Sunday 14 October 2012

ਦਿਨ ਜੋਬਨ ਦੇ

ਮਾਰਕੇ ਵਿਸਲਾਂ ਹੇਹੇ ਲਿਆ ਮੈਸ੍ਹਾਂ ਸਮਰਾਉਣੀਆਂ
ਲੀੜੇ ਲਾਹ ਪਿੱਤ ਮਾਰਨੀ ਜਦੋਂ ਕਣੀਆਂ ਆਉਣੀਆਂ
ਲਾਹ ਪਸੂਆਂ ਦੇ ਸੰਗਲ ਜਾ ਗੇੜੇ ਮਾਰਨੇ ਛੱਪੜਾਂ ਤੇ
ਪੰਜਮੀਂ ਤਾਂਈ ਜੇਹੜੇ ਪੜ੍ਹਦੇ ਰਹੇ ਬਹਿਕੇ ਤੱਪੜਾਂ ਤੇ
ਦੋ ਦੂਣੀ ਚਾਰ ਦੇ ਜੇਹੜੇ ਭਾਹੜੇ ਸੁਣਾਉਂਦੇ ਰਹੇ
ਢਲੀ ਜਵਾਨੀ ਦਿਨ ਜੋਬਨ ਦੇ ਚੇਤੇ ਆਉਂਦੇ ਰਹੇ....

ਬੱਸਾਂ ਆਲਿਆਂ ਨੂੰ ਪਾਣੀ ਪਿਆਉਣਾ ਦਿਨ ਨਿਮਾਣੀ ਦੇ
ਬੋਹੜ ਛਾਮੇਂ ਦੁਪੈਹਰੇ ਸੌਣਾ ਥੱਕ ਕੇ ਮੰਜੀ 'ਲਾਣੀ ਤੇ
ਲੈ ਸਾਬਣ ਦੀ ਚੱਕੀ ਹੱਟੀ ਆਲੇ ਤੋਂ ਮੰਗਦੇ ਰੂੰਘਾ ਸੀ
ਸੰਗਾਊ ਘੱਟ ਬੋਲਦਾ ਜੇਹੜਾ ਉਹਨੂੰ ਕਹਿੰਦੇ ਗੂੰਗਾ ਸੀ
ਚਿੜੀ ਫੜ੍ਹਨੇ ਨੂੰ ਦੁਸਾਂਗ ਸਹਾਰੇ ਟੋਕਰਾ ਖੜਾਂਉਦੇ ਰਹੇ
ਢਲੀ ਜਵਾਨੀ ਦਿਨ ਜੋਬਨ ਦੇ ਚੇਤੇ ਆਉਂਦੇ ਰਹੇ.....

ਆਲੇ ਵਿੱਚ ਰੱਖਦੇ ਸੀ ਲਕੋਕੇ ਬਾਗੜਾਂ ਆਲੇ ਕੁੱਜੇ ਨੂੰ
ਮਾਤਾ ਤੋਂ ਰੱਖਦੇ ਲਕੋਕੇ ਖੇਡਦਿਆਂ ਡਿੱਗਕੇ ਗੋਢੇ ਸੁੱਜੇ ਨੂੰ
ਗੁੜ ਨਾ ਖਾਣੀ ਫਿਰ ਰੋਟੀ ਤੇ ਦੁੱਧ ਪੀਦੇਂ ਰਹੇ ਤੌੜੀ ਦਾ
ਗਲੀਆਂ ਪਿੰਡ ਦੀਆਂ ਕੱਛ ਆਥਣੇ ਘਰ ਸੀ ਬਹੁੜੀ ਦਾ
ਦਣ ਬਣਾ ਕੇ ਗੁੱਲੀ ਦਾ ਜਚਕੇ ਗੱਭਾਂ ਲਾਉਂਦੇ ਰਹੇ
ਢਲੀ ਜਵਾਨੀ ਦਿਨ ਜੋਬਨ ਦੇ ਚੇਤੇ ਆਉਂਦੇ ਰਹੇ....

ਗੁਲੇਲ ਬਣਾਉਣੀ ਸੈਕਲ ਦੀ ਵੱਢਕੇ ਟੂਪ ਪੁਰਾਣੀ ਨੂੰ
ਕੰਨ ਲਾ ਰੇਡੀਆ ਸੁਣਦੇ ਹਰਮੰਦਰ ਸੈਹਬ ਦੀ ਬਾਣੀ ਨੂੰ
ਮੰਜੇ ਬਿਸਤਰੇ 'ਕੱਠੇ ਕਰਦੇ ਜਦੋਂ ਸੀ ਦਿਨ ਵਿਆਹਾਂ ਦੇ
ਜਿਦ੍ਹੇਂ ਨਗਰ ਕੀਰਤਨ ਨਿਕਲੇ ਬਹੁਕਰ ਲਾਉਂਦੇ ਰਾਹਾਂ ਤੇ
ਸੱਥੀਂ ਬੈਠੇ ਬਾਬਿਆਂ ਨੂੰ ਪੜ੍ਹ ਅਖਬਾਰ ਸੁਣਾਉਦੇ ਰਹੇ
ਢਲੀ ਜਵਾਨੀ ਦਿਨ ਜੋਬਨ ਦੇ ਚੇਤੇ ਆਉਂਦੇ ਰਹੇ....

ਕੈਦੇ ਜੋੜਨ ਖਾਤਰ ਗੂੰਦ 'ਕੱਠੀ ਕਰਦੇ ਰਹੇ ਕਿੱਕਰਾਂ ਦੀ
ਅੱਧੀ ਛੁੱਟੀ 'ਮਰੂਦ ਤੋੜਨ ਜਾਂਦੀ ਸੀ ਢਾਣੀ ਮਿੱਤਰਾਂ ਦੀ
ਦਿਨ ਸੰਗਰਾਂਦ ਦੇ ਰਸਦ ਲੈ ਗੁਰੂ ਘਰ ਨੂੰ ਜਾਂਦੇ ਸੀ
ਮਿੰਨਤ ਜੀ ਕਰਕੇ ਬਾਬੇ ਦੀ, ਦੇਗ ਦੋ ਆਰੀ ਖਾਂਦੇ ਸੀ
ਹਵਾ ਪੁਰੇ ਦੀ "ਘੁੱਦਿਆ" ਮੀਂਹ ਦੇ ਅੰਦਾਜ਼ੇ ਲਾਉਂਦੇ ਰਹੇ
ਢਲੀ ਜਵਾਨੀ ਦਿਨ ਜੋਬਨ ਦੇ ਚੇਤੇ ਆਉਂਦੇ ਰਹੇ.....ਘੁੱਦਾ

No comments:

Post a Comment