Sunday 7 February 2021

ਲੰਗਰ

ਪਿਛਲੇ ਸਾਲ ਅਪ੍ਰੈਲ ਮਹੀਨੇ ਗਰਮੀ ਨਾਲ ਸੜਦੇ ਭੁੱਜਦੇ ਮੁੜ੍ਹਕੋ ਮੁੜ੍ਹਕੀ ਹੋਏ ਓੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਰੇਲ ਉੱਤਰਕੇ ਸ਼ਟੇਸ਼ਨ ਤੋਂ ਬਾਹਰ ਗਏ ਤਾਂ ਸਾਹਮਣੇ ਛਬੀਲ ਲੱਗੀ ਵੇਖੀ। ਕਿਸੇ ਕਾਲਜ ਦੇ ਮੁੰਡਿਆਂ ਜਲਜ਼ੀਰੇ ਦੀ ਛਬੀਲ ਲਾਈ ਸੀ। ਦੋ ਦੋ ਗਲਾਸ ਪਾਣੀ ਪੀਕੇ ਤੁਰਨ ਲੱਗਿਆਂ ਮੈਂ ਧੰਨਵਾਦ ਕੀਤਾ। ਮੂਹਰੇ ਵਧਕੇ ਮੁੰਡਾ ਕਹਿੰਦਾ ,”ਧਨਿਆਵਾਦ ਕੈਸਾ ਸਰਦਾਰ ਜੀ, ਯੇਹ ਸਭ ਆਪ ਹੀ ਸੇ ਤੋ ਸੀਖਾ ਹੈ”।
ਲੰਗਰ ਦੋ ਫੁਲਕੇ, ਦਾਲ ਹੀ ਨਹੀਂ। ਸਾਡੀ ਪਛਾਣ ਆ। 
ਦਿੱਲੀ ਧਰਨੇ ਤੋਂ ਪਹਿਲਾਂ ਅਸੀਂ ਪਟਨਾ ਸਾਹਿਬ ਵੱਲ ਚਲੇ ਗਏ ਗੁਰੂ ਗੋਬਿੰਦ ਸਿੰਘ ਮਾਰਗ ਤੇ ਸਫਰ ਕਰਨ ਲਈ। ਬਨਾਰਸ ਬੰਦਾ ਮਿਲਿਆ। ਖਾਲਸਾ ਏਡ ਦੀ ਟੀ ਸ਼ਰਟ ਤੇ ਛਪਿਆ ਖੰਡਾ ਦੇਖ ਗੱਲੀਂ ਪੈ ਗਿਆ। ਕਹਿੰਦਾ ,”ਪੰਜਾਬ ਤੋ ਕਭੀ ਨਹੀਂ ਗਿਆ, ਲੇਕਿਨ ਏਕ ਬਾਰ ਚਾਂਦਨੀ ਚੌਂਕ ਬੜੇ ਗੁਰਦੁਆਰੇ ਮੇਂ ਆਪ ਜੈਸੇ ਲੋਗੋਂ ਨੇ ਮੁਝੇ ਖਾਣੇ ਕੋ ਦੀਆ ਥਾ।”
ਏਥੇ ਪਟਨਾ ਸਾਹਿਬ ਕਥਾਵਾਚਕ ਗਿਆਨੀ ਸੁਖਦੇਵ ਸਿੰਘ ਨੇ ਬੜੀ ਕਮਾਲ ਗੱਲ ਦੱਸੀ। ਕਹਿੰਦੇ ਜਦੋਂ ਗੋਲਕ ਖੋਲ੍ਹਦੇ ਆਂ ਤਾਂ ਕੋਈ ਬਹੁਤੀ ਮਾਇਆ ਨਹੀਂ ਨਿੱਕਲਦੀ। ਕਬੀਲਦਾਰ ਬੰਦਾ ਮੱਥਾ ਟੇਕਣ ਲੱਗਾ ਛੋਟੇ ਤੋਂ ਛੋਟਾ ਨੋਟ ਕੱਢਦਾ। ਪਰ ਮਹਾਰਾਜ ਦੇ ਘਰ ਕਦੇ ਕਾਸੇ ਦੀ ਤੋਟ ਨਹੀਂ ਆਈ, ਅਤੁੱਟ ਵਰਤਦਾ। 
ਰਾਤ ਬਕਸਰ ਗੁਰੂ ਘਰ ਪੁੱਜੇ। 84 ਤੋਂ ਬਾਅਦ ਨੱਬੇ ਫੀਸਦੀ ਸਿੱਖ ਏਹਨ੍ਹਾਂ ਸ਼ਹਿਰਾਂ ‘ਚੋਂ ਪੰਜਾਬ ਚਲੇ ਗਏ। ਦਸਵੇਂ ਪਾਤਸ਼ਾਹ ਆਰੇ ਤੋਂ ਬਕਸਰ ਆਏ ਸੀ। ਓਹ ਇਤਿਹਾਸਿਕ ਥਾਂ 84 ਵੇਲੇ ਢਾਹ ਤੇ ਸੀ। ਲੰਮਾ ਵਿਸ਼ਾ, ਕਦੇ ਫੇਰ ਸਹੀ, ਬੜਾ ਕੁਛ ਦੱਸਣ ਆਲਾ। 
ਰਾਤ ਬਕਸਰ ਆਕੇ ਬਾਬਾ ਜੀ ਨੂੰ ਕਿਹਾ ਕਿ ਲੰਗਰ ਬਾਹਰੋਂ ਛਕਾਂਗੇ, ਬੱਸ ਗੁਰੂ ਘਰ ਰਾਤ ਰਹਿਣਾ। ਦੋਹੇਂ ਹੱਥ ਜੋੜ ਬਾਬੇ ਕਿਹਾ, ਪ੍ਰਸ਼ਾਦਾ ਬਾਹਰੋਂ ਕਿਓਂ ਅਸੀਂ ਬੈਠੇ ਆਂ।
ਦਿੱਲੀ ਲੰਗਰ ਦੀਆਂ ਫੋਟੋਆਂ ਦੇਖੀਆਂ। ਬਦਾਮ ਵਰਤ ਰਹੇ। ਮਹਾਰਾਜ ਨੇ ਬੜਾ ਕੁਛ ਦਿੱਤਾ ਪੰਜਾਬ ਨੂੰ....ਲੰਗਰ ਕਰਕੇ ਹੀ ਅਸੀਂ ਹਾਂ...ਪਹੁੰਚੋ ਦਿੱਲੀ...ਪੰਜ ਸੱਤ ਦਿਨ ਤੱਕ ਅਸੀਂ ਵੀ ਆਏ ਲਓ....ਘੁੱਦਾ

No comments:

Post a Comment