Sunday 10 November 2013

ਉਹ ਦਿਨ ਚੇਤੇ ਆਉਂਦੇ ਨੇ ਨਹੀਂ

ਪਹਿਲੀ ਕਿਲਕਾਰੀ ਮਾਰੀ ਗੁੜ੍ਹਤੀ ਦਿੱਤੀ ਦਾਈ ਨੇ
ਛਾਤੀ ਸੁੱਚੀ ਕਰਕੇ ਦੁੱਧ ਚੁੰਘਾਇਆ ਮਾਈ ਨੇ
ਛੈਣੇ ਬਾਜੇ ਪਰੋਕੇ ਨਿੰਮ ਬੰਨ੍ਹਿਆ ਲਾਗੀ ਨੇ
'ਲੱਖ ਖੁਸ਼ੀਆਂ' ਦਾ ਸੋਹਲਾ ਗਾਇਆ ਰਾਗੀ ਨੇ
ਨਵ- ਜੰਮੇ ਦੇ ਤੇੜ ਤੜਾਗੀ ਪਾਉਂਦੇ ਨੇ ਕਿ ਨਹੀਂ
ਦੱਸੀਂ ਬਾਬਾ ਉਹ ਦਿਨ ਚੇਤੇ ਆਉਂਦੇ ਨੇ ਕਿ ਨਹੀਂ

ਰੂੜ੍ਹੀਆਂ ਨਾਲ ਮੀਂਹ ਦਾ ਪਾਣੀ ਕਾਲਾ ਹੋ ਜਾਂਦਾ
ਰੁੱਗ ਤੂੜੀ ਦਾ ਅੜਜੇ ਬੰਦ ਪਨਾਲਾ ਹੋ ਜਾਂਦਾ
ਸਿਰ ਭਿੱਜਣੇ ਤੋਂ ਤਾਣੇ ਖਾਲੀ ਗੱਟੇ ਰੇਹਾਂ ਦੇ
ਘੜੇਆਂ ਤੇ ਵੱਢ ਰੱਖੇ ਲੀਟਰ ਸਰਪੇਹਾਂ ਦੇ
ਭਿੱਜੀ ਬੋਰੀ ਤੌੜੇ ਤੇ ਹੁਣ ਪਾਉਂਦੇ ਨੇ ਕਿ ਨਹੀਂ
ਦੱਸੀਂ ਬਾਬਾ ਉਹ ਦਿਨ ਚੇਤੇ ਆਉਂਦੇ ਨੇ ਕਿ ਨਹੀਂ

ਜੇ ਖੋਲਾ ਕੰਡਮ ਹੋਜੇ ਤਾਂ ਫਿਰ ਚਾਰਦੇ ਹਿੰਗਾਂ ਨੂੰ
ਤੇਲ ਤਲੀ ਤੇ ਮਲਕੇ ਦੇਂਦੇ ਚੋਪੜ ਸਿੰਗਾਂ ਨੂੰ
ਬਗਲਾਂ ਭਰਕੇ ਚੁੱਕਣਾ ਕੰਡ ਲਾਉਣੀ ਭਲਵਾਨਾਂ ਦੀ
ਖੁੱਚ ਕੋਲੋਂ ਉੱਭਰੀ ਪਿੰਨੀ ਵੇਖ ਜਵਾਨਾਂ ਦੀ
ਚੰਦਾ ਕੱਠਾ ਕਰਕੇ ਮੇਲੇ ਲਾਉਂਦੇ ਨੇ ਕਿ ਨਹੀਂ
ਦੱਸੀਂ ਬਾਬਾ ਉਹ ਦਿਨ ਚੇਤੇ ਆਉਂਦੇ ਨੇ ਨਹੀਂ

ਮੱਲ ਮੋਟਾ ਕਸੀਆਂ ਦੌਣਾਂ ਮੰਜਾ ਉਣਿਆ ਡੱਬੀ ਦਾ
ਹੁਨਰ ਅਜੇਹਾ ਨਾ ਹੁਣ ਕਿਤਿਓਂ ਲੱਭੀ ਦਾ
ਥੋਮ ਗੰਢੇ ਦਾ ਤੜਕਾ ਸਾਗ ਵਾਹਣ ਬਰਾਨੀ ਦਾ
ਰੂਪ ਬਸੰਤ ਦੀ ਘਾਹਣੀ ਚੇਤਾ ਕਰਲੇ ਨਾਨੀ ਦਾ
ਕਨੇਡਾ ਬੈਠੇ ਪੁੱਤ ਪੋਤੇ ਚਿੱਠੀ ਪਾਉਂਦੇ ਨੇ ਕਿ ਨਹੀਂ
ਦੱਸੀਂ ਬਾਬਾ ਉਹ ਦਿਨ ਚੇਤੇ ਆਉਂਦੇ ਨੇ ਕਿ ਨਹੀਂ.......ਘੁੱਦਾ

No comments:

Post a Comment