Tuesday 30 October 2012

ਪੈਂਤੀ ਅੱਖਰੀ

"ਦਰਬੜ ਦਰਬੜ" ਸੁਣੀ ਨਾ ਜੀਹਨੇ ਰਿੱਝਦੇ ਸਾਗ ਦੀ
ਕੋਸੀ ਕੋਸੀ ਧੁੱਪ ਨਾ ਕਦੇ ਸੇਕੀ ਜੀਹਨੇ ਮਾਘ ਦੀ
ਬੈਲੈਂਸ ਜਾਂ ਬਣਾਕੇ ਠੂਣਾ ਨਾ ਲਿਆ ਸੁਹਾਗੇ ਦਾ
ਜੀਹਨੇ ਜਪੁਜੀ ਸਾਬ੍ਹ ਨਾ ਪੜ੍ਹਿਆ ਕਦੇ ਨਾਨਕ ਬਾਬੇ ਦਾ
ਕੈਂਚੀ ਸਿੱਖਦੇ ਚੈਨ 'ਚ ਜੀਹਦਾ ਪਜਾਮਾ ਅੜਿਆ ਨਾ
ਸਮਝੀਂ ਨਿੱਕਿਆ ਓਹੋ "ਪੈਂਤੀ ਅੱਖਰੀ" ਪੜ੍ਹਿਆ ਨਾ........

ਫਰਕ ਜੇਹੜਾ ਨਾ ਜਾਣੇ ਨਰਮੇ ਅਤੇ ਕਪਾਹਾਂ ਦੇ
ਅਲਰਜੀ ਹੋਣ ਤੋਂ ਡਰਦਾ ਘੱਟੇ ਦੇਖਕੇ ਰਾਹਾਂ ਦੇ
ਅੰਕਲ, ਐਂਟੀ ਆਖੇ ਜੇਹੜਾ ਸਕੇ ਚਾਚੇ ਚਾਚੀਆਂ ਨੂੰ

ਸਕੂਲ ਵੇਲੇ ਨਾ ਖਾਧਾ ਜੀਹਨੇ ਸਲੇਟੀਆਂ ਗਾਚੀਆਂ ਨੂੰ
ਗਾਲ੍ਹੜ-ਟੁੱਕ ਖੇਡਦਿਆਂ ਜੇਹੜਾ ਨਿੰਮਾਂ ਤੇ ਚੜ੍ਹਿਆ ਨਾ
ਸਮਝੀਂ ਨਿੱਕਿਆ ਓਹੋ "ਪੈਂਤੀ ਅੱਖਰੀ" ਪੜ੍ਹਿਆ ਨਾ........

ਬਹਿ ਸੱਥ 'ਚ ਬਾਬਿਆਂ ਕੋਲੇ ਜੀਹਨੇ ਸੇਕੀ ਧੂਣੀ ਨਾ
ਗਲੋਟਾ, ਤੱਕਲਾ ,ਛਿੱਕੂ ਜਾਂ ਜੇਹੜਾ ਜਾਣੇ ਪੂਣੀ ਨਾ
ਸੂਈ ਕੰਧੂਈ, ਕਰੋਸ਼ੀਆ ਜਾਂ ਜਾਣੇ ਨਾ ਸਲਾਈਆਂ ਨੂੰ
ਮੱਲ, ਸੇਰੂ, ਜਾਂ ਨਾ ਜਾਣੇ ਮੰਜੇ ਦੀਆਂ ਬਾਹੀਆਂ ਨੂੰ
ਨਿੱਕੇ ਹੁੰਦਿਆਂ ਜੇਹੜਾ ਟਰੈਲੀ ਦੇ ਡਾਲੇ ਤੇ ਖੜ੍ਹਿਆ ਨਾ
ਸਮਝੀਂ ਨਿੱਕਿਆ ਓਹੋ "ਪੈਂਤੀ ਅੱਖਰੀ" ਪੜ੍ਹਿਆ ਨਾ......

ਵਿੱਚ ਬਚਪਨ ਦੇ ਜੀਹਦੀ ਤੋਤੀ ਜਿੱਪ 'ਚ ਆਈ ਨਾ
ਚੜ੍ਹੇ ਜਵਾਨੀ ਤਾਂ ਜੀਹਨੇ ਕਿਤੇ ਗਰਾਰੀ ਪਾਈ ਨਾ
ਕਹੀ, ਕੁਹਾੜੀ ਤੰਗਲੀ ਜਾਂ ਜੰਦਰੇ ਨੂੰ ਪਛਾਣੇ ਨਾ
ਜੇਠ ਹਾੜ੍ਹ ਦੇ ਮੀਹਨੇ ਤੂਤਾਂ ਦੀਆਂ ਛਾਮਾਂ ਨੂੰ ਮਾਣੇ ਨਾ
ਲੀੜੇ ਲਾਹ ਜੇਹੜਾ ਮੋਟਰ ਦੀ ਕਦੇ ਖੇਲ 'ਚ ਵੜਿਆ ਨਾ
ਸਮਝੀਂ ਨਿੱਕਿਆ ਓਹੋ "ਪੈਂਤੀ ਅੱਖਰੀ" ਪੜ੍ਹਿਆ ਨਾ.....

ਜਾਂ ਫਰਕ ਜੇ ਬਾਹਲਾ ਕਰਦਾ ਜੇਹੜਾ ਜਾਤਾਂ ਪਾਤਾਂ ਦੇ
'ਖੰਡ ਪਾਠਾਂ ਵੇਲੇ ਨਾ ਕੱਟੇ ਜੀਹਨੇ ਨੀਂਦਰੇ ਰਾਤਾਂ ਦੇ
ਚਿੱਬੜ, ਖੱਖੜੀ, ਫੁੱਟਾਂ ਜਾਂ ਪਛਾਣੇ ਨਾ ਹਦਵਾਣੇ ਨੂੰ
"ਘੁੱਦੇ" ਕੋਲ ਟਿਊਸ਼ਨ ਰੱਖਲਾ ਆਖੀਂ ਓਸ ਸਿਆਣੇ ਨੂੰ
ਬਣ ਊਧਮ ਸਿਹੁੰ ਜੇਹੜਾ ਵੈਰੀ ਦੀ ਹਿੱਕ ਤੇ ਚੜ੍ਹਿਆ ਨਾ
ਸਮਝੀਂ ਨਿੱਕਿਆ ਓਹੋ "ਪੈਂਤੀ ਅੱਖਰੀ" ਪੜ੍ਹਿਆ ਨਾ.........ਘੁੱਦਾ

No comments:

Post a Comment