Friday 30 November 2012

ਜਵਾਕਾਂ ਆਲੀ ਰੁੱਤ

ਫੜ੍ਹਨ ਮਚੀਚੀ ਖੇਡਦੇ ਸੀ ਚਾਨਣੀਆਂ ਰਾਤਾਂ ਨੂੰ
ਸਾਉਣ ਭਾਦਰੋਂ ਵਿੱਚ ਲਿੱਪਦੇ ਰਹੇ ਸਬ੍ਹਾਤਾਂ ਨੂੰ
"ਝਾਅ" ਆਖਣ ਨੂੰ ਕੰਧੋਲੀ ਵਿੱਚ ਰੱਖੀ ਮੋਰੀ ਸੀ
ਕੰਨ ਤੇ ਬਾਪੂ ਦਾ ਥਪੜਾ ਜਾਂ ਬੇਬੇ ਦੀ ਲੋਰੀ ਸੀ
ਟੋਕਰੇ ਬਣਦੇ ਜਦੋਂ ਤੂਤ ਦੀ ਹੁੰਦੀ ਸ਼ੰਗਾਈ ਸੀ
ਜਵਾਕਾਂ ਆਲੀ ਰੁੱਤ ਕੇਰਾਂ ਜੇ ਸਾਡੇ ਤੇ ਆਈ ਸੀ...

ਭੁੰਜੇ ਰਗੜਦੇ ਅੱਡੀਆਂ ਜਦੋਂ ਸਕੂਲੇ ਜਾਣਾ ਹੁੰਦਾ ਸੀ
ਰੁਮਾਲ ਜੂੜੇ ਤੇ ,ਨੀਕਰ, ਝੱਗਾ ਬਾਣਾ ਹੁੰਦਾ ਸੀ
ਜਮਾਂ, ਘਟਾਓ, ਗੁਣਾ ਤੇ ਬਾਕੀ ਸਵਾਲ ਭਾਗ ਦੇ

ਧੁੱਪੇ ਪੀਰਡ ਲੱਗਦੇ ਜਦੋਂ ਸੀ ਦਿਨ ਮਾਘ ਦੇ
ਅੱਧੀ ਛੁੱਟੀ ਟੱਪਣੇ ਦੀ ਵੀ ਜੁਗਤ ਬਣਾਈ ਸੀ
ਜਵਾਕਾਂ ਆਲੀ ਰੁੱਤ .............

ਛੇ ਕੇਂਦਰ ਸ਼ਾਸ਼ਤ ਤੇ ਭਾਰਤ ਦੇ ਅਠਾਈ ਹੋਰ ਪ੍ਰਾਂਤ ਨੇ
"ਥੰਬ ਰੂਲ" ਤੇ ਚੇਤੇ ਆਰਕੀਮਿਡੀਜ਼ ਦੇ ਸਿਧਾਂਤ ਨੇ
ਗੱਗੂ ਕੱਟਾ ਤੇ ਮੋਤੀ ਕੁੱਤਾ ਸੀ ਦਰਜ ਵਿੱਚ ਕਤਾਬਾਂ ਦੇ
"ਬੌਡਮਾਸ" ਦੇ ਫਾਰਮੂਲੇ ਵਰਤੇ ਵਿੱਚ ਹਿਸਾਬਾਂ ਦੇ
ਬਲੇਟਾਂ ਨਾ ਘੜੀਆਂ ਪੈਂਸਲਾਂ ਜਾਂ ਦਵਾਤ ਸ਼ਿਆਈ ਸੀ
ਜਵਾਕਾਂ ਆਲੀ ਰੁੱਤ........................

ਡੀਜੇ ਡੂਜੇ ਨਮੇਂ ਨੇ ਬੀਬੀਆਂ ਘੋੜੀਆਂ ਗਾਉਂਦੀਆਂ ਸੀ
ਗੁਰਮੀਤ ਬਾਵਾ ਦੀ ਫੀਲਿੰਗ ਲੈ ਹੇਕਾਂ ਲਾਉਦੀਆਂ ਸੀ
ਰੇਡੀਆ ਸੁਣਾਉਂਦਾ ਸੀ ਮਰਜਾਣੇ ਮਾਨ ਦੇ ਬੋਲਾਂ ਨੂੰ
ਠੰਡੂ ਰਾਮ ਤੇ ਹੋਰ ਆੜੀਆਂ ਦੀਆਂ ਕਲੋਲਾਂ ਨੂੰ
ਦਸਮੀਂ 'ਚ ਨੱਥੇ, ਜਗਨੇ, ਦੀਨੇ ਦੀ ਕਰੀ ਪੜ੍ਹਾਈ ਸੀ
ਜਵਾਕਾਂ ਆਲੀ ਰੁੱਤ ..............

ਛਿੰਝ, ਅਖਾੜਾ, ਬਾਜੀ, ਕੌਡੀ ਤੇ ਖੇਡ ਮਦਾਰੀ ਦਾ
ਟੂਪ ਵੱਢ ਗਲੇਲ ਬਣੌਂਣੀ ਨਿਸ਼ਾਨਾ ਸਿੰਨਕੇ ਮਾਰੀ ਦਾ
ਬਾਥੂ, ਮੇਥੇ ਤੇ ਰੋਹੀਓਂ ਤੋੜ ਲਿਆਉਂਦੇ ਸਰ੍ਹੋਂ ਦੇ ਸਾਗ ਨੂੰ
ਸੁਖਨੇ ਅੰਗੂ ਟੱਪ ਗਿਆ ਵੇਲਾ ਘੁੱਦਿਆ ਮਾੜੇ ਭਾਗ ਨੂੰ
ਮੋਹ, ਲਾਡ, ਪਿਆਰ, ਸਨੇਹ ਦੀ ਬਸ ਕਰੀ ਕਮਾਈ ਸੀ
ਆਹ ਜਵਾਕਾਂ ਆਲੀ ਰੁੱਤ ਕੇਰਾਂ ਜੇ ਸਾਡੇ ਤੇ ਆਈ ਸੀ....ਘੁੱਦਾ

No comments:

Post a Comment