Tuesday 13 November 2012

ਸਾਡੀ ਕਵਿਤਾ

ਉਹਨੇ ਪੁੱਛਿਆ ਕਵਿਤਾ ਕਿਮੇਂ ਲਿਖੀਦੀ ਆ ?
ਬਾਹਾਂ 'ਤਾਹਾਂ ਕਰਕੇ ਅੰਗੜਾਈ ਭੰਨਦਿਆਂ ਆਹ ਜਵਾਬ ਸੀ ਮੇਰਾ
ਢਿੱਲੀ ਚੂਲ 'ਚ ਤੇਸੇ ਦੀ ਪੀਣ ਨਾਲ ਫਾਲ ਠੋਕਦੇ ਸੇਪੀ ਆਲੇ
ਬਖਤੌਰ ਤਰਖਾਣ ਕੋਲ ਕਸੀਏ ਕਟਾਉਣ
ਆਲਿਆਂ ਦੀ ਰੌਣਕ, ਤੇ ਮਿਸਤਰੀ ਦੇ ਕੰਨ ਤੇ
ਟੰਗੀ ਪਿਨਸਲ ਦੇਖ ਕਵਿਤਾ ਫੁਰਦੀ ਆ
ਘਰ ਦੀ ਕਢਾਈ ਵਈ ਸਰੋਂ ਦਾ ਤੇਲ ਕੌਲੀ 'ਚ ਤੱਤਾ ਕਰਕੇ ,
ਮੰਜੇ ਦੀ ਦੌਣ ਤੇ ਬਹਿ ਅੱਡੀਆਂ ਦੀਆਂ ਪਾਟੀਆਂ ਬਿਆਈਆਂ 'ਚ
ਉਂਗਲਾਂ ਨਾਲ ਲਾਉਂਦੇ ਤਾਏ ਨੂੰ ਦੇਖ ਕਵਿਤਾ ਫੁਰਦੀ ਆ
ਦੋ ਆਲੀ ਚਾਹ ਪਿੱਛੋਂ ਰੇਤੇ ਨਾ ਮਾਂਜੀ ਬਾਟੀ

ਤੇ
ਜਦੋਂ ਤੀਹ ਵਰ੍ਹੇ ਪਹਿਲਾਂ ਗੁਜ਼ਰੇ ਕਿਸੇ ਬਜ਼ੁਰਗ ਦਾ ਨੌਂ ਲਿਸ਼ਕਦਾ
ਉਦੋਂ ਕਵਿਤਾ ਫੁਰਦੀ ਆ
ਸਿਆਲ ਰੁੱਤੇ ਪਰਾਲੀ ਤੇ ਜੰਮੇ ਕੱਕਰ ਨੂੰ ਵੇਖ
ਜਦੋਂ ਕਣਕ ਦੀ ਕੋਰ ਭਿਔਂਣ ਬਾਰੇ ਸੋਚਿਆ ਜਾਂਦਾ
ਤੇ ਹਾੜ੍ਹ ਮਹੀਨੇ ਟੋਟਣ ਤੋਂ ਲੈ ਅੱਡੀ ਤਾਂਈ ਢੂਈ ਤੇ ਵਗਦੀ
ਮੁੜ੍ਹਕੇ ਦੀ ਧਾਰ ਨੂੰ ਜਦੋਂ ਮਹਿਸੂਸ ਕੀਤਾ ਜਾਂਦਾ
ਓਦੋਂ ਵੀ ਕਵਿਤਾ ਫੁਰਦੀ ਆ
ਛੁੱਟੜ ਧੀ ਦਾ ਕੇਸ ਝਗੜਨ ਖਾਤਰ ਕਚੈਹਰੀ ਜਾਂਦਾ
ਬਸ 'ਚ ਬੈਠਾ ਬਜ਼ੁਰਗ ਜਦੋਂ ਮੋਟੇ ਸ਼ੀਸ਼ੇਆਂ ਆਲੀ
ਐਨਕ ਵਿੱਚਦੀ ਟਿਕਟ ਤੇ ਲਿਖੇ ਪਿੰਡਾਂ ਦੇ ਨੌਂ ਪੜ੍ਹਦਾ
ਉਹਦੀ ਬੇਤੁਕੀ ਜੀ ਕੋਸ਼ਸ਼ ਵੇਖ ਕਵਿਤਾ ਫੁਰਦੀ ਆ
ਸਾਡੀ ਕਵਿਤਾ ਮਸ਼ੂਕ ਦੀ ਅੱਖ ਨੂੰ ਹਿਰਨੀ ਨਾਲ ਨਹੀਂ ਤੋਲਦੀ
ਤੋਰ ਦਾ ਮੋਰਾਂ ਨਾਲ ਕਮਪੈਰੀਸਨ ਨਹੀਂ ਕਰਦੀ
ਗੱਲ੍ਹਾਂ ਨੂੰ ਸੇਬ ਨਹੀਂ ਆਖਦੀ,
ਜਾਂ ਹੋਟਲ ਦੇ ਕਿਸੇ ਕਮਰੇ 'ਚ ਵੜਕੇ
ਪੰਦਰਾਂ ਮਿੰਟਾਂ ਪਿੱਛੋਂ ਨਿੰਮੋਝੂਣੀ ਜੀ ਹੋਕੇ ਬਾਹਰ ਨਹੀਂ ਆਉਂਦੀ
ਬਸ ਇਹੋ ਵਜ੍ਹਾ ਸਾਡੀ ਕਵਿਤਾ ਕਦੇ ਨਹੀਂ ਮਰਦੀ
ਸਾਡੇ ਮਰਨ ਪਿੱਛੋਂ ਵੀ.....ਘੁੱਦਾ

No comments:

Post a Comment