Wednesday 17 October 2018

ਰੋਂਦੇ ਬਾਲ ਨਿਆਣੇ

ਰੋਂਦੇ ਬਾਲ ਨਿਆਣੇ ਵੇ
ਗੋਦ ਨੂੰ ਤਰਸੇ, ਬੰਬ ਜਦੋਂ ਵਰਸੇ
ਹੋਈ ਜਾਣ ਹਮਲੇ, ਕਰੇ ਲੋਕ ਕਮਲੇ
ਹੋਗੀ ਜਿੰਦ ਸਸਤੀ

ਕੀ ਖੋਜਾਂ ਸਾਇੰਸ ਦੀਆਂ
ਬੰਦਾ ਕੀ ਜਾਣੂ, ਬਣੇ ਪਰਮਾਣੂ
ਕਿਤੇ ਜੇ ਸਿੱਟਦੇ, ਪਲਾਂ ਵਿੱਚ ਮਿਟਜੇ
ਜੀਆਂ ਦੀ ਹਸਤੀ

ਸੀ ਆਸਾਂ ਝਾੜੂ ਤੋਂ
ਹਵਾ ਸੀ ਕਾਫੀ, ਮੰਗ ਗਿਆ ਮਾਫੀ
ਮਾਰ ਗਿਆ ਮੋਕ, ਬਾਣੀਆ ਲੋਕ
ਪਹੁੰਚਿਆ ਦਿੱਲੀ

ਭਵਾਂ ਬਣਜੇ ਸਿਓਨੇ ਦਾ
ਮੂੰਹ ਨੀਂ ਲਾਓਂਦੇ, ਵੋਟ ਨੀਂ ਪਾੳਂਦੇ
ਰੋਲਤੀ ਕਿੱਕਲੀ, ਥੈਲ਼ਿਓਂ ਨਿੱਕਲੀ
ਇਹਦੀ ਵੀ ਬਿੱਲੀ

ਰੀਝਾਂ ਕਰਨ ਪੂਰੀਆਂ ਜੀ
ਨਿਆਣੇ ਪੜ੍ਹਗੇ, ਜਹਾਜ਼ੀ ਚੜ੍ਹਗੇ
ਮਿਹਨਤਾਂ ਕਰਦੇ, ਜੇਬਾਂ ਫਿਰ ਭਰਦੇ
ਝੂਟਦੇ ਗੱਡੀਆਂ

ਮੰਦਭਾਗੇ ਮੁੜਦੇ ਨਾ
ਹੋਗੇ ਸੀ ਗ਼ੈਬ, ਕਰੇ ਕਿਡਨੈਪ
ਭੇਤ ਹੁਣ ਖੁੱਲ੍ਹਗੇ, ਇਰਾਕ ‘ਚ ਰੁਲਗੇ
ਰਹਿਗੀਆਂ ਹੱਡੀਆਂ

ਕੀ ਬਣੂ ਪੰਜਾਬ ਤੇਰਾ
ਸਿਆਸੀ ਭੇਡਾਂ , ਖੇਡੀ ਜਾਣ ਖੇਡਾਂ 
ਬਦਲਕੇ ਬਾਣੇ, ਓਹੀ ਦੋ ਲਾਣੇ
ਤਖ਼ਤ ਤੇ ਬਹਿਗੇ

ਸੌੰਹ ਖਾਕੇ ਗੁਟਕੇ ਦੀ
ਪੈਰ ਤੇ ਮੁੱਕਰੇ, ਲਾਏ ਲੋਕ ਨੁੱਕਰੇ
ਜਾਂਦੇ ਗੱਲ ਟਾਲੀ, ਖ਼ਜ਼ਾਨਾ ਖਾਲੀ
ਮੰਤਰੀ ਕਹਿਗੇ

ਨਾਂ ਲੈਕੇ ਪਾਤਸ਼ਾਹ ਦਾ
ਛੋਟੀਆਂ ਅਕਲਾੰ, ਕਰਦੀਆਂ ਨਕਲਾਂ
ਬੀੜੀਆਂ ਚਿਲ੍ਹਮਾਂ, ਬਣਾਓਂਦੀਆਂ ਫਿਲਮਾਂ
ਲੱਗੀ ਜਾਣ ਧਰਨੇ

ਬੁੱਤ ਪੂਜ ਬਣਾੳਂਦੇ ਐ
ਗੁਰੂ ਦੇ ਸਿੱਖ ਨੂੰ, ਵਿਗਾੜਨ ਦਿੱਖ ਨੂੰ
ਚੋਰਾਂ ਨਾਲ ਕੁੱਤੀਆਂ, ਕਮੇਟੀਆਂ ਸੁੱਤੀਆਂ
ਹੋ ਪਾਸੇ ਪਰਨੇ

ਲੱਗੀ ਨਜ਼ਰ ਕਿਸਾਨੀ ਨੂੰ
ਡਿੱਗੀ ਕੀ ਗ਼ਾਜ਼, ਵਿਆਜ ਤੇ ਵਿਆਜ
ਛੋਟੇ ਜਿੰਮੀਦਾਰੇ, ਨਾ ਉੱਠਣ ਵਿਚਾਰੇ
ਹੋ ਗਏ ਦਾਬੂ

ਚੁੱਲ੍ਹੇ ਬਲਦੇ ਲਿਮਟਾਂ ਤੇ
ਪਏ ਕਿਸ ਰਾਹੇ, ਲਈ ਜਾਣ ਫਾਹੇ
ਸੰਭਲਜੋ ਥੋੜ੍ਹਾ, ਖਰਚ ਬੇਲੋੜਾ
ਕਰਲਿਓ ਕਾਬੂ......ਘੁੱਦਾ

1 comment: