Sunday 19 July 2015

ਫਰੀਦਕੋਟ ਆਾਲੀ ਬੇਬੇ

ਖਿੱਚ ਧੂਹ ਨਾਲ 2007 'ਚ ਦਸਮੀਂ ਕਰਕੇ ਅਸੀਂ ਫਰੀਦਕੋਟ ਬੱਗਗੇ ਪੜ੍ਹਨ। ਓਥੇ ਕਮਰਾ ਲਿਆ ਸੀ ਕਿਰਾਏ ਤੇ। ਕਿਰਾਇਆ ਮੈਂ ਤੇ ਬੁਰਜ ਆਲਾ ਬਲਵਿੰਦਰ ਦੇਦੇਂ ਸੀ ਪਰ ਊਂ ਸੱਤ ਅੱਠ ਜਣੇ ਜੁੜੇ ਰਹਿੰਦੇ ਕਮਰੇ 'ਚ। ਬਜ਼ੁਰਗ ਬੇਬੇ ਬਾਪੂ ਦਾ ਮਕਾਨ ਸੀ। ਬੇਬੇ ਦਾ ਪੁੱਤ ਕਨੇਡਾ ਰਹਿੰਦਾ ਸੀ। ਸਾਡੇ ਕਮਰੇ 'ਚ ਸਾਹਮਣੀ ਕੰਧ ਤੇ ਵਲੈਤ ਗਏ ਪੁੱਤ ਦੀਆਂ ਫੋਟਮਾਂ ਲੱਗੀਆਂ ਹੁੰਦੀਆਂ ਜੀਹਦੇ 'ਚ ਓਹ ਹੱਥ ਨਾ ਸੇਹਰਾ ਚੱਕੀ ਪੋਜ਼ ਦੇ ਰਿਹਾ ਹੁੰਦਾ। ਨਾਲ ਬੇਬੇ ਦੀ ਨੂੰਹ ਤੇ ਜਵਾਕਾਂ ਦੀਆਂ ਫੋਟੋਆਂ। 
ਤੜਕੇ ਬੇਬੇ ਚਾਹ ਦੇ ਗਲਾਸ ਨਾਭਕੇ ਸਾਡੇ ਕੋਲ ਆ ਬਹਿੰਦੀ ਤੇ ਪੁੱਤ ਦੀਆਂ ਗੱਲਾੰ ਕਰਦੀ।"ਹੁਣ ਤਾਂ ਮੇਰਾ ਪੋਤਾ ਸੁੱਖ ਨਾ ਥੋਡੇ ਅੰਗੂ ਗੱਭਰੂ ਆ"। ਅਹੀਂ ਪੁੱਛਦੇ ਬੇਬੇ ਬਾਹਰਲੇ ਕਦੋੰ ਆਉਣਗੇ ?
ਵਾਲ ਸਵਾਰਕੇ ਨਾਲੇ ਤਾਂ ਬੇਬੇ ਨੇ ਜੂੜਾ ਵਲੀ ਜਾਣਾ ਨਾਲੇ ਆਖਣਾ," ਆਂਹਦਾ ਸੀ ਥੋਡਾ ਬਾਈ, ਸ਼ੈਂਤ ਐਂਤਕੀ ਪੋਹ
ਪੂਹ 'ਚ ਆਓਣਗੇ"। ਹਰੇੇਕ ਸਾਲ ਬੇਬੇ ਆਸ ਰੱਖਦੀ ਪਰ ਬਾਹਰਲੇ ਨਾ ਮੁੜੇ। ਹਰੇਕ ਵਾਰੀ ਬੇਬੇ ਪੁੱਤ ਦੀ ਮਜ਼ਬੂਰੀ ਨੂੰ ਖਿੜੇ ਮੱਥੇ ਪ੍ਰਵਾਨ ਕਰਦੀ,"ਆਓਣਾ ਤਾਂ ਸੀਗਾ ਪੁੱਤ ਤੇਰੇ ਬਾਈ ਨੇ ਪਰ ਜਵਾਕਾਂ ਦੀ ਭੜਾਈ ਕਰਕੇ ਰਹਿਪੇ"।
ਪਿਛਲੇ ਸਾਲ ਮੈਂ ਫਰੀਦਕੋਟ ਵਿੱਚੋਂ ਨੰਘਦਾ ਬੇਬੇ ਕੋਲ ਜਾਵੜਿਆ। ਗੱਲਾਂਂ ਕਰਦਿਆਂ ਚਾਹ ਪੀਦਿਆੰ ਸੋਬਤ ਪੁੱਛਿਆ ਮਖਾ," ਬੇਬੇ ਬਾਹਰਲੇ ਨਹੀਂ ਆਏ?"
ਬਿਨ੍ਹਾਂ ਕਿਸੇ ਰੋਸੇ ਦੇ ਬੇਬੇ ਨੇ ਫੇਰ ਜਵਾਬ ਦਿੱਤਾ," ਕੰਮ ਬਾਹਲੇ ਆ ਪੁੱਤ ਤੇਰੇ ਬਾਈ ਨੂੰ, ਕਹਿੰਦਾ ਸੀ ਪੋਹ ਪੂਹ 'ਚ ਆਮਾਂਗੇ"। 
ਸਹੁਰੇ ਢਿੱਡਾਂ ਨੇ ਪੈਰ ਪੈਰ ਤੇ ਸਰਸਾ ਬਣਾਤੀ। ਮਾਵਾਂ ਪੁੱਤਾਂ ਨੂੰ ਤਰਸੀ ਜਾਂਦੀਆਂ ਤੇ ਪੁੱਤ ਮਾਵਾਂ ਖੁਣੋਂ ਓਦਰੇ ਪਏ ਨੇ। ਸੱਚਿਆ ਪਾ'ਸ਼ਾ ਚੜ੍ਹਦੀਆਂ ਕਲਾਂ 'ਚ ਰੱਖੇ ਸਾਰਿਆਂ ਨੂੰ......ਘੁੱਦਾ

ਜਿਓਣਾ ਝੂਠ

ਸ਼ੁਰੂ ਤੋਂ ਵੱਡਿਆੰ ਮੂੰਹੋੰ ਸੁਣਦੇ ਆਓਣੇਂ ਆ ਅਖੇ ,'ਮਰਨਾ ਸੱਚ ਤੇ ਜਿਓਣਾ ਝੂਠ'। ਕੋਈ ਪਤਾ ਨਹੀੰ ਲੱਗਦਾ ਕਦੋੰ ਤੁਰਿਆ ਫਿਰਦਾ ਚੰਗਾ ਭਲਾ ਬੰਦਾ ਖ਼ਿਰਲ ਹੋ ਜਾਂਦਾ। ਜਦੋਂ ਕਿਸੇ ਮੁਰਦੇ ਨੂੰ ਸਿੜ੍ਹੀ ਤੋਂ ਲਾਹਕੇ ਲੱਕੜਾੰ ਤੇ ਪਾਉਦੇੰ ਵੇਖੀਦਾ ਤਾਂ ਕਰਨੈਲ ਸਿੰਘ ਪਾਰਸ ਹੋਣਾੰ ਦੀ ਲਿਖੀ ਗੱਲ ਚੇਤੇ ਆਉਦੀਂ ਆ ,"ਵਿੱਚ ਗਦੈਲੇ ਦੇ ਰਹੀ ਚੁਭਦੀ ਰੜਕ ਵੜੇਵੇਂ ਦੀ, ਸੇਜਾੰ ਤੈਨੂੰ ਗੋਹੇ ਲੱਕੜਾੰ ਦੀ ਵਿਛਾਉਣੀ।"
ਜਦੋਂ ਚਾਰ ਕੁ ਕਾਨਿਆੰ ਨੂੰ ਅੱਗ ਲਾਕੇ ਪੁੱਤ ਜਾਂ ਭਰਾ ਦੇ ਹੱਥ ਫੜ੍ਹਾਕੇ ਆਖਿਆ ਜਾਦਾਂ,"ਸ਼ੇਰਾ ਹੌਂਸਲੇ ਨਾਲ ਚਿਖਾ ਉੱਤੋਂ ਦੀ ਗੇੜਾ ਦੇਦੇ ਤਕੜਾ ਹੋਕੇ"ਤਾੰ ਓਦੋਂ ਓਹਦਾ ਦਿਲ ਪੁੱਛਿਆੰ ਈ ਜਾਣੀਂਦਾ। ਰੋਦੇਂ ਜੀਅ ਨੂੰ ਕੋਈ ਵੱਡਾ ਬੰਦਾ ਕਲਾਵੇ 'ਚ ਲੈਕੇ ਧੀਰ ਬੰਨ੍ਹਾਓਂਦਾ," ਓਹਤਾ ਵੈਰੀ ਜਰਮਿਆ ਸੀ ਪੁੱਤ ਆਪਣਾ, ਥੋੜ੍ਹੀ ਲਿਖਾਕੇ ਆਇਆ ਸੀ"।
ਕੋਲ ਪੈਰਾੰ ਭਾਰ ਬੈਠਾ, ਦੰਦਾੰ 'ਚ ਡੱਕਾ ਮਾਰਦਾ ਕੋਈ ਬੰਦਾ ਗੱਲ ਨੂੰ ਅੱਗੇ ਤੋਰਦਾ,"ਹੈੰ ਜਾਗਰਾ ਆਂਹਦੇ ਆ ਬੀ ਲੇਖ ਵਿਓਮਾਤਾ ਲਿਖਦੀ ਆ, ਫਲਾਣੇ ਦੇ ਫੁੱਲ ਚੁਗਦੇ ਸੀ ਤੇ ਖੋਪੜੀ ਤੇ ਓਮੇਂ ਜਿਮੇੰ ਅੱਖਰ ਲਿਖੇ ਬਏ ਸੀ। ਆਪਾਂ ਨੂੰ ਤਾਂ ਖੈਰ ਪੜ੍ਹਨੇ ਨੀਂ ਆਉਂਦੇ।"
ਕਿਤੇ ਵੀਹ ਸਾਲ ਪਹਿਲਾਂ ਹੋਏ ਵਿਆਹ ਦੀ ਮੂਵੀ ਦੇਖਕੇ ਪਤਾ ਲੱਗਦਾ ਬੀ ਅੱਧਿਓਂ ਜ਼ਿਆਦਾ ਜੀਅ ਹਵਾ ਹੋ ਗਏ ਨੇ। ਹੱਸ ਖੇਡਕੇ ਸਮਾੰ ਟਪਾਓ ਜਿੰਨਾ ਟਪਦਾ ,ਏਹਨਾਂ ਲੜਾਈਆਂ 'ਚ ਕੀ ਪਿਆ । ਖੌਣੀ ਕਿਹੜੇ ਵੇਲੇ ਬੰਦਾ 'ਹੈ' ਤੋੰ 'ਸੀ' ਹੋਜੇ.......ਘੁੱਦਾ

ਦੱਸਿਓ

ਸਰਸਾ ਤੋੰ ਖਿਦਰਾਣੇ ਤਾਂਈ 
ਕਿੰਨਾ ਬਣਦਾ ਪੰਧ ਦੱਸਿਓ
ਵਿੱਚ ਵਿਚਾਲੇ ਪੁੱਤ ਖੜ੍ਹੇ ਸੀ
ਕਿੰਨੀ ਉੱਚੀ ਕੰਧ ਦੱਸਿਓ
ਕਿਸ ਸੰਨ ਵਿੱਚ ਆਣ ਬੰਦੇ ਨੇ
ਖੜਕਾਈ ਸੀ ਸਰਹੰਦ ਦੱਸਿਓ
ਸ਼ਹਿਰ ਸੁਨਾਮ ਦਾ ਨਾਲ ਲੰਡਨ ਦੇ
ਕੀ ਬਣਿਆ ਸਨਬੰਧ ਦੱਸਿਓ
ਨਨਕਾਣਾ ਕਦੋੰ ਅਜ਼ਾਦ ਹੋਇਆ ਸੀ
ਲਛਮਣ ਸਿੰਘ ਤੇ ਜੰਡ ਦੱਸਿਓ
ਕੀ ਹੰਕਾਰ ਕੀ ਮਾਅਫੀ ਹੁੰਦੀ
ਓਹੀ ਸੱਤਾ ਤੇ ਬਲਵੰਡ ਦੱਸਿਓ
ਤੱਤੀ ਤਵੀ ਦਾ ਸੇਕ ਕਿੰਨਾ ਸੀ
ਠੰਡੇ ਬੁਰਜ ਦੀ ਠੰਡ ਦੱਸਿਓ
ਕਦੋਂ ਆਰਤੀ ਗਾਈ ਬਾਬੇ ਨੇ
ਜਪੁਜੀ, ਜਾਪੁ, ਅਨੰਦ ਦੱਸਿਓ
ਕਾਹਤੋਂ ਸੂਰਮੇ ਲਹਾਈ ਖੋਪਰੀ
ਕਿਵੇਂ ਕਟੀਂਦੇ ਬੰਦ ਦੱਸਿਓ
ਕੀਹਨੇ ਨੀਲਾ ਤਾਰਾ ਚਾੜ੍ਹਿਆ
ਕਿਹੜੇ ਸੀ ਰਜ਼ਾਮੰਦ ਦੱਸਿਓ
ਘੁੱਦਿਆ ਕਾਹਤੋਂ ਕੌਮ ਸਾਡੀ ਤੇ
ਕਰੀਚਣ ਲੋਕੀਂ ਦੰਦ ਦੱਸਿਓ
ਕਿੰਨੇ ਪੁੱਤ ਕਮਾਦੋਂ ਲੱਭੇ
ਹਾਲੇ ਕਿੰਨੇ ਨਜ਼ਰਬੰਦ ਦੱਸਿਓ

Monday 6 July 2015

ਦਮੂੰਹਾਂ ਮੁਲਖ

ਫੇਸਬੁੱਕ ਤੇ ਸਭ ਤੋਂ ਵੱਧ ਸ਼ੋਸ਼ੇਬਾਜੀ ਹੁੰਦੀ ਆ। ਏਥੇ ਹਰਿੱਕ ਈ ਚੌਧਰੀ ਆ ਤੇ ਹਰਿੱਕ ਈ ਵਿਦਵਾਨ ਆ। ਤੂੰ ਮੈਂ ਸਾਰੇ ਈ। ਜਿੰਨੇ ਚੰਗੇ ਤੇ ਸਿਆਣੇ ਆਪਾਂ ਏਥੇ ਬਣਦੇ ਆਂ ਅਸਲ ਜ਼ਿੰਦਗੀ 'ਚ ਏਹਤੋਂ ਉਲਟ ਹੁੰਨੇਂ ਆਂ। 
ਏਥੇ ਮੁਲਖ ਗਜ਼ਲਾਂ ਗੀਤ ਲਿਖਦਾ ਬੀ ਬਹੁੜੀ ਓਏ ਦਾਜ ਲਾਹਨਤ ਆ, ਦਾਜ ਛੱਡੋ। ਪਰ ਅਸਲ 'ਚ ਜਿੱਦੇਂ ਆਵਦਾ ਵਿਆਹ ਹੁੰਦਾ ਓਦੇਂ ਫਿੱਗੋ ਤੇ ਫੁਲਕਾਰੀ ਤਾਣਕੇ ਫੁਲਕਾਰੀ ਦੀਆਂ ਚੁੰਡਾੰ ਤਾਕੀਆਂ 'ਚ 'ੜਾਈਆਂ ਬੀਆੰ ਹੁੰਦੀਆਂ। ਓਹ ਕਿਮੇਂ ਦਾਜ ਨੀਂ। 
ਏਥੇ ਮੁਲਖ ਕੇਰਾਂ ਈ ਗਰੀਬ ਪੱਖੀ ਬਣਿਆ ਰਹਿੰਦਾ ਪਰ ਵਿਆਹਾਂ 'ਚ ਲਾਹਣ ਪੀਕੇ ਡਾਸਰਾੰ ਉੱਤੋਂ ਦੇ ਨੋਟ ਤੜਾ ਤੜਾ ਸਿੱਟੀ ਜਾਣਗੇ ਪਰ ਆਥਣੇ ਰੋਟੀਆੰ ਆਲੀਆੰ ਬੀਬੀਆੰ ਨੂੰ ਪੈਸੇ ਦੇਣ ਵੇਲੇ ਮੁਲਖ ਤਿਰੜ ਫਿਰੜ ਕਰਦਾ। ਰਿਸ਼ਵਤਖੋਰੀਆੰ ਸਾਥੋੰ ਸ਼ੁਰੂ ਹੁੰਦੀਆੰ। ਜੇ ਕੋਈ ਸਰਕਾਰੀ ਕੰਮ ਪੈਸੇ ਦਿੱਤੇ ਬਿਨ੍ਹਾੰ ਹੋਜੇ ਤਾੰ ਪਾਸੇ ਹੋਕੇ ਆਪ ਈ ਪੁੱਛ ਲੈੰਦੇ ਆ," ਹੋਰ ਅਪਸਰੋ ਥੋਨੂੰ ਚਾਹ ਪਾਣੀ ਕਰਦੀਏ ਕੋਈ"। ਜਵਾਕ ਨੂੰ ਚੰਗੇ ਕਾਲਜ 'ਚ ਦਾਖਲਾ ਨਾ ਮਿਲੇ ਤਾਂ ਨਾਏ ਸ਼ਿਫਾਰਸ਼ ਲਵਾਈ ਜਾਂਦੀ ਆ ਨਾਏ ਵੱਧ ਚੜ੍ਹਕੇ ਵੱਢੀ ਦਿੱਤੀ ਜਾਂਦੀ ਆ। ਘਰੇ ਜ਼ਨਾਨੀ ਭਮਾਂ ਬਾਬੇ ਦੀ ਮਟੀ ਤੇ ਕਵੰਜਾ ਦਾ ਬਦਾਨਾ ਸੁੱਖੀ ਬੈਠੀ ਹੋਵੇ ਪਰ ਘਰਆਲਾ ਫੇਸਬੁੱਕ ਤੇ ਕਵਾਚਨ ਮਾਰਕ ਪਾਕੇ ਧਰਮਾੰ ਦੇ ਸਵਾਲ ਪੁੱਛੀ ਜਾਦਾਂ ਹੁੰਦਾ। 
ਏਥੇ ਹਰਿੱਕ ਈ ਸਮਾਜ ਸੁਧਾਰਕ ਤੇ ਲੋਕ ਸੇਵੀ ਬਣਦਾ ਪਰ ਊੰ ਅਸਲ 'ਚ ਮਹਿੰ ਨਵੇਂ ਦੁੱਧ ਕਰਾਕੇ ਝੋਟੇ ਨੂੰ ਸੇਰ ਦਾਣਾ ਵੀ ਨੀਂ ਚਾਰਦੇ ਸਗਮਾੰ ਫੌਹੜਾ ਮਾਰਕੇ ਘਰੋੰ ਕੱਢਕੇ ਬਾਰ ਦੀ ਸੱਬਲ ਲਾ ਦੇਂਦੇੰ ਆਂ।
ਏਥੇ ਕਾਨੂੰਨ ਨੂੰ ਮਾੜਾ ਕਿਹਾ ਜਾਦਾਂ ਪਰ ਆਪ ਟਰੈਫਿਕ ਲੈਟ ਜੰਪ ਕਰਨੋਂ ਨੀਂ ਹਟਦੇ ਨਾਲੇ ਦੋਹੇਂ ਪਾਸੇ ਦੇਖਕੇ ਘੱਪ ਦਿਨੇ ਫਾਟਕ ਹੇਠੋਂ ਮੋਟਰਸੈਕਲ ਕੱਢ ਦੇਣੇੰ ਆਂ। ਕਿਮੇੰ ਓਦੋਂ ਨੀਂ ਕਨੂੰਨ ਟੁੱਟਦੇ ਕਿ। ਦਮੂੰਹਾਂ ਮੁਲਖ....ਘੁੱਦਾ

ਨਿੱਗਰ ਤੇ ਨਿੱਘਰ

ਸਿਆਣਿਆਂ ਦੀ ਕਹੌਤ ਆ ਅਖੇ ਜਦੋਂ ਨਿੱਕੇ ਭਾਂਡੇ 'ਚ ਦਾਣੇ ਵੱਧ ਪੈ ਜਾਣ ਤਾਂ ਡੁੱਲ੍ਹਣ ਲੱਗ ਜਾਂਦੇ ਨੇ, ਸੰਭਦੇ
ਨਈਂ। ਠੀਕ ਏਹੀ ਗੱਲ ਸਾਡੇ ਮੁਲਖ ਤੇ ਲਾਗੂ ਹੁੰਦੀ ਆ। ਗਿਆਰਾਂ ਸੌ ਮਬੈਲ ਤੇ ਸੱਪ ਆਲੀਆਂ ਗੇਮਾਂ ਖੇਡਣ ਆਲੇ ਮੁਲਖ ਦੇ ਹੱਥਾਂ 'ਚ ਅੰਡਰਾਇਡ ਫੋਨ ਆ ਗੇ । ਪਰ ਲੱਛਣ ਹਜੇ ਵੀ ਓਹੀ ਨੇ। ਦਸ ਸਾਲ ਪੁਰਾਣੇ ਮੈਸਜ ਭੇਜੀ  ਜਾਣਗੇ। 
"ਅਖੇ ਯੇ ਮੈਸਜ ਫਲਾਣੀ ਮਾਤਾ ਸੇ ਚਲਾ ਹੈ, ਇਤਨੇ ਲੋਗੋਂ ਕੋ ਭੇਜੋਗੇ ਤੋ ਅਗਜ਼ਾਮ ਮੇਂ ਅੱਛਾ ਹੋਗਾ"। ਵਾਹਯਾਤ ਗੱਲਾਂ। ਕਿਤੇ ਸੜਕੀ ਹਾਦਸੇ 'ਚ ਕਿਸੇ ਦਾ ਸਾਰਾ ਟੱਬਰ  ਮਰਿਆ ਵਾ ਹੁੰਦਾ ਤੇ ਮੁਲਖ ਨੂੰ ਫੋਟੋਗਰਾਫੀ ਦਾ ਚਾਅ ਚੜ੍ਹ ਜਾਂਦਾ। ਨੁੱਚੜਦੇ ਖੂਨ ਦੀਆਂ ਸੱਜਰੀਆਂ ਫੋਟਵਾੰ ਖਿੱਚ ਖਿੱਚ ਸਿੱਟੀ ਜਾਣਗੇ।ਕਈ ਘਰੇ ਬੈਠੇ ਈ ਮੈਸਜ ਕਰੀ ਜਾਣਗੇ ਅਕੇ ਫਲਾਣੇ ਹਸਪਤਾਲ 'ਚ ਖੂਨ ਚਾਹੀਦਾ, ਭੱਜਲੋ। ਬੰਦਾ ਪੁੱਛੇ ਤੁਸੀੰ ਆਪ ਕਿਓੰ ਨੀਂ ਦੇਦੇੰ ਖੂਨ ਜਾਕੇ। ਨਾਏ ਰਾਹ ਜਾਂਦੇ ਬੰਦੇ ਨੂੰ ਵੀ ਜੇ ਆਖੀਏ ਕਿ ਖੂਨ ਚਾਹੀਦਾ ਤਾੰ ਓਹ ਵੀ ਜਵਾਬ ਨੀੰ ਦੇਦਾਂ। ਖੂਨ ਬਠਿੰਡੇ ਚਾਹੀਦਾ ਹੁੰਦਾ ਮੈਸਜ ਪਠਾਨਕੋਟ ਭੇਜੀ ਜਾਣਗੇ।
 ਜਾਂਂ ਹੋਰ ਰਬਾਜ ਚੱਲਿਆ ਵੱਟਸਐਪ ਤੇ। "ਯੇਹ ਲੜਕੀ ਕੀ ਫੋਟੋ ਤੀਨ ਗਰੂਪੋਂ ਮੇਂ ਭੇਜੋ, ਇਸਕੇ ਲੀੜੇ ਲਹਿ ਜਾਏਗੇਂ"।
ਧਿੱਗ ਜਿਓਣਾ ਏਹੇ ਜੇ ਲੋਕਾਂ ਦਾ। ਦੁਰ ਫਿਟੇਮੂੰਹ ਵੀ ਛੋਟਾ ਲਫ਼ਜ਼ ਆ ਏਹਨਾਂ ਲਈ। ਏਹੀ ਫਰਕ ਹੁੰਦਾ ਨਿੱਗਰ ਤੇ ਨਿੱਘਰ ਸੋਚਣੀ ਦਾ। ਐਨਾ ਉਜੱਡਪੁਣਾ ਵੀ ਕੀ ਆਖ। ਜੇ ਟਕਨੌਲਜੀ ਬਣਾਓਣੀ ਨਹੀਂ ਆਓਦੀ ਤਾਂ ਘੱਟੋ ਘੱਟ ਵਰਤਣੀ ਤਾਂ ਸਿੱਖੋ ਜਰ। ...ਘੁੱਦਾ