Monday 6 July 2015

ਦਮੂੰਹਾਂ ਮੁਲਖ

ਫੇਸਬੁੱਕ ਤੇ ਸਭ ਤੋਂ ਵੱਧ ਸ਼ੋਸ਼ੇਬਾਜੀ ਹੁੰਦੀ ਆ। ਏਥੇ ਹਰਿੱਕ ਈ ਚੌਧਰੀ ਆ ਤੇ ਹਰਿੱਕ ਈ ਵਿਦਵਾਨ ਆ। ਤੂੰ ਮੈਂ ਸਾਰੇ ਈ। ਜਿੰਨੇ ਚੰਗੇ ਤੇ ਸਿਆਣੇ ਆਪਾਂ ਏਥੇ ਬਣਦੇ ਆਂ ਅਸਲ ਜ਼ਿੰਦਗੀ 'ਚ ਏਹਤੋਂ ਉਲਟ ਹੁੰਨੇਂ ਆਂ। 
ਏਥੇ ਮੁਲਖ ਗਜ਼ਲਾਂ ਗੀਤ ਲਿਖਦਾ ਬੀ ਬਹੁੜੀ ਓਏ ਦਾਜ ਲਾਹਨਤ ਆ, ਦਾਜ ਛੱਡੋ। ਪਰ ਅਸਲ 'ਚ ਜਿੱਦੇਂ ਆਵਦਾ ਵਿਆਹ ਹੁੰਦਾ ਓਦੇਂ ਫਿੱਗੋ ਤੇ ਫੁਲਕਾਰੀ ਤਾਣਕੇ ਫੁਲਕਾਰੀ ਦੀਆਂ ਚੁੰਡਾੰ ਤਾਕੀਆਂ 'ਚ 'ੜਾਈਆਂ ਬੀਆੰ ਹੁੰਦੀਆਂ। ਓਹ ਕਿਮੇਂ ਦਾਜ ਨੀਂ। 
ਏਥੇ ਮੁਲਖ ਕੇਰਾਂ ਈ ਗਰੀਬ ਪੱਖੀ ਬਣਿਆ ਰਹਿੰਦਾ ਪਰ ਵਿਆਹਾਂ 'ਚ ਲਾਹਣ ਪੀਕੇ ਡਾਸਰਾੰ ਉੱਤੋਂ ਦੇ ਨੋਟ ਤੜਾ ਤੜਾ ਸਿੱਟੀ ਜਾਣਗੇ ਪਰ ਆਥਣੇ ਰੋਟੀਆੰ ਆਲੀਆੰ ਬੀਬੀਆੰ ਨੂੰ ਪੈਸੇ ਦੇਣ ਵੇਲੇ ਮੁਲਖ ਤਿਰੜ ਫਿਰੜ ਕਰਦਾ। ਰਿਸ਼ਵਤਖੋਰੀਆੰ ਸਾਥੋੰ ਸ਼ੁਰੂ ਹੁੰਦੀਆੰ। ਜੇ ਕੋਈ ਸਰਕਾਰੀ ਕੰਮ ਪੈਸੇ ਦਿੱਤੇ ਬਿਨ੍ਹਾੰ ਹੋਜੇ ਤਾੰ ਪਾਸੇ ਹੋਕੇ ਆਪ ਈ ਪੁੱਛ ਲੈੰਦੇ ਆ," ਹੋਰ ਅਪਸਰੋ ਥੋਨੂੰ ਚਾਹ ਪਾਣੀ ਕਰਦੀਏ ਕੋਈ"। ਜਵਾਕ ਨੂੰ ਚੰਗੇ ਕਾਲਜ 'ਚ ਦਾਖਲਾ ਨਾ ਮਿਲੇ ਤਾਂ ਨਾਏ ਸ਼ਿਫਾਰਸ਼ ਲਵਾਈ ਜਾਂਦੀ ਆ ਨਾਏ ਵੱਧ ਚੜ੍ਹਕੇ ਵੱਢੀ ਦਿੱਤੀ ਜਾਂਦੀ ਆ। ਘਰੇ ਜ਼ਨਾਨੀ ਭਮਾਂ ਬਾਬੇ ਦੀ ਮਟੀ ਤੇ ਕਵੰਜਾ ਦਾ ਬਦਾਨਾ ਸੁੱਖੀ ਬੈਠੀ ਹੋਵੇ ਪਰ ਘਰਆਲਾ ਫੇਸਬੁੱਕ ਤੇ ਕਵਾਚਨ ਮਾਰਕ ਪਾਕੇ ਧਰਮਾੰ ਦੇ ਸਵਾਲ ਪੁੱਛੀ ਜਾਦਾਂ ਹੁੰਦਾ। 
ਏਥੇ ਹਰਿੱਕ ਈ ਸਮਾਜ ਸੁਧਾਰਕ ਤੇ ਲੋਕ ਸੇਵੀ ਬਣਦਾ ਪਰ ਊੰ ਅਸਲ 'ਚ ਮਹਿੰ ਨਵੇਂ ਦੁੱਧ ਕਰਾਕੇ ਝੋਟੇ ਨੂੰ ਸੇਰ ਦਾਣਾ ਵੀ ਨੀਂ ਚਾਰਦੇ ਸਗਮਾੰ ਫੌਹੜਾ ਮਾਰਕੇ ਘਰੋੰ ਕੱਢਕੇ ਬਾਰ ਦੀ ਸੱਬਲ ਲਾ ਦੇਂਦੇੰ ਆਂ।
ਏਥੇ ਕਾਨੂੰਨ ਨੂੰ ਮਾੜਾ ਕਿਹਾ ਜਾਦਾਂ ਪਰ ਆਪ ਟਰੈਫਿਕ ਲੈਟ ਜੰਪ ਕਰਨੋਂ ਨੀਂ ਹਟਦੇ ਨਾਲੇ ਦੋਹੇਂ ਪਾਸੇ ਦੇਖਕੇ ਘੱਪ ਦਿਨੇ ਫਾਟਕ ਹੇਠੋਂ ਮੋਟਰਸੈਕਲ ਕੱਢ ਦੇਣੇੰ ਆਂ। ਕਿਮੇੰ ਓਦੋਂ ਨੀਂ ਕਨੂੰਨ ਟੁੱਟਦੇ ਕਿ। ਦਮੂੰਹਾਂ ਮੁਲਖ....ਘੁੱਦਾ

No comments:

Post a Comment