Wednesday 17 October 2018

ਸੱਥਾਂ

ਹਰੇਕ ਪਿੰਡ ਦੀ ਸੱਥ ‘ਚ ਚਾਰ ਪੰਜ ਬੰਦੇ ਪੱਕੇ ਬੈਠੇ ਹੁੰਦੇ ਨੇ। ਬਿਨ੍ਹਾਂ ਨਾਗਾ ਪਾਏ ਚੱਤੋਪੈਰ ਹਾਜ਼ਰ। ਤੜਕੇ ਆਓਣਾ, ਛਿਟੀ ਜਾੰ ਘਸੀ ਬਹੁਕਰ ਨਾਲ ਥੜ੍ਹਾ ਸੁੰਭਰਨਾ। ਪਾਣੀ ਦਾ ਤੌੜਾ ਭਰਨਾ, ਅੰਗਰੇਜ਼ੀ ਦਾਰੂ ਦੀ ਬੋਤਲ ਨਾਲ ਮਿਲੀ ਤਾਸ਼ ਤਰਾਸ਼ਕੇ ਹੋਰਾਂ ਨੂੰ ਉਡੀਕਣਾ।
ਲੰਘਦੇ ਟੱਪਦੇ ਹਰੇਕ ਬੰਦੇ ਨੂੰ ਵਾਚਣਾ, ਵਿਅੰਗ ਕਰਨਾ, ਹਾਲ ਪੁੱਛਣਾ,ਨੀਰਾ ਲਈ ਆਓਂਦੇ ਬੰਦਾ ਨੂੰ ਬੇਵਜ੍ਹਾ ਕਹਿਣਾ‘“ ਵੱਢ ਲਿਆਇਆ ਨੀਰਾ ਸੰਦੇਹਾਂ ਈ, ਤੇਲ ਪੈਣ ਲਾਗੀ ਹੁਣ” ,ਮੁਫ਼ਤ ਸਲਾਹਾਂ ਦੇਣੀਆਂ, ਬਿੜਕਾਂ ਭੰਨਣੀਆਂ। ਅੱਡੇ ਤੇ ਬੱਸੋਂ ਉੱਤਰੀ ਸਵਾਰੀ ਦੇਖਕੇ ਦੱਸ ਦਿੰਦੇ ਆ,” ਇਹ ਦੇਕਾਂ ਜੰਟੇ ਦਾ ਸਾਂਢੂ ਆ ਦੋਦੇ ਆਲਾ, ਇਹ ਕਿਮੇਂ ਆਇਆ ਹੋਇਆ”। ਬੇਮਤਲਬ ਫਿਕਰ।
ਮੰਨਲਾ ਤਿੰਨ ਚਾਰ ਮੁੰਡੇ ਹੱਥ ‘ਚ ਪਰਚੀਆਂ ਪੈੱਨ ਲੈਕੇ ਸੱਥ ਕੋਲੋੰ ਟੱਪ ਜਾਣ ਤਾਂ ਚਰਚਾ ਛਿੜਦੀ ਆ।
ਪਹਿਲਾ ਬੋਲਦਾ,” ਓਹ ਆਹ ਕਿਹੜੇ ਕਿਹੜੇ ਸੀ?”
ਦੂਜਾ ਬੋਲਦਾ,” ਆਹ ਪੈਲਾ ਤਾਂ ਜਾਗਰ ਦਾ ਪੋਤਾ ਲੱਗਦਾ, ਖੜਮੇਂ ਜੇ ਵਾਲਾਂ ਆਲਾ, ਲੀਲੀ ਜੀ ਪੰਟ ਆਲਾ ਮਿੰਦਰੀ ਕਾ ਛੋਹਰ ਆ ਨਸੇ ਪੱਤੇ ਜੇ ਕਰਦਾ ਕੰਜਰਦਾ, ਤੀਜਾ ਜੱਗੂ ਬੰਬਰ ਦਾ ਭਤੀਜਾ ਹੱਡਾਂ ਪੈਰਾਂ ਦਾ ਖੁੱਲ੍ਹਾ ਖੈਰ, ਹਾਅ ਜੂਜੇ ਦਾ ਨੀਂ ਪਤਾ ਲੱਗਦਾ।
ਤੀਜਾ ਬੋਲਦਾ,” ਟੂਰਨਾ ਟਾਰਨਾਮੈਂਟ ਕਰਾਓਣ ਨੂੰ ਫਿਰਦੇ ਆ ਤਾਂ ਪਰਚੀਆਂ ਪੁਰਚੀਆਂ ਕੱਟਦੇ ਫਿਰਦੇ ਆ”
ਚੌਥਾ ਫੇਰ ਜਮਾਂ ਗੱਲ ਸਿਰੇ ਲਾਕੇ ਛੱਡਦਾ,” ਆ ਕਰਾਈ ਖੜ੍ਹੇ ਆ ਟੂਰਨਾਮੈਂਟ ਪੈਸੇ ਖਾਣੇ ਆ ਬੱਸ ਖਾ ਲੈਣਗੇ”

No comments:

Post a Comment