਗਦੀ
ਟੱਪੀਆਂ ਲਾਲ ਲਕੀਰਾਂ ਨੂੰ
ਦੱਸੀਏ ਬੋਲ ਅਸੀਂ ਕੀ ਥੋਨੂੰ , ਸਮਝੋ ਗੁਪਤ ਨਜ਼ੀਰਾਂ ਨੂੰ
ਜਿਤਨੇ ਬਿੱਗ ਸਿਟੀ ਵਿੱਚ ਹੋਟਲ
ਨੰਗੇ ਨਾਚ ਨਚਾਉਂਦੇ ਟੋਟਲ
ਜਿਨ੍ਹੇ ਧਨਾਢ ਅਮੀਰ ਵਪਾਰੀ ਸਭ ਦੀ ਮੱਤ ਕਾਮ ਨੇ ਮਾਰੀ
ਛੱਡਗੇ ਗੱਲ ਇਨਸਾਨੀ ਦੀ
ਦਿਨ ਕਲਜੁਗ ਦੇ ਮਾੜੇ ਵਧਗੀ ਕਾਰ ਸ਼ੈਤਾਨੀ ਦੀ

ਮੁੰਡੇ ਕੁੜੀਆਂ ਕਰਦੇ ਐਸ਼ਨ

ਚੱਲਪੇ ਭਾਂਤ ਭਾਂਤ ਦੇ ਫੈਸ਼ਨ
ਬਿਉਟੀ ਪਾਰਲਰਾਂ ਵਿੱਚ ਜਾਕੇ ਕੁੜੀਆਂ ਆਵਣ ਕੇਸ ਕਟਾਕੇ
ਝਾਲਰ ਲਮਕੇ ਮੱਥਿਆਂ ਤੇ
ਅੱਖੀਂ ਸ਼ਹਿਰ ਵਿੱਚ ਵੇਖੋ ਜੇ ਵਿਸ਼ਵਾਸ ਨੀਂ ਕੱਥਿਆਂ ਤੇ
ਐਸੇ ਸੂਟ ਸਿਓਂਦੇ ਟੇਲਰ ਲੱਗਜੇ ਫਿਲਮ ਦਾ ਦਿਸਣ ਟ੍ਰੇਲਰ
ਲੱਗਣ ਨਾ ਸਿਆਣਿਆਂ ਨੂੰ ਚੰਗੀਆਂ
ਇੱਕ ਬਟਾ ਤਿੰਨ ਛਾਤੀਆਂ ਨੰਗੀਆਂ
ਕਰਦੇ ਰੀਸ ਕਰਾਣੀ ਦੀ
ਦਿਨ ਕਲਜੁਗ ਦੇ ਮਾੜੇ ਵਧਗੇ ਵਧਗੀ ਕਾਰ ਸ਼ੈਤਾਨੀ ਦੀ

ਮੁੰਡੇ ਮੂਹਰੋਂ ਕੇਸ ਕਟਾਵਣ ਬਚਦੇ ਗਿੱਚੀ ਤੇ ਲਟਕਾਵਣ

ਤੇ ਇੱਕ ਕੰਨ 'ਚ ਪਹਿਨਲੇ ਬੁੰਦੇ ਜਿਮੇਂ ਨਚਾਰ ਸੀ ਪਹਿਲਾਂ ਹੁੰਦੇ
ਲੱਕੀ ਜ਼ੀਨ ਚੜਾਲੀ ਆ
ਹੈ ਲੜਕਾ ਕੇ ਲੜਕੀ ਬਿਲਕੁੱਲ ਸਮਝ ਨਾ ਆ ਰਹੀ ਆ
ਭੋਰਾ ਭਰ ਨਾ ਮੰਨਦੇ ਹਾਣੀ ਮਰਦੋਂ ਬਨਣਾ ਚਾਹੁਣ ਜ਼ਨਾਨੀ
ਤੁਰਦੇ ਤੋਰ ਲਆਉਂਦੇ ਲੋਹੜੇ ਮਾਰਨ ਕੁੜੀਆਂ ਵਾਂਗ ਮਰੋੜੇ
ਐਨਕ ਪਹਿਨ ਜਪਾਨੀ ਦੀ
ਦਿਨ ਕਲਜੁਗ ਦੇ ਮਾੜੇ ਵਧਗੀ ਕਾਰ ਸ਼ੈਤਾਨੀ ਦੀ

---------------------------------------------------------------------------------------------------------------

 ਇਤਿਹਾਸ ਵਾਹਵਾ ਗੱਲਾਂ ਦੱਸਦਾ। ਸੁਨਣ 'ਚ ਤਾਂ ਲੱਗਦਾ ਬੀ ਗੱਲ ਨੌਰਮਲ ਜੀ ਆ ਕੋਈ ਖਾਸ ਨੀਂ।
ਪਰ ਹੁੰਦੀ ਬਹੁਤ ਖਾਸ ਆ। ਦੱਸਣ ਆਲੇ ਦੱਸਦੇ ਨੇ ਕਿ ਗੁਰਦਾਸ ਨੰਗਲ ਦੀ ਗੜ੍ਹੀ 'ਚੋਂ ਬੰਦਾ ਸਿੰਘ ਬਹਾਦਰ ਹੋਣੀਂ ਗ੍ਰਿਫਤਾਰ ਕਰਲੇ।
ਵਿਰੋਧੀਆਂ ਨੂੰ ਏਹ ਲੱਗਦਾ ਸੀ ਬੀ ਬੰਦਾ ਸਿੰਘ 'ਚ ਕੋਈ ਗੈਬੀ ਸ਼ਕਤੀ ਆ ਏਹੇ ਕਿਸੇ ਵੀ ਜਾਨਵਰ ਦਾ ਰੂਪ ਧਾਰ ਲੈਂਦਾ। ਬੇੜੀਆਂ ਪਾਕੇ, ਪਿੰਜਰੇ 'ਚ ਕੈਦ ਕਰਕੇ ਪਿੰਜਰਾ ਹਾਥੀ ਤੇ ਧਰਕੇ ਬੰਦਾ ਸਿੰਘ ਨੂੰ ਦਿੱਲੀ ਬੰਨੀ ਲੈਗੇ ਅਗਲੇ।
ਨਾਲ ਜੇਹੜੇ ਸਿੰਘ ਗ੍ਰਿਫਤਾਰ ਕਰੇ ਸੀ ਉਹਨ੍ਹਾਂ

ਨੂੰ ਭੇਡਾਂ ਦੀਆਂ ਖੱਲਾਂ ਪਾਕੇ ਮਨੋਂ ਜਲੂਸ ਦੀ ਸ਼ਕਲ 'ਚ ਨਾਲ ਲੈਕੇ ਗਏ।
ਦਿੱਲੀ 'ਚ ਇੱਕ ਥਾਂ ਸਟੇਜ ਬਣਾਲੀ। ਹਰ ਰੋਜ਼ ਇੱਕ ਸੌ ਸਿੱਖਾਂ ਦਾ ਕਤਲ ਹੋਇਆ ਕਰੇ। ਲੋਕ ਹੁੰਮ ਹੁਮਾਂ ਕੇ ਆਹ ਨਜ਼ਾਰਾ ਵੇਖਣ ਆਇਆ ਕਰਨ।
ਹਰੇਕ ਸਿੱਖ ਨੂੰ ਪੁੱਛਿਆ ਕਰਨ ਕਿਮੇਂ ਪਰਧਾਨ ਜੇ ਬਚਣਾ ਤਾਂ ਧਰਮ ਬਦਲ ਲਾ।
ਪਰ ਕਿੱਥੇ
ਇੱਕ ਮਾਂ ਦਾ ਇਕਲੌਤਾ ਪੁੱਤ ਵੀ ਸੀਗਾ ਏਹਨਾਂ 'ਚ। ਮਾਂ ਰਾਜੇ ਕੋਲ ਪਹੁੰਚਗੀ , ਜਾਕੇ ਕਹਿੰਦੀ ਜੀ ਮੇਰਾ ਪੁੱਤ ਸਿੱਖ ਨੀਂ ਹੈਗਾ. ਮੁਸਲਮਾਨ ਈ ਆ।
ਬਾਈ ਬਣਕੇ ਮੇਰੇ ਪੁੱਤ ਨੂੰ ਨਾ ਮਾਰਿਓ ।
ਕਹਿੰਦੇ ਜਾ ਮਾਤਾ ਆਵਦੇ ਪੁੱਤ ਨੂੰ ਬੁਲਾ ਜੇ ਸਾਡੇ ਬੰਨੀਂ ਦਾ ਹੋਜੇ ਹੁਣੇ ਛੱਡ ਦਿੰਨੇ ਆਂ।
ਮਰਨ ਖਾਤਰ ਕਤਾਰ 'ਚ ਲੱਗਾ ਖੜਾ ਸੀ ਚੋਬਰ। ਮਾਤਾ ਕਹਿੰਦੀ ਆਹ ਮੇਰਾ ਪੁੱਤ ਆ ਛੱਡਦੋ।
ਅੱਗੋਂ ਗੱਭਰੂ ਬੋਲਿਆ
ਕਹਿੰਦਾ ਜਨਾਬ ਆਹ ਜ਼ਨਾਨੀ ਨੂੰ ਮੈਂ ਜਾਣਦਾ ਈ ਨੀਂ
ਮੌਤ ਜਮਾਂ ਸਿਰ ਤੇ ਸੀ , ਫਿਰ ਵੀ ਮੁੱਕਰ ਗਿਆ ਮਾਤਾ ਸਾਹਮਣੇ
ਰਾਜੇ ਦੇ ਬੁੱਲਾਂ ਤੇ ਸਿਕਰੀ ਜੰਮਗੀ ਬੀ ਆਹ ਕਿੱਥੋਂ ਮੁੱਕ ਜਾਣਗੇ
ਏਹਨਾਂ ਨੂੰ ਕਲਗੀਆਂ ਆਲਾ ਵਿਸਾਖੀ ਵੇਲੇ ਪਤਾ ਨੀਂ ਕੀ ਘੋਲ ਕੇ ਪਿਆ ਗਿਆ ਸੀ ਹਰੇਕ ਆਖਿਆ ਕਰੇ
"ਨਾ ਬਾਈ ਸਿਰ ਵੱਢ ਹੁੰਦਾ ਤਾਂ ਵੱਢਲਾ ਪਰ ਏਹੇ ਝੁਕਦਾ ਨੀਂ"

-------------------------------------------------------------------------------------------------------------


 ਕੁੜੀਆਂ ਚਿੜੀਆਂ ਨਾ ਪੜ੍ਹਿਓ ਬੀਰ ਅਣਿਆ ਬਹੁਤ ਲੁੱਚਾ ਸਟੇਟਸ ਆ ਜਮਾਂ ਜਗਬਾਣੀ ਦੇ "ਵਿਸ਼ਵ ਦਰਪਣ" ਆਲ਼ੇ ਪੇਜ ਅਰਗਾ ਨੰਗਾ ਮੁੰਗਾ। ਬਾਹਲੇ ਸਿਆਣੇ ਵੀ ਪਾਸੇ ਰਿਹੋ ਉਹਨ੍ਹਾਂ ਨਾਲ ਵੀ ਮੱਤ ਘੱਟ ਈ ਮਿਲਦੀ ਆ

ਪਹਿਲਾਂ ਵੀ ਦੱਸਿਆ ਸੀ ਇੱਕ ਤਾਂ ਹਾਰਪਿਕ ਆਲੇ ਨੇ ਬਹੁਤ ਠਿੱਠ ਕੀਤਾ ਦੁਨੀਆਂ ਨੂੰ। ਰੋਟੀ ਟੁੱਕ ਖਾਣ ਵੇਲੇ ਏਹਦੀ ਮਸ਼ਹੂਰੀ ਆਉਂਦੀ ਈ ਆਉਂਦੀ ਆ।
ਦੂਜੀ ਗੱਲ ਇੱਕ ਤਾਂ ਹੁੰਦਾ ਬੇਸ਼ਰਮ , ਇੱਕ ਬੇਸ਼ਰਮ ਤੋਂ ਅਗਲੀ ਸਟੇਜ ਹੁੰਦੀ ਆ "ਨਲੱਜ"
ਮਸ਼ਹੂਰੀਆਂ ਆਲ਼ੇ ਕੁੜੀ ਦੇ ਖਸਮ ਨਲੱਜ ਹੋਗੇ ਹੁਣ। ਕਈ ਆਰੀ ਸਾਰ

ਾ ਟੱਬਰ ਟੀ.ਵੀ ਵੇਖੀ ਜਾਂਦਾ ਹੁੰਦਾ ਉਧਰੋਂ ਮਸ਼ਹੂਰੀ ਆਉਗੀ ਅਲਟ੍ਰਾ ਵਿਸਪਰ ਚੁਆਇਸ ਜਾਂ ਆਹਾ ਸਟੇਫਰੀ ਆਲੇ।
ਟੱਬਰ 'ਚ ਬਹਿਕੇ ਅਗਲਾ ਮਸ਼ਹੂਰੀ ਨੀਂ ਵੇਖ ਸਕਦਾ , ਤ੍ਰੇਲੀ ਆ ਜਾਂਦੀ ਆ , ਨਾ ਬੰਦਾ ਚੈਨਲ ਚੇਂਜ ਕਰਨ ਜੋਗਾ। ਸਿਆਣਾ ਬੰਦਾ ਬਹਾਨਾ ਜਾ ਲਾਕੇ ਕੱਚਾ ਜਾ ਹੁੰਦਾ ਘਰਦਿਆਂ ਨਾ ਬਿਨ੍ਹਾਂ ਨਿਗਾਹ ਮਿਲਾਏ ਪਾਸੇ ਹੋ ਜਾਂਦਾ।
ਚੰਗਾ ਭਲਾ ਲਿਸ਼ਕਾਰਾ ਚੱਲੀ ਜਾਂਦਾ ਹੁੰਦਾ। ਹਰਜੀਤ ਹਰਮਨ ਅਰਗਾ ਸਾਉ ਜਾ ਗਾਇਕ ਸਿਰਾ ਗੀਤ ਗਾਈ ਜਾਂਦਾ ਹੁੰਦਾ।
ਬੰਦੇ ਬੁੜੀ ਦੀ ਮਸ਼ਹੂਰੀ ਫੇਰ ਆ ਜਾਂਦੀ ਆ ਅਖੇ "ਮੈਨਫੋਰਸ" ਅਪਣਾਈਏ।
ਨਾਲੇ ਗੁੱਛਾ ਜਾ ਫੜ੍ਹਕੇ 'ਗੂਰ ਖਾਈ ਜਾਂਦੇ ਹੁੰਦੇ ਆ।
ਬੰਦਾ ਪੁੱਛੇ ਜਦੋਂ ਆਹਾ ਕੁਛ ਨਹੀ ਸੀ ਹੁੰਦਾ ਓਦੋਂ ਕਾਹਨੂੰ ਲੋਕਾਂ ਨੂੰ ਪਤਾ ਸੀ ਦੁਨੀਆਦਾਰੀ ਦਾ।
ਮੁੱਕਦੀ ਗੱਲ ਕੀ ਜਰ ਭਮਾਂ ਦੀ ਮਸ਼ਹੂਰੀ ਖਾਣ ਆਲੀ ਚੀਜ਼ ਦੀ ਹੋਵੇ ਭਮਾਂ ਸਾਬਣ ਸ਼ੈਪੂ ਦੀ , ਲੁੱਚਪੌ ਤਾਂ ਕਰਨਾ ਈ ਕਰਨਾ।
ਸੈਂਸਰ ਬੋਰਡ ਆਲਿਆਂ ਨੂੰ ਖੌਣੀ ਕੀ ਸੱਪ ਸੁੰਘ ਗਿਆ।
ਐਮੇਂ ਮਾਰਤਾ ਚਮਕੀਲਾ ਉਹਤਾਂ ਸਿਰਫ ਆਹ ਕੁਸ ਗਾਉਂਦਾ ਈ ਸੀ ਹੁਣ ਡਰੈਗਟ ਦਿਖਾਉਂਦੇ ਆ।....ਘੁੱਦਾ
---------------------------------------------------------------------------------------------------------------

ਖਾੜਕੂਬਾਦ ਦੇ ਸਮੇਂ ਨਾ ਰਿਲੇਟਡ ਬਹੁਤ ਕੁਝ ਸੁਣਿਆਂ ਜਾਂ ਪੜ੍ਹਿਆ। ਬਥੇਰੇ ਬਣਗੇ, ਤੇ ਬਥੇਰੇ ਉੱਜੜਗੇ।
ਸਾਡੇ ਏਥੇ ਬਾਈ ਦਰਸ਼ਨ ਅਰਗੇ ਵੀ ਮਾੜਾ ਮੋਟ ਖੜਕਾ ਦੜਕਾ ਕਰਦੇ ਸੀ ਸਿੰਘਾਂ ਨਾ ਰਲਕੇ।
ਅੱਜ ਤੜਕੇ ਬਾਈ ਨੇ ਗੱਲ ਸੁਣਾਈ । ਸਾਡੇ ਪਿੰਡ ਦੀ ਕੁੜੀ ਵਿਆਹੀ ਵਈ ਸੀ ਕਿਸੇ ਪਿੰਡ।
ਸਹੁਰੇ ਕੁੜੀ ਨੂੰ ਨਜ਼ੈਜ਼ ਠਿੱਠ ਕਰਦੇ ਸੀ। ਚਾਰ ਪੰਜ ਜਣੇ ਰਲਕੇ ਖੱਟੇ ਪਰਨੇ ਬੰਨ੍ਹਕੇ, ਲੋਈਆਂ ਦੀ ਬੁੱਕਲਾਂ ਮਾਰਕੇ
ਕੁੜੀ ਦੇ ਸਹੁਰੇ ਜਾਵੜੇ । ਜੇਹੜੇ ਜੀਅ ਕੁੜੀ ਨੂੰ ਤੰਗ ਕਰਦੇ ਸੀ ਕਹਿੰਦਾ ਲੰਮੇ ਪਾ ਪਾ ਲਾਈਆਂ ਉਹਨ੍ਹਾਂ ਦੇ।
ਬਾਈ ਦੱਸਦਾ ਕਹਿੰਦਾ ਤਿੰਨ ਦਿਨਾਂ ਬਾਅਦ ਪੁਲਸ ਨੇ ਸਾਨੂੰ ਚੱਕ ਲਿਆ।
ਮਖਾ ਬੀ ਪੁਲਸ ਨੂੰ ਥੋਡਾ ਕਿਮੇਂ ਪਤਾ ਲੱਗਿਆ ਵਈ?
ਕਹਿੰਦਾ ਸਾਡੇ 'ਚੋਂ ਇਕ ਜਣੇ ਨੇ ਕੁੜੀ ਦੀ ਦਰਾਣੀ ਨੂੰ ਲੈਂਡਲਾਈਨ ਦਾ ਨੰਬਰ ਸਿੱਟਤਾ ਸੀ।
ਆਅਅ ਕੀ ਫਿਰ...ਕਹਿੰਦਾ ਥੂ ਥੂ ਅੱਡ ਹੋਈ ਬਾਕੀ ਪਿੱਛਾ ਕੁੱਟ ਕੁੱਟ ਪੁਲਸ ਨੇ ਧੂਸ ਕੱਢਤੀ

---------------------------------------------------------------------------------------------------------------

 
ਕਾਲਜ ਟੈਮ ਅੱਠ ਜਣੇ ਹੁੰਦੇ ਸੀ ਅਸੀਂ ਕੱਠੇ। ਇੱਕੋ ਕਮਰੇ 'ਚ ਰੋਟੀ ਟੁੱਕ ਖਾਂਦੇ , ਚੌੜ ਚੱਪਾ, ਘਸੁੰਨਮੁੱਕੀ, ਕੰਬਲ ਕੁੱਟ ,ਸੀਪ , ਭਾਬੀ, ਬਹੁਤ ਬੈਬਤਾਂ ਕਰਦੇ।
ਟੂਰਾਂ ਤੇ ਕੱਠੇ ਜਾਂਦੇ ਵਿਓਤਾਂ ਕਰਕੇ, ਕੰਟੀਨਾਂ, ਵਰਕਸ਼ਾਪਾਂ, ਲੈਬਾਂ, ਮੇਲੇ, ਭੂਤ ਭੰਗੜੇ, ਬੋਲੀਆਂ, ਮੁੱਕਦੀ ਗੱਲ ਦਿਨੇ ਰਾਤ ਕੱਠੇ ਰਹਿੰਦੇ। ਕਾਲਜ ਦੀ ਜੰਤਾ ਸਾਡੀਆਂ ਉਦਾਹਰਣਾਂ ਦਿਆ ਕਰੇ।
ਟੈਮ ਟੈਮ ਦੀ ਗੱਲ ਆ। ਸਾਰੇ ਨਿੱਖੜਗੇ ਖੱਖੜੀ ਅੰਗੂ। ਕਰਨ ਸਾਡੇ 'ਚੋਂ ਵੱਡਾ ਹੁੰਦਾ ਸੀ । ਉਹਦੇ ਵਿਆਹ ਦੀਆਂ ਸਕੀਮਾਂ ਘੜਦੇ ਹੁੰਦੇ ਸੀ।
ਕੱਲ

੍ਹ ਸੱਚਿਓਂ ਕਰਨ ਦਾ ਵਿਆਹ ਆ।
ਸਾਡੇ 'ਚੋਂ ਦੋ ਜਣਿਆਂ ਦਾ ਪੇਪਰ ਆਗਿਆ। ਇਕ ਨਿਉਜੀਲੈਂਡ ਬੈਠਾ। ਇੱਕ ਦਾ ਆਵਦਾ ਵਿਆਹ ਆ ਤਾਂ ਕਰਕੇ ਨੀਂ ਆਉਂਦਾ।
ਇਕ ਮਾਨਸਾ ਬੈਠਾ ਮਨੈਜਰ ਬਣਿਆ, ਛੁੱਟੀ ਨੀਂ ਮਿਲੀ। ਬਸ ਕਰਨ ਦੇ ਵਿਆਹ ਤੇ ਜਾਣ ਨੂੰ ਅਸੀਂ ਦੋ ਜਣੇ ਰਹਿਗੇ ਕੱਲ੍ਹ ਨੂੰ।
ਭੈਣ ਦਣਾ ਸੁਪਨਿਆਂ ਤੇ ਹਕੀਕਤ 'ਚ ਲੱਖਾਂ ਕੋਹਾਂ ਦਾ ਫਰਕ ਹੁੰਦਾ। ਸਮਾਂ ਵਾਕਏ ਬਲਵਾਨ ਆ...ਨਖੇੜ ਕੇ ਧਰਤੇ, ਫੰਬਾਂ ਆਲੇ ਬੱਦਲਾਂ ਅੰਗੂ...ਹੁਣ ਨੀਂ ਪੋਲੇ ਪੈਰੀ 'ਕੱਠੇ ਹੁੰਦਾ ਲੱਗਦਾ....ਘੁੱਦਾ
--------------------------------------------------------------------------------------------------------------