Sunday 7 February 2021

ਛੰਦ ਦਿੱਲੀ ਘੋਲ

ਸੁੱਤਾ ਸੈਂ ਪੰਜਾਬ ਸਿਆਂ
ਸਮੇਂ ਦੇ ਗੇੜ,ਦਿੱਤਾ ਤੈਨੂੰ ਛੇੜ
ਤੋੜ ਬੈਰੀਕੇੜ, ਆ ਗਿਆ ਦਿੱਲੀ
ਸੱਦ ਰਹੇ ਮੀਟਿੰਗਾਂ ਜੀ
ਗੱਲ ਲਮਕਾਉਂਦੇ, ਹੱਲ ਨਾ ਚਾਹੁੰਦੇ 
ਆਪ ਨਾ ਆਓਂਦੇ, ਉਡਾਉਂਦੇ ਖਿੱਲੀ
ਠੰਢ ਕਾਂਬਾ ਚਾੜ੍ਹ ਰਹੀ
ਪੈਂਡਾ ਕਈ ਕੋਹ ਦਾ, ਮਹੀਨਾ ਪੋਹ ਦਾ
ਭਾਣਾ ਹੈ ਓਹ ਦਾ, ਹੋਇਓ ਨਾ ਢਿੱਲੇ
ਹੈ ਏਹੀ ਇਤਿਹਾਸ ਸਾਡਾ
ਖੰਡੇ ਖੜਕਾਓਂਦੇ, ਪਿੱਛੇ ਨਾਂ ਭੌਂਦੇ, 
ਕੱਢਣੇ ਆਓਂਦੇ, ਧੌਣ ‘ਚੋਂ ਕਿੱਲੇ

ਵੜੇ ਹੇਠ ਟਰਾਲੀਆਂ ਦੇ
ਸਿਦਕ ਦੇ ਪੂਰੇ, ਤਾਣਕੇ ਭੂਰੇ, 
ਸੁੱਤੇ ਨੇ ਸੂਰੇ, ਵਿਛਾਕੇ ਦਰੀਆਂ
ਬੈਠੇ ਪਿਓ ਦਾਦੇ ਜੀ
ਦੁਖਣ ਹੱਥ ਗੋਡੇ, ਹੋਗੇ ਹੱਡ ਬੋਡੇ
ਢੂਈਆਂ ਤੋਂ ਕੋਡੇ, ਮਿਹਨਤਾਂ ਕਰੀਆਂ
ਦਿੱਤਾ ਅੰਨ ਇੰਡੀਆ ਨੂੰ
ਕਣਕ ਤੇ ਝੋਨੇ, ਫਸਲ ਏਹ ਦੋਨੇ
ਬਣਾਤੇ ਸੋਨੇ, ਢਾਲਕੇ ਟਿੱਲੇ
ਹੈ ਏਹੀ ਇਤਿਹਾਸ ਸਾਡਾ
ਖੰਡੇ ਖੜਕਾਓਂਦੇ, ਪਿੱਛੇ ਨਾ ਭੋੌਦੇ
ਕੱਢਣੇ ਆਓਂਦੇ, ਧੌਣ ‘ਚੋ ਕਿੱਲੇ

ਚੱਲੇ ਲੰਗਰ ਖਾਲਸੇ ਦਾ
ਦਿਲਾਂ ਦੇ ਖੁੱਲ੍ਹੇ, ਮਘਾ ਤੇ ਚੁੱਲ੍ਹੇ
ਜੀ ਲੁੱਟਦੇ ਬੁੱਲ੍ਹੇ, ਦਿੱਲੀ ਦੇ ਵਾਸੀ
ਪਾਤਾ ਵਖਤ ਹਾਕਮਾਂ ਨੂੰ
ਪਿੰਡ ਵਸਾਤੇ, ਮੇਲੇ ਹੀ ਲਾਤੇ
ਜੀ ਧੂੰਏਂ ਚੜ੍ਹਾਤੇ, ਇਹਨ੍ਹਾਂ ਦੇ ਨਾਸੀਂ
ਪਾ ਤਰਪਾਲ ਟਰਾਲੀ ਤੇ
ਰੂਮ ਬਣਾਤੇ, ਬਲਬ ਲਗਵਾਤੇ
ਤਣੀ ਤੇ ਪਾਤੇ, ਕਛਹਿਰੇ ਗਿੱਲੇ
ਹੈ ਏਹੀ ਇਤਿਹਾਸ ਸਾਡਾ
ਖੰਡੇ ਖੜਕਾਓਂਦੇ, ਪਿੱਛੇ ਨਾ ਭੋੌਦੇ
ਕੱਢਣੇ ਆਓਂਦੇ ਧੌਣ ‘ਚੋਂ ਕਿੱਲੇ

ਚੱਲੇ ਦੌਰ ਪੀਜ਼ਿਆਂ ਦਾ
ਹੋਕੇ ਜੱਟ ਵਿਹਲੇ, ਛਕਣ ਗਜਰੇਲੇ
ਵਰਤਦੇ ਕੇਲੇ, ਸੇਕਦੇ ਧੁੱਪਾਂ
ਇਹ ਜਾਣੂੰ ਜੰਗਾਂ ਦੇ
ਲੜਾਕੂ ਸਾਰੇ, ਹੋਣ ਨਾ ਕਾਰੇ
ਸੁਣੀਂ ਸਰਕਾਰੇ, ਮਾਰੂ ਇਹ ਚੁੱਪਾਂ
ਬੜੇ ਪੱਕੇ ਹਿੰਡਾਂ ਦੇ
ਬਾਣੀਆਂ ਪੜ੍ਹਦੇ, ਧਰਮ ਲਈ ਮਰਦੇ
ਫ਼ੈਸਲੇ ਕਰਦੇ, ਇੰਚ ਨਾ ਹਿੱਲੇ
ਏਹੀ ਇਤਿਹਾਸ ਸਾਡਾ
ਖੰਡੇ ਖੜਕਾਓਂਦੇ, ਪਿੱਛੇ ਨਾ ਭੌਂਦੇ
ਕੱਢਣੇ ਆਓਂਦੇ, ਧੌਣ ‘ਚੋਂ ਕਿੱਲੇ...ਘੁੱਦਾ

No comments:

Post a Comment