Sunday 7 February 2021

ਸ਼ੰਭੂ ਮੋਰਚਾ ਪੰਜਾਬ

ਪੰਜਾਬ ਦੇ ੨੨ ਜ਼ਿਲ੍ਹੇ ਆ ਤੇ ੩੧ ਕਿਸਾਨ ਯੂਨੀਅਨਾਂ ਬਣੀਆਂ ਵਈਆਂ। 
ਸ਼ੰਭੂ ਧਰਨੇ ਨੂੰ ਮੱਤਾਂ ਦੇਣ ਤੋਂ ਪਹਿਲਾਂ ਏਹਨ੍ਹਾਂ ਨੂੰ ਆਵਦੀ ਪੀੜ੍ਹੀ ਥੱਲੇ ਸੋਟਾ ਫੇਰ ਲੈਣਾ ਚਾਹੀਦਾ। ਝੰਡੇ ਤੋਂ ‘ਭਾਰਤੀ ਕਿਸਾਨ ਯੂਨੀਅਨ’ ਲਕਬ ਲਾਹਕੇ ਪੰਜਾਬ ਲਾਓਣਾ ਪੈਣਾ। 
ਆਪਾਂ ਨਹੀਂ ਕਹਿੰਦੇ ਕਿ ਦੀਪ ਸਿੱਧੂ ਪੰਜਾਬ ਨੂੰ ਹੱਕ ਦਵਾਊ ਜਾਂ ਓਹ ਸਿਰੇ ਸੱਟ ਬੰਦਾ। ਏਸ ਗੱਲ ਦਾ ਨਬੇੜਾ ਸਮਾਂ ਕਰੂ।
ਪਰ ਕਿਸਾਨ ਯੂਨੀਅਨਾਂ ਆਲੇ ਕਈ ਦਿਨਾਂ ਤੋਂ ਦੀਪ ਸਿੱਧੂ ਤੇ ਤਵਾ ਧਰੀ ਬੈਠੇ। ਕਿਓਕਿਂ ਪੰਜਾਬ ਦੇ ਹੱਕਾਂ ਦੀ ਗੱਲ ਕਰਦਿਆਂ ਓਹਦੀ ਜ਼ੁਬਾਨ ਤੇ ਸੰਤ ਜਰਨੈਲ ਸਿੰਘ ਹੋਣਾਂ ਦਾ ਨਾਂ ਆਓਂਦਾ। 
ਸ. ਅਜਮੇਰ ਸਿੰਘ ਹੋਣਾਂ ਨੇ ਬੜੀ ਸੋਹਣੀ ਗੱਲ ਆਖੀ ਕਿ ਜਦੋਂ ਵੀ ਪੰਜਾਬ ਤੇ ਭੀੜ ਪਊ ਸੰਤਾਂ ਦਾ ਜ਼ਿਕਰ ਹੋਣਾ ਈ ਹੋਣਾ। ਓਹਨ੍ਹਾਂ ਦਾ ਨਾਂ ਆਓਂਦਿਆਂ ਈ ਮੁੰਡਿਆਂ ਦਾ ਜੋਸ਼ ਦੇਖਣ ਆਲਾ ਹੁੰਦਾ।
ਯੂਨੀਅਨਾਂ ਆਲੇ ਵਾਰ ਵਾਰ ਕਹਿ ਰਹੇ ਕਿ ਸਾਡੇ ਕੋਲ ਲੋਕ ਘੋਲਾਂ ਦਾ ਚਾਲੀ ਪੰਜਾਹ ਸਾਲ ਦਾ ਤਜਰਬਾ। ਚੰਗੀ ਗੱਲ ਆ, ਪਰ ਨਵਾਂ ਬੰਦਾ ਰਾਇ ਦੇਵੇ ਤਾਂ ਮੰਨ ਲੈਣੀ ਚਾਹੀਦੀ। ਨਾਂ ਵੀ ਮੰਨੋ, ਪਰ ਭੰਡੋ ਨਾ। 
45 ਸਾਲ ਦਾ ਬਾਬਾ ਸੋਹਣ ਸਿੰਘ ਭਕਨਾ ਵੀ 18 ਸਾਲ ਦੇ ਜਵਾਨ ਸਰਾਭੇ ਦੀ ਅਗਵਾਈ ਜਾਂ ਸਲਾਹ ਨਾਲ ਚੱਲ ਰਿਹਾ ਸੀ।
ਮੀਡੀਆ ਫੁੱਟ ਪਾਊ ਕੈਪਸ਼ਨਾਂ ਪਾਕੇ ਵੀਡਿਓਜ਼ ਪਾ ਰਿਹਾ ਕਿ ਲੱਖਾ ਸਿਧਾਣਾ ਤੇ ਦੀਪ ਸਿੱਧੂ ਪਾਟੇ। ਨਹੀਂ, ਲੱਖਾ ਸਿਧਾਣਾ ਬਠਿੰਡੇ ਧਰਨੇ ਤੇ ਹੁੰਦਾ ਤੇ ਏਹ ਗੱਲ ਮੰਨਦਾ ਕਿ ਦੀਪ ਸਿੱਧੂ ਦਾ ਰਾਹ ਤੇ ਮੰਗਾਂ ਸਹੀ ਨੇ।
ਹੁਣ ਕੰਮ ਆਪਣਾ, ਲੜਨਾ, ਸੜਕਾਂ ਤੇ ਬਹਿਣਾ। ਕਈ ਬੰਦੇ ਕਹਿੰਦੇ ਬਿੱਲ ਬੁੱਲ ਨਹੀਂ ਮੁੜਦੇ। ਯਾਦ ਰੱਖੋ, ਸੂਆ ਟੁੱਟਾ ਹੋਵੇ ਤਾਂ ਪਹਿਲਾਂ ਝਾਫੇ ਸਿੱਟੇ ਜਾਂਦੇ ਪਾੜ ਤੇ। ਫੇਰ ਗੱਟੇ ਲਾਕੇ ਸੂਆ ਬੰਨ੍ਹਿਆ ਜਾਂਦਾ ਤੇ ਬੰਨ੍ਹ ਵੱਜ ਜਾਂਦਾ ਤੇ ਜੇ ਉੱਦਮ ਨਾ ਕਰੀਏ ਫੇਰ ਪਾੜ ਤੇ ਨੁਕਸਾਨ ਵਧਦਾ ਜਾਂਦਾ। ਉੱਠੋ ਸਿੱਖੋ...ਬਾਬਾ ਭਲੀ ਕਰੂ.....ਘੁੱਦਾ

No comments:

Post a Comment