Wednesday 17 October 2018

ਲੀਡਰ

ਲੀਡਰ ਕੁੱਲ ਨਾਲੇ ਦੇ ਢਿੱਲੇ
ਕਰਦੇ ਸੌ ਸੌ ਕੁੱਤੇ ਬਿੱਲੇ
ਲਾਹਤੀ ਪੱਗ ਤੇ ਗੋਗੜ ਹਿੱਲੇ
ਵੀਡਿਓ ਘੁੰਮਦੀ ਫੂਨਾਂ ਤੇ

ਮੁੰਡੇ ਕੰਮ ਨੂੰ ਹੱਥ ਨਾ ਲਾਉਂਦੇ
ਹਨ ਅਨਲਿਮਟਡ ਨੈੱਟ ਪਵਾੳਂੁਦੇ
ਕੱਟ ਜੇ ਪਾਕੇ ਵਾਲ ਮੁੰਨਾਉੰਦੇ
ਗਿੱਝਗੇ ਜਾਣ ਸਲੂਨਾਂ ਤੇ

ਆਹ ਨਵੀਂ ਮੱਕਾਲ ਬਣਾ ਗਿਆ
ਕੀ ਕੈਪਟਨ ਲੱਲੜ੍ਹ ਲਾ ਗਿਆ
ਲੈ ਥਰਮਲ ਬੰਦ ਕਰਾ ਗਿਆ
ਕਾਮੇ ਬੈਠੇ ਧਰਨਿਆਂ ਤੇ

ਚੱਕਤੇ ਤੇਲ ਤੇ ਨਾਲੇ ਰੇਹਾਂ
ਹੋਕੇ ਲਾਈਵ ਪੀਣ ਸਪਰੇਹਾਂ
ਲਮਕਣ ਛੇ ਛੇ ਫੁੱਟੀਆਂ ਦੇਹਾਂ
ਰੱਸੇ ਬਣਗੇ ਪਰਨਿਆਂ ਦੇ

ਤਾਨਾਸ਼ਾਹ ਕੋਰੀਆ ਆਲਾ
ਕਰਦਾ ਫਿਰਦਾ ਲਾਲਾ ਲਾਲਾ
ਚਾੜ੍ਹੇ ਵਾਈਟ ਹਾਊਸ ਨੂੰ ਪਾਲਾ
ਦੇਕੇ ਗਰਮ ਬਿਆਨਾਂ ਨੂੰ

ਗੋਲੀ ਨਿੱਤ ਬਾਡਰ ਤੇ ਚੱਲੇ
 ਗੱਭਰੂ ਬੰਦ ਡੱਬੇ ਵਿੱਚ ਘੱਲੇ
ਸਿਆਸਤ ਕਰਦੇ ਉੱਤੇ ਦੱਲੇ
ਮਿਲਦੀ ਮੌਤ ਜਵਾਨਾਂ ਨੂੰ
 
ਹੋਕੇ ਭਗਵਤ ਵਰਗੇ ਕੱਠੇ
ਕਰਦੇ ਫਿਰਦੇ ਹਾਸੇ ਠੱਠੇ
ਹੁੰਦੇ ਜੇ ਕਾਵਾਂ ਦੇ *****
ਦੇਂਦੇ ਡੇਗ ਬਨੇਰਿਆਂ ਨੂੰ

ਕਹਿੰਦਾ ਫੌਜ ਹੈ ਲੈਹਦੀ ਬਣਾਉਣੀ
ਪੈਜੇ ਲੋੜ, ਬਾਡਰ ਤੇ ਲਾਓਣੀ
ਹੈ ਟ੍ਰੇਨਿੰਗ ਸਿਰਾ ਕਰਾਓਣੀ
ਆਖੇ ਸ਼ੇਰ ਮੇਰਿਆਂ ਨੂੰ

ਘੁੱਦਿਆ ਕੁਛ ਨੀਂ ਗਾਇਕੀ ਪੱਲੇ
ਦਾਰੂ, ਅਸਲਾ, ਛਾਪਾਂ ਛੱਲੇ
ਗਾਣਾ ਪੰਦਰਾਂ ਦਿਨ ਨਾ ਚੱਲੇ
ਐਂਵੇ ਸ਼ਗੂਫੇ ਛੱਡਦੇ ਐ

ਕੀ ਦਸ ਮਿਲੀਅਨ ਦੇ ਕਹਿਣੇ
ਵਿਊ ਵੀ ਮੁੱਲ ਨੇ ਪੈਂਦੇ ਲੈਣੇ
ਨਾਲੇ ਧਰਕੇ ਪੈਲੀ ਗਹਿਣੇ 
ਗਾਣਾ ‘ਕਬਜ਼ਾ’ ਕੱਢਦੇ ਐ

ਕਰਲੇ ਕੁੱਲ ਮੁਲਖਾਂ ਦੇ ਦੌਰੇ
ਨਾ ਕੋਈ ਕੰਮ ਏਸਤੋਂ ਸੌਰੇ
ਹਾਲੇ ਕੀ ਭਾਲਦਾ ਖੌਰੇ
ਭਗਵੇਂ ਰੰਗ ਸਰਕਾਰਾਂ ਦੇ

ਪੀ. ਐੱਮ ਭਾਲਦਾ ਫੌਹੜੇ
ਕਹਿੰਦਾ ਵਿਚਾਰ ਲੋਕਾਂ ਦੇ ਸੌੜੇ
ਮੁੰਡਿਓ ਵੇਚੋ ਤੁਸੀਂ ਪਕੌੜੇ
ਇਹ ਵੀ ਢੰਗ ਰੁਜ਼ਗਾਰਾਂ ਦੇ

ਖੇਤੀ ਕਿੱਤੇ

ਖੇਤੀ ਜਾਂ ਖੇਤੀ ਨਾਲ ਜੁੜੇ ਕਿੱਤਿਆਂ ਨੂੰ ਸਰਕਾਰ ਕਦੇ ਉੱਤੇ ਨਹੀਂ ਲਿਅਓਣਾ ਚਾਹੁੰਦੀ। ਕਿਸਾਨ ਨੂੰ ਭੁੰਜੇ ਕਿਵੇਂ ਲਾਹੁਣਾ ਅਗਲੇ ਏਹੀ ਵਿਓਂਤਾਂ ਘੜਦੇ ਨੇ। ਹਾੜ੍ਹੀ ਸਾਓਣੀ ਦੇ ਨਾਲ ਨਾਲ ਮਾਲ ਡੰਗਰ ਪੇਡੂੰ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੁੰਦੀ ਆ। ਪੇਂਡੂ ਬੀਬੀਆਂ ਦੁੱਧ ਦੀ ਦਸੀ ਜਾਂ ਪੰਦਰੀਂ ਤੋਂ ਜਵਾਕਾਂ ਦੀ ਫੀਸ, ਸੌਦਾ ਪੱਤਾ ਜਾਂ ਹੋਰ ਲੋੜਾਂ ਪੂਰਦੀਆਂ। ਐਂਤਕੀ ਸਿਆਲਾਂ ‘ਚ ਦੁੱਧ ਦੀ ਕਿੰਨੀ ਦੁਰਦਸ਼ਾ ਹੋਈ ਆ ਬੱਸ ਪੁੱਛ ਨਾ। ‘ਬਾਣੀ ਮਿਲਕ’ ਕੰਪਨੀ ਦਾ ਫੈਟ ਰੇਟ 5.10 ਆ ਹੁਣ ਤੇ ਵੇਰਕਾ ਸਣੇ ਹੋਰ ਰੇਟ ਏਦੂੰ ਵੀ ਡੌਨ ਆ। ਮੋਟੀ ਜੀ ਗੱਲ ਹੁਣ ਪਿੰਡਾਂ ‘ਚ ਗਾਵਾਂ ਦਾ ਦੁੱਧ 18-20 ਤੇ ਮੱਝਾਂ ਦਾ ਦੁੱਧ ਤੀਹ ਬੱਤੀ ਰੁਪਏ ਕਿੱਲੋ ਝਬਕਦਾ ਫਿਰਦਾ। ਉੱਤੋਂ ਵੇਰਕਾ ਦਾ ਹਜੇ ਫਰਵਰੀ ਮਹੀਨੇ ਦਾ ਬਕਾਇਆ ਵੀ ਬਾਕੀ ਖੜ੍ਹਾ। ਦੀਵਾਲੀ ਵੇਲੇ ਦੁੱਧ ਦੇ ਰੇਟ ਟੁੱਟਦੇ ਹੁੰਦੇ ਨੇ। ਗਰਮੀ ਆਗੀ, ਹਜੇ ਤੀਕ ਰੇਟ ਨਹੀਂ ਵਧੇ। ਫੀਡ ਪੱਚੀ ਰੁਪੈ ਕਿੱਲੋ ਪੈਂਦੀ ਆ। ਬਹੁਤ ਫੇਰੇਦੇਣੀਆਂ ਸਰਕਾਰਾਂ। ਆਖਣਗੇ ਕਿਸਾਨੋਂ ਕੋ ਸਬਸਿਡੀ ਦੀ ਹੈ, ਸਬਸਿਡੀਆਂ ਦੇਂਗੇ। ਗੇੜੇ ਮਰਾ ਮਰਾ ਕੋਡਾ ਕਰਾ ਲੈਂਦੇ ਆ ਬੰਦੇ ਨੂੰ ਦਵਾਨੀ ਨੀਂ ਦਿੰਦੇ।
ਨਕਲੀ ਦੁੱਧ ਅਸਲੀ ਦੁੱਧ ਦੀ ਕੀਮਤ ਮਾਰਦਾ। ਜਿਹੜੀ ਸਰਕਾਰ ਤੋਂ ਨਕਲੀ ਦੁੱਧ ਨਹੀੰ ਰੁਕਦਾ, ਓਹਨੇ ਨਸ਼ਾ ਬੈਂਗਣ ਰੋਕਣਾ ਜਰ।  
ਸਰਕਾਰੀ ਸੀਮਨ ਆਓਂਦਾ HF ਢੱਠਿਆਂ ਦਾ। ਸਟ੍ਰਾਅ ਤੇ ਬਕਾਇਦਾ ਲਿਖਿਆ ਹੁੰਦਾ ਬੀ ਇਹ HF ਆ। ਨੌਂ ਮਹੀਨਿਆਂ ਮਗਰੋਂ ਗਾਂ ਫੁੱਦੂ ਜਾ ਵੱਛਾ ਦੇਕੇ ਸੈੜ ਤੇ ਹੋ ਜਾਂਦੀ ਆ। ਸਾਲਾ ਸੀਮਨ ਵੀ ਜਾਅਲੀ ਆਓਂਦਾ। ਨਕਲੀ ਸਿੰਥੈਟਿਕ ਦੁੱਧ ‘ਚੋਂ ਖੋਆ ਵੀ ਵੱਧ ਨਿਕਲਦਾ, ਪਨੀਰ ਵੀ। ਕੀ ਪਰਖ ਕਰਲੂ ਕੋਈ। ਨਿੱਤ ਟ੍ਰਿਬਿਊਨ ਦੇ ਪੰਜਵੇਂ ਸਫੇ ਦੀ ਉੱਤਲੀ ਕੰਨੀ ਤੇ ਮਸ਼ਹੂਰੀ ਛਪਦੀ ਆ,” ਅਮੂਲ ਦੂਧ ਪੀਤਾ ਹੈ ਇੰਡੀਆ”। ਅਮੁੱਲ ਆਲੇ ਪੰਜਾਹ ਰੁਪੈ ਕਿੱਲੋ ਦੁੱਧ ਵੇਚਦੇ ਆ। ਕਹਿੰਦੇ ਮਹੀਨਾ ਨਹੀਂ ਖ਼ਰਾਬ ਹੁੰਦਾ। ਹੁਣ ਸੋਚ ਦੁੱਧ ਤਾਂ ਤੜਕੇ ਦਾ ਚੋਇਆ ਦੁਪਹਿਰ ਨੂੰ ਵੱਟ ਖਾ ਜਾਂਦਾ। ਅਮੁੱਲ ਦਾ ਕੈਮੀਕਲ ਈ ਵਿਕੀ ਜਾੰਦਾ।
ਸਰਕਾਰਾਂ ਦੇ ਬਜਟ ਪੇਸ਼ ਹੁੰਦੇ ਆ। ਅਖਬਾਰ ‘ਚ ਖਬਰ ਛਪੂ, ਬੀੜੀ ਮਹਿੰਗੀ ਜਰਦਾ ਸਸਤਾ। ਦੁੱਧ ਬਾਧ ਤੇ ਹੋਰ ਖੁਰਾਕਾਂ ਦੇ ਨਾਂ ਈ ਨੀਂ। ਐਹੇ ਜੇ ਤਾਂ ਬਜਟ ਆ ਸਲੱਗਾਂ ਦੇ। ਨਿੱਤ ਖ਼ਬਰ ਛਪਦੀ ਆ ਕਿਤੇ ਤਿੰਨ ਕਿਸਾਨਾਂ ਖੁਦਕੁਸ਼ੀ ਕਰਲੀ ਕਿਤੇ ਦੋ ਨੇ। ਏਹਦੇ ਨਾੲੋਂ ਤਾਂ ਸਰਕਾਰ ਹੋਰੂੰ ਕਰੇ। ਐਕਟਾਰਾ ਘੋਲ ਲੈਣ ਕੱਠੀ ਵੱਡੇ ਢੋਲਾਂ ‘ਚ ਮੁੜਕੇ ਜੰਗਲਾਂ ਦੀ ਅੱਗ ਬੁਝਾਉਣ ਅਾਲੇ ਜ਼ਹਾਜ ਕਰਾ ਲੈਣ ਕਿਰਾੲੇ ਤੇ ਫੇਰ ਕੇਰਾਂ ੲੀ ਛਿੜਕ ਦੇਣ ਲੋਕਾਂ ਤੇ। ਤੇਲੇ ਅੰਗੂ ਲੱਦਕੇ ਮਾਰਨ ਲੋਕ। ਯਹਿਕ ਮੁੱਕੇ ਪਰ੍ਹੇ ।ਲਗੌੜ੍ਹ ਲੋਕਤੰਤਰ

ਰੰਗਰੂਟ ਸੱਜਣ

ਸ਼ਾਬਾਸ਼ੇ ਦੇ ਹੱਕਦਾਰ ਨੇ ਓਹ ਬੰਦੇ ਜਿਨ੍ਹਾਂ ਐਡੀ ਫਿਲਮ ਬਣਾਉਣ ਦਾ ਬੀੜਾ ਚੁੱਕਿਆ।
ਬੜਾ ਤਕੜਾ ਇਤਿਹਾਸ ਸਾਡਾ। ਕਿਤਾਬਾਂ ‘ਚ ਪਿਆ ਇਤਿਹਾਸ ਤਰਸਦਾ ਬੀ ਅਗਲੀ ਨਸਲਾਂ ਪੜ੍ਹਨ , ਫਰੋਲਣ , ਸਿੱਖਣ ਤੇ ਵਧਣ। ਖੈਰ। ਧੰਨ ਨੇ ਓਹ ਬੰਦੇ ਜਿਹੜੇ ਬਿਗਾਨੇ ਦੇਸ਼ ਖਾਤਰ ਬਿਗਾਨੀਆਂ ਜੂਹਾਂ ਤੇ ਜਾਕੇ ਲੜੇ , ਸ਼ਹੀਦ ਹੋਏ ਤੇ ਕੁੱਜਿਆਂ ‘ਚ ਬੰਦ ਹੋਕੇ ਮੁੜੇ ਜਾਂ ਮਹਿਜ਼ ‘ਪੂਰਾ ਹੋਗਿਆ’ ਦੇ ਸੁਨੇਹੇ ਬਣਕੇ ਮੁੜੇ। ਓਹ ਜੇ ਜੱਕ ‘ਚ ਲੜੇ ਖਵਣੀ ਬਿਗਾਨੇ ਮੁੱਲ ਪਾਓਣਗੇ ਕਿ ਨਾ। ਆਪਾਂ ਆਪਣੇ ਬਜ਼ੁਰਗਾਂ ਦੀਆਂ ਕਮਾਈਆਂ ਖਾਣੇ ਆ। ਆਪਣੀ ਪੀੜ੍ਹੀ ਨੇ ਤਾਂ ਪੱਗਾਂ ਦੇ ਸਟੈਲ ਈ ਬਣਾਏ ਆ , ਪੱਗ ਦੀ ਇਮੇਜ਼ ਤਾਂ ਸਾਡੇ ਬਜ਼ੁਰਗਾਂ ਨੇ ਬਣਾਈ ਸੀ।
ਫਿਲਮ ‘ਚ ਸੱਜਣ ਆਂਹਦਾ,” ਜਿਨ੍ਹਾਂ ਨੂੰ ਪੱਗਾਂ ਬੰਨ੍ਹਣੀਆਂ ਆਓਂਦੀਆਂ, ਓਹਨ੍ਹਾਂਂ ਨੂੰ ਸਾੰਭਣੀਆਂ ਵੀ ਆਓਂਦੀਆਂ”
ਆਹ ਜਾਅਲੀ ਜੇ ਪੇਜਾਂ ਤੇ ਫਿਲਮ ਲਾਈਵ ਕਰਨ ਆਲੇ ਛਲਾਰੂਆਂ ਜਿਆਂ ਨੂੰ ਇਗਨੋਰ ਕਰੋ। 
ਪਾਰਖੂ ਬੰਦੇ ਰੀਵਿਊ ਲਿਖਣਗੇ ਫ਼ਿਲਮ ਦਾ। ਆਪਣਾ ਜੱਟ ਸੌਦਾ। ਸਿਰੇ ਸੱਟ ਆ ਫਿਲਮ। ਦੇਖਿਓ ਜ਼ਰੂਰ , ਜੀਆ ਜੰਤ ਲਿਜਾਇਓ ਨਾਲ। ਮਹਿਸੂਸ ਕਰਿਓ। ਆਹ ਤੁਕ ਬੜੀ ਵਜ਼ਨਦਾਰ ਲਿਖੀ ,” ਇਤਿਹਾਸ ਨਾਲ ਪਹਿਚਾਣ ਸਾਡੀ, ਬੱਚਿਆਂ ਨੂੰ ਦੱਸਣਾ ਜ਼ਰੂਰੀ ਹੈ”। ਸੋ ਜਾਓ ਭਾਈ ਸਿੰਘੋ ਦੱਸੋ ਨਿਆਣਿਆਂ ਨੂੰ

ਫੇਸਬੁਕੀਏ ਕਾਮਰੇਡ

ਫੇਸਬੁਕੀਏ ਕਾਮਰੇਡਾਂ ਜਿੱਡੇ ਲਾਹਣਤੀਏ ਕਿਤੇ ਨੀਂ ਦੇਖੇ। ਇਓਂ ਲੱਗਦਾ ਕਾਮਰੇਡ ਹੋਣ ਦਾ ਮਤਲਬ ਏਹੀ ਆ, ਕਿ ਜਿਹੜੇ ਪਾਸੇ ਸਿੱਖ ਖੜ੍ਹਗੇ ਤੁਸੀਂ ਬਸ ਓਹਤੋਂ ਉਲਟ ਚੱਲਣਾ। ਜੇ ਸਿੱਖਾਂ ਨੇ ਕਹਿਤਾ ਬੀ ਆਹ ਟਾਹਲੀ ਖੜ੍ਹੀ ਆ ਤਾਂ ਏਹ ਆਖਣਗੇ ਨਹੀਂ ਏਹਤਾ ਕਿੱਕਰ ਆ। ਫੇਰ ਦਲੀਲੋ ਦਲੀਲ। 
ਮੋਟੀ ਮੋਟੀ ਗੱਲ ਤਾਂ ਆਪਾਂ ਵੀ ਸਮਝਦੇ ਆਂ ਜਰ। ਕਮਿਊਨਿਜ਼ਮ ਸਮਾਜਵਾਦ ਦੀ ਗੱਲ ਕਰਦਾ ਬੀ ਸਾਰੇ ਇੱਕੋ ਜੇ ਹੋਣ। ਬਰਾਬਰੀ, ਭਾਈਵਾਲੀ ਹੋਵੇ। ਜੀ ਸਦਕੇ ਸਮਾਜ ਸੁਧਾਰੋ। ਦੱਸੋ ਕਿਹੜਾ ਸਿੱਖ ਆ ਜਿਹੜਾ ਥੋਡੇ ਮੂਹਰੇ ਅੜਦਾ। ਕੋਈ ਗਿੱਟਾ ਨਹੀਂ ਖਿੱਚਦਾ ਥੋਡਾ । ਹੱਕ ਬਰਾਬਰੀਆਂ ਚਾਹੀਦੀਆਂ ਤਾਂ ਸਰਕਾਰਾਂ ਨਾਲ ਮੱਥਾ ਲਾਓ।
ਅਸਲ ‘ਚ ਏਹ ਆਵਦੇ ਆਪ ਨੂੰ ਹਾਈਲਾਈਟ ਕਰਨ ਖਾਤਰ ਸਿੱਖ ਗੁਰੂ ਸਾਹਿਬਾਨਾਂ ਦਾ ਨਾਂ ਪਾਕੇ ਵਾਹਯਾਤ ਕਵਿਤਾਵਾਂ ਲਿਖੀ ਜਾਣਗੇ। ਫੇਰ ਲੋਕ ਵਿਰੋਧਤਾ ਕਰਦੇ ਆ ਤਾਂ ਏਹ ਮਸ਼ਹੂਰ ਹੁੰਦੇ ਆ। ਬਸ਼ੱਕ  ਥੂ ਥੂ ਈ ਸਹੀ। ਡੂਢ ਜੀਬੀ ਡਾਟਾ ਲਾਹ ਪਾਹ ਕਰਾਕੇ ਈ ਮੁੱਕ ਜਾਂਦਾ।
‘ਬਲੈਕ ਪ੍ਰਿੰਸ ‘ ਫਿਲਮ ਦੀ ਗੱਲ ਛਿੜੀ ਏਹਨ੍ਹਾਂ ਮਹਾਰਾਜਾ ਦਲੀਪ ਸਿੰਘ ਦੇ ਖਿਲਾਫ ਸਟੇਟਸ ਚਾੜ੍ਹੇ।
ਪੰਜਾਬੀ ਬੋਲੀ ਦੇ ਹੱਕ ‘ਚ ਲਹਿਰ ਉੱਠੀ। ਇਹ ਫੇਰ ਭੁੜਕੇ। ਪੰਜਾਬ ਦਾ ਖਾਕੇ ਪੰਜਾਬ ਦੀ ਖਿਲਾਫਤ , ਜਾ ਜਰ।
ਪਿੱਛੇ ਜੇ ਖਾਲਸਾ ਏਡ ਵਾਲੇ ਰਵੀ ਸਿੰਘ ਹੋਣਾਂ ਖਿਲਾਫ ਲਿਖੀ ਬੈਠੇ। ਧੰਨ ਉਹ ਸੂਰਮੇ ਰੋਹਿੰਗਿਆ, ਸੀਰੀਆ ਤੱਕ ਲੰਗਰ ਲੈਕੇ ਬਹੁੜੇ। ਨਿਆਸਰਿਆਂ ਦੇ ਆਸਰੇ ਬਣੇ।
ਕਿਤਾਬਾਂ ਆਵਦੀ ਥਾਂ ਹੁੰਦੀਆਂ। ਭੁੱਖੇ ਮੂਹਰੇ ਬਾਤ ਪਾਊ ਆਖੂ ਰੋਟੀ, ਕਿਤਾਬ ਫੇਰ। ਥੋਡੀਆਂ ਖੁੱਲ੍ਹੀਆਂ, ਭੀੜੀਆਂ , ਮੁਸ਼ਕੀਅਾਂ ਕਵਤਾਵਾਂ ਕਿਸੇ ਦਾ ਢਿੱਡ ਨੀਂ ਭਰਦੀਆਂ।
ਹੁਣ ਸਾਰਾ ਪੰਥ ਸਿੱਕੇ ਦੀ ਬਦਮਾਸ਼ੀ ਖਿਲਾਫ ਖਲੋਤਾ। ਅਖੇ ਖਵਾਜੇ ਦਾ ਗਵਾਹ ਡੱਡੂ, ਇਹ ਫਿਲਮ ਦੇ ਹੱਕ ‘ ਚ ਖਲੋਤੇ ਨੇ। ਗੱਲ ਚੇਤੇ ਰੱਖਿਓ ਪੰਜਾਬ ਗੁਰਾਂ ਦੇ ਨਾਂ ਤੇ ਈ ਵੱਸਦਾ ਤੇ ਵੱਸਦਾ ਰਹੂ

ਰੋਂਦੇ ਬਾਲ ਨਿਆਣੇ

ਰੋਂਦੇ ਬਾਲ ਨਿਆਣੇ ਵੇ
ਗੋਦ ਨੂੰ ਤਰਸੇ, ਬੰਬ ਜਦੋਂ ਵਰਸੇ
ਹੋਈ ਜਾਣ ਹਮਲੇ, ਕਰੇ ਲੋਕ ਕਮਲੇ
ਹੋਗੀ ਜਿੰਦ ਸਸਤੀ

ਕੀ ਖੋਜਾਂ ਸਾਇੰਸ ਦੀਆਂ
ਬੰਦਾ ਕੀ ਜਾਣੂ, ਬਣੇ ਪਰਮਾਣੂ
ਕਿਤੇ ਜੇ ਸਿੱਟਦੇ, ਪਲਾਂ ਵਿੱਚ ਮਿਟਜੇ
ਜੀਆਂ ਦੀ ਹਸਤੀ

ਸੀ ਆਸਾਂ ਝਾੜੂ ਤੋਂ
ਹਵਾ ਸੀ ਕਾਫੀ, ਮੰਗ ਗਿਆ ਮਾਫੀ
ਮਾਰ ਗਿਆ ਮੋਕ, ਬਾਣੀਆ ਲੋਕ
ਪਹੁੰਚਿਆ ਦਿੱਲੀ

ਭਵਾਂ ਬਣਜੇ ਸਿਓਨੇ ਦਾ
ਮੂੰਹ ਨੀਂ ਲਾਓਂਦੇ, ਵੋਟ ਨੀਂ ਪਾੳਂਦੇ
ਰੋਲਤੀ ਕਿੱਕਲੀ, ਥੈਲ਼ਿਓਂ ਨਿੱਕਲੀ
ਇਹਦੀ ਵੀ ਬਿੱਲੀ

ਰੀਝਾਂ ਕਰਨ ਪੂਰੀਆਂ ਜੀ
ਨਿਆਣੇ ਪੜ੍ਹਗੇ, ਜਹਾਜ਼ੀ ਚੜ੍ਹਗੇ
ਮਿਹਨਤਾਂ ਕਰਦੇ, ਜੇਬਾਂ ਫਿਰ ਭਰਦੇ
ਝੂਟਦੇ ਗੱਡੀਆਂ

ਮੰਦਭਾਗੇ ਮੁੜਦੇ ਨਾ
ਹੋਗੇ ਸੀ ਗ਼ੈਬ, ਕਰੇ ਕਿਡਨੈਪ
ਭੇਤ ਹੁਣ ਖੁੱਲ੍ਹਗੇ, ਇਰਾਕ ‘ਚ ਰੁਲਗੇ
ਰਹਿਗੀਆਂ ਹੱਡੀਆਂ

ਕੀ ਬਣੂ ਪੰਜਾਬ ਤੇਰਾ
ਸਿਆਸੀ ਭੇਡਾਂ , ਖੇਡੀ ਜਾਣ ਖੇਡਾਂ 
ਬਦਲਕੇ ਬਾਣੇ, ਓਹੀ ਦੋ ਲਾਣੇ
ਤਖ਼ਤ ਤੇ ਬਹਿਗੇ

ਸੌੰਹ ਖਾਕੇ ਗੁਟਕੇ ਦੀ
ਪੈਰ ਤੇ ਮੁੱਕਰੇ, ਲਾਏ ਲੋਕ ਨੁੱਕਰੇ
ਜਾਂਦੇ ਗੱਲ ਟਾਲੀ, ਖ਼ਜ਼ਾਨਾ ਖਾਲੀ
ਮੰਤਰੀ ਕਹਿਗੇ

ਨਾਂ ਲੈਕੇ ਪਾਤਸ਼ਾਹ ਦਾ
ਛੋਟੀਆਂ ਅਕਲਾੰ, ਕਰਦੀਆਂ ਨਕਲਾਂ
ਬੀੜੀਆਂ ਚਿਲ੍ਹਮਾਂ, ਬਣਾਓਂਦੀਆਂ ਫਿਲਮਾਂ
ਲੱਗੀ ਜਾਣ ਧਰਨੇ

ਬੁੱਤ ਪੂਜ ਬਣਾੳਂਦੇ ਐ
ਗੁਰੂ ਦੇ ਸਿੱਖ ਨੂੰ, ਵਿਗਾੜਨ ਦਿੱਖ ਨੂੰ
ਚੋਰਾਂ ਨਾਲ ਕੁੱਤੀਆਂ, ਕਮੇਟੀਆਂ ਸੁੱਤੀਆਂ
ਹੋ ਪਾਸੇ ਪਰਨੇ

ਲੱਗੀ ਨਜ਼ਰ ਕਿਸਾਨੀ ਨੂੰ
ਡਿੱਗੀ ਕੀ ਗ਼ਾਜ਼, ਵਿਆਜ ਤੇ ਵਿਆਜ
ਛੋਟੇ ਜਿੰਮੀਦਾਰੇ, ਨਾ ਉੱਠਣ ਵਿਚਾਰੇ
ਹੋ ਗਏ ਦਾਬੂ

ਚੁੱਲ੍ਹੇ ਬਲਦੇ ਲਿਮਟਾਂ ਤੇ
ਪਏ ਕਿਸ ਰਾਹੇ, ਲਈ ਜਾਣ ਫਾਹੇ
ਸੰਭਲਜੋ ਥੋੜ੍ਹਾ, ਖਰਚ ਬੇਲੋੜਾ
ਕਰਲਿਓ ਕਾਬੂ......ਘੁੱਦਾ

ਜਰਦਾ

ਪੰਜ ਸੱਤ ਦਿਨ ਹੋਗੇ ਗੱਲ ਨੂੰ। ਅਸੀਂ ਤਿੰਨ ਚਾਰ ਜਣੇ ਐਥੇ ਬਾਹਰ ਬੈਠੇ ਚੌਂਕੜੀ ਤੇ। ਗੱਲਾਂ ਕਰਦੇ ਕਰਦੇ ਸਹਿ ਸੁਭਾਅ ਇੱਕ ਨੇ ਤਾਂ ਜਰਦਾ ਕਿਓਂ ਨਾ ਕੱਢ ਲਿਆ ਗੀਝੇ ‘ਚੋ। ਬੋਲੀ ਉਂਗਲ ਤੇ ਗੂਠੇ ਦੇ ਸੰਨ੍ਹ ‘ਚ ਦੇਕੇ ਢੱਕਣ ਖੋਲ੍ਹਕੇ ਬਿੱਠ ਜਿੰਨੀ ਕਲੀ ਰਲਾਕੇ ਜਰਦਾ ਮਲਣ ਲਾਗਿਆ। ਸਾਡੇ ਨਾਲਦੇ ਨੇ ਟੋਕਤਾ ਕਹਿੰਦਾ,” ਕੰਜਦਿਆ ਜਰਦਾ ਜੁਰਦਾ ਨਾ ਲਾਇਆ ਕਰ ਭੈੜਾ ਲੱਗਦਾ ਨਾਏ ਤੇਰੇ ਘਰਦੇ ਲੜਨਗੇ”। 
ਕਹਿੰਦਾ ਸਾਡੇ ਘਰਦੇ ਨੀਂ ਲੜਦੇ ਜਰਦੇ ਤੋਂ। ਅਖੇ ਕਿਓਂ ?ਫੇਰ ਆਪੀ ਦੱਸਣ ਲੱਗ ਗਿਆ ਕਹਿੰਦਾ,” ਤੈਨੂੰ ਪਤਾ ਈ ਆ ਮੇਰਾ ਪਿਓ ਜਰਦਾ ਲਾਉਂਦਾ, ਕਹਿੰਦਾ ਕੇਰਾਂ ਰਾਤ ਨੂੰ ਉਹਨੂੰ ਜਰਦੇ ਦੀ ਭਲ ਉੱਠ ਖੜ੍ਹੀ । ਕਹਿੰਦਾ ਜਾ ਪੁੱਤ ਟਾਹਲਿਆ ਜਰਦਾ ਲਿਆ ਕੇ ਦੇ ਕੁੜਤੇ ‘ਚੋਂ ਲੈਜਾ ਦਸ ਰੁਪਏ। ਅਖੇ ਫੇਰ।
ਫੇਰ ਕੀ ਕਹਿੰਦਾ ਨੌਂ ਦੱਸ ਦਾ ਟੈਮ ਸਾਰੀਆਂ ਹੱਟਾਂ ਬੰਦ, ਮੈਂ ਕਹਿਤਾ ਭਾਪਾ ਜਰ ਐਸ ਟੈਮ ਨਹੀਂ ਮਿਲਦਾ ਜਰਦਾ । 
ਕਹਿੰਦਾ ਪੁੱਤ ਬਣੇ ਜਰਦੇ ਦਾ ਹੱਲ ਕਰ ਕਿਤੋਂ ਭਲ ਬਾਹਲੀ ਉੱਠੀ ਆ। ਅਖੇ ਫੇਰ। ਫੇਰ ਕਹਿੰਦਾ ਮੈਂ ਜੇਬ ‘ਚੋਂ ਕੱਢਕੇ ਪੁੜੀ ਭਾਪੇ ਦੀ ਥੇਹਲੀ ਤੇ ਧਰਤੀ । ਕਹਿੰਦਾ ਅਕੇ ਪੁੱਤ ਤੂੰਵੀ ਲਾਓਣ ਲਾਗਿਆ ਕਿ? ਕਹਿੰਦਾ ਹਾਂ ਭਾਪਾ। ਬਣਾ ਸਵਾਰਕੇ ਕਹਿੰਦਾ ਚਲ ਆਹਤਾ ਸੁਖ ਹੋਗਿਆ ਘਰੇ ਡੰਗ ਲਹਿ ਜਿਆ ਕਰੂ। ਐਹੇ ਜੀਆਂ ਨਸ਼ਾ ਵਿਰੋਧੀ ਮਹਿੰਮਾਂ ਛਿੜਦੀਆਂ ਪਿੰਡਾਂ ‘ਚ

ਦੋ ਗੱਲਾਂ

ਗੱਲਾਂ ਦੋ ਈ ਚੱਲਦੀਆਂ ਪੰਜਾਬ ‘ਚ
 — ਜਾਂ ਤਾਂ ਅਗਲਾ ਕਹਿ ਦਿੰਦਾ ਸ਼ੌਪਿੰਗ ਕਰਦੇ ਫਿਰਦੇ ਆਂ ਸਾਡੇਆਲੇ ਦਾ ਵੀਜ਼ਾ ਆ ਗਿਆ
— ਤੇ ਜਾਂ ਅਗਲਾ ਕਹਿ ਦਿੰਦਾ ਪੋਸਟਰ ਸ਼ੇਅਰ ਕਰਦੇ ਸਾਡੇਆਲੇ ਦਾ ਸਿੰਗਲ ਟਰੈਕ ਆ ਗਿਆ......ਘੁੱਦਾ

ਸਾਡੇ ਸੁਭਾਅ

ਸਾਡੇ ਸੁਭਾਅ ਈ ਏਸਰਾਂ ਦੇ ਬਣਗੇ। ਬੜਾ ਕੁਛ ਸੀ ਸਾਡੇ ਕੋਲ, ਸਾਂਭਿਆ ਨਹੀਂ ਜਾਂ ਸਾਂਭਣਾ ਨਹੀਂ ਚਾਹੁੰਦੇ। ਇਹ ਵੱਡਾ ਸ਼ਿਕਵਾ , ਸਾਨੂੰ ਟਕਨੌਲਜੀ ਵਰਤਣੀ ਨਹੀਂ ਆਓਂਦੀ। ਹੋਸ਼ਾਪਣ ਬੜਾ ਵੱਧ ਗਿਆ। ਇੱਕ ਹੱਥ ਨਾਲ ਦਾਨ ਕਰਦੇ ਆਂ ਦੂਜੇ ਨਾਲ ਸੈਲਫੀ ਲੈਕੇ ਫੇਸਬੁੱਕ ਤੇ ਚਾੜ੍ਹਦੇ ਆਂ। ਮਿਤੱਰਾਂ ਦੇ ਕੁਮੈਂਟ ਆਓਂਦੇ ਆ,” ਨਾਈਸ ਬਰੋ”, “ਬਹੁਤ ਵਧੀਆ ਸੋਚ ਜੀ”। ਫਾਨਿਆਂ ਦੇ ਭੁੱਖੇ ਆਂ। ਪਾਲਸ਼ਾ ਚਾਹੀਦੀਆਂ। ਕੱਲੇ ਕੱਲੇ ਕਮਿੰਟ ਥੱਲੇ ਥੈਂਕਸ ਥੈਂਕਸ ਲਿਖਦੇ ਆਂ। ਕਿਤੇ ਧਾਰਮਿਕ ਥਾਂ ਜਾਈਏ। ਓਥੋਂ ਦੀ ਇਤਿਹਾਸਕ ਮਹਾਨਤਾ ਨੂੰ ਨਹੀਂ ਦੇਖਦੇ, ਮਹਿਸੂਸ ਨਹੀਂ ਕਰਦੇ , ਕਿਵੇਂ ਗੁਰੂ ਸਾਬ੍ਹ ਏਥੇ ਆਏ, ਕਿਵੇਂ ਰਹੇ, ਕੀ ਕਰਦੇ ਹੋਣਗੇ, ਕਿਵੇਂ ਲੋਕ ਆਓਂਦੇ ਹੋਣਗੇ। ਕਿਹੋ ਜਾ ਮਹੌਲ ਹੋਣਾ ਓਦੋਂ।
ਸਾਨੂੰ ਕਾਹਲੀ ਹੁੰਦੀ ਆ ਚੈੱਕ ਇਨ ਪਾਈਏ, ਨਾਲਦੇ ਨੂੰ ਕਹਿਣੇਂ ਆ ਘੈਂਟ ਜੀ ਫੋਟੋ ਖਿੱਚ, ਸਟੋਰੀ ਪਾਈਏ। ਛੱਡ ਹੋਰ ਗੱਲ ਸੁਣ।
ਚਾਰ ਕ ਸਾਲ ਪਹਿਲਾਂ ਸ੍ਰੀ ਹਰਮੰਦਰ ਸਾਹਬ ਗਏ। ਗੋਰਾ ਨਿਛੋਹ ਮੁੰਡਾ ਸਰੋਵਰ ਕੰਢੇ ਪਰਕਰਮਾ ‘ਚ ਬੈਠਾ। ਕੋਰੇ ਕਾਗ਼ਜ਼ ਤੇ ਪੈਨਸਿਲ ਨਾਲ ਦਰਬਾਰ ਸਾਹਬ ਦਾ ਸਕੈੱਚ ਬਣਾ ਰਿਹਾ ਸੀ। ਅੰਗਰੇਜ਼ੀ ਜੋੜ ਮੈਂ ਗੱਲ ਤੋਰੀ। ਮਖ “ਭਾਊ ਕਿੱਥੋਂ ਆਇਆਂ”।ਅੱਗੋਂ ਕਹਿੰਦਾ ਮੈਂ ਸਵਿਟਜਰਲੈਂਡ ਦਾ ਸਟੂਡੈਂਟ ਆਂ। ਮਖ ਤੂੰ ਫੋੇਟੋ ਖਿੱਚ ਕੈਮਰੇ ਨਾਲ ਸਕੈੱਚ ਤੇ ਟੈਮ ਲੱਗਦਾ। ਓਹਨੇ ਅੰਗਰੇਜ਼ੀ ਦੀ ਪੰਡ ਮੇਰੇ ਮੂੰਹ ਤੇ ਮਾਰੀ ਕਹਿੰਦਾ, “ਮੈਂ ਿੲਸ ਬਿਲਡਿੰਗ ਨੂੰ ਪਹਿਲਾਂ ਦਿਮਾਗ ‘ਚ ਬਿਠਾਓਣਾ ਫੇਰ ਕਾਗ਼ਜ਼ ਤੇ ਵਾਹੁਣਾ। ਇਸ ਤਰ੍ਹਾਂ ਇਹ ਕਦੇ ਮੇਰੇ ਮਨ ਤੋਂ ਲਹਿ ਨਹੀਂ ਸਕਦੀ। ਬਸ ਮਖ ਵਾਹ ਸਕੈੱਚ, ਆਹੀ ਫਰਕ ਆ ਸਾਡਾ ਥੋਡਾ

ਸ਼ੇਅਰ

ਖਾਕੇ ਬਾਣੀ ਦੀਆਂ ਸੌਂਹਾਂ ਸੀਗੇ ਕੁਰਸੀ ਤੇ ਬੈਠੇ
ਹੋਗੇ ਤੀਵੀਆਂ ਦੇ ਵਿੱਚ ਗਲਤਾਨ ਨੀਂ
ਪਹਿਲਾਂ ਉੱਡਿਆ ਪਤੰਗ, ਫੇਰ ਝਾੜੂ ਪਿੱਛੇ ਪਏ
ਹੁਣ ਲੱਭਣਗੇ ਤੀਜਾ ਕੋਈ ਨਿਸ਼ਾਨ ਨੀਂ
ਅੱਜ ਸਿਰ ਤੇ ਬਿਠਾਇਆ, ਕੱਲ੍ਹ ਏਹਵੀ ਭੁੰਜੇ ਲਾਹੁਣਾ
ਜਿਵੇਂ ਸਿੱਟਿਆ ਸਤੌਜ ਆਲਾ ਮਾਨ ਨੀਂ
ਛੇ ਕੁੱਟਕੇ ਸਕੋਰ ਮੁੰਡੇ ਚੜ੍ਹਗੇ ਵਲੈਤ
ਹੋਗੀ ਕਾਲਜਾਂ ਦੇ ਵਿੱਚ ਸੁੰਨ ਸਾਨ ਨੀਂ
ਪਾ ਲੇ ਘਰ ਘਰਕੀਣਾਂ ਨਾਲੇ ਬੋਲਦੇ ਆ ਗੋਲੇ
ਜਿਵੇਂ ਹਾੜ੍ਹ ਦੇ ਦੁਪਹਿਰੇ ਸਮਸ਼ਾਨ ਨੀਂ
ਬਾਲਪੁਣੇ ਵਿੱਚ ਚਾਵਾਂ ਨਾਲ ਲਾਏ ਜਿਹੜੇ ਰੁੱਖ
ਹੁਣ ਉਹਨ੍ਹਾਂ ਨਾਲ ਈ ਝੂਟਗੇ ਕਿਸਾਨ ਨੀਂ
ਪੈਲੀ ਟੋਟਿਆਂ ਦੇ ਵਿੱਚ ਬੈਅ ਲੈ ਗਿਆ ਕਰਾੜ੍ਹ
ਉੱਚੀ ਹੋਗੀ ਹੋਰ ਲਾਲੇ ਦੀ ਦੁਕਾਨ ਨੀਂ
ਹੱਡਾਂ ਵਿੱਚ ਬਹਿਗੀਆਂ ਨੀਂ ਹਰੀਆਂ ਕ੍ਰਾਂਤੀਆਂ
ਹੋਗੇ ਗੰਧਲੇ ਜ਼ਮੀਨ ਅਸਮਾਨ ਨੀਂ
ਤਿੰਨ ਗੱਟਿਆਂ ਤੋਂ ਘੱਟ ਕਹਿੰਦੇ ਉੱਠਦਾ ਨੀਂ ਝੋਨਾ
ਨਾਲੇ ਅੰਨ੍ਹੇਵਾਹ ਡਿੱਗਦੀ ਪਦਾਨ ਨੀਂ
ਸਾਡੇ ਮੁੰਡਿਆਂ ਨੂੰ ਘੁੱਦਿਆ ੳਏ ਮਿਲੀਬੱਗ ਪੈਗੀ
ਫਿਰੇ ਚਿੱਟਾ ਚਿੱਟਾ ਕਰਦਾ ਜਹਾਨ ਨੀਂ
ਕਿਵੇਂ ਬਚਜੂ ਡਰੱਗ ਤੋਂ ਪੰਜਾਬ ਦੀ ਜਵਾਨੀ
ਐਥੇ ਨਸ਼ਿਆਂ ਤੇ ਲੱਗੇ ਵਏ ਆ ਵਾਹਣ ਨੀਂ
 ~ ਘੁੱਦਾ ਸਿੰਘ

ਸੱਥਾਂ

ਹਰੇਕ ਪਿੰਡ ਦੀ ਸੱਥ ‘ਚ ਚਾਰ ਪੰਜ ਬੰਦੇ ਪੱਕੇ ਬੈਠੇ ਹੁੰਦੇ ਨੇ। ਬਿਨ੍ਹਾਂ ਨਾਗਾ ਪਾਏ ਚੱਤੋਪੈਰ ਹਾਜ਼ਰ। ਤੜਕੇ ਆਓਣਾ, ਛਿਟੀ ਜਾੰ ਘਸੀ ਬਹੁਕਰ ਨਾਲ ਥੜ੍ਹਾ ਸੁੰਭਰਨਾ। ਪਾਣੀ ਦਾ ਤੌੜਾ ਭਰਨਾ, ਅੰਗਰੇਜ਼ੀ ਦਾਰੂ ਦੀ ਬੋਤਲ ਨਾਲ ਮਿਲੀ ਤਾਸ਼ ਤਰਾਸ਼ਕੇ ਹੋਰਾਂ ਨੂੰ ਉਡੀਕਣਾ।
ਲੰਘਦੇ ਟੱਪਦੇ ਹਰੇਕ ਬੰਦੇ ਨੂੰ ਵਾਚਣਾ, ਵਿਅੰਗ ਕਰਨਾ, ਹਾਲ ਪੁੱਛਣਾ,ਨੀਰਾ ਲਈ ਆਓਂਦੇ ਬੰਦਾ ਨੂੰ ਬੇਵਜ੍ਹਾ ਕਹਿਣਾ‘“ ਵੱਢ ਲਿਆਇਆ ਨੀਰਾ ਸੰਦੇਹਾਂ ਈ, ਤੇਲ ਪੈਣ ਲਾਗੀ ਹੁਣ” ,ਮੁਫ਼ਤ ਸਲਾਹਾਂ ਦੇਣੀਆਂ, ਬਿੜਕਾਂ ਭੰਨਣੀਆਂ। ਅੱਡੇ ਤੇ ਬੱਸੋਂ ਉੱਤਰੀ ਸਵਾਰੀ ਦੇਖਕੇ ਦੱਸ ਦਿੰਦੇ ਆ,” ਇਹ ਦੇਕਾਂ ਜੰਟੇ ਦਾ ਸਾਂਢੂ ਆ ਦੋਦੇ ਆਲਾ, ਇਹ ਕਿਮੇਂ ਆਇਆ ਹੋਇਆ”। ਬੇਮਤਲਬ ਫਿਕਰ।
ਮੰਨਲਾ ਤਿੰਨ ਚਾਰ ਮੁੰਡੇ ਹੱਥ ‘ਚ ਪਰਚੀਆਂ ਪੈੱਨ ਲੈਕੇ ਸੱਥ ਕੋਲੋੰ ਟੱਪ ਜਾਣ ਤਾਂ ਚਰਚਾ ਛਿੜਦੀ ਆ।
ਪਹਿਲਾ ਬੋਲਦਾ,” ਓਹ ਆਹ ਕਿਹੜੇ ਕਿਹੜੇ ਸੀ?”
ਦੂਜਾ ਬੋਲਦਾ,” ਆਹ ਪੈਲਾ ਤਾਂ ਜਾਗਰ ਦਾ ਪੋਤਾ ਲੱਗਦਾ, ਖੜਮੇਂ ਜੇ ਵਾਲਾਂ ਆਲਾ, ਲੀਲੀ ਜੀ ਪੰਟ ਆਲਾ ਮਿੰਦਰੀ ਕਾ ਛੋਹਰ ਆ ਨਸੇ ਪੱਤੇ ਜੇ ਕਰਦਾ ਕੰਜਰਦਾ, ਤੀਜਾ ਜੱਗੂ ਬੰਬਰ ਦਾ ਭਤੀਜਾ ਹੱਡਾਂ ਪੈਰਾਂ ਦਾ ਖੁੱਲ੍ਹਾ ਖੈਰ, ਹਾਅ ਜੂਜੇ ਦਾ ਨੀਂ ਪਤਾ ਲੱਗਦਾ।
ਤੀਜਾ ਬੋਲਦਾ,” ਟੂਰਨਾ ਟਾਰਨਾਮੈਂਟ ਕਰਾਓਣ ਨੂੰ ਫਿਰਦੇ ਆ ਤਾਂ ਪਰਚੀਆਂ ਪੁਰਚੀਆਂ ਕੱਟਦੇ ਫਿਰਦੇ ਆ”
ਚੌਥਾ ਫੇਰ ਜਮਾਂ ਗੱਲ ਸਿਰੇ ਲਾਕੇ ਛੱਡਦਾ,” ਆ ਕਰਾਈ ਖੜ੍ਹੇ ਆ ਟੂਰਨਾਮੈਂਟ ਪੈਸੇ ਖਾਣੇ ਆ ਬੱਸ ਖਾ ਲੈਣਗੇ”

ਪਰਤਿਆਈਆਂ ਵਈਆਂ ਗੱਲਾਂ

ਪਰਤਿਆਈਆਂ ਵਈਆਂ ਗੱਲਾਂ
1. ਸਾਰਾ ਮੁਲਖ ਹੁਣ ਦੋ ਦੋ ਨੰਬਰ ਰੱਖਦਾ। ਮੇਰੇ ਤੇਰੇ ਅਰਗੇ ਕੋਲ ਇੱਕ ਨੰਬਰ ਸੇਵ ਹੁੰਦਾ ਫੇਰ ਦੂਜੇ ਤੋਂ ਫ਼ੋਨ ਕਰਨਗੇ। ਜੇ ਸੋਬਤ ਪੁੱਛੀਏ ਕੌਣ ਬੋਲਦਾਂ। ਅੱਗੋਂ ਆਹੀ ਜਵਾਬ ਮਿਲਦਾ,” ਹਾਂ ਬਾਈ ਤੂੰ ਕਿੱਥੇ ਪਛਾਣਦਾਂ ਹੁਣ , ਨੰਬਰ ਡਿਲੀਟ ਕਰਤਾ ਕਿ”
2. ਜਦੋਂ ਦੋ ਯਾਰ ਬੇਲੀ ਬੈਠੇ ਹੋਣਗੇ...ਸੀਰੀਅਸ ਗੱਲਾਂ ਕਰਦੇ ਨੇ, ਮੋਸਟਲੀ ਫਿਊਚਰ ਬਾਬਤ। ਤੇ ਜਦੋਂ ਦੋ ਤੋਂ ਵੱਧ ਫੇਰ ਕਿਸੇ ਇੱਕ ਤੇ ਸੂਈ ਧਰਕੇ ਹਾਸਾ ਠੱਠਾ ਚੱਲਦਾ
3. ਓਦੋਂ ਬਹੁਤ ਔਖਾ ਲੱਗਦਾ ਜਦੋਂ ਮਾਤਾ ਹੋਣੀਂ ਕਿਸੇ ਰਿਸ਼ਤੇਦਾਰ ਨਾਲ ਫੂਨ ਤੇ ਗੱਲ ਕਰਦੇ ਹੋਣ ਤੇ ਧੱਕੇ ਨਾਲ ਥੋਡੇ ਕੰਨ ਨੂੰ ਫੋਨ ਲਾਕੇ ਆਖੇ “ ਲੈ ਵੇ ਆਵਦੇ ਫਲਾਣੇ ਫੁੱਫੜ ਨਾਲ ਗੱਲ ਕਰ “ 
4. ਜਦੋਂ ਘਰੇ ਚਾਰ ਰਿਸ਼ਤੇਦਾਰ ਆਏ ਹੋਣ ਤੇ ਜਿਹੜਾ ਬੰਦਾ ਚਾਹ ਪੀਕੇ ਪਹਿਲਾਂ ਬਾਹਰ ਜਾਵੜੇ ਬਸ਼ੱਕ ਪਿੱਛੇ ਜਾਕੇ ਦੇਖਲੋ ਜਰਦਾ ਲਾੳਂਦਾ ਹੋਊਗਾ
5. ਜਦੋਂ ਪਹਿਲੀ ਆਰੀ ਰਿਪੋਰਟ ‘ਚ ਸ਼ੂਗਰ ਆਓਂਦੀ ਆ ਬੀਬੀ ਹੋਣੀਂ ਬੜਾ ਪਰਹੇਜ਼ ਰੱਖਦੀਆਂ। ਫਿੱਕੀ ਚਾਹ ਰਪੀਟ ਚੱਲਦੀ ਆ ਤੇ ਜਦੋਂ ਸ਼ੂਗਰ ਦੋ ਤਿੰਨ ਸਾਲ ਪੁਰਾਣਾ ਹੋਜੇ ਫੇਰ ਨਾਲੇ ਤਾਂ ਗੁਲਾਬ-ਜਾਮਨਾਂ ਨੂੰ ਧਨੇਸੜੀ ਦਈ ਜਾਣਗੀਆਂ ਨਾਲੇ ਕਹਿਣਗੀਆਂ,” ਕੋਈ ਨਾ ਵੇ ਖਾਂਦੇ ਪੀਂਦੇ ਮਰੀ ਜਾਈਏ ਮਰਜੀਏ, ਖਾਣਾ ਮਰਨਾ ਵੀ ਆ ਕੁਛ
6. ਜਿਵੇਂ ਆਪਣੇ ਲੋਕ ਦਾਰੂ ਨੂੰ ਨਸ਼ਾ ਨਹੀਂ ਮੰਨਦੇ ਓਵੇਂ ਜੱਟ ਬੂਟ ਵੀ ਲਿਮਟਾਂ ਨੂੰ ਕਰਜ਼ਾ ਨਹੀਂ ਮੰਨਦੇ। । ਘੁਕਾਕੇ ਗੜੱਪ ਦਿਨੇ ਚੱਕ ਲੈਂਦੇ ਜਿਵੇਂ ਜਮਾਂ ਕਰਾਏ ਹੁੰਦੇ ਆ

ਬਰਗਾੜੀ ੭ ਅਕਤੂਬਰ

ਘੁੱਦਾ ਸਿੰਘ
ਵਿਆਹਾਂ ‘ਚ ਸਟੇਜਾਂ ਸਾਹਮਣੇ ਟਿਕੇ ਗੋਲ ਮੇਜ਼ਾਂ ਦੁਆਲੇ, ਮਰਗਾਂ ਦੇ ਸੱਥਰਾਂ ਤੇ, ਸੱਥਾਂ ਤੇ ,ਭੋਗਾਂ ਤੇ ,ਫ਼ਰਦ ਕੇਂਦਰਾਂ ਦੀਆਂ ਐਲੂਮੀਨੀਅਮ ਕੁਰਸੀਆਂ ਤੇ , ਮਤਲਬ ਹਰ ਜਗ੍ਹਾ ਸਿਆਸਤ ਦੀ ਗੱਲ ਛਿੜਦੀ ਆ ਤੇ ਉੱਠਣ ਲੱਗਾ ਇੱਕ ਅੱਧਾ ਬੰਦਾ ਇਹੀ ਸਿੱਟਾ ਕੱਢਦਾ,” ਇਹ ਮੇਰੇ ਸਾਲੇ ਅੰਦਰੋਂ ਤਾਂ ਇੱਕ ਈ ਆ ਬੱਸ ਆਪਾਂ ਨੂੰ ਡਹਾ ਡਹਾ ਮਾਰੀ ਜਾਂਦੇ ਆ”। ਨਾਲੇ ਚੰਗਾ ਭਲਾ ਆਪਾਂ ਨੂੰ ਪਤਾ ਬੀ ਕੈਪਟਨ ਬਾਦਲ ਇੱਕ ਨੇ ਫੇਰ ਵੀ ਸਾਡਾ ਮੁਲਖ ਕੋਡਾ ਹੋਇਆ ਫਿਰਦਾ ਏਹਨ੍ਹਾਂ ਮੂਹਰੇ। ਜਦੋਂ ਵੋਟਾਂ ਕਰਕੇ ਪਾਟੇ ਦੋ ਘਰਾਂ ‘ਚ ਹਲ ਸਹਾਗੇ ਦੀ ਸਾਂਝ ਦੁਬਾਰੇ ਪੈਣ ਲੱਗਦੀ ਆ ਓਦੋਂ ਨੂੰ ਫਿਰ ਵੋਟਾਂ ਆ ਖੜ੍ਹਦੀਆਂ। 
ਕੱਲ੍ਹ ਨੂੰ ਦੋ ਥਾਂਈਂ ਰੈਲੀਆਂ। ਚਿੱਟੇ ਬਗਲੇ ਥੋਨੂੰ ਖਿੱਚਣਗੇ। ਦੋ ਨੰਬਰ ‘ਚ ਬਣਾਏ ਆਟੇ ਦਾਲ ਦੇ ਕਾਰਡਾਂ ਤੇ ਮੁਫ਼ਤ ਮਿਲੇ ਚੁੱਲ੍ਹੇ ਸਿਲੰਡਰਾਂ ਦੀ ਕਾਣੋ ਨਾ ਝੱਲਿਓ। ਓਹੀ ਬੱਸਾਂ ਹੋਣਗੀਆਂ । ਬੱਸਾਂ ਦੀਆਂ ਸੀਟਾਂ ਥੱਲੇ ਪਏ ਸੋਫੀਆ ਸੰਤਰਾ ਦੇ ਓਹੀ ਡੱਬੇ ਹੋਣਗੇ ਜਿਨ੍ਹਾਂ ਨੂੰ ਥੋਡੇ ਪਿਓ ਦਾਦੇ ਪੀਂਦੇ ਰਹੇ ਤੇ ਗੰਦ ਲੀਡਰਾਂ ਨੂੰ ਕਾਮਯਾਬ ਕਰਕੇ ਪੰਜਾਬ ਉਜਾੜੇ ਦਾ ਕਾਰਨ ਬਣੇ। ਸਟੇਜਾਂ ਤੇ ਮੂੰਹ ਪਿੱਛੇ ਨੂੰ ਕਰ ਖਿੱਚੀਆਂ ਫੋਟਮਾਂ ਨਾਲ ਸੜਿਆ ਬਿਆਨ ਅੱਠ ਤਰੀਕ ਦੇ ਅਖ਼ਬਾਰਾਂ ਤੇ ਛਪੂ,” ਬਾਦਲਾਂ ਨੇ ਕੈਪਟਨ ਨੂੰ ਲਾਏ ਰਗੜੇ ਜਾਂ ਆੜੇ ਹੱਥੀਂ ਲਿਆ”। 
ਇੱਕ ਹੋਰ ਇਕੱਠ ਹੋਣਾਂ ਕੱਲ੍ਹ ਨੂੰ। ਓਹਦੇ ਬਾਰੇ ਕਹਿਣ ਦੀ ਲੋੜ ਨਹੀਂ। ਓਥੇ ਜਾਣਾ ਆਪਣਾ ਫਰਜ਼ ਆ। ਖੁਆਰ ਹੋਏ ਸਭ ਮਿਲੇਂਗੇ......ਘੁੱਦਾ

ਬਰਗਾੜੀ ਮੋਰਚਾ

ਲੀਡਰਾਂ ਨੂੰ ‘ਸਟਾਰਡਮ’ ਆਲਾ ਫੀਲ ਅਸੀਂ ਦੇਣੇਂ ਆਂ। ਨਜ਼ੈਜ਼ ਸਸਰੀਕਾਲਾਂ, ਸੈਲਫੀਆਂ ਲੈ, ਪਾਲਸ਼ਾ ਮਾਰਨੋੰ ਨਹੀਂ ਟਲਦੇ। ਕੱਲ੍ਹ ਜਦੋਂ ਕੋਟਕਪੂਰੇ ਮੰਡੀ ‘ਚ ਕੈਂਟਰ ਤੇ ਖਹਿਰਾ ਤੇ ਬੈਂਸ ਚੜ੍ਹੇ ਲੋਕਾਂ ਤੋਂ ਮੱਲੋ ਮੱਲੀ ਚੀਕਾਂ ਕੂਕਾਂ ਵੱਜੀਆਂ। ਬੇਸ਼ੱਕ ਖਹਿਰਾ ਵਾਰ ਵਾਰ ਕਹਿੰਦਾ ਰਿਹਾ ਕਿ ਇਹ ‘ਕੱਠ ਸਿਆਸੀ ਨਹੀਂ ਪਰ ਫੇਰ ਵੀ ਕਹਿੰਦਾ ਰਿਹਾ,”ਹੁਣ ਸਾਡੇ ਫਲਾਣੇ ਐੱਮ ਐੱਲ ਏ ਸਾਬ੍ਹ ਸੰਬੋਧਨ ਕਰਨਗੇ ਹੁਣ ਫਲਾਣੇ ਕਰਨਗੇ”। ਇਓਂ ਲੱਗੇ ਜਿਵੇਂ ਆਮ ਆਦਮੀ ਦੀ ਰੈਲੀ ਤੇ ਆਏ ਹੋਈਏ। ਸਿਆਸਤ ਬਾਰੇ ਬਹੁਤੀ ਮੱਤ ਨਹੀਂ ਪਰ ਐਨਾ ਕ ਪਤਾ ਕਿ ਖਾਲਸੇ ਦੀ ਸਟੇਜ ਤੇ ਸਾਬਤ ਸੂਰਤ ਸਿੰਘ ਹੀ ਸੋਹਣੇ ਲੱਗਣਗੇ।

ਵਿਚਾਰਾਂ ਦੇ ਲੱਖ ਵਖਰੇਵੇਂ ਹੋਣ, ਲੱਖ ਗੁੱਸੇ ਗਿਲੇ ਹੋਣ ਪਰ ਓਹਨ੍ਹਾਂ ਸਾਰੇ ਬਾਬਿਆਂ ਦਾ ਬਰਗਾੜੀ ਮੋਰਚੇ ਤੇ ਆਓਣਾ  ਬਣਦਾ  ਸੀ ਜਿਹੜੇ ਦੀਵਾਨਾਂ ਨੂੰ ਅਖਾੜਿਆਂ ਅੰਗੂ ਵੇਚਦੇ ਫਿਰਦੇ ਨੇ। ਸਿੱਖ ਸੰਗਤ ਦੇ ਪੈਸੇ ਤੇ ਜ਼ਹਾਜ਼ਾਂ ਦੀਆਂ ਸੀਟਾਂ ਤੇ ਬੌਕੇ ਮਾਰਦੇ ਵਿਦੇਸ਼ਾਂ ਨੂੰ ਉੱਡ ਜਾਂਦੇ ਆ। ਰਹੋ ਵਿਚਾਰ।

ਨਾਲੇ ਨਿੱਕੀ ਜੀ ਸਲਾਹ ਸੁੱਖੇ ਤੱਕ ਦਿਓ ਵੀ ਮਿੱਠਿਆ ਹੁਣ ਦੋਂਹ ਚੌਂਹ ਸਾਲਾਂ ਤੱਕ ਭਾਸ਼ਣ ਹਿੰਦੀ ‘ਚ ਦੇਣਾ ਸਿੱਖਲਾ ਕਿਓੰਕਿ ਏਹਦੇ ਮੂਹਰੇ ਬਹੁਤੇ ਬਿਹਾਰੀਏ ਈ ਹੁੰਦੇ ਆ।

ਸੱਚੇ ਪਾਤਸ਼ਾਹ ਦੇ ਪਿਆਰ ਦੇ ਬੱਝੇ ਲੋਕ ਆਪ ਮੁਹਾਰੇ ਹੜ੍ਹ ਵੰਗੂ ਬਰਗਾੜੀ ਪੁੱਜੇ।ਜਿੰਨਾ ਕ ਕੱਠ ਪਟਿਆਲੇ ਸੀਗਾ ਐਨੇ ਕ ਤਾਂ ਏਥੇ ਬੱਸਾਂ, ਟਰੱਕਾਂ ,ਕਾਰਾਂ ਦੇ ਡਰੈਵਰ ਈ ਹੋਣਗੇ।ਪੰਜਾਬ ਗੁਰਾਂ ਦੇ ਨਾਂ ਤੇ ਈ ਵੱਸਿਆ ਤੇ ਵੱਸਦਾ ਰਹਿਣਾਂ। ਚੜ੍ਹਦੀ ਕਲਾ।