Sunday 19 July 2015

ਜਿਓਣਾ ਝੂਠ

ਸ਼ੁਰੂ ਤੋਂ ਵੱਡਿਆੰ ਮੂੰਹੋੰ ਸੁਣਦੇ ਆਓਣੇਂ ਆ ਅਖੇ ,'ਮਰਨਾ ਸੱਚ ਤੇ ਜਿਓਣਾ ਝੂਠ'। ਕੋਈ ਪਤਾ ਨਹੀੰ ਲੱਗਦਾ ਕਦੋੰ ਤੁਰਿਆ ਫਿਰਦਾ ਚੰਗਾ ਭਲਾ ਬੰਦਾ ਖ਼ਿਰਲ ਹੋ ਜਾਂਦਾ। ਜਦੋਂ ਕਿਸੇ ਮੁਰਦੇ ਨੂੰ ਸਿੜ੍ਹੀ ਤੋਂ ਲਾਹਕੇ ਲੱਕੜਾੰ ਤੇ ਪਾਉਦੇੰ ਵੇਖੀਦਾ ਤਾਂ ਕਰਨੈਲ ਸਿੰਘ ਪਾਰਸ ਹੋਣਾੰ ਦੀ ਲਿਖੀ ਗੱਲ ਚੇਤੇ ਆਉਦੀਂ ਆ ,"ਵਿੱਚ ਗਦੈਲੇ ਦੇ ਰਹੀ ਚੁਭਦੀ ਰੜਕ ਵੜੇਵੇਂ ਦੀ, ਸੇਜਾੰ ਤੈਨੂੰ ਗੋਹੇ ਲੱਕੜਾੰ ਦੀ ਵਿਛਾਉਣੀ।"
ਜਦੋਂ ਚਾਰ ਕੁ ਕਾਨਿਆੰ ਨੂੰ ਅੱਗ ਲਾਕੇ ਪੁੱਤ ਜਾਂ ਭਰਾ ਦੇ ਹੱਥ ਫੜ੍ਹਾਕੇ ਆਖਿਆ ਜਾਦਾਂ,"ਸ਼ੇਰਾ ਹੌਂਸਲੇ ਨਾਲ ਚਿਖਾ ਉੱਤੋਂ ਦੀ ਗੇੜਾ ਦੇਦੇ ਤਕੜਾ ਹੋਕੇ"ਤਾੰ ਓਦੋਂ ਓਹਦਾ ਦਿਲ ਪੁੱਛਿਆੰ ਈ ਜਾਣੀਂਦਾ। ਰੋਦੇਂ ਜੀਅ ਨੂੰ ਕੋਈ ਵੱਡਾ ਬੰਦਾ ਕਲਾਵੇ 'ਚ ਲੈਕੇ ਧੀਰ ਬੰਨ੍ਹਾਓਂਦਾ," ਓਹਤਾ ਵੈਰੀ ਜਰਮਿਆ ਸੀ ਪੁੱਤ ਆਪਣਾ, ਥੋੜ੍ਹੀ ਲਿਖਾਕੇ ਆਇਆ ਸੀ"।
ਕੋਲ ਪੈਰਾੰ ਭਾਰ ਬੈਠਾ, ਦੰਦਾੰ 'ਚ ਡੱਕਾ ਮਾਰਦਾ ਕੋਈ ਬੰਦਾ ਗੱਲ ਨੂੰ ਅੱਗੇ ਤੋਰਦਾ,"ਹੈੰ ਜਾਗਰਾ ਆਂਹਦੇ ਆ ਬੀ ਲੇਖ ਵਿਓਮਾਤਾ ਲਿਖਦੀ ਆ, ਫਲਾਣੇ ਦੇ ਫੁੱਲ ਚੁਗਦੇ ਸੀ ਤੇ ਖੋਪੜੀ ਤੇ ਓਮੇਂ ਜਿਮੇੰ ਅੱਖਰ ਲਿਖੇ ਬਏ ਸੀ। ਆਪਾਂ ਨੂੰ ਤਾਂ ਖੈਰ ਪੜ੍ਹਨੇ ਨੀਂ ਆਉਂਦੇ।"
ਕਿਤੇ ਵੀਹ ਸਾਲ ਪਹਿਲਾਂ ਹੋਏ ਵਿਆਹ ਦੀ ਮੂਵੀ ਦੇਖਕੇ ਪਤਾ ਲੱਗਦਾ ਬੀ ਅੱਧਿਓਂ ਜ਼ਿਆਦਾ ਜੀਅ ਹਵਾ ਹੋ ਗਏ ਨੇ। ਹੱਸ ਖੇਡਕੇ ਸਮਾੰ ਟਪਾਓ ਜਿੰਨਾ ਟਪਦਾ ,ਏਹਨਾਂ ਲੜਾਈਆਂ 'ਚ ਕੀ ਪਿਆ । ਖੌਣੀ ਕਿਹੜੇ ਵੇਲੇ ਬੰਦਾ 'ਹੈ' ਤੋੰ 'ਸੀ' ਹੋਜੇ.......ਘੁੱਦਾ

No comments:

Post a Comment