Sunday 7 February 2021

ਦਿੱਲੀ ਮੋਰਚੇ ਦੀ ਕਮਾਈ

ਏਸ ਘੋਲ ‘ਚੋਂ ਬੜਾ ਕੁਛ ਕਮਾਇਆ ਪੰਜਾਬ ਨੇ।
ਸੱਥਾਂ ‘ਚ ਬਹਿਣੋਂ ਹਟਗੇ ਸੀ, ਭਾਈਚਾਰਾ ਘੱਟ ਰਿਹਾ ਸੀ। ਜੁੜਕੇ ਬੈਠਣਾ ਸ਼ੁਰੂ ਕਰਤਾ। ਗੱਲਾਂ ਕਰਨ ਲੱਗੇ ਆਂ, ਮੁੱਦੇ ਵਿਚਾਰੇ ਜਾਣ ਲੱਗੇ ਨੇ। 
ਸੋਚਿਆ ਸੀ ਕਦੇ ਪੰਜਾਬ ਤੇ ਹਰਿਆਣਾ ਵੀ ਇੱਕ ਹੋਕੇ ਲੜੂ?
SYL ਦੀ ਗੱਲ ਤੇ ਦੋਹੇਂ ਘਰ ਡਾਂਗਾਂ ਖਿੱਚ ਲੈਂਦੇ ਸੀ। ਕੋਈ ਕਿਸੇ ਨੂੰ ਗੜ੍ਹਵੀ ਦੁੱਧ ਦੀ ਉਧਾਰੀ ਨੀਂ ਦਿੰਦਾ ਹੁੰਦਾ, ਪਰ ਏਥੇ ਹਰਿਆਣੇ ਆਲੇ ਮੋਰਚੇ ਤੇ ਹਜ਼ਾਰ ਹਜ਼ਾਰ ਲੀਟਰ ਆਲੀਆਂ ਟੈਂਕੀਆਂ ‘ਚ ਚਾਰ ਚਾਰ ਟੂਟੀਆਂ ਲਾਕੇ ਦੁੱਧ ਵੰਡ ਰਹੇ ਨੇ।
ਸਾਂਝੇ ਚੁੱਲ੍ਹੇ ਤਪ ਰਹੇ ਨੇ, 
ਬੇਅੰਤ ਲੰਗਰ ਪੱਕ ਰਿਹਾ। ਇੱਕ ਰਾਤ ਸਿੰਘੂ ਤੋਂ ਟਿਕਰੀ ਬਾਡਰ ਗਏ। ਭੁੱਖ ਲੱਗੀ ਸੀ। ਨੌਂ ਦਸ ਜਣੇ ਸੀ ਅਸੀਂ। 
ਚਾਰ ਪੰਜ ਬੇਬੇ ਹੋਣੀਂ ਰੋਟੀਆਂ ਲਾਹ ਰਹੀਆਂ ਸੀ। ਬੇਨਤੀ ਕੀਤੀ, ਬੇਬੇ ਕਹਿੰਦੀ,” ਬੈਠੋ ਪੁੱਤ ਜਿੰਨੀਆਂ ਮਰਜ਼ੀ ਛਕੋ”।
ਸਿਰ ਦੇ ਬੰਨ੍ਹੇ ਕੱਪੜੇ ਨੂੰ ਕੋਈ ਪਰਨਾ ਆਖਦਾ, ਕੋਈ ਮੂਕਾ, ਕੋਈ ਸਾਫ਼ਾ ਕਹਿ ਰਿਹਾ। 
ਮਾਝਾ, ਮਾਲਵਾ, ਦੁਆਬਾ, ਪੁਆਧ। ਸਕੀਰੀਆਂ ਨਿੱਕਲ ਆਓਂਦੀਆਂ। “ ਤੇਰਾ ਕਿਹੜਾ ਪਿੰਡ ਆ ਬਾਈ? 
“ਘੁੱਦਾ”
ਅੱਛਾ ਬਾਦਲ ਦੇ ਪਿੰਡਾਂ ਕੰਨੀਂ। ਥੋਡੇ ਪਿੰਡਾਂ ਕੰਨੀਂ ਅਸੀਂ ਪਹਿਲੋ ਪਹਿਲ ਕਰਪੈਨ ਲੈਕੇ ਆਓਂਦੇ ਹੁੰਦੇ ਸੀ”।
ਦਿੱਲੀ ਦੇ ਜਵਾਕ ਪੰਜਾਬੀ ਸਿੱਖਣ ਆਓਂਦੇ ਨੇ। 
ਆਵਦਿਆਂ ਬਿਗਾਨਿਆਂ ਦੀ ਪਛਾਣ ਹੋਗੀ।
ਕ੍ਰਿਕਟਰ, ਬਾਲੀਵੁੱਡ ਲੀਕ ਖਿੱਚ ਗਿਆ। 
ਅਮਰਿੰਦਰ ਗਿੱਲ, ਦਿਲਜੀਤ, ਜੈਜੀ, ਨਿਮਰਤ ਖਹਿਰਾ ਸਾਡੇ ਪਾਲੇ ‘ਚ ਖੜ੍ਹੇ ਨੇ।  ਔਖੇ ਟੈਮ ਆਵਦੇ ਈ ਨਾਲ ਖੜ੍ਹੇ ਸਾਰੇ।
ਕਿੱਡਾ ਸੋਹਣਾ ਸਮਾਂ। ਸਾਰੇ ਕਾਸੇ ਦਾ ਨਿਤਾਰਾ ਹੋ ਰਿਹਾ
ਵਿਆਹਾਂ ‘ਚ ਕਿਸਾਨੀ ਗੀਤ ਵੱਜ ਰਹੇ ਨੇ। ਦਿਨ ਪੁਰ ਰਾਤ ਪਰਦੇਸੀਆਂ ਦੀ ਨਿਗਾਹ ਮੋਰਚੇ ਤੇ।  
ਅਸੀਂ ਪਾਣੀ ਵੰਡਣ ਖਾਤਰ ਇੱਕ ਦੋ ਜਣਿਆਂ ਨੂੰ ਪੈਸੇ ਆਖੇ। ਓਹ ਕਹਿੰਦੇ ਵੱਡੇ ਵਾਟਰ ਫਿਲਟਰ ਲਵਾਲੋ, ਕਰੋ ਗੱਲ। 
ਸਾਡੇ ਕਥਾਵਾਚਕ, ਪ੍ਰਚਾਰਕ ਜ਼ੋਰ ਲਾ ਹਟੇ ਸਾਨੂੰ ਆਹ ਕੁਛ ਸਿਖਾਓਣ ਲਈ। ਇਹੀ ਕੁਛ ਗੁਰਾਂ ਦੀ ਬਾਣੀ ਕਹਿੰਦੀ ਆ। 
ਦਿੱਲੀ ਜਾਕੇ ਮੈਂ ਮੈਂ ਛੱਡਕੇ ਤੇਰਾ ਤੇਰਾ ਕਰ ਰਹੇ ਹਾਂ। ਏਸੇ ਮੰਤਰ ‘ਚ ਸਾਡੀ ਜਿੱਤ ਆ....ਘੁੱਦਾ

No comments:

Post a Comment