Sunday 7 February 2021

ਚੱਕ ਫ਼ਤਿਹ ਸਿੰਘ ਵਾਲਾ

ਪੰਜ ਤੀਰ ਤੇ ਪੱਚੀ ਸਿੰਘ ਲੈਕੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਵਧਿਆ। ਜਿੱਥੋਂ ਜਿੱਥੋਂ ਦੇ ਬੰਦੇ ਸਿੱਖ ਪੰਥ ਨਾਲ ਜੁੜੇ ਸੀ ਗੁਰੂ ਸਾਹਬ ਨੇ ਓਹ ਅਡਰੈੱਸ ਸਿਰਨਾਵੇਂ ਬੰਦਾ ਸਿੰਘ ਨੂੰ ਦਿੱਤੇ ਸੀ। ਓਹਨ੍ਹਾਂ ਮੁਤਾਬਕ ਬੰਦਾ ਸਿੰਘ ਨੇ ਪੰਜਾਬ ‘ਚ ਸੰਗਤ ਨੂੰ ਹੁਕਮਨਾਮੇ ਘੱਲੇ। ਭੁੱਚੋ ਨੇੜਲੇ ਪਿੰਡ ਦੀ ਸੰਗਤ ਗੁਰੂ ਰਾਮਦਾਸ ਜੀ ਦੇ ਵੇਲੇ ਤੋਂ ਸਿੱਖ ਪੰਥ ਨਾਲ ਜੁੜੀ ਸੀ। 
ਏਸ ਨਗਰ ਦੇ ਸੂਰਮੇ ਫਤਹਿ ਸਿੰਘ ਨੇ ਬਾਬਾ ਬੰਦਾ ਸਿੰਘ ਨਾਲ ਰਲਕੇ ਚੰਗੀ ਤਲਵਾਰ ਵਾਹੀ। ਸਮਾਣੇ ਦੀ ਜਿੱਤ ਮਗਰੋਂ ਫਤਹਿ ਸਿੰਘ ਨੂੰ ਓਥੋਂ ਦਾ ਹਾਕਮ ਥਾਪਿਆ। 
ਵਜ਼ੀਰ ਖਾਨ ਨਾਲ ਚੱਪੜਚਿੜੀ ਦੇ ਥਾਂ ਤੇ ਪੰਜਾ ਲੜਾਇਆ। ਘੋੜੇ ਦੀਆਂ ਰਕਾਬਾਂ ਤੇ ਖੜੋ ਕੇ ਫਤਹਿ ਸਿੰਘ ਨੇ ਤਲਵਾਰ ਦਾ ਭਰਵਾਂ ਵਾਰ ਕੀਤਾ, ਵਜ਼ੀਰ ਖਾਨ ਦੇ ਸੱਜੇ ਮੋਢੇ ਤੇ ਵਾਰ ਕਰਕੇ ਤਲਵਾਰ ਖੱਬੀ ਵੱਖੀ ਕੋਲੋਂ ਨਿੱਕਲੀ ਤੇ ਵਜ਼ੀਰੇ ਦੇ ਦੋ ਟੋਟੇ ਕੀਤੇ। ਪਿੱਛੇ ਜੇ ਕਿਸੇ ਕਾਲੀ ਲੀਡਰ ਨੇ ਚਵਲ ਮਾਰੀ ਸੀ ਕਿ ਬਾਦਲ ਦੇ ਵੱਡੇ ਵਡੇਰੇ ਨੇ ਵਜ਼ੀਰ ਖਾਨ ਦਾ ਕਤਲ ਕੀਤਾ ਸੀ। ਅਸਲ ‘ਚ ਸੁਰਿੰਦਰ ਕੌਰ ਬਾਦਲ ਦੇ ਵੱਡੇ ਵਡੇਰੇ ਫਤਹਿ ਸਿੰਘ ਸਨ। 
ਖੈਰ। ਜਦੋਂ ਗੁਰੂ ਸਾਹਬ ਤਲਵੰਡੀ ਸਾਬੋ ਸਨ, ਓਦੋਂ ਫਤਹਿ ਸਿੰਘ ਦੀ ਬੇਨਤੀ ਤੇ ਗੁਰੂ ਸਾਹਬ ਜੇਠ ਮਹੀਨੇ ਸੱਤ ਦਿਨ ਏਸ ਪਿੰਡ ਆਏ ਸੀ। ਭਾਗੂ, ਬਠਿੰਡਾ ਕਿਲ੍ਹਾ ਹੋਕੇ ਤਲਵੰਡੀ ਮੁੜੇ ਸੀ।
ਚੂਨੇ, ਇੱਟਾਂ ਦਾ ਬਣਿਆ ਗੁਰੂ ਘਰ ਢਾਹਕੇ, ਇਤਿਹਾਸਿਕ ਬੇਰੀ ਪੱਟ ਦਿੱਲੀ ਕਾਰ ਸੇਵਾ ਵਾਲਿਆਂ ਨੇ ਏਥੇ ਨਵਾਂ ਗੁਰੂ ਘਰ ਬਣਾਇਆ। SGPC ਸਾਂਭਦੀ ਹੁਣ। 
ਗੁਰੂ ਸਾਹਬ ਦੇ ਕੱਪੜੇ, ਦਸਤਾਰ, ਫਤਹਿ ਸਿੰਘ ਦੀ ਤਲਵਾਰ ਤੇ ਹੋਰ ਅਣਮੁੱਲਾ ਸਮਾਨ ਪਿਆ ਏਥੇ। ਓਸ ਕਮਰੇ ਦੀ ਛੱਤ ਜਿਓਂ ਤਿਓਂ ਖੜ੍ਹੀ ਜਿੱਥੇ ਗੁਰੂ ਸਾਹਬ ਸੱਤ ਦਿਨ ਰਹਿੰਦੇ ਰਹੇ। ਕਰਿਓ  ਕਦੇ  ਦਰਸ਼ਨ ਪਿੰਡ 'ਚੱਕ ਫਤਹਿ ਸਿੰਘ ਵਾਲਾ'.....ਘੁੱਦਾ

2 comments:

  1. ਇਤਿਹਾਸ ਦੀ ਅਨਮੋਲ ਜਾਣਕਾਰੀ

    ReplyDelete
  2. Bai mera pind chak fateh singh sala hi aa... But information ch thodi g correction honi chaidi aa... Sorry to say that.... Blessed

    ReplyDelete