Sunday 7 February 2021

ਧੰਨਾ ਸਿੰਘ ਪਟਿਆਲਵੀ

ਕਬੀਲਦਾਰੀ ਦੇ ਗਧੀ ਗੇੜ ‘ਚ ਉਲਝਿਆ ਬੰਦਾ ਟੱਬਰ ਦਾ ਨੂਣ ਤੇਲ ਪੂਰਾ ਕਰਦਾ ਕਰਦਾ ਈ ਲੱਕੜਾਂ ਜਾ ਵੜਦਾ। ਏਹ ਲੈਵਲ ਤੋਂ ਉੱਚੇ ਉੱਠੇ ਬੰਦੇ ਇਤਿਹਾਸ ਸਿਰਜਦੇ ਨੇ।
ਭਾਈ ਧੰਨਾ ਸਿੰਘ ਚਹਿਲ ਮਹਾਰਾਜੇ ਪਟਿਆਲ਼ੇ ਦਾ ਡਰਾਇਵਰ ਸੀ। 
ਅੰਮ੍ਰਿਤ ਛਕ ਸਿੰਘ ਸਜੇ। ਨੌਕਰੀ ਤੋਂ ਅਸਤੀਫ਼ਾ ਦੇਕੇ ਸਾਈਕਲ ਤੇ ਗੁਰਧਾਮਾਂ ਦੇ ਦਰਸ਼ਨ ਕਰਨ ਨਿੱਕਲੇ। 1930 ਤੋਂ ਲੈਕੇ 1935 ਤੱਕ ਪੰਜ ਸਾਲ ਸਾਈਕਲ ਤੇ ਯਾਤਰਾ ਕੀਤੀ। ਨਕਸ਼ੇ ਦਾ ਧਿਆਨ ਧਰੋ, ਕਸ਼ਮੀਰ ਤੋਂ ਨੰਦੇੜ ਤੱਕ। ਓਧਰ ਪਟਨਾ, ਚਿਟਾਗਾਂਗ, ਅਸਾਮ ਤੋਂ ਲਾਕੇ ਪਿਸ਼ੌਰ, ਜਮਰੌਦ ਤੱਕ ਪੈਡਲ ਮਾਰਿਆ। 
25 ਸਾਲ ਦੀ ਉਮਰ ‘ਚ ਬੋਝੇ ਪੱਚੀ ਰੁਪੈ ਪਾਕੇ ਸਫਰ ਸ਼ੁਰੂ ਕੀਤਾ ਸੀ। ਪੂਰਨ ਗੁਰਸਿੱਖ ਭਾਈ ਸਾਬ੍ਹ ਦੇ ਸੈਕਲ ਦੇ ਹੈਂਡਲ ਨਾਲ ਸਾਢੇ ਤਿੰਨ ਫੁੱਟੀ ਕਿਰਪਾਨ ਬੰਨ੍ਹੀ ਹੁੰਦੀ ਸੀ। 
ਓਦੋਂ ਕਈ ਰਿਆਸਤਾਂ ਵਿੱਚ ਕਿਰਪਾਨ ਲਈ ਲਸੰਸ ਲੋੜੀਂਦਾ ਸੀ। 
ਧੰਨਾ ਸਿੰਘ ਨੇ ਲਗਭਗ 20000 ਮੀਲ ਸੈਕਲ ਚਲਾਕੇ 1600 ਗੁਰਧਾਮਾਂ ਦੇ ਦਰਸ਼ਨ ਕੀਤੇ। ਜੰਗਲਾਂ, ਰੋਹੀਆਂ, ਉਜਾੜਾਂ ਵਿੱਚਦੀ ਕੱਲਿਆਂ ਸਫਰ ਕਰਨਾ ਦਿਲ ਗੁਰਦੇ ਆਲੇ ਬੰਦੇ ਦਾ ਹੀ ਕੰਮ ਸੀ। 
ਬਸਮਤ ਨੰਦੇੜ ਕੋਲ ਲੋਕਾਂ ਨੇ ਸੈਕਲ ਖੋਹਣ ਖਾਤਰ ਘੇਰਾ ਪਾਇਆ, ਇੱਟ ਡਲਾ ਚਲਾਇਆ ਪਰ ਬਚਗੇ। ਨਦੀ ਨਾਲਿਆਂ ‘ਚ ਕਈ ਵੇਰ ਰੁੜ੍ਹਦੇ ਰੁੜ੍ਹਦੇ ਬਚੇ।
ਵੱਡੀ ਤੇ ਖ਼ਾਸ ਗੱਲ ਇਹ ਕਿ ਧੰਨਾ ਸਿੰਘ ਨੇ ਰੋਜ਼ਾਨਾ ਡਾਇਰੀ ਲਿਖੀ ਤੇ ਸਾਰੇ ਗੁਰਧਾਮਾਂ ਦੀਆਂ ਤਸਵੀਰਾਂ ਖਿੱਚੀਆਂ। ਡੇਢ ਰੁਪਏ ਦੀ ਸੈਕਲ ਦੀ ਟਿਊਬ ਤੇ ਡੂਢ ਰੁਪਏ ਦੀ ਕੈਮਰੇ ਦੀ ਰੀਲ ਆਓਂਦੀ ਸੀ।
ਓਦੋਂ ਬਹੁਤੇ ਗੁਰਧਾਮਾਂ ਤੇ ਮਹੰਤ ਕਾਬਜ਼ ਸੀ ਤੇ ਹਾਲਾਤ ਮਾੜੇ ਸੀ।  30 ਸਾਲ ਦੀ ਉਮਰ ‘ਚ ਚਾਣ ਚੱਕ ਕਿਸੇ ਮਿੱਤਰ ਦੀ ਬੰਦੂਕ ‘ਚੋਂ ਚੱਲੀ ਗੋਲੀ ਨਾਲ ਇਹ ਮਹਾਨ ਸਿੱਖ ਚੱਲ ਵਸਿਆ। ਚੀਨ, ਤਿੱਬਤ, ਇਰਾਨ, ਸਾਊਦੀ ਵਰਗੇ ਦੇਸ਼ਾਂ ‘ਚ ਜਾਕੇ ਗੁਰਧਾਮਾਂ ਦੀ ਖੋਜ ਦੀਆਂ ਵਿਓਤਾਂ ਨਾਲੇ ਚਲੀਆਂ ਗਈਆਂ।
ਜਿਹੜਾ ਕੰਮ ਧੰਨਾ ਸਿੰਘ ਹੋਣਾਂ ਨੇ ਕੀਤਾ ਇਹ ਕੰਮ ਪੀ ਅੱੈੱਚ ਡੀ ਜਾਂ ਕਿਸੇ ਡਾਕਟਰੇਟ ਡਿਗਰੀ ਆਲਿਆਂ ਤੋਂ ਕਿਤੇ ਵੱਡਾ। ਧੰਨ ਨੇ ਧੰਨਾ ਸਿੰਘ ਵਰਗੇ ਸਿੱਖ। 
ਚੇਤਨ ਸਿੰਘ ਹੋਣਾਂ ਨੇ ਸਾਰੀਆਂ ਡਾਇਰੀਆਂ ਤੇ ਚੰਗੀ ਮਿਹਨਤ ਕਰਕੇ ‘ਗੁਰ ਤੀਰਥ ਸਾਇਕਲ ਯਾਤਰਾ’ ਕਿਤਾਬ ਛਪਵਾਈ। ਪੜ੍ਹਣਯੋਗ ਤੇ ਸਾਂਭਣਯੋਗ ਚੀਜ਼ ਬਣੀ ਆ। 
ਧੰਨਵਾਦ ਛੋਟੇ ਭਾਈ ਕੁਲਜੀਤ ਸਿੰਘ ਖੋਸੇ ਦਾ ਇਹ ਕਿਤਾਬ ਭੇਜਣ ਲਈ।....ਘੁੱਦਾ

No comments:

Post a Comment