Monday 25 November 2013

ਜੇ ਨਾ ਫਾਂਸੀਆਂ ਚੜ੍ਹੇ ਹੁੰਦੇ

ਦੱਸ ਚੇਤੇ ਕੌਣ ਕਰਦਾ ਛੋਟੇ ਪੁੱਤਰਾਂ ਨੂੰ
ਹਿੱਕ ਤਾਣ ਜੇ ਨਾ ਨੀਹਾਂ ਵਿੱਚ ਖੜ੍ਹੇ ਹੁੰਦੇ
ਮਾਫ ਕਰਦਾ ਕੌਣ ਬੇਦਾਵਾ ਦੇਣ ਵਾਲੇਆਂ ਨੂੰ
ਜੇ ਮੂਹਰੇ ਹੋਕੇ ਨਾ ਖਿਦਰਾਣੇ ਆਣ ਲੜੇ ਹੁੰਦੇ
ਕੀਹਨੇ ਕਰਨੀ ਸੀ ਗੱਲ ਮਤੀ ਦਾਸ ਤੇਰੀ
ਜੇ ਪਿੰਡੇ ਵਲੇ੍ਹਟੀ ਰੂੰ ਵਿੱਚ ਨਾ ਸੜੇ ਹੁੰਦੇ
ਗੱਲ ਛਿੜਦੀ ਸ਼ਹਿਬਾਜ ਸੁਬੇਗ ਦੀ ਤਾਂਹੀਓ
ਜੇਹੜੇ ਚਰਖੜੀਆਂ ਉੱਤੇ ਵੀ ਚੜ੍ਹੇ ਹੁੰਦੇ
ਕਾਲੇ ਕੇਸ ਸਫੈਦੀ ਛੇਤੀ ਫੜ੍ਹਦੇ ਨਾ
ਗਦਰੀ ਕਾਲੇ ਪਾਣੀਆਂ ਜੇ ਨਾ ਵੜੇ ਹੁੰਦੇ
ਗੱਲ ਲੰਡਨ ਤਾਂਈ ਹੁੰਦੀ ਉਹਨ੍ਹਾਂ ਸ਼ੇਰਾਂ ਦੀ
ਲੁਕਾਏ ਕਿਤਾਬਾਂ 'ਚ ਪਸਤੌਲ ਫੜ੍ਹੇ ਹੁੰਦੇ
ਘੁੱਦੇ ਕੌਣ ਕਰਦਾ ਚੇਤੇ ਭਗਤ ਸਰਾਭੇਆਂ ਨੂੰ
ਚੜ੍ਹਦੀ ਜਵਾਨੀ ਜੇ ਨਾ ਫਾਂਸੀਆਂ ਚੜ੍ਹੇ ਹੁੰਦੇ

ਤੇਰੇ ਆਉਣ ਦੀ ਮਿੱਤਰਾ ਤਰੀਕ ਲੰਘਗੀ

ਜੋੜ ਪਾਥੀਆਂ ਦਾ ਗੂਣਾ, ਮੈਂ ਲਾਈ ਬੈਠੀ ਧੂਣਾ
ਚੁੱਲ੍ਹੇ ਦੁੱਧ ਕੜ੍ਹਦਾ
ਕੁਝ ਡਰਦੀ ਨਾ ਕੈਂਹਦੀ, ਨਿਗਾਹ ਬੂਹੇ ਵੱਲ ਰਹਿੰਦੀ
ਕੌਣ ਆਣ ਵੜਦਾ
ਵਗੇ ਪੁਰੇ ਵੱਲੋਂ ਬੁੱਲ੍ਹਾ, ਬਾਰ ਯਕਦਮ ਖੁੱਲ੍ਹਾ
ਜਿੰਦ ਸੂਲੀ ਟੰਗ ਗੀ
ਕੁਝ ਬੋਲ ਨਾ ਸਕਾਂ, ਨਿੱਤ ਕੋਠੇ ਚੜ੍ਹ ਤੱਕਾਂ
ਤੇਰੇ ਆਉਣ ਦੀ ਮਿੱਤਰਾ ਤਰੀਕ ਲੰਘਗੀ

ਸੁਤਾ ਤੇਰੇ ਵੱਲ ਰਹੇ, ਧੂੜ ਉੱਡ ਰਹੀ ਪਹੇ
ਡਾਕੀਏ ਦੀ ਪੈੜਚਾਲ ਸੁਣਦੀ
ਵਾਲ ਅਣਵਾਹੇ ਖੁੱਲ੍ਹੇ, ਚਾਹ ਹੱਥ ਉੱਤੇ ਡੁੱਲ੍ਹੇ
ਸੀ ਜਦੋਂ ਚਾਹ ਪੁਣਦੀ
ਸ਼ਰੀਕਣੀ ਕੋਈ ਆਈ, ਚਿੱਠੀ ਹੱਥ 'ਚ ਹਲਾਈ
ਨਾਲੇ ਉਹ ਓਪਰੀ ਜੀ ਖੰਘ ਖੰਘਗੀ
ਕੁਝ ਬੋਲ ਨਾ ਸਕਾਂ, ਨਿੱਤ ਕੋਠੇ ਚੜ੍ਹ ਤੱਕਾਂ
ਤੇਰੇ ਆਉਣ ਦੀ ਮਿੱਤਰਾ ਤਰੀਕ ਲੰਘਗੀ

ਰੁੱਗ ਮੈਦੇ ਦੇ ਕੋਈ ਲਾਵੇ, ਇੱਕ ਘੋੜੀ ਨੂੰ ਘੁਕਾਵੇ
ਸੇਵੀਆਂ ਮੈਂ ਪਾਵਾਂ ਸੁੱਕਣੇ
ਫੁੱਲ ਧਰੇਕਾਂ ਉੱਤੋਂ ਕਿਰੇ, ਵੇਹੜੇ ਬਹੁਕਰ ਨਾ ਫਿਰੇ
ਖੌਣੀ ਕਦੋਂ ਕੰਮ ਮੁੱਕਣੇ
ਨੀ ਕਪਾਹ ਮੈਂ ਪਿੰਜਾਈ, ਆਪੇ ਭਰਦੀ ਰਜਾਈ
ਹੱਥੀਂ ਆਪ ਹੀ ਨਗੰਦ ਦੀ
ਕੁਝ ਬੋਲ ਨਾ ਸਕਾਂ, ਨਿੱਤ ਕੋਠੇ ਚੜ੍ਹ ਤੱਕਾਂ
ਤੇਰੇ ਆਉਣ ਦੀ ਮਿੱਤਰਾ ਤਰੀਕ ਲੰਘਗੀ

ਕੱਢਾਂ ਆਥਣੇ ਜੇ ਧਾਰਾਂ, ਹੋਰ ਕੰਮ ਨੇ ਹਜ਼ਾਰਾਂ
ਹੱਥ ਕੋਈ ਨਾ ਵਟਾਵੇ
ਨਿੱਤ ਗੁਰੂ ਘਰੇ ਜਾਵਾਂ, ਇੱਕੋ ਮੰਨਤ ਮਨਾਵਾਂ
ਬਾਬਾ ਨਾਨਕ ਮਿਲਾਵੇ
ਵੇਖ ਟੀਪ ਕੰਧ ਬੰਨੀਂ, ਦੰਦਾਂ ਚੱਬ ਦਿੱਤੀ ਕੰਨੀਂ
ਫੋਟੋ ਤੇਰੀ ਵੇਖ ਸੰਗ ਗੀ
ਕੁਝ ਬੋਲ ਨਾ ਸਕਾਂ, ਨਿੱਤ ਕੋਠੇ ਚੜ੍ਹ ਤੱਕਾਂ
ਤੇਰੇ ਆਉਣ ਦੀ ਮਿੱਤਰਾ ਤਰੀਕ ਲੰਘਗੀ......ਘੁੱਦਾ

ਚੌਦਾਂ ਨਵੰਬਰ

ਬੇਬੇ ਅਰਗੀਆਂ ਦੁਨੀਆਂ ਤੇ ਸਭ ਕਾਸੇ ਤੋਂ ਸਰਬੋਤਮ ਹੁੰਦੀਆਂ ਨੇ । ਜਵਾਕ ਜੱਲੇ ਉਮਰ , ਅਹੁਦੇ ਜਾਂ ਕੱਦ ਕਾਠ ਦੇ ਕਿੱਡੇ ਮਰਜ਼ੀ ਹੋਣ, ਏਹਨਾਂ ਖਾਤਰ ਨਿਆਣੇ ਈ ਹੁੰਦੇ ਨੇ। ਹੈਨਾਂ ਗੱਲਾਂ ਕਰਕੇ ਈ ਮਾਣਕ ਸਮੇਤ ਕਈ ਸਿਰਕੱਢ ਕਲਾਕਾਰਾਂ ਬੇਬੇ ਹੋਣਾਂ ਤੇ ਬੜਾ ਜਚਕੇ ਗਾਇਆ ।
ਆਦਰ - ਸਤਕਾਰ ਵਜੋਂ ਈ ਦੇਸ਼, ਬੋਲੀ, ਖੇਡਾਂ ਮੂਹਰੇ ਮਾਂ ਸ਼ਬਦ ਲਾਕੇ ਵਡਿਆਇਆ ਜਾਂਦਾ। ਜਿਮੇਂ ਮਾ- ਬੋਲੀ, ਮਾਂ - ਖੇਡ ਜਾਂ ਮਾਤ ਭੂਮੀ ਕਿਹਾ ਜਾਂਦਾ। ਹਰਿੱਕ ਬੰਦਾ ਚੰਗੀ ਮਾੜੀ ਗੱਲ ਪਹਿਲੋਂ ਮਾਤਾ ਅਰਗੀਆਂ ਨਾ ਸ਼ੇਅਰ ਕਰਦਾ ਤੇ ਬੇਬੇ ਹੋਣੀਂ ਸਹਿ -ਸਭੈਹਕੀ ਸਭ ਸੰਭਾਲਣ ਦੀ ਸਮਰੱਥਾ ਰੱਖਦੀਆਂ ਨੇ।
ਐਸ ਸਭ ਕਾਸੇ ਦਾ ਦੂਜਾ ਪੱਖ ਬਾਪੂ ਅਰਗੇ ਹੁੰਦੇ ਨੇ। ਬਾਪੂ ਹੋਣਾਂ ਦੀ ਬਹੁਤ ਵੱਡੀ ਝੇਪ ਹੁੰਦੀ ਆ ਜਵਾਕਾਂ ਨੂੰ। ਜਿਮੇਂ ਬਾਪੂ ਦੇ ਡਰ ਨਾ ਤੜਕੇ ਮੂੰਹ ਨੇਹਰੇ ਉੱਠਕੇ ਪੀਨਕ ਲਾ ਭੜਾਈ ਕਰਨੀ। ਆਥਣੇ ਦਾਵੀ - ਦੁੱਕਣੇ ਖੇਡ ਕੇ ਚੋਰਿਓਂ ਘਰ ਦੀ ਪਿਛਲੀ ਕੰਧ ਟੱਪਕੇ ਘਰੇ ਆਉਣਾ ਬੀ ਕਿਤੇ ਅੱਗੋਂ ਸਰੋਪੇ ਨਾ ਪੈਣ।
ਏਸੇ ਕਰਕੇ ਅਡੋਲਫ ਹਿਟਲਰ ਨੇ ਆਵਦੀ ਸਵੈ ਜੀਵਨੀ 'ਚ motherland ਦੀ ਥਾਂ fatherland ਲਿਖਿਆ ਸਾਰੇ ਕਿਤੇ ।
ਰੱਬ ਦਾ ਪਤਾ ਨੀਂ ਹੈਗਾ ਕਿ ਨਹੀਂ । ਪਰ ਬੇਬੇ - ਬਾਪੂ ਹੋਣੀਂ ਸਭ ਤੋਂ ਉੱਤੋਂ ਹੁੰਦੇ ਨੇ। ਅੱਜ ਮੇਰੇ ਬਾਪੂ ਹੋਣਾਂ ਦਾ ਜਨਮ ਦਿਨ ਆ....ਘੁੱਦਾ

ਕਿਸੇ ਕੰਮ ਨਾਂ

ਸੱਪ ਜ਼ਹਿਰ ਬਿਨਾਂ , ਪੈਲੀ ਨਹਿਰ ਬਿਨਾਂ
ਤੇ ਅਮਲੀ ਲਹਿਰ ਬਿਨਾਂ ਕਿਸੇ ਕੰਮ ਨਾਂ
ਰਾਜਾ ਵਜ਼ੀਰੀ ਬਿਨਾਂ, ਜਾਪਾ ਪੰਜੀਰੀ ਬਿਨਾਂ
ਤੇ ਜੱਟ ਸੀਰੀ ਬਿਨਾਂ ਕਿਸੇ ਕੰਮ ਨਾਂ
ਸਾਕ ਇਤਬਾਰ ਬਿਨਾਂ, ਘੋੜਾ ਸਵਾਰ ਬਿਨਾ
ਤੇ ਫੌਜੀ ਹਥਿਆਰ ਬਿਨਾਂ ਕਿਸੇ ਕੰਮ ਨਾਂ
ਪਿੰਡ ਸੱਥ ਬਿਨਾਂ , ਵਹੁਟੀ ਨੱਥ ਬਿਨਾਂ
ਤੇ ਰਾਜਾ ਰੱਥ ਬਿਨਾਂ ਕਿਸੇ ਕੰਮ ਨਾਂ
ਸਾਉਣ ਤੀਆਂ ਬਿਨਾਂ, ਮਾਪੇ ਧੀਆਂ ਬਿਨਾਂ
ਤੇ ਝੋਨਾ ਮੀਹਾਂ ਬਿਨਾਂ ਕਿਸੇ ਕੰਮ ਨਾਂ
ਗਰੀਬ ਢਾਰੇ ਬਿਨਾਂ, ਨੇਤਾ ਲਾਰੇ ਬਿਨਾਂ
ਤੇ ਛੜਾ ਚੁਬਾਰੇ ਬਿਨਾਂ ਕਿਸੇ ਕੰਮ ਨਾਂ
ਭਲਵਾਨ ਘਿਓ ਬਿਨਾਂ, ਪੁੱਤ ਪਿਓ ਬਿਨਾਂ
ਤੇ ਹਿਮਾਚਲ ਸਿਓ ਬਿਨਾਂ ਕਿਸੇ ਕੰਮ ਨਾਂ
ਅਥਲੀਟ ਭਾਜ ਬਿਨਾਂ, ਕੁਮੈਂਟੇਟਰ ਵਾਜ਼ ਬਿਨਾਂ
ਤੇ ਕਲਾਕਾਰ ਸਾਜ਼ ਬਿਨਾਂ ਕਿਸੇ ਕੰਮ ਨਾਂ
ਕਵਾਰੀ ਪੱਤ ਬਿਨਾਂ, ਗੁਰੂ ਮੱਤ ਬਿਨਾਂ
ਤੇ ਭੇਡੂ ਜੱਤ ਬਿਨਾਂ ਕਿਸੇ ਕੰਮ ਨਾਂ
ਖੇਤ ਪਹੀ ਬਿਨਾਂ, ਕਿਸਾਨ ਕਹੀ ਬਿਨਾਂ
ਤੇ ਘੁੱਦੇ ਸ਼ਾਹ ਵਹੀ ਬਿਨਾਂ ਕਿਸੇ ਕੰਮ ਨਾਂ

ਸੀਰੇ ਆਲੀ ਗੱਲ

ਸਾਡੇ ਏਥੇ ਬਾਹਲਾ ਮੁਲਖ ਅੱਠ ਅੱਠ ਜਮਾਤਾਂ ਕਰਕੇ ਟੈਮ ਨਾ ਈ ਸਕੂਲੋਂ ਰਟੈਰਮੈਂਟ ਲੈ ਕੇ ਖੇਤੀਬਾੜੀਆਂ 'ਚ ਲੱਗ ਜਾਂਦਾ।
ਆਥਣੇ ਸ਼ਗਮਲਾਂ ਦੀ ਸਬਜ਼ੀ ਨਾਲ ਅੱਠ ਅੱਠ ਰੋਟੀਆਂ ਪਾੜਕੇ ਅੱਠ ਕ ਵਜੇ ਸੱਥ 'ਚ ਆ ਜਾਂਦੇ ਆ। ਘਸਮੈਲੀਆਂ ਜੀਆਂ ਲੋਈਆਂ ਦੀਆਂ ਬੁੱਕਲਾਂ ਮਾਰਕੇ ਗੱਲਾਂ ਸੁਣਾ ਸੁਣਾ ਬੱਖਲ ਕੱਠੇ ਕਰਾ ਦੇਂਦੇ ਆ ਕੰਜਦੇ। ਪਰਸੋਂ ਇੱਕ ਨੇ ਗੱਲ ਸੁਣਾਈ।
ਕਹਿੰਦਾ ਕੇਰਾਂ ਏਮੇਂ ਜਿਮੇਂ ਆਹੀ ਕੱਤੇ ਮੱਘਰ ਦੇ ਠੰਢੇ ਤੱਤੇ ਜੇ ਦਿਨ ਸੀਗੇ। ਕਿਸੇ ਦਾ ਜਵਾਈ ਪਹਿਲੀ ਆਰੀ ਆਵਦੇ ਸਹੁਰੀ ਬਾਗਿਆ।
ਸਹੁਰਿਆਂ ਘਰੇ ਵਾਹਵਾ ਕੱਠ ਬੀ ਪ੍ਰਾਹੁਣਾ ਪਹਿਲੀ ਆਰੀ ਆਉਣਾ। ਮੇਚ, ਕੁਰਸੀਆਂ , ਸੋਫੇ ਪੂਰਾ ਫੁੱਲ ਮਹੌਲ। ਜਵਾਈ ਨੇ ਜਾਕੇ ਸੱਸ ਸਹੁਰੇ ਦੇ ਗੋਡੇ ਹੱਥ ਲਾਤੇ ਤੇ ਬਾਕੀਆਂ ਨੂੰ ਚਲਾਮੀਂ ਜੀ ਸਸਰੀਕਾਲ ਬਲਾਕੇ ਭੁੰਜੇ ਬਹਿ ਗਿਆ । ਸੱਸ ਕੈਂਹਦੀ ਪੁੱਤ 'ਤਾਹਾਂ ਸੋਫੇ ਤੇ ਬਹਿਜਾ ਭੁੰਜੇ ਕਾਹਨੂੰ ਬਹਿਣਾ। ਪ੍ਰਾਹੁਣਾ ਕਹਿੰਦਾ ਨਹੀਂ ਮਾਤਾ ਸੋਫੇਆਂ ਤੇ ਤਾਂ ਗਰੀਬ ਨੰਗ ਲੋਕ ਬਹਿੰਦੇ ਆ ,ਬੱਡੇ ਘਰਾਂ ਦੇ ਕਾਕੇ ਤਾਂ ਭੁੰਜੇ ਜ਼ਮੀਨ ਤੇ ਈ ਬਹਿਣਗੇ। ਟੱਬਰ ਦੇ ਪੈਰ ਨਿਕਲਗੇ ਬੀ ਆਹ ਕੇਹੜੇ ਨਾਭੇ ਆਲੇ ਰਾਜੇ ਦਾ ਭਤਰੀਆ ਆ ਗਿਆ। ਸੱਸ ਕਹਿੰਦੀ ਪੁੱਤ ਸੋਫੇਆਂ ਤੇ ਗਰੀਬ ਬਹਿਣ ਆਲੀ ਗੱਲ ਸਮਝ ਨੀਂ ਆਈ, ਬੀ ਕੀ ਗਲਾਰੀ ਆ । ਪ੍ਰਾਹੁਣਾ ਕਹਿੰਦਾ ਮਾਤਾ ਸੋਫਾ ਪੱਚੀ ਹਜ਼ਾਰ ਦਾ , ਜ਼ਮੀਨ ਦੋ ਲੱਖ ਨੂੰ ਮਰਲਾ ਹੋਇਆ ਪਿਆ । ਟੱਬਰ ਬੱਖੀਆਂ ਫੜ੍ਹਕੇ ਕੰਧਾਂ ਨਾ ਵੱਜਦਾ ਫਿਰੇ....ਘੁੱਦਾ

ਥਾਵਾਂ ਦੀ ਮਹੱਤਤਾ

ਬਠਿੰਡੇ ਜਿੱਡਾ ਟੇਸ਼ਨ ਹੈਨੀ
ਖੰਨੇ ਜੈਸੀ ਮੰਡੀ
ਫਿਰੋਜ਼ਪੁਰ ਜੇਹੀ ਪੈਲੀ ਹੈਨੀ
ਸੰਤਾਲੀ ਜੈਸੀ ਵੰਡੀ
ਹਿਮਾਚਲ ਅਰਗੀ ਸ਼ਾਤੀ ਹੈਨੀ
ਦਿੱਲੀ ਬਾਹਲੀ ਭੀੜ
ਲੁੱਦੇਆਣੇ ਟਰੈਫਿਕ ਬਾਹਲਾ
ਮਾਨਸਾ ਬੰਨੀਂ ਸੀੜ੍ਹ
ਤਲਵੰਡੀ ਸੰਦ ਖੇਤੀ ਦੇ ਬਣਦੇ
ਭਗਤੇ ਬਨਣ ਹੜੰਬੇ
ਮੁਕਸਰ ਜੁੱਤੀ ਚੰਗੀ ਮਿਲਦੀ
ਫਰੀਦਕੋਟ ਮੇਲੇ ਤੇ ਟੰਬੇ
ਅੰਬਰਸਰ 'ਚ ਸਿੱਖੀ ਬਾਹਲੀ
ਤੇਲੰਗਾਨਾ ਵੱਲ ਫਸਾਦ
ਰਾਜਸਥਾਨ 'ਚ ਊਠ ਸੁਣੀਂਦੇ
ਯੂ. ਪੀ ਬਾਹਲੇ ਕਮਾਦ
ਪਟਿਆਲੇ ਵਿੱਚ ਹਰਿਆਲੀ ਵਾਹਵਾ
ਕੇਰਲ ਬਾਹਲੀ ਪੜ੍ਹਾਈ
ਅਸਾਮ 'ਚ ਚਾਹ ਦੀ ਖੇਤੀ ਕਰਦੇ
ਕਸ਼ਮੀਰ 'ਚ ਨਿੱਤ ਲੜਾਈ
ਗੋਆ ਵਿੱਚ ਰਮਣੀਕ ਨੇ ਥਾਵਾਂ
ਬੰਬੇ ਰਹਿਣ ਸਟਾਰ
ਵਿੱਚ ਗੁਜਰਾਤ ਦੇ ਸੈਰਗਾਹਾਂ ਨੇ
ਦੱਖਣ ਵਿੱਚ ਪਠਾਰ
ਦਿਸਪੁਰ ਮੀਟ ਕੁੱਤੇ ਦਾ ਵਿਕਦਾ
ਛੱਤੀਸਗੜ੍ਹ 'ਚ ਹੋਣ ਧਮਾਕੇ
ਮਥਰਾ ਦੇ ਵਿੱਚ ਮੰਦਰ ਬਾਹਲੇ
ਮਲਮਲ ਮਿਲਦੀ ਢਾਕੇ
ਉਤਰਾਖੰਡ 'ਚ ਪਰਬਤ ਖੁਰਦੇ
ਸੀ ਆਈ ਮੁਸੀਬਤ ਡਾਹਢੀ
ਖੇਤੀ ਵਿੱਚ ਹੁਣ ਹਰਿਆਣਾ ਮੂਹਰੇ
'ਘੁੱਦਿਆ' ਪੰਜਾਬ ਹੋਗਿਆ ਫਾਡੀ

ਨਿਹੰਗ ਸਿੰਘਾਂ ਦੇ ਬੋਲੇ...ਹੰਸ ਸਿੰਘ ਬਰਾੜ ਦੀ ਰਚਨਾ

ਮਲੋਟ ਬੰਨੀਂ ਪੈਂਦੇ ਪਿੰਡ ਮਾਹਣੀਖੇੜੇ ਦੇ ਵਸਨੀਕ ਸੂਬੇਦਾਰ ਹੰਸ ਸਿੰਘ ਬਰਾੜ ਦੀ ਸਰਬੋਤਮ ਲਿਖਤ । ਨਿਹੰਗ ਸਿੰਘਾਂ ਦੇ ਬੋਲੇ। ਸੁਣ ਸੁਣ ਕੇ ਟਾਈਪ ਕਰੀ ਆ, ਗਹੁ ਨਾਲ । ਲੰਮੀ ਜ਼ਰੂਰ ਆ ਪੜ੍ਹਿਆ ਲਾਜ਼ਮੀ । ਜਿੱਥੇ ਕਿਸੇ ਦਾ ਸੂਤ ਲੱਗੇ ਸੇਵ ਕਰਕੇ ਰੱਖਿਓ। ਧੰਨਵਾਦ।

ਬੋਲੇ ਨਿਹੰਗਾਂ ਸਿੰਘਾਂ ਦੇ ਸੁਣ ਸੁਣ ਲਵੋ ਅਨੰਦ
ਸ਼ਾਇਰੀ ਹੰਸ ਬਰਾੜ ਦੀ ਮਿੱਠੇ ਮਿਸ਼ਰਿਓ ਛੰਦ
ਜਦੋਂ ਫੌਜ ਜੰਗ 'ਚ ਟੱਕਰ ਲੈਂਦੀ ਆ
ਬੋਲੀ ਆਪੋ ਆਪਣੀ ਬਣਾਉਣੀ ਪੈਂਦੀ ਆ
ਅਜੀਬ ਗੱਲ ਰਲਦੀ ਕਿਸੇ ਦੇ ਸੱਗੇ ਨਾ
ਐਸਾ ਟੱਪਾ ਬੋਲਣਾ ਸਮਝ ਲੱਗੇ ਨਾ
ਡਰ ਭੱਜ ਜਾਂਦੇ ਖਾਨ ਵਾਲੇ ਹਿੰਗਾਂ ਦੇ
ਸੁਣੋ ਕੋਡ ਵਾਰਡ ਨਿਹੰਗ ਸਿੰਘਾਂ ਦੇ
ਅੱਖੀਆਂ ਨੂੰ ਨੇਤਰ ਕਮਰ ਤਿੱਕ ਨੂੰ
ਸਵਾ ਲੱਖ ਆਖਦੇ ਸਿਰਫ ਇੱਕ ਨੂੰ
ਦਿਆਲ ਕੌਰ ਕੜਛੀ ਵਸਾਵਾ ਤਵੇ ਨੂੰ
ਭੁਝੰਗੀ ਕਹਿ ਬੁਲਾਉਂਦੇ ਆ ਜਵਾਨ ਲਵੇ ਨੂੰ
ਚਰਨਦਾਸੀ ਆਖਣ ਜੁੱਤੀ ਜਾਂ ਜੋੜੇ ਨੂੰ
ਘੋੜੀ ਨੂੰ ਅਰਕਣਾ ਅਰਕ ਘੋੜੇ ਨੂੰ
ਬੋਲੇ ਨੂੰ ਚੁਬਾਰੇ ਚੜ੍ਹਿਆ ਆਖ ਛੱਡਿਆ
ਸੁਰਗਾਦਵਾਰੀ ਜੀਹਦਾ ਨੱਕ ਵੱਢਿਆ
ਤਬਦੀਨ ਕੁੱਤਾ ਤੇ ਪੰਡਤ ਗੌੜ ਜੀ
ਜੂੰਆਂ ਜੇ ਲੜਨ ਹੁੰਦੀ ਘੋੜ ਦੌੜ ਜੀ
ਪੈਜੇ ਕਦੇ ਪੁੱਠੀ ਜੇ ਪੁਸ਼ਾਕ ਪਾਉਣੀ ਆ
ਉਹਨੂੰ ਕਹਿੰਦੇ ਕੀਤੀ ਤਬਦੀਲ ਛਾਉਣੀ ਆ
ਦਾਤਣ ਨੂੰ ਮੁੱਖ ਮੰਜਣ ਅਲਾਪਦੇ
ਵਿਗੜੇ ਵਏ ਯਾਰ ਨਾ ਏਹ ਸਕੇ ਬਾਪ ਦੇ
ਸਾਉਣ ਤਾਂਈ ਕਹਿੰਦੇ ਇੰਗ ਤੇ ਵੜਿੰਗ ਹੈ
ਆਉਂਦੇ ਨਾਂਹੀ ਸੂਤ ਹੁੰਦੇ ਜੇ ਤੜਿੰਗ ਹੈ
ਗੱਡੇ ਨੂੰ ਜ਼ਹਾਜ਼ ਰੇਲ ਤਾਂਈ ਭੂਤਨੀ
ਚਾਦਰੇ ਨੂੰ ਤੰਬਾ ਜਾਂਘੀਏ ਨੂੰ ਸੂਤਣੀ
ਕਾਰ ਤਾਂਈ ਰੰਡੀ ਸਾਇਕਲ ਨੂੰ ਚਰਖਾਞ
ਮੁੜ੍ਹਕੇ ਆਏ ਨੂੰ ਕਹਿੰਦੇ ਆਗੀ ਵਰਖਾ
ਭੋਇੰ ਸੂਰ ਗੋਗਲੂ ਤੇ ਮੂਲੀ ਸੂਰੀ ਆ
ਆਲੂਆਂ ਨੂੰ ਆਂਡੇ ਗੱਲਬਾਤ ਪੂਰੀ ਆ
ਦਾਤੀ ਬਘਿਆੜੀ ਤੇ ਖੁਰਪੇ ਨੂੰ ਸ਼ੇਤਰਾ
ਕਾਣੇ ਨੂੰ ਕਹਿਣ ਸਵਾ ਲੱਖ ਨੇਤਰਾ
ਗੂੰਗੇ ਨੂੰ ਕਵੀਸ਼ਰ ਸੁਚੱਲ ਡੁੱਡੇ ਨੂੰ
ਗਧਾ ਠਾਣੇਦਾਰ ਜਵਾਨ ਬੁੱਢੇ ਨੂੰ
ਜਾਣਾ ਹੋਵੇ ਬਾਹਰ ਜੇ ਜੰਗਲ ਬਾਜੀ ਨੂੰ
ਕਹਿਣ ਦੇਣ ਚੱਲੇ ਆ ਰਸਦ ਕਾਜ਼ੀ ਨੂੰ
ਮਾਰਕੇ ਭੰਨਣ ਜੇ ਕਿਸੇ ਦਾ ਗਾਟਾ ਜੀ
ਉਹਨੂੰ ਕਹਿੰਦੇ ਗਰਮ ਛਕਾਤਾ ਚਾਹਟਾ ਜੀ
ਪਤਾਲਪੁਰੀ ਕਹਿੰਦੇ ਆ ਨਰੋਈ ਕਹੀ ਨੂੰ
ਸ਼ੀਸ਼ ਮਹਿਲ ਕਹਿਣ ਸਾਰੀ ਛੱਤ ਢਹੀ ਨੂੰ
ਬਾਹਲੀ ਫੌਜ ਵੇਖ ਆਪ ਜੇ ਡਰਨ ਤਾਂ
ਉਹਨੂੰ ਕਹਿੰਦੇ ਖਾਲਸਾ ਹੋ ਗਿਆ ਹਰਨ ਤਾਂ
ਗੂੜ੍ਹੀ ਨੀਂਦ ਸੌਣਾ ਜੱਗ ਨੂੰ ਵਿਸਾਰਨਾ
ਅਨਹਦ ਸ਼ਬਦ ਘਰਾੜੇ ਮਾਰਨਾ
ਹੰਕਾਰਿਆ ਹੋਇਆ ਆਖਣ ਕਛਿਹਰੇ ਪਾਟੇ ਨੂੰ
ਕਹਿੰਦੇ ਕੁੰਭਕਰਨ ਨਰੋਏ ਬਾਟੇ ਨੂੰ
ਅਕਾਸ਼ਪਰੀ ਬੱਕਰੀ 'ਚ ਟੰਗਾ ਬੱਕਰਾ
ਭੇਡ ਤਾਂਈ ਪਰੀ ਤੇ ਦਿਓਤ ਛੱਤਰਾ
ਅਕਾਸ਼ ਦੀਵੇ ਕਹਿੰਦੇ ਸੂਰਜ ਤੇ ਚੰਦ ਨੂੰ
ਸਿਆਣਾ ਸੋਥਾ ਕਹਿੰਦੇ ਆ ਅਕਲਮੰਦ ਨੂੰ
ਆਕੀ ਹੋਇਆ ਕਹਿੰਦੇ ਜੇਹੜਾ ਜੇਲ੍ਹ ਜਾਵੜਿਆ
ਆਕੜਭੰਨ ਆਗਿਆ ਬੁਖਾਰ ਜੇ ਚੜ੍ਹਿਆ
ਐਰਾਪਾਤਾ ਝੋਟਾ ਮਹਿਖਾਸੁਰ ਸਾਨ੍ਹ ਨੂੰ
ਮੁਸਲਾ ਤੁਰਕ ਕਹਿੰਦੇ ਆ ਪਠਾਣ ਨੂੰ
ਮਿਰਚਾਂ ਲੜਾਕੀਆਂ ਨਿਸ਼ਾਨ ਝੰਡੇ ਨੂੰ
ਲੂਣ ਨੂੰ ਸਰਬਰਸ ਰੂਪਾ ਗੰਢੇ ਨੂੰ
ਚਾਲੇ ਪਾ ਗਿਆ ਕਹਿੰਦੇ ਮਰ ਮੁੱਕ ਪੈਣ ਨੂੰ
ਆਹਦੇ ਆ ਚੰਨਣ ਕੁਰ ਲਾਲਟੈਣ ਨੂੰ
ਮੁੱਠੀ ਚਾਪੀ ਕਹਿਣ ਕੁੱਟਕੇ ਪਿੰਜਣ ਨੂੰ
ਤੇਜਾ ਸਿੰਘ ਕਹਿੰਦੇ ਰੇਲ ਦੇ ਇੰਜਣ ਨੂੰ
ਜਦੋਂ ਮੁੱਕ ਜਾਂਦੀ ਖਾਣ ਦੀ ਰਸਦ ਜੀ
ਓਦੋਂ ਕਹਿੰਦੇ ਹੋਗਿਆ ਲੰਗਰ ਮਸਤ ਜੀ
ਘਰ ਘਰ ਮੰਗ ਗਲੀ ਗਲੀ ਗਾਹੀ ਆ
ਅੱਜ ਕਹਿਣ ਕੀਤੀ ਖੂਬ ਉਗਰਾਹੀ ਆ
ਸੱਜਣ ਕਕੈਣ ਚੋਰ ਡਾਕੂ ਠੱਗ ਨੂੰ
ਹਜ਼ੂਰੀਆ ਰੁਮਾਲਾ ਦਸਤਾਰ ਪੱਗ ਨੂੰ
ਇੰਦਰ ਰਾਣੀ ਕਹਿੰਦੇ ਆ ਸ਼ਰਦ ਪਾਉਣ ਨੂੰ
ਮੁਹੰਮਦੀ ਗੁਸਲ ਕਹਿਣ ਨੰਗਾ ਨਹਾਉਣ ਨੂੰ
ਰੂਪ ਕੌਰ ਕਣਕ ਬਦਾਮ ਛੋਲੇਆਂ ਨੂੰ
ਲਾਚੀਦਾਣਾ ਬਾਜਰਾ ਪਛਾਣੋਂ ਬੋਲੇਆਂ ਨੂੰ
ਸਣ ਦੀ ਸੂਬੀ ਨੂੰ ਨਾਲਾ ਕਹਿਣ ਰੇਸ਼ਮੀ
ਸਾਧਣੀ ਨੂੰ ਆਖਣ ਗਿੱਦੜ ਭੇਸਮੀਂ
ਗਿੱਦੜਰੰਗਾ ਆਖਣ ਉਦਾਸੀ ਸਾਧ ਨੂੰ
ਬਰਮਰਸ ਕਹਿਕੇ ਚੂਪਣ ਕਮਾਦ ਨੂੰ
ਮਾਰੂ ਗੌਣ ਕਹਿਣ ਰੋਣ ਤੇ ਪਿੱਟਣ ਨੂੰ
ਟੀਟ ਬਹੁਟੀ ਕਹਿੰਦੇ ਟਿੱਬੇ ਦੀ ਟਿੱਟਣ ਨੂੰ
ਖਧੀ ਨੀਲ ਬਰਫੀ ਬਿੱਲੀ ਨੂੰ ਮਲਕਾ
ਲੂੰਬੜ ਨੂੰ ਕਹਿੰਦੇ ਆ ਵਕੀਲ ਝੱਲ ਕਾ
ਘੱਗਰੇ ਦਾ ਨਾਮ ਧੂੜਕੋਟ ਲੈਂਦੇ ਆ
ਸੁੱਥਣ ਨੂੰ ਰਫਲ ਦੁਨਾਲੀ ਕਹਿੰਦੇ ਆ
ਜਦੋਂ ਆਉਂਦੀ ਆਟਾ ਪੀਸਣੇ ਦੀ ਵਾਰੀ ਆ
ਅੱਜ ਕਹਿਣ ਕੀਤੀ ਫਿਰਨੀ ਦੀ ਸਵਾਰੀ ਆ
ਮੱਛੀ ਜਲ ਤੋਰੀ ਭੇਜੀ ਆਗੀ ਹਰ ਦੀ
ਪਸ ਤੋਂ ਬਣਾਲੀ ਆ ਸਿੰਘਾਂ ਨੇ ਕਰਦੀ
ਰਹਿੰਦੀ ਜੀਹਨੂੰ ਪੀਕੇ ਤੇ ਟਿਕਾਣੇ ਮੱਤ ਨੀਂ
ਆਖਦੇ ਸ਼ਰਾਬ ਤਾਂਈ ਪੰਜ ਰਤਨੀਂ
ਹੋਲਾਂ ਨੂੰ ਅਲੈਚੀਆਂ ਸਮੁੰਦ ਸ਼ੀਰ ਨੂੰ
ਕੁਣਕਾ ਕੜਾਹ ਨੂੰ ਤਸ਼ਮਾਹੀ ਖੀਰ ਨੂੰ
ਹਜ਼ਾਰ ਮੇਖੀ ਆਖਣ ਫਟੀ ਵਈ ਜੁੱਲੀ ਨੂੰ
ਟੱਪ ਨੂੰ ਮਹੱਲ ਦਰਵਾਜ਼ਾ ਕੁੱਲੀ ਨੂੰ
ਬਸ ਹਰਦੇਵ ਸਿੰਹਾਂ ਮੁਕਾਦੇ ਛੇੜੇ ਨੂੰ
ਨਹੀਂ ਮੁੱਕਣ ਵਾਲਾ ਛੇੜ ਲਿਆ ਤੂੰ ਜੇਹੜੇ ਨੂੰ
ਬਾਬੂ , ਮਾਘੀ ਚੰਦ ਲਿਖ ਲਿਖ ਥੱਕਗੇ
ਬੋਲੇ ਨਾ ਮੁੱਕਣ ਸੂਬੇਦਾਰ ਥੱਕਗੇ

ਛੰਦ ..ਜ਼ਖਮ ਨੂੰ ਡੋਲ ਮਾੜੀ

ਜ਼ਖਮ ਨੂੰ ਡੋਲ ਮਾੜੀ, ਬੇਵੱਸ ਨੂੰ ਕਲੋਲ ਮਾੜੀ
ਗੱਲ ਰੱਖੀ ਗੋਲ ਮਾੜੀ, ਮੁੱਢ ਹੈ ਲੜਾਈ ਦਾ

ਸਾਕ 'ਚ ਨਘੋਚ ਮਾੜੀ, ਰਾਹੀ ਪੈਰ ਮੋਚ ਮਾੜੀ
ਓਪਰੀ ਹੈ ਲੋਚ ਮਾੜੀ, ਘਰ ਨਹੀਂ ਗਵਾਈਦਾ

ਧੁੰਦ ਮਾੜੀ ਕਾਹਲੀ ਨੂੰ, ਘੌਲ ਮਾੜੀ ਹਾਲੀ ਨੂੰ
ਟਿੱਚਰ ਵੱਡੀ ਸਾਲੀ ਨੂੰ, ਰੋਹਬ ਨਹੀਂ ਘਟਾਈਦਾ

ਮਜ਼ਾਕ ਮਾੜਾ ਸੋਗੀ ਨੂੰ, ਵਹਿਮ ਮਾੜਾ ਰੋੋਗੀ ਨੂੰ
ਠਰਕ ਮਾੜਾ ਜੋਗੀ ਨੂੰ , ਜੋਗ ਨਹੀਂ ਕਮਾਈਦਾ

ਕਮਾਦ ਮਾੜਾ ਬੋੜੇ ਨੂੰ, ਰਿਸਣ ਮਾੜਾ ਫੋੜੇ ਨੂੰ
ਲੱਗਣ ਮਾੜਾ ਜੋੜੇ ਨੂੰ, ਪੈਰੀਂ ਨਾਹੀਂ ਪਾਈਦਾ

ਚੱਤੋਪੈਰ ਤਵਾਂ ਮਾੜਾ, ਔਂਤ ਪੈਸਾ ਜਮ੍ਹਾਂ ਮਾੜਾ
ਖੁੰਝਜੇ ਤਾਂ ਸਮਾਂ ਮਾੜਾ, ਮੋੜ ਨਹੀਂ ਲਿਆਈਦਾ

ਵੱਢਣ ਮਾੜਾ ਰੁੱਖ ਨੂੰ, ਲੁਕਾਉਣ ਮਾੜਾ ਦੁੱਖ ਨੂੰ
ਮਾੜਾ ਬਾਂਝਪਨ ਕੁੱਖ ਨੂੰ , ਵੰਸ਼ ਨਹੀਂ ਵਧਾਈਦਾ

ਭੰਗ ਦੀ ਲਪਟ ਮਾੜੀ, ਯਾਰ ਨੂੰ ਕਪਟ ਮਾੜੀ
ਠਾਣੇ 'ਚ ਰਪਟ ਮਾੜੀ, ਖਹਿੜਾ ਨਹੀਂ ਛੁਡਾਈਦਾ

ਕੁੱਬੇ ਸਿਰ ਪੰਡ ਮਾੜੀ, ਫੱਗਣ ਦੀ ਠੰਢ ਮਾੜੀ
ਲੱਕੜ 'ਚ ਗੰਢ ਮਾੜੀ, ਮੁੱਲ ਵਾਜਬ ਨੀਂ ਪਾਈਦਾ.....ਘੁੱਦਾ

Sunday 10 November 2013

ਛੰਦ..ਜੇ ਹੋਜੇ

ਪੈਸੋਂ ਵੱਲੋਂ ਤੰਗੀ ਹੋਜੇ, ਇੱਜ਼ਤ ਜੇ ਨੰਗੀ ਹੋਜੇ
ਫਸਲ ਜੇ ਚੰਗੀ ਹੋਜੇ, ਜੱਟ ਸਿੱਧਾ ਬੋਲੇ ਨਾ

ਰਕਮ ਜੇ ਖੜ੍ਹੀ ਹੋਵੇ, ਸ਼ਾਹਣੀ ਘਰੇ ਲੜੀ ਹੋਵੇ
ਗਾਹਕ ਨਾਲ ਤੜ੍ਹੀ ਹੋਵੇ, ਕਰਾੜ ਪੂਰਾ ਤੋਲੇ ਨਾ

ਕਿਸੇ ਨਾ ਖੋਰ ਹੋਵੇ, ਗਲੀ ਵਿੱਚ ਸ਼ੋਰ ਹੋਵੇ
ਚੋਰਾਂ ਦਾ ਜੇ ਜ਼ੋਰ ਹੋਵੇ, ਸੁਨਾਰ ਬੂਹਾ ਖੋਲ੍ਹੇ ਨਾ

ਮੋਹਰੀ ਜੇ ਮੱਕਾਰ ਹੋਜੇ, ਕਲਾ ਦਾ ਹੰਕਾਰ ਹੋਜੇ
ਮੀਸਣਾ ਜੇ ਯਾਰ ਹੋਜੇ, ਕਦੇ ਭੇਤ ਖੋਲ੍ਹੇ ਨਾ

ਸੰਗਾਊ ਜੇ ਨਚਾਰ ਹੋਜੇ, ਔਲਾਦ ਵਸੋ ਬਾਹਰ ਹੋਜੇ
ਜੇ ਬਾਪ ਜੁੰਮੇਵਾਰ ਹੋਜੇ, ਵਰ ਮਾੜਾ ਟੋਲੇ ਨਾ

ਬੇਦੋਸ਼ਾ ਜੇਲ੍ਹ ਬੰਦ ਹੋਜੇ, ਭਾਈਆਂ ਵਿੱਚ ਕੰਧ ਹੋਜੇ
ਜੇ ਕਿਸਾਨ ਜਥੇਬੰਦ ਹੋਜੇ, ਸਰਕਾਰ ਕਦੇ ਰੋਲੇ ਨਾ.....ਘੁੱਦਾ

ਉਹ ਦਿਨ ਚੇਤੇ ਆਉਂਦੇ ਨੇ ਨਹੀਂ

ਪਹਿਲੀ ਕਿਲਕਾਰੀ ਮਾਰੀ ਗੁੜ੍ਹਤੀ ਦਿੱਤੀ ਦਾਈ ਨੇ
ਛਾਤੀ ਸੁੱਚੀ ਕਰਕੇ ਦੁੱਧ ਚੁੰਘਾਇਆ ਮਾਈ ਨੇ
ਛੈਣੇ ਬਾਜੇ ਪਰੋਕੇ ਨਿੰਮ ਬੰਨ੍ਹਿਆ ਲਾਗੀ ਨੇ
'ਲੱਖ ਖੁਸ਼ੀਆਂ' ਦਾ ਸੋਹਲਾ ਗਾਇਆ ਰਾਗੀ ਨੇ
ਨਵ- ਜੰਮੇ ਦੇ ਤੇੜ ਤੜਾਗੀ ਪਾਉਂਦੇ ਨੇ ਕਿ ਨਹੀਂ
ਦੱਸੀਂ ਬਾਬਾ ਉਹ ਦਿਨ ਚੇਤੇ ਆਉਂਦੇ ਨੇ ਕਿ ਨਹੀਂ

ਰੂੜ੍ਹੀਆਂ ਨਾਲ ਮੀਂਹ ਦਾ ਪਾਣੀ ਕਾਲਾ ਹੋ ਜਾਂਦਾ
ਰੁੱਗ ਤੂੜੀ ਦਾ ਅੜਜੇ ਬੰਦ ਪਨਾਲਾ ਹੋ ਜਾਂਦਾ
ਸਿਰ ਭਿੱਜਣੇ ਤੋਂ ਤਾਣੇ ਖਾਲੀ ਗੱਟੇ ਰੇਹਾਂ ਦੇ
ਘੜੇਆਂ ਤੇ ਵੱਢ ਰੱਖੇ ਲੀਟਰ ਸਰਪੇਹਾਂ ਦੇ
ਭਿੱਜੀ ਬੋਰੀ ਤੌੜੇ ਤੇ ਹੁਣ ਪਾਉਂਦੇ ਨੇ ਕਿ ਨਹੀਂ
ਦੱਸੀਂ ਬਾਬਾ ਉਹ ਦਿਨ ਚੇਤੇ ਆਉਂਦੇ ਨੇ ਕਿ ਨਹੀਂ

ਜੇ ਖੋਲਾ ਕੰਡਮ ਹੋਜੇ ਤਾਂ ਫਿਰ ਚਾਰਦੇ ਹਿੰਗਾਂ ਨੂੰ
ਤੇਲ ਤਲੀ ਤੇ ਮਲਕੇ ਦੇਂਦੇ ਚੋਪੜ ਸਿੰਗਾਂ ਨੂੰ
ਬਗਲਾਂ ਭਰਕੇ ਚੁੱਕਣਾ ਕੰਡ ਲਾਉਣੀ ਭਲਵਾਨਾਂ ਦੀ
ਖੁੱਚ ਕੋਲੋਂ ਉੱਭਰੀ ਪਿੰਨੀ ਵੇਖ ਜਵਾਨਾਂ ਦੀ
ਚੰਦਾ ਕੱਠਾ ਕਰਕੇ ਮੇਲੇ ਲਾਉਂਦੇ ਨੇ ਕਿ ਨਹੀਂ
ਦੱਸੀਂ ਬਾਬਾ ਉਹ ਦਿਨ ਚੇਤੇ ਆਉਂਦੇ ਨੇ ਨਹੀਂ

ਮੱਲ ਮੋਟਾ ਕਸੀਆਂ ਦੌਣਾਂ ਮੰਜਾ ਉਣਿਆ ਡੱਬੀ ਦਾ
ਹੁਨਰ ਅਜੇਹਾ ਨਾ ਹੁਣ ਕਿਤਿਓਂ ਲੱਭੀ ਦਾ
ਥੋਮ ਗੰਢੇ ਦਾ ਤੜਕਾ ਸਾਗ ਵਾਹਣ ਬਰਾਨੀ ਦਾ
ਰੂਪ ਬਸੰਤ ਦੀ ਘਾਹਣੀ ਚੇਤਾ ਕਰਲੇ ਨਾਨੀ ਦਾ
ਕਨੇਡਾ ਬੈਠੇ ਪੁੱਤ ਪੋਤੇ ਚਿੱਠੀ ਪਾਉਂਦੇ ਨੇ ਕਿ ਨਹੀਂ
ਦੱਸੀਂ ਬਾਬਾ ਉਹ ਦਿਨ ਚੇਤੇ ਆਉਂਦੇ ਨੇ ਕਿ ਨਹੀਂ.......ਘੁੱਦਾ

ਪਰਤਿਆਈਆਂ ਬੀਆਂ ਗੱਲਾਂ....ਗੌਰ ਫਰਮਾਏਓ

ਪਰਤਿਆਈਆਂ ਬੀਆਂ ਗੱਲਾਂ....ਗੌਰ ਫਰਮਾਏਓ
1. ਕਿਸੇ ਨਮੀਂ ਫਿਲਮ 'ਚ ਭੱਲੇ ਅਰਗੇ ਦਾ ਬੋਲਿਆ ਜੇਹੜਾ ਡਾਇਲੌਗ ਹਿੱਟ ਹੋਜੇ, ਮੁਲਖ ਓਸੇ ਡਾਇਲੌਗ ਤੇ ਪੇਜ ਬਣਾ ਦੇਂਦਾ ਤੇ ਫੇਰ ਲਿੰਕ ਕਾਪੀ ਕਰਕੇ ਜੰਤਾ ਨੂੰ ਭੇਜ ਕੇ ਆਖਣਗੇ, ਪਰਧਾਨ ਲਾਈਕ ਕਰੀ ਜਰ।
2. ਕਿਸੇ ਤਕੜੇ ਰੈਸਟੋਰੈਂਟ ਤੇ ਜਾਕੇ ਆਪਣਾ ਮੁਲਖ ਮੀਨੂੰ ਆਲ਼ੇ ਕਾਰਡ ਤੇ ਦਾਲਾਂ ਸਬਜ਼ੀਆਂ ਬੰਨੀਂ ਨਹੀਂ , ਬਸ ਰੇਟ ਤੇ ਈ ਨਿਗਾਹ ਮਾਰਦਾ।
3.ਮੁਲਖ ਦੇ ਭਮਾਂ ਘੜੀ ਬੰਨ੍ਹੀ ਹੋਵੇ ਟੈਮ ਫੇਰ ਵੀ ਮੋਬੈਲ ਤੋਂ ਈ ਵੇਖਣਾ ਹੁੰਦਾ ।
4. ਅੱਜ ਕੱਲ੍ਹ ਸਾਰੇ ਸ਼ਹਿਰਾਂ 'ਚ ਰੇਲਵੇ ਲੈਨਾਂ ਤੇ ਬਣੇ ਓਵਰ ਬਰਿੱਜਾਂ ਹੇਠ ਈ ਟੈਕਸੀ ਸਟੈਂਡ ਬਣਦੇ ਨੇ।
5. ਜੇ ਬੰਦੇ ਦਾ favourite ਗੀਤ ਰੇਡੀਏ ਤੇ ਆਉਂਦਾ ਹੋਵੇ, ਤਾਂ ਹੋਰ ਵੀ ਵਧੀਆ ਲੱਗਦਾ।
6. ਆਵਦਾ ਮਿੱਤਰ ਪਿਆਰਾ ਥੋਡੀ ਵਾਲ ਫਰੋਲਣੀ ਭੁੱਲ ਸਕਦਾ, ਪਰ ਖਾਰ ਖਾਣ ਆਲਾ ਵਿਰੋਧੀ ਬੰਦਾ ਲਾਜ਼ਮੀ ਚੈੱਕ ਕਰਦਾ , ਬਸ ਗਲਤੀ ਕੱਢਣ ਲਈ।
7. ਜਦੋਂ ਬਾਟਰ ਬਕਸ ਦਾ ਪਾਣੀ ਘਰਾਂ 'ਚ ਆਉਂਦਾ ਤਾਂ ਮੁਲਖ ਏਹੀ ਗੱਲ ਕੈਂਹਦਾ ,"ਪਰਧਾਨ ਟੂਟੀ ਆਗੀ ਓਏਏ"। ਐਂ ਕੋਈ ਨੀਂ ਕਹਿੰਦਾ ਬੀ ਪਾਣੀ ਆ ਗਿਆ।
8. ਜਦੋਂ ਰੇਲ ਗੱਡੀ ਤੇ ਫੌਜੀ ਜਾਂਦੇ ਹੋਣ, ਆਪਣਾ ਮੁਲਖ ਕੰਮ ਛੱਡਕੇ ਹੱਥ ਹਲਾਕੇ ਬਾਏ ਬਾਏ ਲਾਜ਼ਮੀ ਕਰਦਾ।
9. ਨਹਾਉਣ ਆਲੇ ਥਾਂ ਨੂੰ ਬਾਥਰੂਮ ਕਿਹਾ ਜਾਂਦਾ । ਪਰ ਜਦੋਂ ਆਪਣੇ ਮੁਲਖ ਨੇ ਪਸ਼ਾਬ ਕਰਨਾ ਹੁੰਦਾ ..ਆਹੀ ਗੱਲ ਕਹਿਣਗੇ ,"ਪਰਧਾਨ ਬਾਥਰੂਮ ਕਰਨਾ ਜਰ"। ਪਤਾ ਨੀਂ ਪਤਿਓਹਰੇ ਐਡਾ ਬਾਥਰੂਮ ਕਿਮੇਂ ਕਰਦੇ ਨੇ ?
10 ਅੱਗੇ ਪਿੱਛੇ ਕੋਈ ਚੇਤੇ ਨੀਂ ਕਰਦਾ, ਪਰ 23 ਮਾਰਚ ਨੂੰ ਭਗਤ ਸਿੰਘ ਹੋਣਾਂ ਦੀਆਂ ਫੋਟਮਾਂ ਪਾ ਪਾਕੇ ਮੁਲਖ ਫੇਸਬੁੱਕ ਸੂਣ ਆਲੀ ਕਰ ਦੇਂਦਾ।.....ਘੁੱਦਾ

ਕਤਲ ਤੋਂ ਪਹਿਲਾਂ

1913 ਦਾ ਸਮਾਂ ਸੀ। ਓਦੋਂ ਵੀ ਹੁਣ ਵੰਗੂ ਵਲੈਤ ਜਾਣ ਦਾ ਬਾਹਲਾ ਰਵਾਜ ਸੀ। ਕਈ ਟੁੱਕ ਕਮਾਉਣ ਖਾਤਰ ਵਲੈਤ ਗਏ ਤੇ ਕਈ ਕਰਤਾਰ ਸਰਾਭੇ ਅਰਗੇ ਵਿਦਿਆਰਥੀ ਨੌਜਵਾਨ ਉੱਚ ਪੜ੍ਹਾਈ ਖਾਤਰ ਗਏ। ਵਿਸ਼ਵ ਜੰਗਾਂ ਦੇ ਓਦੋਂ ਪੂਰੇ ਅਸਾਰ ਸੀ, ਤਾਂ ਕਰਕੇ ਅੰਗਰੇਜ਼ਾਂ ਨੇ ਸਿੱਖ ਚੋਬਰਾਂ ਨੂੰ ਵਧ ਚੜ੍ਹਕੇ ਅੰਗਰੇਜ਼ੀ ਫੌਜ 'ਚ ਭਰਤੀ ਕਰਿਆ ਸੀ। ਪਰ ਓਦੋਂ ਸਿੱਖਾਂ ਜਾਂ ਪੰਜਾਬੀਆਂ ਨਾਲ ਬੜੀ ਦਰਿਔਤ ਕਰੀ ਜਾਂਦੀ, ਪੰਜਾਬੀ ਸਿਪਾਹੀਆਂ ਨੂੰ ਨੌਂ ਰੁਪੈ ਤੇ ਅੰਗਰੇਜ਼ਾਂ ਨੂੰ ਪੰਤਾਲੀ ਰੁਪੈ ਤਨਖਾਹ ਦਿੱਤੀ ਜਾਂਦੀ। ਭਾਰਤੀਆਂ ਨੂੰ ਕੁੱਤਿਆ ਬਰੋਬਰ ਰੱਖਿਆ ਜਾਂਦਾ। ਗੱਲ ਕੀ ਥਾਂ - ਥਾਂ ਭਾਰਤੀਆਂ ਦੀ ਲਾਹ ਪਾਹ ਕੀਤੀ ਜਾਂਦੀ । ਐਹੇ ਜੇ ਜਿਓਣ ਨਾਲੋਂ "ਪਹਲਾ ਮਰਨਿ ਕਬੂਲਿ ਕਰ" ਪੰਜਾਬੀਆਂ ਨੇ ਗਦਰ ਪਾਰਟੀ ਦੀ ਨਿਓਂ ਧਰੀ ਤੇ ਭਾਰਤ ਨੂੰ ਸਿੱਧੇ ਹੋ ਤੁਰੇ । ਗੌਰ ਕਰਿਓ ਪਰਧਾਨ ਕਰਤਾਰ ਸਿੰਘ ਸਰਾਭੇ ਦੇ ਦਾਦਾ ਜੀ ਕੋਲ ਤਿੰਨ ਸੌ ਕਿੱਲਾ ਜ਼ਮੀਨ ਸੀ, , ਲਾਲਾ ਹਰਦਿਆਲ ਸਟੈਨਫੋਰਡ ਯੂਨੀਵਸਟੀ ਦੇ ਪਰੋਫੈਸਰ ਸਨ, ਤੇ ਗਦਰੀ ਜਵਾਲਾ ਸਿੰਘ ਦੇ ਐਡੇ ਫਾਰਮ ਸਨ ਕਿ ਉਹ ਕੱਲਾ ਈ ਅੱਧੇ ਅਮਰੀਕਾ ਨੂੰ ਆਲੂ ਮੁਹੱਈਆ ਕਰਾਉਂਦਾ ਸੀ। ਏਹਨਾਂ ਮਹਾਨ ਗਦਰੀਆਂ ਨੂੰ ਓਸ ਸਮੇਂ ਅਕਾਲ ਤਖਤ ਦੇ ਜਥੇਦਾਰ ਰੂੜ ਸਿੰਘ ਨੇ ਪੰਥ 'ਚੋਂ ਛੇਕਿਆ ਸੀ। ਤੇ ਓਸੇ ਜਥੇਦਾਰ ਨੇ ਜਲ੍ਹਿਆਂ ਆਲ਼ੇ ਕਾਂਡ ਦੇ ਜੁੰਮੇਦਾਰ ਉਡਵਾਇਰ ਨੂੰ ਅਕਾਲ ਤਖਤ ਤੇ ਸੱਦਕੇ ਸਨਮਾਨਿਤ ਵੀ ਕਰਿਆ ਸੀ।
                                                                               ਅੱਜ 'ਚ ਵੀ ਵੇਹਲਾ ਫਿਰਦਾ ਪੰਜਾਬ ਜ਼ਹਾਜ਼ੇ ਚੜ੍ਹ ਵਲੈਤ ਜਾਂਦਾ। ਫੇਰ ਭਲਾਂ 1913 'ਚ ਤੇ 2013  ਕੀ ਫਰਕ ਰਹਿ ਗਿਆ। ਟੈਕਸ ਭਾਰਤ 'ਚ ਭਰਨੇ ਪੈਂਦੇ ਨੇ ਤੇ ਰੋਟੀ ਟੁੱਕ ਖਾਤਰ ਵਦੇਸ਼ ਜਾਣਾ ਪੈਂਦਾ। ਗੱਲ ਕੀ ਮੋਬੈਲ ਦੇ ਮਮੂਲੀ ਜੇ ਰਚਾਰਜ ਵਿੱਚੋਂ ਵੀ ਟੈਕਸ ਭਰਿਆ ਜਾਂਦਾ। ਪੰਜਾਬ 'ਚ ਟੈਲੇਂਟ ਦੀ ਕਮੀ ਨਹੀਂ। ਕਈ ਮੁੰਡਿਆਂ ਐਹੇ ਜੀਆਂ ਖੋਜਾਂ ਕਰੀਆਂ ਬੀ ਘਰੇ ਬੈਠੇ ਮਬੈਲ ਦੇ ਸੁੱਚ ਨੱਪੋ, ਖੇਤ ਮੋਟਰ ਹੋਥੇ ਧਾਰ ਮਾਰਦੀ ਆ। ਆਪਣਾ ਮੁਲਖ ਚੌਵੀ ਪੱਚੀ ਸਾਲ ਤੱਕ ਪੁਲਸ , ਫੌਜ ਦੀਆਂ ਭਰਤੀਆਂ ਦੇਂਹਦਾ, ਤੇ ਜਦੋਂ ਨਹੀਂ ਫੌਹ ਪੈਂਦਾ । ਫੇਰ ਮਜ਼ਬੂਰ ਹੋਕੇ ਗੱਭਰੂ ਅਸ਼ਟਾਮ ਪੇਪਰਾਂ ਤੇ ਨਿਆਈਆਂ ਗਹਿਣੇ ਧਰਕੇ ਜਹਾਜ਼ ਦੀ ਤਾਕੀ ਨੂੰ ਹੱਥ ਪਾ ਲੈਂਦੇ ਨੇ। ਘਰ ਬਾਰ ਛੱਡਕੇ ਵਲੈਤ ਜਾਣਾ ਸ਼ੌਕ ਦੇ ਨਾਲ ਨਾਲ ਮਜ਼ਬੂਰੀ ਵੀ ਬਣ ਜਾਂਦਾ ।
                           ਅਗਲੀ ਸੁਣੋ। ਨੰਨੀਆਂ ਛਾਂ ਆਲੀਆਂ ਬੀਬੀਆ ਬੜੇ ਹੋਕਰੇ ਮਾਰਦੀਆਂ , ਜੀ ਕੁੜੀਆਂ ਅਜ਼ਾਦ ਹੋਗੀਆਂ , ਮਰਦਾਂ ਦੇ ਬਰੋਬਰ ਹੱਕ ਮਿਲਗੇ, ਸੌ ਕੁਸ ਹੋਰ ਫੂਕ ਛਕਾਈ ਜਾਂਦੀ ਆ ਮੁਲਖ ਨੂੰ। ਠੇਂਗਣ ਅਜ਼ਾਦ ਨੇ ਕੁੜੀਆਂ । ਘਰੋਂ ਅੱਡੇ ਤੱਕ ਜਾਂਦੀ ਕੁੜੀ ਦੇ ਅੱਖਾਂ ਨਾਲ ਪੱਟ ਈ ਮਿਣੀ ਜਾਂਦੀ ਆ ਜੰਤਾ। ਸਰਫ, ਸਾਬਣ, ਸ਼ਰਾਬ ਕੁੱਲ ਚੀਜ਼ ਦੀ ਮਸ਼ੂਹਰੀ 'ਚ ਦੋ ਲੀੜੇਆਂ 'ਚ ਈ ਕੁੜੀਆਂ ਪੇਸ਼ ਕੀਤੀਆਂ ਜਾਂਦੀਆਂ ਨੇ। ਕੁੜੀਆਂ ਨੂੰ B.S.F ਜਾਂ ਪੁਲਸ 'ਚ ਭਰਤੀ ਕੀਤਾ ਜਾਣ ਲੱਗ ਪਿਆ। ਏਹਦਾ ਮਤਲਬ ਏਹ ਨਹੀਂ ਬੀ ਸਾਡੇ ਦਮਾਗ ਵੱਡੇ ਹੋਗੇ, ਉੱਚਾ ਸੋਚਣ ਲਾਗੇ, ਬਲਕਿ  ਕੁੜੀਆਂ ਖਾਤਰ ਨਰਸ ਜਾਂ ਟੀਚਰ ਅਰਗੇ ਅਹੁਦੇ ਤਾਂ ਛੱਡੇ ਈ ਨਹੀਂ । ਤਾਂ ਕਰਕੇ ਮਾਪੇ ਆਹੀ ਸੋਚਦੇ ਨੇ ਬੀ ਚਲੋ ਕੁੜੀ ਨੂੰ B.S.F 'ਚ ਤੋਰਦੋ। ਤੇ ਏਹਨਾਂ ਕੁੜੀਆਂ ਚਿੜੀਆਂ ਬਾਰੇ ਆਮ ਪੁਲਸੀਏ ਜਾਂ ਲੋਕੀਂ ਕੀ ਵਚਾਰ ਰੱਖਦੇ ਨੇ, ਏਹ ਦੱਸਣ ਦੀ ਲੋੜ ਨਹੀਂ, ਸਾਰੇ ਜਾਣੀਜਾਣ ਨੇ। ਜੇ ਸੱਚਿਓਂ ਕੁੜੀਆਂ ਮੁੰਡਿਆਂ ਦੇ ਹੱਕ ਬਰਾਬਰ ਹੋਣ ਤਾਂ ਭਰੂਣ ਹੱਤਿਆ ਦੇ ਵਿਰੁੱਧ ਹੋਕਾ ਦੇਣ ਦੀ ਲੋੜ ਨਹੀਂ ।
                                                                                           
                                                                                               ਗਾਂਧੀ ਦੇ ਚਲਾਏ ਨਾ - ਮਿਲਵਰਤਨ ਅੰਦੋਲਨ ਦਾ ਏਹੋ ਮਤਲਬ ਸੀ ਕਿ ਵਿਦੇਸ਼ੀ ਚੀਜ਼ਾਂ ਨੂੰ ਭਾਰਤੀ ਲੋਕ ਨਾ ਖਰੀਦਣ। ਭਗਤ ਸਿੰਘ ਹੋਣਾਂ ਨੇ ਵੱਧ ਚੜ੍ਹਕੇ ਏਸ ਅੰਦੋਲਨ ਦਾ ਸਮੱਰਥਨ ਕਰਿਆ ਸੀ। ਓਦੋਂ ਗੋਰੇ ਵਲੈਤ ਬਣੀਆਂ ਚੀਜ਼ਾਂ ਭਾਰਤ 'ਚ ਲਿਆਕੇ ਵੇਚਦੇ ਸੀ ਤੇ ਸਿੱਧਾ ਮੁਨਾਫਾ ਅੰਗਰੇਜ਼ਾਂ ਨੂੰ ਜਾਂਦਾ ਸੀ। ਓਹੀ ਸਿਸਟਮ ਅੱਜ ਆ। ਰੈੱਡ ਟੇਪ, ਰੀਬੋਕ , ਨਾਈਕੀ, ਐਡੀਡਾਸ ਅਰਗੇ ਇੰਟਰਨੈਸ਼ਨਲ ਬਰੈਂਡ ਹਰਿੱਕ ਨੌਜਵਾਨ ਮੁਟਿਆਰ ਦੀ ਪਸੰਦ ਨੇ। ਐਦੂੰ ਘੱਟ ਬੂਟ , ਜਰਾਬਾਂ ਪਾਕੇ ਕੋਈ ਰਾਜ਼ੀ ਨਹੀਂ। ਦੋ ਹਜ਼ਾਰ ਪੱਚੀ ਸੌ ਤੋਂ ਘੱਟ ਕਿਸੇ ਦੇ ਬੂਟ ਨਹੀਂ ਹੁੰਦੇ , ਕਿਤੇ ਵੇਖਲਿਓ। ਏਹਦਾ ਮਤਲਬ ਸ਼ਪੱਸ਼ਟ ਤੌਰ ਤੇ ਭਾਰਤੀ ਪੈਸਾ ਵਲੈਤ ਨੂੰ ਜਾਂਦਾ। ਹੋਰ ਸੁਣੋ ਮੈਕਡੋਨਲ , KFC  ਅਰਗੇ ਵਿਦੇਸ਼ੀ ਢਾਬਿਆਂ  ਰਾਂਹੀ ਭਾਰਤੀ ਕਮਾਈ ਡਰੈਗਟ ਵਲੈਤ ਜਾਂਦੀ ਆ। ਕੇਰਾਂ ਭੁੱਚੋ ਲਾਗੇ ਬਣੇ ਮੈਕਡੋਨਲ ਦਾ ਵਰਕਰ ਸਾਡੇ ਨਾਲ ਬਠਿੰਡੇ ਤਾਂਈ ਆਇਆ। ਉਹਨੇ ਦੱਸਿਆ ਕੈਂਹਦਾ ਪਰਧਾਨ ਬਰਗਰ ਆਲੀ ਡਬਲ ਰੋਟੀ ਤੇ ਵਿੱਚ ਪਾਈ ਟਿੱਕੀ ਜੀ ਵੀ ਬਾਹਰੋਂ ਈ ਆਉਂਦੇ ਆ।
ਬਰਗਰ 'ਚ ਪੈਂਦਾ ਟਮਾਟਰ ਈ ਸਿਰਫ ਇੰਡੀਆ ਦਾ ਹੁੰਦਾ । ਬਾਹਲੀਆਂ ਗੱਲਾਂ ਛੱਡੋ , ਇੱਕ ਮਮੂਲੀ ਜੀ ਨਹੁੰਕੱਟਣੀ ਤੇ ਵੀ "MADE IN KOREA" ਲਿਖਿਆ ਵਾ ਹੁੰਦਾ। ਸਿੱਧੇ ਅਸਿੱਧੇ ਢੰਗਾਂ ਨਾ ਭਾਰਤੀ ਪੈਸਾ ਵਿਦੇਸ਼ ਤੁਰਿਆ ਜਾਂਦਾ, ਤਾਂਹੀ ਤਾਂ ਡਾਲਰ ਦੇ ਮੁਕਾਬਲੇ ਰੁਪਈਏ ਦਾ ਮੂਤ ਨਿਕਲਿਆ ਪਿਆ।
                                                             
ਬਾਕੀ ਆਪਣੇ ਲੋਕਾਂ ਦੇ ਜੀਵਨ ਨਾਲ ਮੀਡੀਏ ਜਾਂ ਗੈਕ ਕਲਾਕਾਰਾਂ ਦਾ ਕਿੰਨਾ ਕ ਸਰੋਕਾਰ ਹੈਗਾ, ਏਹ ਵੀ ਵੇਖਣਾ ਬਣਦਾ। "ਕੌਮ ਦੇ ਹੀਰੇ" ਵਰਗੇ ਜੁੰਮੇਵਾਰ ਗੀਤ ਲਿਖਣ ਆਲੇ ਸਰਬੋਤਮ ਗੈਕ ਬੱਬੂ ਮਾਨ ਦਾ ਗੀਤ ਆਇਆ ਸੀ। "ਚਿੱਟਾ ਚਾਦਰਾ , ਜਿਪਸੀ ਕਾਲੀ, ਕਿੱਲੇ ਚਾਲੀ"।
ਐਥੇ ਭਲਾਂ ਕਿੰਨੇ ਕ ਹੋਣਗੇ ਜਿੰਨਾਂ ਨੂੰ ਚਾਲੀ ਚਾਲੀ ਕਿੱਲੇ ਆਉਂਦੇ ਨੇ, ਮਸੀਂ ਚਾਰ ਪੰਜ ਜਣੇ। ਪੰਜ ਕਿੱਲੇ ਜ਼ਮੀਨ ਹੁੰਦੀ ਆ ਤੇ ਦੋ ਭਰਾਵਾਂ ਨੂੰ ਢਾਈ ਢਾਈ ਰਹਿ ਜਾਂਦੇ ਨੇ । ਤੇ ਐਥੇ ਭਲਾਂ ਕਿੰਨੇ ਕ ਜਣੇ ਚਿੱਟਾ ਚਾਦਰਾ ਬੰਨ੍ਹਦੇ ਨੇ, ਲੱਤਾਂ ਤਾਂ ਭੂਆ ਭੂਆ ਕਰਦੀਆਂ, ਬਿੱਚਦੀ ਭਲਾ ਕੁੱਤਾ ਟੱਪਜੇ। ਪਰ ਫੇਰ ਵੀ ਆਹ ਗੀਤ ਹਰਿੱਕ ਦੇ ਮੋਬੈਲ 'ਚ ਵੱਜਦਾ। ਜਿਹੋ ਜਾ ਮੂੰਹ ਓਹੋ ਜਾ ਲਫੇੜਾ। ਜਿਹੋ ਜਾ ਲੋਕ ਸੁਣਕੇ ਰਾਜ਼ੀ  ਨੇ ਵਿਚਾਰੇ ਗੈਕ ਕਲਾਕਾਰ ਵੀ ਓਹੋ ਜਾ ਕੁਛ ਪੇਸ਼ ਕਰਦੇ ਨੇ। ਪਰ ਦੂਜੇ ਪਾਸੇ ਵੇਖਿਆ ਜਾਵੇ ਤਾਂ ਪਤਾ ਲੱਗਦਾ ਕਿਮੇਂ ਕਰਜ਼ੇ ਦੇ ਖੁੰਗਲ ਕੀਤੇ ਕਿਰਸਾਨ ਮੋਨੋੋ ਦੀ ਸੀਲ ਪੱਟਕੇ ਲੀਟਰ ਇੱਕੋ ਡੀਕ 'ਚ ਪੀਂਦੇ ਨੇ। ਨਾਲ ਮੋਟੇ ਸੰਤਰੇ ਦਾ ਪਊਆ ਪਿਆ ਹੁੰਦਾ।
                                                      ਨਿੱਕਾ ਬਾਦਲ ਬੱਕਲਕੱਤਾ ਜਾ ਮੂੰਹ ਕਰਕੇ ਟਾਟਾ, ਰਿਲਾਇੰਸ ਅਰਗੀਆਂ ਕੰਪਨੀਆਂ ਨੂੰ ਪੰਜਾਬ 'ਚ ਨਿਵੇਸ਼ ਕਰਨ ਖਾਤਰ ਹੋਕਰੇ ਮਾਰਦਾ ਫਿਰਦਾ। ਤੇ ਅਗਲੇ ਆਵਦੀਆਂ ਫੈਕਟਰੀਆਂ, ਕੰਪਨੀਆਂ ਤਾਂਹੀ ਲਾਉਣਗੇ ਜੇ ਜ਼ਮੀਨ ਮਿਲੂ। ਤਾਂ ਸ਼ਪੱਸ਼ਟ ਆ ਜ਼ਮੀਨ ਛੋਟੇ ਕਿਸਾਨਾਂ ਤੋਂ ਖੋਹ ਕੇ ਵੱਡੇ ਫਾਰਮ ਬਣਨਗੇ। ਪੰਜਾਬ ਦੇ ਤਕਰੀਬਨ 12834 ਪਿੰਡ ਨੇ , ਤੇ ਲੋਕ ਹੱਕਾਂ ਖਾਤਰ ਅੱਡੋ-ਪਾਟੀ ਹੋਈਆਂ ਸਤਾਰਾਂ ਜਥੇਬੰਦੀਆਂ ਸੰਘਰਸ਼ ਕਰਦੀਆਂ ਨੇ। ਪੰਜਾਬ ਦੇ 12834 ਪਿੰਡਾਂ 'ਚੋਂ  ਮਸੀਂ 4000 ਕਿਰਸਾਨ ਏਹਨਾਂ ਜਥੇਬੰਦੀਆਂ ਨਾਲ ਜੁੜੇ ਨੇ। ਜੇਹਨਾਂ ਕਰਕੇ ਜਮੀਨਾਂ ਕੁਰਕ ਹੋਣੋਂ ਬਚਦੀਆਂ ਤੇ ਮਾੜੇ ਮੋਟੇ ਹੱਕ ਮਿਲਦੇ ਨੇ। ਮੰਡੀਆਂ 'ਚੋਂ ਜਿਣਸ ਚੱਕੀ ਜਾਂਦੇ ਆ ਤੇ ਬੋਨਸ ਬਾਨਸ ਮਿਲ ਜਾਂਦਾ । ਸਰਕਾਰੀ ਰਿਪੋਰਟ ਮੁਤਾਬਕ ਪੰਜਾਬ ਦੇ 4800 ਕਿਰਸਾਨ ਖੁਦਕੁਸ਼ੀ ਕਰਗੇ ਨੇ। ਤੇ ਜੇ ਏਹੀ 4800 ਕਿਰਸਾਨ ਸਿੱਧਾ ਮਰਨ ਨਾਲੋ ਸਰਕਾਰ ਖਿਲਾਫ ਜੂਝਕੇ ਮਰਨ ਦਾ ਰਾਹ ਸੋਚਦੇ ਤਾਂ ਸਿਆਸੀ ਮੂੰਹ ਮੁਹਾਂਦਰਾ ਹੋਰ ਹੋਣਾ ਸੀ । ਮੜ੍ਹੀਆਂ ਨੂੰ ਮੱਥਾ ਟੇਕਕੇ, ਜੰਡਾਂ ਨੂੰ ਖੰਭਣੀਆਂ ਬੰਨ੍ਹਣ ਆਲ਼ੇ, ਬੱਕਰੇ ਨੂੰ ਘੋੜਾ ਕਹਿਕੇ ਮਨੌਤਾਂ ਮੰਨਣ ਆਲੇ ਲੋਕਾਂ ਨੂੰ ਸੱਚ ਖੌਣੀ ਕਦੋਂ ਪਤਾ ਲੱਗਣਾ।  । ਸਰਬੰਸਦਾਨੀ ਠੰਢ ਵਰਤਾਂਈ ।।।

                                                                                                         ਅੰਮ੍ਰਿਤ ਪਾਲ ਸਿੰਘ
                                                                                                         ਪਿੰਡ ਤੇ ਡਾਕ - ਘੁੱਦਾ
                                                                                                         ਜਿਲ੍ਹਾ ਵਾ ਤਹਿ - ਬਠਿੰਡਾ