Sunday 7 February 2021

ਵਾਰਸ ਬਘੇਲ ਸਿੰਘ ਦੇ

ਬਾਰ ਵਿਚਾਲੇ ਗੱਡੇ ਟੈਰ ਆਲਾ ਬੂਹਾ ਖੋਲ੍ਹਕੇ 
ਹੱਥ ‘ਚ ਅਖਬਾਰ ਫੜ੍ਹੀ ਸਾਬਕਾ ਫ਼ੌਜੀ 
ਜੰਟੇ ਦੇ ਘਰੇ ਆ ਬੈਠਾ। 
ਦੌਣ ਤੋਂ ਫੜ੍ਹ ਮੰਜਾ ਘੜੀਸਦਾ ਬੋਲਿਆ,” ਕਿਵੇਂ ਆ ਜੰਟਿਆ”?
ਬੇਧਿਆਨੀ ‘ਚ ਜੰਟਾ ਵਹਿੜ ਨੂੰ ਸੁੱਕੀ ਤੂੜੀ ‘ਚ ਛਿੱਟ ਪਾਣੀ ਬੁਰਕ ਕੇ ਬਰਸੀਮ ਦਾ ਟੋਕਰਾ ਸਿੱਟਕੇ ਹੱਥ ਮਾਰ ਰਿਹਾ ਸੀ।
ਬੂਥ ਮਾਰਕੇ ਨੀਰਾ ਭੁੰਜੇ ਸੁੱਟਣ ਤੇ ਜੰਟਾ ਗੜ੍ਹਕਿਆ
“ਹੈ ਮੇਰੇ ਸਾਲੇ ਦੀ, ਕਰਦੀ ਕੀ ਐ”
“ਓਹ ਕਿਓਂ ਤੜਕੇ ਤੜਕੇ ਗੋਕੇ ਨੂੰ ਗਾਹਲਾਂ ਕੱਢੀ ਜਾਣਾਂ ।”
ਫੌਜੀ ਦਾ ਬੋਲ ਪਛਾਣ, ਜੰਟਾ ਬੋਲਿਆ
“ਪੁੱਸ ਨਾ ਜਰ ਫੌਜੀਆ ਰੰਭਦੀ ਵੀ ਆ, ਤਾਰਾਂ ਵੀ ਦੇਂਦੀ ਆ, ਅੱਠ ਆਰੀ ਟੀਕਾ ਭਰਾਤਾ, ਰਹਿੰਦੀ ਨੀਂ ਜਰ, ਇੱਕ ਅੱਧੀ ਆਰੀ
ਹੋਰ ਦੇਖਦਾਂ ਨਹੀਂ ਰੱਸਾ ਲਾਹੂੰ ਫੇਰੇਦੇਣੀ ਦਾ”।
ਜੋੜਿਆਂ ‘ਚੋਂ ਤੂੜੀ ਝਾੜ ਜੰਟੇ ਨੇ ਗੱਲ ਤੋਰੀ
“ਹੋਰ ਤੂੰ ਸੁਣਾ ਕੀ ਕਹਿੰਦਾ ਤੇਰਾ ਕਵਾਰ, ਲੱਗਦੀ ਆ ਗੱਲ ਕਿਸੇ ਤਣ ਪੱਤਣ”
ਅਖਬਾਰ ਦੀ ਕੰਂਨੀ ਉੱਤੋਂ ਦੀ ਝਾਕ ਫ਼ੌਜੀ ਨੇ ਜਵਾਬ ਦਿੱਤਾ,”ਕੱਲ੍ਹ ਮੀਟਿੰਗ ਸੀ, ਖਾਲੀ ਨਿੱਕਲਗੀ, ਤੇਰੀ ਵਹਿੜ ਆਲਾ ਕੰਮ ਈ ਆ, ਰੰਭਦੀ ਆ ਸਰਕਾਰ ਪਰ ਰਹਿਂਦੀ ਨੀਂ”
ਮੂਕਾ ਝਾੜਕੇ ਬੰਨ੍ਹਦਾ ਜੰਟਾ ਫੇਰ ਬੋਲਿਆ ,”ਰੱਸਾ ਲਾਹਦੋ ਫੇਰੇਦੇਣੀ ਦਾ”। 
ਚੌਂਕੜੀ ਮਾਰ ਲੱਤਾਂ ਨੂੰ ਬਾਹਾਂ ਦੀ ਕਲਿੰਗੜੀ ਪਾ ਜੰਟੇ ਨੇ ਗੱਲ ਤੋਰੀ
,” ਹੁਣ ਫਿਰ ਫੌਜੀਆ”?
“ਸਿਰ ਲੱਗਣਗੇ ਹੁਣ ਤਾਂ”
“ਕੈਅ ਕ”
“ਬਿੱਲੂ ਤੇ ਜੱਗੂ ਕਾ ਰੌਲਾ ਸੀ ਪਹੀ ਦਾ, ਤਿੰਨ ਪੀਹੜੀਆਂ ਲੜੀ ਜਾਂਦੀਆਂ ਹਜੇ ਤਾਈਂ। ਚਾਰ ਬੰਦੇ ਮਰਗੇ
ਆਪੇ ਲਾਲਾ ਸਾਹਬ, ਇਹ ਸਾਰੇ ਪੰਜਾਬ ਦੀ ਪੈਲੀ ਦਾ ਮਸਲਾ”
ਫੌਜੀ ਵੇਗ ‘ਚ ਬੋਲ ਰਿਹਾ ਸੀ,” ਮਿੱਟੀ ਖਾਤਰ ਲੜਦਿਆਂ ਨੂੰ ਤਾਂ ਮਿੱਟੀ ਈ ਹੋਣਾ ਪਊ ਤੇ ਜੇ ਨਾਂ ਲੜੇ, ਮਿੱਟੀ ਹੋਜਾਂਗੇ”
ਫੌਜੀ ਦੀਆਂ ਭਾਰੀਆਂ ਗੱਲਾਂ ਜੰਟੇ ਦੇ ਸਿਰ ਉੱਤੋੰ ਲੰਘ ਰਹੀਆਂ ਸੀ।
ਬਾਰ ਮੂਹਰੇ ਟ੍ਰੈਕਟਰ ਤੇ ਤਰਪਾਲ ਪਈ ਟਰਾਲੀ ਆ ਰੁਕੀ।
“ਸੀਰੇ ਓਏ ਆਜਾ ਛੇਈ...ਚੱਲੀਏ”
ਸੀਰਾ ਜੰਟੇ ਦਾ ਇਕਲੌਤਾ ਪੁੱਤ ਸੀ।
ਸਰਪੇਅ ਨਾਲ ਮਿਲੇ ਝੋਲੇ ‘ਚ ਦੋ ਲੀੜੇ ਪਾਕੇ ਸੀਰਾ ਤੁਰਨ ਲੱਗਾ।
“ਤੈਨੂੰ ਕੁਸ ਹੋ ਗਿਆ ਮੈਂ ਕੀਹਦਾ ਘਰ ਪੁੱਸੂੰ?, ਹੈਂਅ, ਕੱਲਾ ਕੈਹਰਾਂ ਹੈਗਾ।” ਸੀਰੇ ਦੀ ਮਾਂ ਨੇ ਫਿਕਰ ਕੀਤਾ।
ਸੀਰਾ ਬਰਾਂਡੇ ‘ਚ ਲੱਗੀ ਚਾਰ ਸਾਹਿਬਜਾਦਿਆਂ ਨਾਲ ਦਸਵੇਂ ਪਾਤਸ਼ਾਹ ਦੀ ਤਸਵੀਰ ਵੱਲ ਦੇਖਕੇ ਹੱਸਿਆ। 
ਏਹੀ ਓਹਦਾ ਜਵਾਬ ਸੀ।
ਭਰਤੀ ਖਾਤਰ ਲਏ ਸੇਗਾ ਦੇ ਬੂਟ ਡਾਲੇ ਤੇ ਧਰ ਸੀਰੇ ਨੇ ਟਰਾਲੀ ਵਿੱਚ ਛਾਲ ਮਾਰੀ।
ਜੰਟਾ ਫੌਜੀ ਕੋਲ ਬੈਠਾ ਮੁੱਛਾਂ ਨੂੰ ਤਾਅ ਦੇ ਰਿਹਾ ਸੀ
ਜਿਵੇਂ ਕਹਿੰਦਾ ਹੋਵੇ, ਲੈ ਗਏ ਪੰਜਾਬ ਦੇ ਸ਼ੇਰ
“ਹੁਣ ਲਾਹੁਣਗੇ ਰੱਸਾ”
ਕੇਸਰੀ ਨਿਸ਼ਾਨ ਦੀ ਅਗਵਾਈ ‘ਚ 
ਸ਼ੂਕਦੇ ਜਾਂਦੇ ਟਰੈਟ ਦੇ ਡੈੱਕ ਤੇ ਗੀਤ ਵੱਜ ਰਿਹਾ ਸੀ
‘ਵਾਰਸ ਬਘੇਲ ਸਿੰਘ ਦੇ’.......ਘੁੱਦਾ

No comments:

Post a Comment