Sunday 7 February 2021

ਦੀਪ ਸਿੱਧੂ ਸ਼ੰਭੂ ਮੋਰਚਾ

1984 ਤੋਂ ਬਾਅਦ ਕੌਮ ਨੂੰ ਕੋਈ ਆਗੂ ਨਹੀਂ ਮਿਲਿਆ।।
ਓਦੋਂ ਤੋਂ ਕੰਧਾਂ ‘ਚ ਵੱਜਦੇ ਫਿਰਦੇ ਆਂ। 
ਬਾਦਲ ਦੇ ਭਤੀਜੇ ਨੇ ਖੜਕੜ ਕਲਾਂ ਸਹੁੰ ਚੱਕੀ, ਜਲ੍ਹਿਆਂ ਵਾਲੇ ਬਾਗ ਮਿੱਟੀ ਕੱਢ, ਕੇਸਰੀ ਪੱਗ ਬੰਨ੍ਹੀ। 
ਜਵਾਨੀ ਨੇ ਓਹਦੇ ਪਤੰਗ ਪਿੱਛੇ ਬਥੇਰੀ ਡੋਰ ਛੱਡੀ। ਓਹ ਹਾਰਿਆ ਤੇ ਮੋਤੀ ਮਹਿਲੀਏ ਦੀ ਗੱਡੀ ਦਾ ਡਰੈਵਰ ਬਣ ਗਿਆ। 
ਆਮ ਆਦਮੀ ਤੋਂ ਆਸ ਬੱਝੀ। ਝੰਡੇ, ਟੋਪੀਆਂ, ਲੀਰਾਂ ਪਿੱਛੇ ਮੋਟਰਸੈਕਲ ਭੰਨੇ। ਬਹੁਕਰ ਨੂੰ ਝਾੜੂ ਕਹਿਣਾ ਸਿੱਖੇ। ਜਵਾਨੀ ਨਿਰਾਸ਼ ਹੋਈ, ਤਾਹਨੇ ਮਿਹਣੇ ਸੁਣੇ,” ਹੋਰ ਫਿਰ ਕਿਹੜਾ ਬਣੂੰ ਮੁੱਖ ਮੰਤਰੀ ਆਮ ਆਦਮੀ ਦਾ?”
ਅਸਲ ‘ਚ ਅਸੀਂ ਵੋਟਾਂ ਨਹੀਂ ਪਾਓਂਦੇ। ਸੱਟਾ ਖੇਡਦੇ ਆਂ। ਕਿ ਚੱਲ ਆਹ ਨਹੀਂ ਤਾਂ ਆਹ ਸਹੀ।
ਸਾਡਾ ਸਿੱਧਾ ਹਸਾਬ ਕਿ ਜਿੱਥੋਂ ਪੰਥ, ਪੰਜਾਬ ਦਾ ਭਲਾ ਦਿਸਦਾ ਓਧਰ ਨੂੰ ਭੱਜੀਦਾ। 
ਕਿਤੇ ਅੰਬ ਸਾਹਬ ਮੋਰਚੇ ਤੇ ਪਹੁੰਚੇ, ਕਿਤੇ ਬਾਪੂ ਸੂਰਤ ਸਿੰਘ ਦੀ ਗੱਲ ਕੀਤੀ। ਕਦੇ ਬਰਗਾੜੀ ਦੇ ਮਹਾਨ ਇਕੱਠ ‘ਚੋੰ ਦੁਖੀ ਹੋਕੇ ਮੁੜੇ। 
ਅੱਜ ਸੜਕਾਂ, ਟੌਲਾਂ, ਮਾਲਾਂ, ਲੀਹਾਂ ਤੇ ਬੈਠਾ ਹਰੇਕ ਬੰਦਾ ਸੂਰਮਾ ਜਿਹੜਾ ਕਿਸੇ ਵੀ ਤਰੀਕੇ ਲੜ ਰਿਹਾ।
ਸਾਡੇ ਕਈ ਬੰਦੇ ਕਹਿੰਦੇ ਲੱਖਾ ਤੇ ਦੀਪ ਟਿਕਟ ਟੁਕਟ ਲੈਣਗੇ। 
ਤੇ ਲੈ ਲੈਣਦੋ ਟਿਕਟ, ਕੀ ਇਤਰਾਜ਼ ਆ ਭਰਾ?
ਜੇ ਡੈਮੋਕਰੇਸੀ, ਵੋਟਾਂ ਤੇ ਯਕੀਨ ਕਰਦੇ ਓਂ ਤਾਂ ਲੈਣਦੋ ਟਿਕਟਾਂ। ਸੱਟਾ ਈ ਸਹੀ, ਏਹਨ੍ਹਾਂ ਤੇ ਖੇਡਲੋ।
ਪੰਜਾਬ ਦੀ ਹੱਦ ਤੇ ਦਿੱਲੀ ਨੂੰ ਜਾਂਦੇ ਰਾਹ ਤੇ ਦੀਪ ਸਿੱਧੂ ਮੋਰਚਾ ਗੱਡੀ ਬੈਠਾ।
ਦੋ ਤਿੰਨ ਅਸੀਂ ਏਸੇ ਮੋਰਚੇ ‘ਚ ਲਾਏ। ਜੇ ਏਹੀ ਸੋਚ ਜਾਂ ਗੱਲ ਹੋਰ ਕੋਈ ਆਗੂ ਕਰਦਾ ਤਾਂ ਅਸੀਂ ਫੇਰ ਵੀ ਏਥੇ ਹੋਣਾ ਸੀ।
ਦਿਨ ‘ਚ ਵੀਹ ਵੀਹ ਘੰਟੇ ਕੰਮ ਕਰ ਰਿਹਾ। ਜਜ਼ਬਾਤੀ ਤੇ ਭਾਵੁਕ ਬੰਦਾ, ਗੱਲ ਕਰਦਾ ਰੋਣਹੱਕਾ ਹੋ ਜਾਂਦਾ। ਸਾਰੇ ਪੰਜਾਬ ‘ਚੋਂ ਮੁੰਡੇ ਹਜ਼ਾਰਾਂ ਸਵਾਲ ਲੈਕੇ ਆਓਂਦੇ ਨੇ, “ਬਾਈ ਤੂੰ ਹੁਣ ਭੱਜੀ ਨਾਂ, ਤੈਥੋਂ ਆਸ ਆ”।ਓਹ ਸਹਿਜਤਾ ਨਾਲ ਜਵਾਬ ਦਿੰਦਾ। ਦਿਹਾੜੀ ਦੀਆਂ ਪੰਜ ਪੰਜ ਇੰਟਰਵਿਊਆਂ ਕਰਦਾ। ਤਿੰਨ ਚਾਰ ਘੰਟੇ ਸੌਂਦਾ।
ਕਿਸੇ ਬੰਦੇ ਦੇ ਫੈਨ, ਭਗਤ , ਪੱਖੇ ਨਾ ਬਣੋ। ਅੱਜ ਓਹ ਪੰਜਾਬ ਦੀ ਗੱਲ ਕਰ ਰਿਹਾ,ਜਿੰਨਾ ਚਿਰ ਕਰੂ ਓਹਦੇ ਨਾਲ ਖੜ੍ਹਾਂਗੇ। ਸਾਡੇ ਬਹੁਤੇ ਬੰਦੇ ਫੇਸਬੁੱਕ ਤੇ ਲਿਖਕੇ RSS ਦਾ ਲੇਬਲ ਲਾ ਰਹੇ ਨੇ। 
ਦੀਪ ਸਿੱਧੂ ਕੱਲ੍ਹ ਨੂੰ ਬਸ਼ੱਕ RSS ਦਾ ਬੰਦਾ ਨਿੱਕਲ ਆਵੇ ਪਰ ਤਾਂ ਵੀ ਓਹ ਪੰਜਾਬ ਦਾ ਓਨਾ ਨੁਕਸਾਨ ਨਹੀਂ ਕਰ ਸਕਦਾ ਜਿੰਨਾਂ ਥੋਡੇ ਚਹੇਤੇ ‘ਪੰਥ ਰਤਨ’ ਨੇ ਕੀਤਾ।
ਆਪਣਾ ਸਾਰਿਆਂ ਦਾ ਜਾਣਾ ਬਣਦਾ ਓਥੇ....ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਹੋਣਾਂ ਵੰਗੂ ਜੰਗ ਜਿੱਤਣ ਤੋਂ ਪਹਿਲਾਂ ਇਹ ਦੱਸਣ ਲਈ ਲੜੀਏ ਕਿ ਮਰੇ ਨਹੀਂ, ਅਸੀਂ ਹਜੇ ਹੈਗੇ ਆਂ..ਬੈਸ....ਘੁੱਦਾ

No comments:

Post a Comment