Sunday 7 February 2021

ਟਿਕਰੀ ਬਾਡਰ

ਕਦੇ ਦਿੱਲੀ ਆਓਣਾ ਹੁੰਦਾ ਸੀ ਤਾਂ ਕਹਿੰਦੇ ਹੁੰਦੇ ਸੀ," ਬਚਕੇ ਤੁਰਿਓ, ਲੁੱਟ ਲੈਂਦੇ ਅਾ, ਚੋਰ ਬਜਾਰ ਓਥੇ ਬੰਦੇ ਵੇਚਕੇ ਖਾ ਜਾਂਦੇ ਨੇ"। ਦਿੱਲੀ ਦਾ ਓਹ ਓਪਰਾਪਣ ਹੁਣ ਖਤਮ ਹੋ ਗਿਅਾ।
ਸਿੰਘੂ ਬੈਰੀਕੇਡਾਂ ਨਾਲ ਬੰਨ੍ਹੇ ਸਿੰਘਾਂ ਦੇ ਘੋੜਿਆਂ ਤੋਂ ਲੱਗਦਾ ਜਿਵੇਂ ਪੰਜਾਬ ਦੀ ਹੱਦ ਏਥੋਂ ਸ਼ੁਰੂ ਹੁੰਦੀ ਹੋਵੇ।
ਲੱਗਦਾ ਹੀ ਨਹੀਂ ਕਿ ਦਿੱਲੀ ਫਿਰਦੇ ਅਾ, ਬਠਿੰਡਾ, ਲੁਧਿਅਾਣਾ, ਜਾਂ ਪੰਜਾਬ ਦਾ ਕੋਈ ਹੋਰ ਸ਼ਹਿਰ ਲੱਗਦਾ।
ਕੇਸਰੀ ਨਿਸ਼ਾਨ ਲਾਕੇ ਬੇਖੌਫ ਘੁੰਮ ਰਹੇ ਨੇ ਮੁੰਡੇ। ਦਬਵੀਂ ਅਵਾਜ਼ ‘ਚ ਪੁਲਸੀਆ ਵੀ ਕਹਿ ਦਿੰਦਾ,”ਹਮ ਬੀ ਕਿਸਾਨ ਕੇ ਬੇਟੇ ਹੈਂ, ਆਪਕੇ ਸਾਥ ਹੈਂ, ਸਮਾਧਾਨ ਨਿਕਾਲ ਕਰ ਜਾਣਾ”।
ਮੇਲਿਆਂ ਦਾ ਮਹੌਲ ਦੇਖਣਾ ਤਾਂ ਕੁੰਡਲੀ ਦੇਖੋ, ਪਿੰਡਾਂ ਦਾ ਮੂੰਹ ਮੁਹਾਂਦਰਾ ਦੇਖਣਾ ਤਾਂ ਟਿਕਰੀ ਜਾਓ।
ਲਿੱਪ ਪੋਚ ਕੇ ਬਣਾਏ ਚੁੱਲ੍ਹਿਆਂ ਕੋਲ ਰੌਣਕਾਂ ਨੇ। ਟਰਾਲੀ ਨਾਲ ਪੋਣੀਆਂ, ਚਿਮਟੇ, ਪੋਣੇ ਤੇ ਰਸੋਈ ਦਾ ਨਿੱਕ ਸੁੱਕ ਲਮਕਾਇਆ ਹੁੰਦਾ। 
ਮਾਝੇ, ਮਾਲਵੇ, ਦੁਆਬੇ, ਪੁਆਧ, ਹਰਿਆਣੇ, ਯੂ.ਪੀ. ‘ਚੋਂ ਲੱਖਾਂ ਹੱਥਾਂ ਦੀਆਂ ਵੱਟੀਆਂ ਅਲਸੀ, ਖੋਏ, ਚੌਲ, ਵੇਸਣ ਦੀਆਂ ਪਿੰਨੀਆਂ ਦਾ ਜ਼ਾਇਕਾ ਇੱਕੋ ਥਾਂ ਮਿਲ ਰਿਹਾ। 
ਪੰਜਾਬ ਤਾਂ ਜਿੱਤ ਗਿਆ, ਲੀਡਰਾਂ ਦਾ ਜਿੱਤਣਾ ਬਾਕੀ ਆ।
ਆਪਾਂ ਸਾਰੇ ਸਾਦੇ ਲੰਗਰਾਂ ਦੇ ਹਮਾਇਤੀ ਆਂ। ਪਰ ਏਥੇ ਬਦਾਮਾਂ, ਪੀਜ਼ਿਆਂ, ਮਸਾਜ ਕੁਰਸੀਆਂ ਤੇ ਕੀਤਾ ਖ਼ਰਚਾ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਕੇਂਦਰ ਦੀਆਂ ਅੱਖਾਂ ‘ਚ ਰੜਕਣ ਦਾ ਜ਼ਰੀਆ ਏਹੇ।
ਮਸਲਾ ਬਿੱਲਾਂ ਦਾ ਨਹੀਂ, ਓਹ  ਵੀ ਬੈਠੇ ਜਿੰਨ੍ਹਾਂ ਕੋਲ ਓੜਾ ਪੈਲੀ ਨਹੀਂ, ਗੱਲ ਤਾਂ ਇਹ ਆ ਕਿ ਸਾਡੇ ਖੂਨ ‘ਚ ਹੀ ਦਿੱਲੀ ਤਖ਼ਤ ਨਾਲ ਲੜਨ ਦਾ ਚਾਅ ਰਹਿੰਦਾ। ਇੱਕ ਤੇਰੀ ਅੜ ਭੰਨਣੀ, ਲੱਸੀ ਪੀਣ ਦਾ ਸ਼ੌਂਕ ਨਾ ਕੋਈ।
ਹੁੱਡੀਆਂ ਦੀਆਂ ਕੰਗਾਰੂ ਜੇਬਾਂ ‘ਚ ਪਾਵਰਬੈਂਕ ਪਾਈ, ਸਿਹਰੇ ਬੰਨ੍ਹਕੇ ਟ੍ਰੈਕਟਰ ਤੇ ਬੈਠਕੇ ਮੁੰਡੇ ਬਾਡਰ ਵੱਲ ਨਾਅਰੇ ਮਾਰਦੇ ਜਾਂਦੇ ਨੇ ਕਿ ਲੈ ਮੋਦੀਆ ਤੇਰੇ ਪਰਾਹੁਣੇ ਆ ਗੇ। 
ਇਹ ਸਾਡੀ ਕੌਮ ਦਾ ਨਿਵੇਕਲਾਪਣ ਆ ਕਿ ਜੇ ਮੋਦੀ ਦੀ ਸੱਚੀਂ ਕੋਈ ਕੁੜੀ ਹੁੰਦੀ ਫੇਰ ਕੁੜੀ ਨੂੰ ਕਿਸੇ ਟਾਰਗੇਟ ਨਹੀਂ ਕਰਨਾ ਸੀ।
ਫੇਰ ਕਿਸੇ ਪਰਾਹੁਣੇ ਨਹੀਂ ਬਨਣਾ ਸੀ।
ਲਗਾਤਾਰ ਕੱਠ ਵੱਧ ਰਿਹਾ। ਸਰਹੰਦ ਸਭਾ ਤੋਂ ਲੋਕ ਸਿੱਧੇ ਏਧਰ ਆ ਰਹੇ ਨੇ। ਆਗੂ ਤਕੜੇ ਰਹਿਣ....ਪੰਜਾਬ ਤਾਂ ਫਾਨੇ ਅੰਗੂ ਅੜਿਆ ਖੜ੍ਹਾ.....ਘੁੱਦਾ

No comments:

Post a Comment