Sunday 7 February 2021

ਪਰਤਿਆਈਆਂ ਗੱਲਾਂ

ਪਰਤਿਆਈਆਂ ਵਈਆਂ ਗੱਲਾਂ
1. ਤਰਨਤਾਰਨ ਮੱਥਾ ਟੇਕ ਕੇ ਪਰਕਰਮਾ ਕਰਨ ਵੇਲੇ ਪਿੰਡਾਂ ਆਲੇ ਨਾਲਦੇ ਨੂੰ ਹੁੱਜ ਮਾਰਕੇ ਆਹ ਸਵਾਲ ਜ਼ਰੂਰ ਪੁੱਛਦੇ ਆ,”ਹੈਂਅ ਫੇਰ ਜਾਗਰਾ, ਸਲੋਵਰ ਬਹੁਤ ਡਬਲ ਆ, ਕੈਅ ਕਿੱਲਿਆਂ ‘ਚ ਹੋਊ ਏਹੇ”।
2. ਕਿਸੇ ਵਪਾਰੀ ਕੋਲੋਂ ਮੱਝ ਗਾਂ ਖ੍ਰੀਦਣ ਬਗਜੋ। ਓਹ ਇਹੀ ਗੱਲ ਆਖੂ,” ਲੈਜੋ, ਸੀਲ ਠੰਡੀ ਬਹੁਤ ਆ ਕੁੜੀ ਤੋਂ ਆਈ ਆ”। ਤੇ ਜਦੋਂ ਵਪਾਰੀ ਨੇ ਪਸ਼ੂ ਖ੍ਰੀਦਣਾ ਹੋਵੇ ਓਦੋਂ ਆਖੂ,” ਕਰਲੋ ਗਜੈਸ਼ ਥੋੜ੍ਹੀ ਘਣੀ, ਕੁੜੀ ਕੋਲ ਈ ਭੇਜਣੀ ਆ ਦੁੱਧ ਪੀਣ ਨੂੰ। ਕੁੜੀ ਕੇ ਪਤਾ ਨਹੀਂ ਕਿਹੜਾ ਜਗਰਾਓਂ ਆਲਾ ਫਾਰਮ ਖੋਲ੍ਹੀ ਬੈਠੇ ਹੁੰਦੇ ਆ।
3. ਕੰਮ ਕਹਿੰਦਾ ਦੋ ਈ ਚੱਲਦੇ ਆ ਪੰਜਾਬ ‘ਚ। ਜਾਂ ਤਾਂ ਅਗਲਾ ਆਈਲੈਟਸ ਕਰੀ ਜਾਂਦਾ ਹੁੰਦਾ ਤੇ ਜਾਂ ਸੈਂਟਰ ਖੋਲ੍ਹਕੇ ਆਈਲੈਟਸ ਕਰਾਓਣ ਲੱਗ ਜਾਂਦਾ। ਮੋਸਟਲੀ ਸੈਂਟਰਾਂ ਆਲੇ ਆਵਦੀ ਫਾਈਲ ਵੀ ਲਾਈ ਬੈਠੇ ਹੁੰਦੇ ਨੇ।
4. ਬੰਦੇ ਨੂੰ ਸਾਰੀ ਉਮਰ ਰੱਜਮਾਂ ਬਿਸਕੁੱਟ ਭੁਜੀਆ ਨਹੀਂ ਮਿਲਦਾ। ਪਹਿਲਾਂ ਬੀਬੀ ਕਾਲੇ ਲਿਫਾਫੇ ‘ਚ ਲੁਕੋ ਕੇ ਰੱਖਦੀ ਆ ਅਖੇ ਇਹ ਤਾਂ ਆਏ ਗਏ ਆਸਤੇ ਆ। ਤੇ ਵਿਆਹ ਤੋਂ ਬਾਅਦ ਘਰਆਲੀ ਲਕੋਕੇ ਰੱਖਦੀ ਅਖੇ ਇਹ ਤਾਂ ਜਵਾਕਾਂ ਖਾਤਰ ਆ।
5. ਜਦੋਂ ਕਿਸੇ ਬੰਦੇ ਦੇ ਪੈਸੇ ਦੇਣੇ ਹੋਣ ਅਗਲਾ ਫੂਨ ਤੇ ਫੂਨ ਦੱਬੀ ਰੱਖਦਾ। ਤੇ ਜਦੋਂ ਪੈਸੇ ਦੇਣ ਬਗਜੋ ਫੇਰ ਆਖਦਾ,” ਓ ਲੈ ਪੈਸਿਆਂ ਨੂੰ ਕੀ ਸੀ ਫੇਰ ਆ ਜਾਂਦੇ, ਓ ਹੋ। ਐਂ ਤਾਂ ਭਮਾਂ ਏਹਵੀ ਲੈਜਾ, ਫੇਰ ਦੇਜੀਂ”।
6. ਜਦੋਂ ਕੋਈ ਘਰੇ ਆਇਆ ਬੈਠਾ ਹੋਵੇ। ਪਤਾ ਓਸ ਬੰਦੇ ਨੂੰ ਵੀ ਲੱਗ ਜਾਂਦਾ ਵੀ ਮੇਰੇ ਖਾਤਰ ਚਾਹ ਬਨਣ ਲੱਗ ਪੀ। ਓਦੋਂ ਨਹੀਂ ਰੋਕਦਾ। ਜਦੋਂ ਚਾਹ ਬਣਕੇ ਆ ਜਾਂਦੀ ਆ ਓਦੋਂ ਟ੍ਰੇ ‘ਚੋਂ ਕੱਪ ਚੱਕਣ ਲੱਗਾ ਏਨੀ ਕ ਗੱਲ ਜ਼ਰੂਰ ਕਹਿੰਦਾ ,” ਓ ਹੋ ਆਹ ਤਾਂ ਭਾਈ ਖੇਚਲਾ ਈ ਕੀਤੀ, ਮੈਂ ਤਾਂ ਹੁਣੇ ਪੀਕੇ ਈ ਤੁਰਿਆ ਸੀ ਘਰੋਂ।
7. ਇੱਕ ਨਵਾਂ ਸ਼ਬਦ ਪੰਜਾਬੀਆਂ ਦੇ ਧੱਕੇ ਚੜ੍ਹਿਆ ‘ਬੇਫਾਲਤੂ’। ਕਿਹੜਾ ਦੱਸੇ ਬੀ ਖਸਮੋਂ ਜਦੋਂ ਫਾਲਤੂ ਕਹਿਤਾ ‘ਬੇ’ ਲਾਓਣ  ਦੀ ਕੀ ਲੋੜ ਪੈਗੀ....ਘੁੱਦਾ

ਸਿੱਖ ਇਤਿਹਾਸ ਤੇ ਸਾਡੇ ਸ਼ੱਕੀ ਸੁਭਾਅ

ਅਸੀਂ ਸਿਆਣੇ ਬਹੁਤ ਬਨਣ ਲੱਗ ਗੇ। ਲੋੜੋਂ ਵੱਧ। ਏਨੇ ਸਿਆਣੇ ਕਿ ਹਰੇਕ ਗੱਲ ਤੇ ਸ਼ੱਕ ਕਰਦੇ ਆਂ। ਕਿੰਤੂ ਪ੍ਰੰਤੂ ਕਰਕੇ ਖ਼ੁਦ ਨੂੰ ਵੱਡਾ ਸਾਬਤ ਕਰਦੇ ਆਂ। ਹੋਰ ਤਾਂ ਹੋਰ ਅਸੀਂ ਹੁਣ ਸਿੱਖ ਇਤਿਹਾਸ ਤੇ ਸ਼ੱਕ ਕਰਨਾ ਸਿੱਖਗੇ। ਬਾਬਾ ਦੀਪ ਸਿੰਘ, ਚਰਖੜੀਆਂ, ਤੱਤੀਆਂ ਤਵੀਆਂ, ਆਰੇ, ਨੀਂਹਾਂ। ਸਾਰੇ ਕਿਤੇ ਸ਼ੱਕ। 
ਅਸਲ ‘ਚ ਆਪਾਂ ਆਪ ਬਹੁਤ ਕੱਚੇ ਹੋਣ ਕਰਕੇ ਓਹਨ੍ਹਾਂ ਮਰਜੀਵੜਿਆਂ ਨੂੰ ਛੁਟਿਆਓਣ ਲੱਗਪੇ। ਵਿਗਿਆਨ ਹੋਣੀਂ ਬਹੁਤ ਪਿੱਛੇ ਨੇ ਤੇ ਸ਼ਹੀਦੀ ਦਾ ਓਹ ਲੈਵਲ ਮੈਂ ਤੂੰ ਸਮਝ ਨਹੀਂ ਸਕੇ। ਹਰਪਾਲ ਸਿੰਘ ਪੰਨੂੰ ਹੋਣਾਂ ਦੀ ਕਿਤਾਬ ‘ਸਵੇਰ ਤੋਂ ਸ਼ਾਮ’ ‘ਚ ਸਿਰਦਾਰ ਕਪੂਰ ਸਿੰਘ ਦੀ ਆਖੀ ਗੱਲ ਪੜ੍ਹੋ।

ਸਰਦਾਰ ਨੇ ਭਾਸ਼ਣ ਦਿੱਤਾ। ਕਿਸੇ ਨੇ ਸਵਾਲ ਪੁੱਛਿਆ-“ਜੀ ਤੰਬੂ ‘ਚ ਲਿਜਾਕੇ ਗੁਰੂ ਜੀ ਨੇ ਪੰਜ ਪਿਆਰਿਆਂ ਦੇ ਸੀਸ ਸਚਮੁੱਚ ਕੱਟੇ ਸੀ?”
ਦੱਸਿਆ- ਗੁਰੂ ਕਲਗ਼ੀਧਰ ਪਿਤਾ ਨੇ ਸਾਡੇ ਤੋਂ ਜੀਵਨ ਭਰ ਕੁਝ ਨਾ ਲੁਕਾਇਆ ਨਾ ਛੁਪਾਇਆ। ਇਸ ਮੌਕੇ ਪਰਦਾ ਤਾਣ ਕੇ ਇੱਕ ਅਗੰਮੀ ਕਾਰਜ ਕੀਤਾ। ਖਾਲਸੇ ਨੂੰ ਜਨਮ ਦੇਣ ਵੇਲੇ ਓਨ੍ਹਾਂ ਤੁਹਾਡੇ ਤੋਂ ਪਰਦਾ ਕੀਤਾ ਸੀ। ਤੁਹਾਨੂੰ ਕੀ ਹੱਕ ਹੈ ਪਰਦਾ ਹਟਾਓ। ਖ਼ਬਰਦਾਰ ਕਿਸੇ ਨੇ ਅੰਦਾਜ਼ੇ ਲਾ ਲਾ ਉੱਤਰ ਦੇਣ ਦੀ ਮੂਰਖਤਾ ਕੀਤੀ। ਕਈ ਸਾਲ ਦਸ਼ਮੇਸ਼ ਪਿਤਾ ਅਤੇ ਪੰਜ ਪਿਆਰੇ ਸਾਡੇ ਵਿਚਕਾਰ ਰਹੇ। ਓਹਨ੍ਹਾਂ ਨੇ ਕਦੇ ਏਸ ਮਹਾਨ ਘਟਨਾ ਬਾਰੇ ਗੱਲ ਨਹੀਂ ਕੀਤੀ। ਕਿਸੇ ਨੂੰ ਇਸ ਬਾਰੇ ਟਿੱਪਣੀ ਕਰਨ ਦਾ ਪਾਪ ਨਹੀਂ ਕਰਨਾ ਚਾਹੀਦਾ।

ਚੱਕ ਫ਼ਤਿਹ ਸਿੰਘ ਵਾਲਾ

ਪੰਜ ਤੀਰ ਤੇ ਪੱਚੀ ਸਿੰਘ ਲੈਕੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਵਧਿਆ। ਜਿੱਥੋਂ ਜਿੱਥੋਂ ਦੇ ਬੰਦੇ ਸਿੱਖ ਪੰਥ ਨਾਲ ਜੁੜੇ ਸੀ ਗੁਰੂ ਸਾਹਬ ਨੇ ਓਹ ਅਡਰੈੱਸ ਸਿਰਨਾਵੇਂ ਬੰਦਾ ਸਿੰਘ ਨੂੰ ਦਿੱਤੇ ਸੀ। ਓਹਨ੍ਹਾਂ ਮੁਤਾਬਕ ਬੰਦਾ ਸਿੰਘ ਨੇ ਪੰਜਾਬ ‘ਚ ਸੰਗਤ ਨੂੰ ਹੁਕਮਨਾਮੇ ਘੱਲੇ। ਭੁੱਚੋ ਨੇੜਲੇ ਪਿੰਡ ਦੀ ਸੰਗਤ ਗੁਰੂ ਰਾਮਦਾਸ ਜੀ ਦੇ ਵੇਲੇ ਤੋਂ ਸਿੱਖ ਪੰਥ ਨਾਲ ਜੁੜੀ ਸੀ। 
ਏਸ ਨਗਰ ਦੇ ਸੂਰਮੇ ਫਤਹਿ ਸਿੰਘ ਨੇ ਬਾਬਾ ਬੰਦਾ ਸਿੰਘ ਨਾਲ ਰਲਕੇ ਚੰਗੀ ਤਲਵਾਰ ਵਾਹੀ। ਸਮਾਣੇ ਦੀ ਜਿੱਤ ਮਗਰੋਂ ਫਤਹਿ ਸਿੰਘ ਨੂੰ ਓਥੋਂ ਦਾ ਹਾਕਮ ਥਾਪਿਆ। 
ਵਜ਼ੀਰ ਖਾਨ ਨਾਲ ਚੱਪੜਚਿੜੀ ਦੇ ਥਾਂ ਤੇ ਪੰਜਾ ਲੜਾਇਆ। ਘੋੜੇ ਦੀਆਂ ਰਕਾਬਾਂ ਤੇ ਖੜੋ ਕੇ ਫਤਹਿ ਸਿੰਘ ਨੇ ਤਲਵਾਰ ਦਾ ਭਰਵਾਂ ਵਾਰ ਕੀਤਾ, ਵਜ਼ੀਰ ਖਾਨ ਦੇ ਸੱਜੇ ਮੋਢੇ ਤੇ ਵਾਰ ਕਰਕੇ ਤਲਵਾਰ ਖੱਬੀ ਵੱਖੀ ਕੋਲੋਂ ਨਿੱਕਲੀ ਤੇ ਵਜ਼ੀਰੇ ਦੇ ਦੋ ਟੋਟੇ ਕੀਤੇ। ਪਿੱਛੇ ਜੇ ਕਿਸੇ ਕਾਲੀ ਲੀਡਰ ਨੇ ਚਵਲ ਮਾਰੀ ਸੀ ਕਿ ਬਾਦਲ ਦੇ ਵੱਡੇ ਵਡੇਰੇ ਨੇ ਵਜ਼ੀਰ ਖਾਨ ਦਾ ਕਤਲ ਕੀਤਾ ਸੀ। ਅਸਲ ‘ਚ ਸੁਰਿੰਦਰ ਕੌਰ ਬਾਦਲ ਦੇ ਵੱਡੇ ਵਡੇਰੇ ਫਤਹਿ ਸਿੰਘ ਸਨ। 
ਖੈਰ। ਜਦੋਂ ਗੁਰੂ ਸਾਹਬ ਤਲਵੰਡੀ ਸਾਬੋ ਸਨ, ਓਦੋਂ ਫਤਹਿ ਸਿੰਘ ਦੀ ਬੇਨਤੀ ਤੇ ਗੁਰੂ ਸਾਹਬ ਜੇਠ ਮਹੀਨੇ ਸੱਤ ਦਿਨ ਏਸ ਪਿੰਡ ਆਏ ਸੀ। ਭਾਗੂ, ਬਠਿੰਡਾ ਕਿਲ੍ਹਾ ਹੋਕੇ ਤਲਵੰਡੀ ਮੁੜੇ ਸੀ।
ਚੂਨੇ, ਇੱਟਾਂ ਦਾ ਬਣਿਆ ਗੁਰੂ ਘਰ ਢਾਹਕੇ, ਇਤਿਹਾਸਿਕ ਬੇਰੀ ਪੱਟ ਦਿੱਲੀ ਕਾਰ ਸੇਵਾ ਵਾਲਿਆਂ ਨੇ ਏਥੇ ਨਵਾਂ ਗੁਰੂ ਘਰ ਬਣਾਇਆ। SGPC ਸਾਂਭਦੀ ਹੁਣ। 
ਗੁਰੂ ਸਾਹਬ ਦੇ ਕੱਪੜੇ, ਦਸਤਾਰ, ਫਤਹਿ ਸਿੰਘ ਦੀ ਤਲਵਾਰ ਤੇ ਹੋਰ ਅਣਮੁੱਲਾ ਸਮਾਨ ਪਿਆ ਏਥੇ। ਓਸ ਕਮਰੇ ਦੀ ਛੱਤ ਜਿਓਂ ਤਿਓਂ ਖੜ੍ਹੀ ਜਿੱਥੇ ਗੁਰੂ ਸਾਹਬ ਸੱਤ ਦਿਨ ਰਹਿੰਦੇ ਰਹੇ। ਕਰਿਓ  ਕਦੇ  ਦਰਸ਼ਨ ਪਿੰਡ 'ਚੱਕ ਫਤਹਿ ਸਿੰਘ ਵਾਲਾ'.....ਘੁੱਦਾ

ਕਿਸਾਨੀ ਮੋਰਚਾ ਬਨਾਮ ਅਕਾਲੀ ਦਲ

ਕੱਲ੍ਹ ਦੇ ਟ੍ਰਿਬਿਊਨ ਦੇ ਪਹਿਲੇ ਸਫ਼ੇ ਖ਼ਬਰ ਛਪੀ ਕਿ ਆਰਡੀਨੈਂਸ ਦੇ ਮਸਲੇ ਤੇ ਅਕਾਲੀ ਦਲ ਨੇ ਕੋਈ ਸਟੈਂਡ ਨਹੀਂ ਲਿਆ ਨਾਲ ਸੁਖਬੀਰ ਦਾ ਬਿਆਨ ਆਇਆ ਕਹਿੰਦਾ ,” ਮੈਂ ਕਿਸਾਨਾਂ ਲਈ ਕੁਰਬਾਨੀ ਦੇਣ ਲਈ ਤਿਆਰ ਹਾ”। 
ਚਲੋ ਇਤਿਹਾਸ ਦੇਖੀਏ ਇਨ੍ਹਾਂ ਦਾ। 
ਦਰਬਾਰ ਸਾਬ੍ਹ ਹਮਲਾ ਹੋਇਆ। ਅਕਾਲੀ ਵਰਕਰ ਬਾਦਲ ਪਿੰਡ ਪਹੁੰਚੇ। ਕੋਠੀਓਂ ਪਤਾ ਲੱਗਾ ਕਿ ਬਾਦਲ ਸਾਬ੍ਹ ਖੇਤ ਗਏ ਨੇ। ਜਥਾ ਖੇਤ ਪੁੱਜਾ। ਬਾਦਲ ਸਾਬ੍ਹ ਖ਼ਰਬੂਜ਼ੇ ਖਾ ਰਹੇ ਸੀ। ਪੁੱਛਣ ਲੱਗੇ- ਦੱਸੋ ਕਿਵੇਂ ਆਏ ਹੋ?
ਜਥੇ ਨੇ ਕਿਹਾ ਦਰਬਾਰ ਸਾਬ੍ਹ ਚੱਲੋ, ਫੌਜ ਬੜਾ ਨੁਕਸਾਨ ਕਰ ਸਕਦੀ ਓਥੇ। ਬਾਦਲ ਸਾਬ੍ਹ ਹੱਸ ਪਏ। ਕਿਹਾ- ਆਪਣੇ ਆਪਣੇ ਘਰਾਂ ਨੂੰ ਤੁਰ ਜਾਓ ਵਾਪਸ। ਅਜੇ ਓਥੇ ਬੜਾ ਕੁਛ ਹੋਣਾ।
ਜਿਨ੍ਹਾਂ ਕੁਰਬਾਨ ਹੋਣਾਂ ਹੁੰਦਾ ਓਹ ਇਜ਼ਾਜ਼ਤਾਂ ਨਹੀਂ ਲੈਂਦੇ, ਦੱਸਦੇ ਵੀ ਨਹੀਂ, ਓਹ ਤਾਂ ਸਿੱਖਾ ਹੋ ਜਾਂਦੇ ਨੇ ,ਤੇ ਹੋ ਵੀ ਗਏ।

ਕੇਸਰੀ ਨਿਸ਼ਾਨ ਦੀ ਤਾਬਿਆ ਹੇਠ

ਨਰਮੇ ਦਾ ਸਰਕਾਰੀ ਰੇਟ 5500 ਬੱਝਿਆ ਸੀ। ਮਲਵਈ ਜਾਣਦੇ ਨੇ ਕਿ ਹੁਣ ਨਰਮਾ ਕਦੇ ਵੀ ਏਸ ਭਾਅ ਹੁਣ ਨਹੀਂ ਵਿਕਿਆ। ਇਹ ਵਪਾਰੀ ਦੇ ਰਹਿਮੋ ਕਰਮ ਤੇ ਵਿਕਦਾ। 
ਜਦੋਂ ਮੰਡੀ ‘ਚ ਨਰਮੇ ਦੀ ਬੋਲੀ ਲੱਗਦੀ ਆ ਤਾਂ ਨਰਮਾ ਪਾਲਣ ਵਾਲ ਜਿੰਮੀਦਾਰ ਕੱਛਾਂ ‘ਚ ਹੱਥ ਦੇਕੇ ਵਿਚਾਰਾ ਬਣਿਆ ਸੈੜ ਤੇ ਖੜ੍ਹਾ ਹੁੰਦਾ। ਸਕੈੱਚਰ ਦੇ ਬੂਟਾਂ ਆਲੇ ਪੰਜ ਸੱਤ ਸੇਠ ਮੁਨੀਮਾਂ ਨਾਲ ਆਓਂਦੇ ਨੇ। ਜਾੜ੍ਹ ਹੇਠ ਨਰਮੇ ਦਾ ਵੜ੍ਹੇਵਾਂ ਚੱਬਕੇ ਮੁੱਲ ਲਾਓਂਦੇ ਨੇ। ਮਸਾਂ 45-4700 ਨੂੰ ਵਿਕਦਾ ਤੇ ਜੇ ਨਰਮੇ ‘ਚ ਮਾੜੀ ਮੋਟ ਪੱਤਰੀ ਹੋਵੇ ਫੇਰ 4000 ਦੇ ਲਾਗੇ ਵਿਕਦਾ। ਝੋਨੇ ਦਾ ਕੁੱਤ ਕਲੇਸ ਏਹਤੋਂ ਵੀ ਜ਼ਿਆਦਾ, ਕਦੇ ਕਾਲਾ, ਬਦਰੰਗ, ਕਿਤੇ ਹੀਟ ਹੋ ਗਿਆ। ਵਪਾਰੀ ਦੇ ਨੱਕ ਥੱਲੇ ਆਓਣਾ ਔਖਾ। ਕੁੱਲ ਮਿਲਾਕੇ ਬਹੁਤ ਕੁੱਤੇ-ਖਾਣੀ ਹੋਣੀ ਅੱਗੇ ।
ਅਗਲੀ ਗੱਲ। ਅੱਜ ਸਾਰਾ ਪੰਜਾਬ ਪੱਬਾਂ ਭਾਰ ਹੋਇਆ ਵਾ। ਲੀਡਰਾਂ ਦੇ ਘਰਾਂ ਮੂਹਰੇ ਧਰਨੇ ਲੱਗੇ। ਲੋਕ ਬਾਦਲ ਪਿੰਡ ਬੈਠੇ ਤੇ ਬਾਦਲ ਕਿਸੇ ਹੋਰ ਫਾਰਮ ਤੇ ਬੈਠਾ ਪੱਚੀ ਤੇ ਏਸੀ ਲਾਕੇ, ਲੱਤਾਂ ਤੇ ਕੰਬਲ ਲੈਕੇ ਮੈਕਸ ਪਲੇਅਰ ਤੇ ਆਸ਼ਰਮ ਦੇਖੀ ਜਾਂਦਾ ਹੋਣਾ। ਸਾਰੇ ਬਾਦਲ ਕੈਪਟਨ ਨੂੰ ਗਾਹਲਾਂ ਕੱਢ ਰਹੇ ਅੱਜ। ਵੋਟਾਂ ਆਓਣ ਦੋ। ਜਦੋਂ ਰੂਬੀਆ ਬੰਨ੍ਹਕੇ ਚੰਗਾ ਲੇਲਨ ਦਾ ਕੁੜਤਾ ਪਜਾਮਾ ਪਾਕੇ ਕੋਈ ਲੀਡਰ ਕਿਸੇ ਪਿੰਡ ਆਕੇ ਦੋਹੇਂ ਹੱਥ ਜੋੜਦਾ ਓਦੋਂ ਏਹੀ ਲੋਕ ਲੀਡਰ ਨੂੰ ਦੇਣ ਤੱਕ ਜਾਂਦੇ ਨੇ। 
ਕਿਸਾਨ ਯੂਨੀਅਨਾਂ ਦੇ ਆਗੂਆਂ ਤੇ ਏਹ ਦੋਸ਼ ਲੱਗਦੇ ਨੇ ਕਿ ਇਹ ਧਰਨਾ ਸਿਖਰ ਚੜ੍ਹਾਕੇ, ਬਿਨ੍ਹਾਂ ਕਿਸੇ ਪ੍ਰਾਪਤੀ ਦੇ ਧਰਨਾ ਚੱਕ ਲੈਂਦੇ ਨੇ ਜਾਂ ਵਿਕ ਜਾਂਦੇ ਨੇ। ਮਹਾਰਾਜ ਕਰੇ ਐਂਤਕੀ ਇਓਂ ਨਾ ਹੋਵੇ। ਲੋਕ ਥੋਡੇ ਮਗਰ ਖੜ੍ਹੇ ਨੇ। ਤਕੜੇ ਰਿਹੋ। 
ਪੰਜਾਬ ਗੁਰਾਂ ਦੀ ਧਰਤੀ ਆ, ਸਾਰੇ ਮੋਰਚੇ ਗੁਰੂ ਦਾ ਨਾਮ ਲੈਕੇ ਸ਼ੁਰੂ ਹੁੰਦੇ ਤੇ ਫਤਹਿ ਹੁੰਦੇ ਨੇ। ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਨਨਕਾਣਾ ਸਾਬ੍ਹ ਦਾ ਮੋਰਚਾ ਏਹਦੀ ਉਦਾਹਰਨ ਨੇ। ਕਿਸਾਨ ਆਗੂਆਂ ਨੂੰ ਬੋਲੇ ਸੋ ਨਿਹਾਲ ਤੋਂ ਅਲਰਜੀ ਨਹੀਂ ਹੋਣੀ ਚਾਹੀਦੀ। ਅੱਜ ਸਾਡੇ ਹੱਥ ਹਰੇ ਝੰਡੇ ਨੇ ਪਰ ਹੱਲ ਓਦਣ ਹੋਣਾ ਜਿੱਦਣ ਇਹ ਇਕੱਠ ਕੇਸਰੀ ਨਿਸ਼ਾਨ ਦੀ ਤਾਬਿਆ ਹੇਠ ਹੋਏ। ਦਸ ਸਾਲ ਲੱਗਣ ਭਾਵੇਂ ਸੌ ਸਾਲ ਲੱਗ....ਘੁੱਦਾ

ਪੱਚੀ ਸਤੰਬਰ ਪੰਜਾਬ ਬੰਦ

ਦੂਜੇ ਵੀ ਸਾਰੇ ਚੰਗੇ ਨੇ, ਪਰ ਜਿਵੇਂ ਸ਼ੰਭੂ ਬਾਡਰ ਤੇ ਧਰਨਾ ਲੱਗਾ ਜਾਂ ਦੀਪ ਸਿੱਧੂ ਜਿਹੜੀ ਗੱਲ ਕਰ ਰਿਹਾ ਓਹਦੇ ਨਾਲ ਪੰਜਾਬ ਦਾ ਪਾਰ ਉਤਾਰਾ ਹੋਣਾ। 
ਦਿੱਲੀ ਜੇ ਸਾਨੂੰ ਵੜਨ ਨਹੀਂ ਦਿੰਦੀ ਤਾਂ ਹੱਦਾਂ ਬੰਦ ਕਰਕੇ ਦਿੱਲੀ ਨੂੰ ਵੀ ਪੰਜਾਬ ਨਾ ਵੜਨ ਦਿੱਤਾ ਜਾਵੇ।
ਧਰਨੇ ਲੱਗੇ ਨੇ, ‘ਕੱਠ ਬਹੁਤ ਹੋਏ, ਪਰ ਹਜੇ ਹੋਰ ਗੰਭੀਰ ਹੋਣਾ ਪੈਣਾ। ਹਜੇ ਚੌੜ ‘ਚ ਵੀ ਪਿਆ ਵਾ ਕੰਮ। ਇਹ ਸ਼ੁਰੂਆਤ ਸੀ । ਜੇ ਏਸ ਲੜਾਈ ਦੇ ਸਿੱਟੇ ਚਾਹੁਣੇ ਓਂ ਤਾਂ ਨਿੱਤ ਸੜਕਾਂ ਤੇ ਜਾਣਾ ਪਊ।
ਆਰਡੀਨੈਸਾਂ ਦੇ ਰੁਝਾਨ ਆਓਣੇ ਸ਼ੁਰੂ ਹੋਗੇ ਸਿੱਖੋ। ਆਹ ਦਿਨਾਂ ‘ਚ ਕਣਕ 21-2200 ਨੂੰ ਵਿਕਦੀ ਸੀ ਤੇ ਐਂਤਕੀ 1500 ਨੂੰ ਵਿਕ ਰਹੀ।
ਖੇਤ ਵੱਢਿਆ ਝੋਨਾ ਸਿੱਧਾ ਮੰਡੀ ਜਾਕੇ ਤੁਲਦਾ, ਪਰਚੀ ਲੈਕੇ ਹਿਸਾਬ ਕਰਕੇ ਪੈਸੇ ਖਾਤੇ ਆਓਂਦੇ ਸੀ। ਜੇ ਝੋਨਾ ਘਰੇ ਰੱਖਣਾ ਪੈ ਗਿਆ ਤਾਂ ਝੋਨਾ ਹਲਾਓਣ  ਖਾਤਰ ਸੱਬਰਕੱਤੇ ਚੱਕਕੇ ਤੁਰਿਆ ਫਿਰੂ ਸਾਰਾ ਟੱਬਰ। ਇਹ ਪੁੱਤ ਦਾ ਕਾਲਾ ਜਾ ਵੀ ਛੇਤੀ ਹੋ ਜਾਂਦਾ ਪਿਆ ਪਿਆ।
ਬਾਸਮਤੀ ਦੀ ਸਰਕਾਰੀ ਖਰੀਦ ਹੈਨੀ ਪਹਿਲਾਂ ਵੀ। ਢੇਰੀਆਂ ਵਪਾਰੀ ਦੀ ਮਰਜ਼ੀ ਨਾਲ ਕਦੇ 2200 ਕਦੇ 2800 ਨੂੰ ਵਿਕਦੀਆਂ। ਓਹੀ ਬਾਸਮਤੀ ਜਿਹਨੂੰ ‘ਇੰਡੀਆ ਗੇਟ’ ਦਾ ਲੇਬਲ ਲਾਕੇ ੧੦੦ ਰੁਪਏ ਕਿੱਲੋ ਤੋਂ ਉੱਤੇ ਵੇਚਦੇ ਨੇ।
 ਹੁਸ਼ਿਆਰਪੁਰ ਦੀ ਮੱਕੀ 6-700 ਨੂੰ ਰੁਲਦੀ ਰਹੀ। ਪਰ ਔਫ ਸੀਜ਼ਨ ‘ਚ ਵਪਾਰੀ 23-2400 ਤੱਕ ਮੱਕੀ ਵੇਚ ਗਿਆ ਪਿੱਛੇ ਜੇ। 
ਇਹ ਗੱਲ ਯਾਦ ਰੱਖਿਓ ਭਰਾ, ਅੱਜ ਸ਼ੁਰੂ ਹੋਇਆ ਕੰਮ, ਬੱਸ ਹੁਣ ਟਿਕਿਓ ਨਾ, ਨਹੀਂ ਹਮੇਸ਼ਾ ਲਈ ਟਿਕਜਾਂਗੇ...ਖ਼ਾਸ ਗੱਲ ਰਹਿਗੀ ਸੀ ਜਿਨ੍ਹਾਂ ਨੂੰ ਹਜੇ ਵੀ ਸੁਖਬੀਰ ਪਿਓ ਲੱਗਦਾ, ਓਹ ਸਲਫਾਸ ਫੜ੍ਹਲੋ ਕਿਤੋਂ , ਗੋਲ ਡੱਬੀ ਆਲੀ ਫੜ੍ਹਿਓ ਪੁੜੀ ਆਲੀ ਨੇ ਕੰਮ ਨਹੀ ਕਰਨਾ

ਹਰੀ ਕ੍ਰਾਂਤੀ

ਹਰੀ ਕ੍ਰਾਂਤੀ ਤੋਂ ਪਹਿਲਾਂ ਪੰਜਾਬ ਕੋਲ 42 ਤਰ੍ਹਾਂ ਦਾ ਅਨਾਜ ਹੁੰਦਾ ਸੀ। ਜਵਾਰ, ਕੋਧਰੇ, ਮੱਕੀ, ਬਾਜਰੇ ਵਰਗੇ ਮੋਟੇ ਅਨਾਜ ਦੀ ਰੋਟੀ ਪੰਜਾਬ ਖਾਂਦਾ ਸੀ। ਤੰਦਰੁਸਤ ਸੀ। 
ਭਾਰਤ ਨੂੰ ਅੰਨ ਦੀ ਲੋੜ ਪਈ ਤੇ ਕਣਕ ਝੋਨੇ ਦੀ ਅੰਨ੍ਹੀ ਪੈਦਾਵਾਰ ਪੰਜਾਬ ਤੋਂ ਕਰਾਈ। ‘ਅੰਨਦਾਤੇ’ ਦਾ ਗੁੱਲਾ ਠੋਕਤਾ। ਅੰਨ੍ਹਾ ਜ਼ਹਿਰ ਸਿੱਟਿਆ ਨਾਲੇ ਦਸ ਦਸ ਫੁੱਟ ਦੇ ਟੋਟੇ ਪਾਕੇ ਪਾਣੀ ਮੁੱਕਣ ਨੇੜੇ ਕਰਤਾ।
ਅੱਜ ਓਹ  ਸਾਥੋਂ ਝੋਨਾ ਖੋਹਣਾ ਚਾਹੁੰਦੇ ਨੇ ਤੇ ਅਸੀਂ ਝੋਨਾ ਬੀਜਣ ਲਈ ਅੜੇ ਹੋਏ ਆ। ਮਹੌਲ ਦੇਖ ਕੀ ਬਣਿਆ, ਪੰਜਾਬ ਝੋਨਾ ਬੀਜੇ ਬਿਨ੍ਹਾਂ ਵੀ ਮਰਦਾ ਤੇ ਬੀਜ ਕੇ ਵੀ ਮਰਦਾ। 
ਅਗਲੀ ਗੱਲ ਕਰੀਏ। 
ਅੱਜ ਹਰੇਕ ਬੰਦਾ ਇੱਕ ਦੂਜੇ ਨੂੰ ਏਹੀ ਸਵਾਲ ਪੁੱਛਦਾ ,” ਬਣੂੰ ਕੁਛ, ਹੋਊ ਕੋਈ ਹੱਲ ਬਿੱਲਾਂ ਬੁੱਲਾਂ ਦਾ? 
ਸਾਡੇ ਬਾਬੇ ਸੜਕਾਂ, ਲੀਹਾਂ ਤੇ ਬੈਠੇ ਨੇ। 
ਧੁੱਪੇ ਬੈਠਿਆਂ ਦੇ ਮੱਥੇ ਤੇ ਪਰਨੇ ਹੇਠ ਪੁੱਠੀ V ਹੋਰ ਗੂੜ੍ਹੀ ਹੋਗੀ। ਆਪਣੇ ਸਿਰ ਤੇ ਲੱਖਾਂ ਤਨਖਾਹਾਂ ਲੈਂਦੇ CM, MLA, MP ਤੇ ਹੋਰ ਸਾਰੇ ਕੀ ਥਣ ਫੜ੍ਹਦੇ ਆ। ਇਹ ਸਾਰਾ ਗੰਦ ਪਿੱਲ ਕੱਠਾ ਹੋਕੇ ਮੂਹਰੇ ਲੱਗੇ, ਸਾਰਾ ਪੰਜਾਬ ਮਗਰ ਖੜ੍ਹਾ। 
ਦੀਪ ਸਿੱਧੂ ਕੱਲ੍ਹ ਨੂੰ ਕੀ ਨਿੱਕਲੇ, ਇਹ ਓਹ ਜਾਣਦਾ।
ਪਰ ਅੱਜ ਚੰਗਾ ਕੰਮ ਕਰ ਰਿਹਾ। ਮੁਲਖ ਓਹਨੂੰ ਮਿਹਣੇ ਮਾਰੀ ਜਾਂਦਾ ਤੂੰ ਸੰਨੀ ਦਿਓਲ ਨਾਲ ਪ੍ਰਚਾਰ ਕਰਦਾ ਰਿਹਾਂ। ਓਹਨੇ ਕਈ ਇੰਟਰਵਿਊਆਂ ‘ਚ ਇਹ ਗੱਲ ਕਲੀਅਰ ਕਰਤੀ ਕਿ ਇਹ ਓਹਦੀ ਗਲਤੀ ਸੀ। 
ਇੱਕੋ ਗੱਲ ਰਪੀਟ ਕਰੀ ਜਾਣੇ ਅਸੀਂ ਜਰ। ਆਪਣੇ ਆਪ ਨੂੰ ਦੇਖੋ, ਤੀਵੀਬਾਜ ਬੰਦੇ ਨੂੰ ਲੋਕ ਘਰੇ ਨੀਂ ਵੜਨ ਦਿੰਦੇ, ਤੁਸੀਂ ਐਡਾ ਮੰਤਰੀ ਬਣਾਇਆ ਵਾ।
ਅੱਜ ਸਾਰੇ ਪੰਜਾਬ ਦੀ ਇੱਕ ਮੰਗ ਆ ਕਿ ਬਿੱਲ ਰੱਦ ਹੋਣ। ਪਰ ਮੂੰਹ ਸਾਡੇ ਅੱਡੋ ਅੱਡ ਨੇ। ੩੧ ਜਥੇਬੰਦੀਆਂ, ਕੁੱਲ ਕਲਾਕਾਰ, ਬਾਬੇ, ਸਾਰੀਆਂ ਪਾਰਟੀਆਂ ਦੇ ਨਿੱਕੇ ਵੱਡੇ ਲੀਡਰ ਇੱਕੋ ਥਾਂ ਕੱਠੇ ਹੋਣ ਫੇਰ ਹੀ ਕੁਛ ਬਣ ਸਕਦਾ। ਨਹੀਂ ਸੜਕਾਂ ਤੇ ਚਿੱਤੜ ਘਸਾਓਂਦੇ ਰਹਿਜਾਂਗੇ। ਬਾਕੀ ਪੰਜਾਬ ਦੇ ਮੁੰਡਿਆਂ ‘ਚ ਬਰੂਦ ਬਥੇਰਾ ਪਰ ਚੰਗੇ ਆਗੂ ਦੀ ਅਗਵਾਈ ਬਿਨ੍ਹਾਂ ਮਾਰ ਖਾਈ ਜਾਣੇ ਆਂ...ਚੜ੍ਹਦੀ ਕਲਾ ਹੋਵੇ