Tuesday 29 October 2013

ਜਿੱਥੇ ਮਰਜ਼ੀ ਭੱਜ ਕਿਸਾਨਾ

ਜੇ ਬੇਬੇ ਮੈਂ ਸ਼ਾਹੂਕਾਰ ਬਣ ਗਿਆ
ਧਾਗੇ ਆਲੀ ਵਹੀ ਲਿਆਵਾਂਗੇ
ਬੈੱਡ ਤੇ ਚਿੱਟੇ ਗੋਲ ਸਿਰਾਣੇ ਲਾਕੇ
ਵਿਆਜ ਡੂਢ ਰੁਪਇਆ ਲਾਵਾਂਗੇ
ਮਾਤਾ ਰਾਣੀ ਦੀ ਫੋਟੋ ਲਾਉਣੀ
ਪੂਜਣਾ ਕੋਈ ਗੈਰ ਨਹੀਂ
ਜਿੱਥੇ ਮਰਜ਼ੀ ਭੱਜ ਕਿਸਾਨਾ ਤੇਰੀ ਖੈਰ ਨਹੀਂ

ਜੇ ਬੇਬੇ ਮੈਂ ਡਾਕਟਰ ਬਣ ਗਿਆ
ਜਨਤਾ ਦਾ ਗਲ ਵੱਢਾਂਗੇ
ਲੋਕ ਆਪਾਂ ਨੂੰ ਰੱਬ ਕਹਿਣਗੇ
ਆਪਾਂ ਚੋਰਿਓਂ ਗੁਰਦੇ ਕੱਢਾਂਗੇ
ਦੋ ਨੰਬਰ ਦੇ ਪੈਸੇ ਅਰਗੀ ਮਾਤਾ
ਕਿਧਰੇ ਲਹਿਰ ਨਹੀਂ
ਜਿੱਥੇ ਮਰਜ਼ੀ ਭੱਜ ਕਿਸਾਨਾ ਤੇਰੀ ਖੈਰ ਨਹੀਂ

ਜੇ ਬੇਬੇ ਮੈਂ ਪਟਵਾਰੀ ਬਣ ਗਿਆ
ਮੇਜ਼ ਥੱਲਿਓਂ ਦੀ ਹੱਥ ਮਿਲਾਵਾਂਗੇ
ਕਰ ਜਮਾਂਬੰਦੀ ਦਾ ਨਕਲ ਉਤਾਰਾ
ਪੂਰਾ ਦੋ ਸੌ ਬੋਝੇ ਪਾਵਾਂਗੇ
ਜੱਟ ਬੂਟ ਊਂ ਭਾਈ ਕਹਿਣ ਨੂੰ
ਏਹਨਾਂ ਦੇ ਨਾਲ ਵੈਰ ਨਹੀਂ
ਜਿੱਥੇ ਮਰਜ਼ੀ ਭੱਜ ਕਿਸਾਨਾ ਤੇਰੀ ਖੈਰ ਨਹੀਂ

ਜੇ ਬੇਬੇ ਮੈਂ ਪੱਤਰਕਾਰ ਬਣ ਗਿਆ
ਗੱਲ ਰਲਮੀਂ ਮਿਲਮੀਂ ਛਾਪਾਂਗੇ
ਦਾਹੜੀਆਂ ਆਲੇ ਖੂੰਜੇ ਲਾਕੇ
ਬਹੁਗਿਣਤੀ ਨੂੰ ਸੱਚਾ ਆਖਾਂਗੇ
ਸ਼ਹਿ ਸਰਕਾਰੀ ਬਿਨਾਂ ਤਾਂ ਘੁੱਦਿਆ
ਗਲ ਪੈ ਸਕਦਾ ਟੈਰ ਨਹੀਂ
ਜਿੱਥੇ ਮਰਜ਼ੀ ਭੱਜ ਕਿਸਾਨਾ ਤੇਰੀ ਖੈਰ ਨਹੀਂ.....ਘੁੱਦਾ

ਘਰ ਕਦੇ ਨਹੀਂ ਪੁੱਛੀਦੇ

ਗੱਲ ਪੁੱਜੀ ਪਾਰ ਝਨਾਬਾਂ ਤੋਂ
ਤਾਂ ਫਿਕਰ ਹੋਇਆ ਮਹੀਵਾਲਾਂ ਨੂੰ
ਮਲ੍ਹਮ ਲਕੋ ਕੇ ਜਖਮੀ ਤੋਂ
ਹੁਣ ਪੁੱਛਣ ਉਹਦੇ ਹਾਲਾਂ ਨੂੰ
ਰੂਹ ਮਿਲੇ ਬਿਨਾਂ ਕੌਣ ਖਵਾਉਦਾਂ
ਚੀਰ ਪੱਟ ਦਿਆ ਮਾਸਾਂ ਨੂੰ
ਘਰ ਕਦੇ ਨਹੀਂ ਪੁੱਛੀਦੇ ਸਾਧਾਂ ਤੇ ਟੱਪਰੀਵਾਸਾਂ ਨੂੰ

ਕਦੇ ਫੱਕਰ ਚੁਗਲੀ ਕਰਦੇ ਨਾ
ਨਾ ਡਿੱਗੇ ਗੱਲ ਅਸਮਾਨਾਂ ਤੋਂ
ਪੁੰਗਰੇ ਬੀਹ ਵੰਗੂ ਭੇਤ ਉੱਘੜਦੇ
ਗੱਲ ਗੁੱਝੀ ਨਾ ਰਹੇ ਜ਼ੁਬਾਨਾਂ ਤੋਂ
ਪੁੱਛੋ ਸੱਥਰ ਤੇ ਬੈਠਣ ਵਾਲੇਆਂ ਤੋਂ
ਹੁਣ ਕੀ ਕਰਨਾ ਧਰਵਾਸਾਂ ਨੂੰ
ਘਰ ਕਦੇ ਨਹੀਂ ਪੁੱਛੀਦੇ ਸਾਧਾਂ ਤੇ ਟੱਪਰੀਵਾਸਾਂ ਨੂੰ

ਸਾਨੂੰ ਜਾਤ ਕਜ਼ਾਤ ਬੁਲਾਉਂਦੇ ਰਹੇ
ਰਹੇ ਧੂੰਹਦੇ ਫੜ੍ਹਕੇ ਕੇਸਾਂ ਤੋਂ
ਤੇਰਾ ਬਾਣਾ ਵੇਚਣ ਵਾਲਿਆਂ ਦੀ
ਹੁਣ ਪਛਾਣ ਨਾ ਆਉਂਦੀ ਵੇਸਾਂ ਤੋਂ
ਕਿਓਂ ਲੀੜੇ ਲਹਾ ਕੇ ਦੇਂਹਦੇ ਨੇ
ਹੁਣ ਪਿੰਡੇ ਛਪੀਆਂ ਲਾਸਾਂ ਨੂੰ
ਘਰ ਕਦੇ ਨਹੀਂ ਪੁੱਛੀਦੇ ਸਾਧਾਂ ਤੇ ਟੱਪਰੀਵਾਸਾਂ ਨੂੰ....ਘੁੱਦਾ

Wednesday 23 October 2013

ਰਾਵਣ ਦੇ ਵਿਆਹ ਤੇ

ਲੰਕਾ ਆਲੇ ਰਾਵਣ ਦੇ ਵਿਆਹ ਦੀ ਗੱਲ ਆ ਪਰਾਣੀ। ਰਾਵਣ ਦੀ ਜੰਨ ਐਧਰ ਪੰਜਾਬ 'ਚ ਈ ਆਉਣੀ ਸੀਗੀ ਕਾਵਾਂ ਆਲਾ ਪੱਤਣ ਨੰਘਕੇ।
ਕੀ ਹੋਇਆ ਤੇ ਵਿਆਹ ਆਲੇ ਦਿਨ ਤੜਕੇ ਸੰਦੇਹਾਂ ਰਾਵਣ ਨੂੰ ਖਾਰੇ ਨਵਾਉਣ ਲਾਗੇ । ਬਟਣਾ ਬੁਟਣਾ ਮਲ ਬੁਰੇ ਹਾਲ। ਨਾਈ ਨੇ ਦਸੇ ਸਿਰਾਂ ਤੇ ਦਹੀਂ ਪਾ ਪਾ ਕੇਸੀ ਨਵਾਇਆ , ਨਾਈ ਸਾਹੋ ਸਾਹੀ ਹੋਇਆ ਫਿਰੇ। ਮੁੜਕੇ ਰਾਵਣ ਦੇ ਮਾਮੇ ਨੇ ਅੱਡੋ ਅੱਡੀ ਸਿਰਾਂ ਤੋਂ ਸਰਬਾਰਨਾ ਕਰਕੇ ਲਾਹ ਲਿਆ ਏਹਨੂੰ। ਰਾਬਣ ਦੇ ਸ਼ੇਰਬਾਨੀ ਪਾਈ ਬਈ, ਫੁੱਲ ਅੜਬ ਕੰਮ। ਰਾਵਣ ਕਹਿੰਦਾ ਪਰਧਾਨ ਬਾਹਲੀ ਬਾਟ ਜਾਣਾ , ਖਿੱਚਦੋ ਕੰਮ। ਰਾਬਣ ਨੇ ਕੇਹੜਾ ਪੱਗ ਬੰਨ੍ਹਣੀ ਸੀ ਰੇਡੀਮੇਟ ਜਾ ਸਿਓਨੇ ਦਾ ਹੈਲਮਟ ਧਰ ਲਿਆ ਸਿਰਤੇ। ਫੇਰ ਰਾਵਣ ਦੀ ਗੁੰਮਟੀ ਆਲੀ ਭੈਣ ਸੇਹਰਾ ਚਾਕੇ ਆਗੀ। ਸਿਰ ਬਾਹਲੇ ਤੇ ਸਿਹਰਾ ਇੱਕ ਸੀਗਾ। ਮੋਹਤਬਰ ਬੰਦੇਆਂ ਨੇ ਸਲਾਹ ਕਰੀ ਬੀ ਮੇਨ ਮੂੰਹ ਤੇ ਵਿਚਾਲੇ ਜੇ ਕਰਕੇ ਬੰਨ੍ਹਦੋ ਸੇਹਰਾ। ਵਿੱਚੇ ਰਾਬਣ ਦੀਆਂ ਭਾਬੀਆਂ ਸੁਰਮੇਦਾਨੀਆਂ ਚੱਕੀ ਹੁਰਲ ਹੁਰਲ ਕਰਦੀਆਂ ਫਿਰਨ ਦਿਓਰ ਦੇ ਸੁਰਮਾ ਪਾਉਣ ਖਾਤਰ। ਬੀਹ ਅੱਖਾਂ ਸੀਗੀਆਂ ਰਾਬਣ ਦੀਆਂ ਪੰਦਰਾਂ ਮਿੰਟ ਲਾਗੇ ਸੁਰਮੇ ਤੇ ਈ।
ਕੁੰਭਕਰਨ ਵਰਨਾ ਗੱਡੀ ਸਜਾਈ ਫਿਰੇ ਫੁੱਲ ਫੱਲ ਲਾਕੇ , ਪੂਰਾ ਜ਼ਬਦਰ ਕੰਮ । ਕਾਰ 'ਚ ਬੈਠਣ ਲੱਗੇ ਰਾਬਣ ਦੇ ਸਿਰ ਫਸਗੇ ਭਰਾਵਾ ਤਾਕੀ 'ਚ। ਆਅਅ ਕੀ ਰਾਬਣ ਨੇ ਸੇਹਰੇ ਲਾਹਕੇ ਸੈੜ ਤੇ ਰੱਖਤੇ ਤੇ ਕੁੰਭਕਰਨ ਢਾਹ ਲਿਆ , ਅੰਬਰਸਰ ਦੇ ਲੰਗਰ ਹਾਲ ਦੀਆਂ ਥਾਲੀਆਂ ਅੰਗੂ ਖੜਕਾਟ ਪਿਆ ਪਵੇ ਕੁੰਭਕਰਨ ਅਰਗੇਆਂ ਦਾ । ਹਾਰਕੇ ਮਹਿਮੇ ਸਰਜੇ ਆਲੇ ਫੁੱਫੜ ਦੀ ਓਪਨ ਜੀਪ 'ਚ ਬਿਠਾਇਆ ਭਰਾਵਾ ਰਾਬਣ ਨੂੰ। ਐਹੇ ਜੇ ਵਿਆਹ ਸੀ ਓਦੋਂ .....ਘੁੱਦਾ

ਕੀ ਕੀ ਮਾੜਾ ਛੰਦ -2

ਦਲਾਲ ਤੇ ਤਿਜਾਅ ਮਾੜਾ, ਖੇਡ 'ਚ ਰਲਾਅ ਮਾੜਾ
ਬੀੜ ਲਾਗੇ ਰਾਹ ਮਾੜਾ, ਰਾਤ ਨੂੰ ਨਹੀਂ ਜਾਈਦਾ

ਘਰ ਦਾ ਖੁਲਾਸਾ ਮਾੜਾ, ਕਿਰਤੀ ਨੂੰ ਕਾਸਾ ਮਾੜਾ
ਦੁਖੀਏ ਤੇ ਹਾਸਾ ਮਾੜਾ, ਮਖੌਲ ਨਹੀਂ ਉਡਾਈਦਾ

ਗੁਸੈਲ ਕੋਲ ਸੰਦ ਮਾੜਾ, ਆਗੂ ਜੇਲ੍ਹ ਬੰਦ ਮਾੜਾ
ਬੁੱਢੇਵਾਅਰੇ ਪੰਧ ਮਾੜਾ, ਲਾਮ ਨਹੀਓਂ ਜਾਈਦਾ

ਸੈਨਾ ਵਿੱਚ ਡਰ ਮਾੜਾ, ਡੇਰੇ ਲਾਗੇ ਘਰ ਮਾੜਾ
ਐਬੀ ਭੰਗੀ ਵਰ ਮਾੜਾ, ਕਦੇ ਨਹੀਂ ਤਕਾਈਦਾ

ਜੂਏ 'ਚ ਉਧਾਰ ਮਾੜਾ, ਧੰਦਾ ਦੇਹ ਵਪਾਰ ਮਾੜਾ
ਬਾਗੀ ਨੂੰ ਗੱਦਾਰ ਮਾੜਾ, ਵਿੱਸਣਾ ਨਹੀਂ ਚਾਹੀਦਾ

ਫੁੱਟ ਜੱਗ ਜ਼ਾਹਰ ਮਾੜੀ, ਕੱਸੀਆਂ ਨੂੰ ਖਾਰ ਮਾੜੀ
ਸੂਰਮੇ ਨੂੰ ਹਾਰ ਮਾੜੀ, ਡੰਕਾ ਨਹੀਂ ਵਜਾਈਦਾ

ਗੁਰੂ ਨੂੰ ਝਹੇਡ ਮਾੜੀ, ਟੋਭੇ ਕੋਲ ਖੇਡ ਮਾੜੀ
ਚਾਣ ਚੱਕ ਰੇਡ ਮਾੜੀ, ਪਿੱਛਾ ਨਹੀਂ ਛੁਡਾਈਦਾ

ਜਿਣਸ ਬਦਰੰਗ ਮਾੜੀ, ਬੁਲਾਰੇਆਂ ਨੂੰ ਖੰਘ ਮਾੜੀ
ਦਾਈ ਕੋਲ ਸੰਗ ਮਾੜੀ, ਭੇਤ ਨਹੀਂ ਲੁਕਾਈਦਾ.....ਘੁੱਦਾ

ਪਰਤਿਆਈਆਂ ਬੀਆਂ ਗੱਲਾਂ

ਪਰਤਿਆਈਆਂ ਬੀਆਂ ਗੱਲਾਂ...ਪੜ੍ਹਿਓ ਬਾਈ ਅਣਦਾ
1.ਪਿੰਡਾਂ ਆਲੀ ਨੱਬੇ ਪਰਸਿੰਟ ਜੰਤਾ ਦਾ ਪੱਕਾ ਨੌਂ ਵਿਆਹ ਆਲੇ ਦਿਨ ਪਤਾ ਜਦੋਂ ਨੰਦਾਂ ਵੇਲੇ ਬਾਬਾ ਸਪੀਕਰ 'ਚ ਬੋਲਦਾ। ਫੇਰ ਪਤਾ ਲੱਗਦਾ ਬੀ ਬੋਘੇ ਦਾ ਪੱਕਾ ਨੌਂ ਬਲਵਿੰਦਰ ਸਿਹੁੰ ਰੱਖਿਆ ਸੀ ਘਰਦੇਆਂ ਨੇ।
2. ਬੰਦਾ ਜਿੰਨਾ ਮਰਜ਼ੀ ਪੜ੍ਹਜੇ, ਦਸਮੀਂ ਦੀ ਕਲਾਸ ਟਰਨਿੰਗ ਪੋਆਇੰਟ ਹੁੰਦਾ ਜ਼ਿੰਦਗੀ ਦਾ। ਤੇ ਹਰਿੱਕ ਬੰਦੇ ਨੂੰ ਏਹ ਲਾਜ਼ਮੀ ਚੇਤੇ ਹੁੰਦਾ ਬੀ ਦਸਮੀਂ ਕੇਹੜੇ ਸਾਲ ਚ ਕੀਤੀ ਸੀ ਜੇ ਕੋਈ ਬਾਹਲਾ ਰਿੱਗਲ ਆ ਤਾ ਕੀ ਕੈਹਣਾ.. ਊਂ ਸਾਰੇਆਂ ਨੂੰ ਯਾਦ ਈ ਹੁੰਦਾ।
3.ਬਿਜਲੀ ਜਾਂ ਕਾਰਾਂ ਗੱਡੀਆਂ ਦੇ ਜੇਹੜੇ ਮਕੈਨਕ ਬਾਹਲੇ ਨਿਪੁੰਨ ਹੁੰਦੇ ਆ, ਹੱਥ ਲਾਕੇ ਨੁਕਸ਼ ਦੱਸਣ ਆਲੇ ਹੁੰਦੇ ਨੇ,ਐਹੇ ਜੇ ਮਕੈਨਿਕ ਨਸ਼ਾ ਪੱਤਾ ਲਾਜ਼ਮੀ ਕਰਦੇ ਹੋਣਗੇ। ਬਹੁਤ ਅਗਜ਼ਾਪਲਾਂ ਨੇ ਐਹੇ ਜੀਆਂ।
4.ਸ਼ੈਹਰ ਜਾਕੇ ਕਿਸੇ ਦਾ ਘਰ ਪੁੱਛਣਾ ਵੇਲੇ ਕਿਸੇ ਰਗਸ਼ੇ ਆਲੇ ਨੂੰ ਘਰ ਪੁੱਛਣਾ ਪੈਂਦਾ,ਤੇ ਉਹਨੂੰ ਭਗਤ ਨੂੰ ਪਤਾ ਈ ਨੀਂ ਹੁੰਦਾ। ਦੂਜੀ ਸੈੜ ਜਦੋਂ ਕੋਈ ਸ਼ੈਹਰੀ ਬਾਬੂ ਪਿੰਡ 'ਚ ਆਕੇ ਕਿਸੇ ਦਾ ਘਰ ਪੁੱਛਣ ਖਾਤਰ ਗੱਡੀ ਦਾ ਸੀਸਾ ਡੌਣ ਕਰਦਾ, ਪਿੰਡਾਂ ਦੀ ਕੱਟੇਕੁੱਟ ਜੰਤਾ ਆਪ ਈ ਲਿਵੇ ਆ ਜਾਂਦੀ ਆ
5.ਕਈ ਆਰੀ ਆਪਤੋਂ ਉਮਰ 'ਚ ਵੱਡੇ ਬੰਦੇ ਨੂੰ ਮਿਲਣ ਸਮੇਂ ਗੋਡੀ ਹੱਥ ਲਾਉਣ ਖਾਤਰ ਨਿਓਂਈਦਾ, ਓਦੋਂ ਅਗਲਾ ਹੱਥ ਮਲਾਉਣ ਖਾਤਰ ਹੱਥ ਕੱਢ ਲੈਂਦਾ। ਐਸ ਮਿਸਅੰਡਰਸਟੈਡਿੰਗ ਨਾਲ ਦੋਹਾਂ ਦਾ ਈ ਘੱਚਾ ਜਾ ਵੱਜ ਜਾਂਦਾ ।
6. ਜਦੋ ਘਰੇ ਆਏ ਕਿਸੇ ਬੰਦੇ ਨੂੰ ਚਾਹ ਦਾ ਚੋਟੀ ਲਾਮਾਂ ਖੱਦਰ ਦਾ ਫੜ੍ਹਾਉਣ ਲੱਗੀਦਾ ਤਾਂ ਅੱਗੋਂ ਅਗਲਾ ਆਹੀ ਗੱਲ ਕੈਂਹਦਾ, "ਬਸ ਹੁਣੀਂ ਪੀਕੇ ਈ ਆਏ ਸੀ"। ਨਾਲੇ ਪਤਾ ਪੀ ਈ ਲੈਣੀ ਹੁੰਦੀ ਆ ।
7.ਕਦੇ ਸਮਾਰ ਕੇ ਟੈਮਪੀਸਾਂ ਘੜੀਆਂ ਆਲੀਆਂ ਦੁਕਾਨਾਂ ਤੇ ਨਿਗਾਹ ਮਾਰਿਓ । ਸਾਰੇ ਟੈਮਪੀਸ ਘੜੀਆਂ ਤੇ ਦਸ ਵੱਜਕੇ ਦਸ ਮਿੰਟ ਦਾ ਟੈਮ ਕੀਤਾ ਵਾ ਹੁੰਦਾ। ਇੱਕ ਤਰ੍ਹਾਂ ਏਹ ਇੰਡੀਆਂ ਦਾ ਡਿਫਾਲਟ ਟੈਮ ਆ ।
8.ਆਪਣੇ ਆਲਾ ਮੁਲਖ ਸਕੂਟਰ ਮੋਟਰਸੈਕਲ ਪਾਰਕ ਕਰਨ ਮਗਰੋਂ ਚਾਬੀ ਘੁਕਾਕੇ ਲੌਕ ਲਾ ਦੇਂਦਾ। ਪਰ ਪਤਿਓਹਰੇ ਕੇਰਾਂ ਹੈਂਡਲ ਹਲਾਕੇ ਇੱਕ ਆਰੀ ਦਬਾਰੇ ਕਨਫਰਮ ਜ਼ਰੂਰ ਕਰਦੇ ਨੇ ਬੀ ਲੌਕ ਲਾਗਿਆ।......ਘੁੱਦਾ

ਚੱਲ ਘੁੱਦਿਆ

ਤੂੰ ਡੇਰਾ ਇੱਕ ਬਣਾ ਰੱਖੀਂ
ਗੁਫਾ ਨੂੰ ਲੁਕਵਾਂ ਰਾਹ ਰੱਖੀਂ
ਬੀਬੀਆਂ ਓਥੇ ਬੁਲਾ ਰੱਖੀਂ
ਗੋਰਖ ਧੰਦੇ ਛੱਡਕੇ ਡੇਰੇਦਾਰ ਬਣਜਾ
ਚੱਲ ਘੁੱਦਿਆ ਤੂੰ ਵੀ ਦੁਨੀਆਦਾਰ ਬਣਜਾ

ਨਾਲੇ ਗੀਤ ਰਕੌੜ ਕਰਾਇਆ ਕਰ
ਕਦੇ ਟੀ.ਵੀ ਉੱਤੇ ਆਇਆ ਕਰ
ਦੋ ਅਰਥੀ ਫਿਲਮ ਬਣਾਇਆ ਕਰ
ਚੱਕਦੇ ਖੁਸ਼ਕੀ ਰਾਤੋ -ਰਾਤ ਸ਼ਟਾਰ ਬਣਜਾ
ਚੱਲ ਘੁੱਦਿਆ ਤੂੰ ਵੀ ਦੁਨੀਆਦਾਰ ਬਣਜਾ

ਖੇਤਪਾਲ ਦੀ ਗੱਦੀ ਲਾਇਆ ਕਰ
ਧਾਗੇ ਤਬੀਤ ਬਣਾਇਆ ਕਰ
ਜੁੰਡੇ ਖੋਲ੍ਹਕੇ ਸਿਰ ਘੁਕਾਇਆ ਕਰ
ਡੱਕੇ ਮੁਲਖ ਦਾ ਪਰਲੋਕ ਸੁਧਾਰ ਬਣਜਾ
ਚੱਲ ਘੁੱਦਿਆ ਤੂੰ ਵੀ ਦੁਨੀਆਦਾਰ ਬਣਜਾ

ਪੱਗਾਂ ਦੇ ਰੰਗ ਵਟਾਇਆ ਕਰ
ਲੀਡਰਾਂ ਨਾ ਗਾਟੀ ਪਾਇਆ ਕਰ
ਹੱਥ ਜੁੜਮੀਂ ਫਤੇਹ ਬੁਲਾਇਆ ਕਰ
ਬੰਨ੍ਹ ਨੀਲੀ ਤੂੰ ਵੀ ਪੰਥ ਦਾ ਸੇਵਾਦਾਰ ਬਣਜਾ
ਚੱਲ ਘੁੱਦਿਆ ਤੂੰ ਵੀ ਦੁਨੀਆਦਾਰ ਬਣਜਾ

Friday 11 October 2013

ਕੀ ਕੀ ਮਾੜਾ....ਛੰਦ

ਟਾਹਲੀ ਮੁੱਢ ਭੌਣ ਮਾੜਾ, ਤਾਪ 'ਚ ਨਹਾਉਣ ਮਾੜਾ
ਠਾਣੇ 'ਚ ਬੁਲਾਉਣ ਮਾੜਾ, ਜੇ ਨਾ ਸੁਣਵਾਈ ਹੋਵੇ

ਐਬੀ ਘਰੇ ਜਾਣ ਮਾੜਾ ,ਸੇਮ 'ਚ ਮਕਾਨ ਮਾੜਾ
ਭੂਸ਼ਰਜੇ ਸਾਨ੍ਹ ਮਾੜਾ, ਜੇ ਨਾ ਨੱਥ ਪਾਈ ਹੋਵੇ

ਮਾੜੇ ਦਾ ਨਿਓਂਣਾ ਮਾੜਾ, ਰੱਜੇ ਨੂੰ ਰਜਾਉਣਾ ਮਾੜਾ
ਢੋਲ ਨੂੰ ਵਜਾਉਣਾ ਮਾੜਾ ,ਜੇ ਮਕਾਣ ਆਈ ਹੋਵੇ

ਟੁੱਟਜੇ ਤਾਂ ਕੰਡ ਮਾੜੀ, ਘਰਾਂ ਵਿੱਚ ਵੰਡ ਮਾੜੀ
ਛੜਿਆਂ ਨੂੰ ਠੰਢ ਮਾੜੀ, ਨਿੱਘੀ ਨਾ ਰਜਾਈ ਹੋਵੇ

ਹੋਜੇ ਸ਼ਾਹ ਕੰਗਾਲ ਮਾੜਾ, ਦੁੱਧ 'ਚ ਹੰਗਾਲ ਮਾੜਾ
ਸੰਦਾਂ ਨੂੰ ਜੰਗਾਲ ਮਾੜਾ, ਜੇ ਹੁੰਦੀ ਨਾ ਸੰਭਾਈ ਹੋਵੇ

ਗਮੀ 'ਚ ਸ਼ਿੰਗਾਰ ਮਾੜਾ, ਤੜਕੇ ਉਧਾਰ ਮਾੜਾ
ਦੋਂਹੀ ਪਾਸੀ ਬਾਰ ਮਾੜਾ, ਛੇਤੀ ਨਾ ਫੜ੍ਹਾਈ ਹੋਵੇ

ਬੁੱਢੇਵਾਹਰੇ ਸਾਕ ਮਾੜਾ, ਸੱਥ 'ਚ ਜਵਾਕ ਮਾੜਾ
ਚੋਰਾਂ ਨੂੰ ਖੜਾਕ ਮਾੜਾ,ਜੇ ਹੁੰਦੀ ਪੈਰਵਾਈ ਹੋਵੇ

ਜ਼ਖਮਾਂ ਤੇ ਲੂਣ ਮਾੜਾ, ਇਕਪਾਸੜ ਕਨੂੰਨ ਮਾੜਾ
ਧਰਮੀ ਜਨੂੰਨ ਮਾੜਾ,ਬੇਅਥਾਹ ਤਬਾਹੀ ਹੋਵੇ.....ਘੁੱਦਾ

ਕੀ ਕੀ ਚੰਗਾ...ਛੰਦ

ਸਾਧਾਂ ਨੂੰ ਤਿਆਗ ਚੰਗਾ, ਰਾਗੀਆਂ ਨੂੰ ਰਾਗ ਚੰਗਾ
ਬਰਾਨੀਆਂ ਦਾ ਸਾਗ ਚੰਗਾ, ਮਾਘ 'ਚ ਬਣਾਇਆ ਹੋਵੇ

ਕੈਦੀਆਂ ਨੂੰ ਝੋਰਾ ਚੰਗਾ, ਜ਼ੁਲਮ ਨੂੰ ਖੋਰਾ ਚੰਗਾ
ਕਣਕ ਨੂੰ ਕੋਰਾ ਚੰਗਾ, ਪਹਿਲਾ ਪਾਣੀ ਲਾਇਆ ਹੋਵੇ

ਇਲਾਜ਼ ਤੋਂ ਪ੍ਰਹੇਜ਼ ਚੰਗਾ, ਧੀਆਂ ਨਾਲ ਹੇਜ਼ ਚੰਗਾ
ਦਾਜ ਤੋਂ ਗੁਰੇਜ਼ ਚੰਗਾ, ਯੱਬ ਏਹ ਮੁਕਾਇਆ ਹੋਵੇ

ਟੁੱਟਜੇ ਤਾਂ ਦੁੱਖ ਚੰਗਾ, ਗਵਾਹ ਸਨਮੁੱਖ ਚੰਗਾ
ਵੇਹੜੇ ਵਿੱਚ ਰੁੱਖ ਚੰਗਾ, ਛਾਂ ਲਈ ਲਾਇਆ ਹੋਵੇ

ਦਾਗੀ ਸਾਨ੍ਹ ਅਵਾਰਾ ਚੰਗਾ, ਪਾੜ੍ਹੇ ਨੂੰ ਚੁਬਾਰਾ ਚੰਗਾ
ਢਾਂਡੀ ਨੂੰ ਧਲਿਆਰਾ ਚੰਗਾ, ਨੱਕ ਓਤੋਂ ਪਾਇਆ ਹੋਵੇ

ਗੈਕੀ ਵਿੱਚ ਮਾਨ ਚੰਗਾ, ਮਾਲਵੇ ਜਵਾਨ ਚੰਗਾ
ਮੋਘੇ ਨੇੜੇ ਵਾਹਣ ਚੰਗਾ, ਇੱਕ ਮੂੰਹਾਂ ਲਾਇਆ ਹੋਵੇ

ਯਾਰੀ 'ਚ ਭਰੋਸਾ ਚੰਗਾ, ਆਵਦੇ ਤੇ ਰੋਸਾ ਚੰਗਾ
ਭੱਖੜੇ ਤੋਂ ਖੋਸਾ ਚੰਗਾ, ਪੈਂਰੀ ਜਿਸ ਪਾਇਆ ਹੋਵੇ

ਲੁੰਗ ਦਾ ਸਵਾਦ ਚੰਗਾ, ਪੋਨੇ ਦਾ ਕਮਾਦ ਚੰਗਾ
ਯੰਤਰ ਦਾ ਖਾਦ ਚੰਗਾ ,ਪੈਲੀ ਵਿੱਚੇ ਵਾਹਿਆ ਹੋਵੇੇ......ਘੁੱਦਾ

Tuesday 8 October 2013

ਪਰਤਿਆਈਆਂ ਵਈਆਂ ਗੱਲਾਂ......ਫੇਰ ਗੌਰ ਕਰਿਓ

ਪਰਤਿਆਈਆਂ ਵਈਆਂ ਗੱਲਾਂ......ਫੇਰ ਗੌਰ ਕਰਿਓ
1. ਪੰਜਾਬੀ ਦੇ ਬਹੁਤੇ ਨਾਵਲਾਂ ਜਾਂ ਕਹਾਣੀਆਂ 'ਚ ਭਮਾਂ ਥੋੜ੍ਹਾ ਈ ਹੋਵੇ ਪਰ 1947 ਦਾ ਜ਼ਿਕਰ ਜ਼ਰੂਰ ਹੁੰਦਾ।
2.ਹਰਭਜਨ ਮਾਨ ਆਵਦੀਆਂ ਫਿਲਮਾਂ 'ਚ ਤੇ ਮਨਮੋਹਨ ਵਾਰਸ ਅਰਗੇ ਆਵਦੇ ਗੀਤਾਂ 'ਚ ਹਰਿੱਕ ਆਰੀ ਨਵੀਂ ਕੁੜੀ ਨੂੰ ਇੰਟਰੋਡਿਊਸ ਕਰਾਉਂਦੇ ਨੇ।
3. ਬਿਹਾਰੀਏ ਜਾਂ ਯੂ. ਪੀ ਦੇ ਜਿੰਨੇ ਵੀ ਬੰਦੇ ਪੰਜਾਬ ਆਉਂਦੇ ਨੇ, ਗੌਰ ਕਰਿਓ ਏਹ ਹਮੇਸ਼ਾ ਇੱਕ ਹੱਥ ਨਾ ਰੋਟੀ ਜਾਂ ਚੌਲ ਖਾਂਦੇ ਨੇ, ਦੂਜਾ ਹੱਥ ਜਮਾਂ ਸੁੱਚਾ ਰੱਖਦੇ ਨੇ।
4. ਪਹਿਲਾਂ ਮੁਲਖ ਮਾਲ ਡੰਗਰ ਜਾਂ ਖੇਤ ਬੰਨੇ ਦੀ ਰਾਖੀ ਖਾਤਰ ਕੁੱਤੇ ਰੱਖਦਾ ਸੀ, ਮੁਲਖ ਅੱਜ ਵੀ ਕੁੱਤੇ ਰੱਖਦਾ, ਪਰ ਏਹਨਾਂ ਦੀ ਰਾਖੀ ਆਪ ਨੂੰ ਕਰਨੀ ਪੈਂਦੀ ਆ।
5. ਕਿਸੇ ਦੇ ਸੋਗ ਤੇ ਗਿਆ ਬੰਦਾ ਅਗਲੇ ਨੂੰ ਨਹੀਂ, ਆਵਦੇਆਂ ਨੂੰ ਚੇਤੇ ਕਰਕੇ ਰੋਂਦਾ ।
6.. ਹਰਿੱਕ ਵਿਆਹ ਆਲ਼ੇ ਘਰੇ ਆਥਣੇ ਜੇ ਘਰ ਦਾ ਮੋਹਤਬਰ ਬੰਦਾ ਮੰਡੀਰ ਨੂੰ ਆਹੀ ਗੱਲ ਕੈਂਹਦਾ , "ਪਰਧਾਨ ਡੀ.ਜੇ ਬੰਦ ਕਰਦੋ, ਕੁੜੀਆਂ ਨੇ ਗਿੱਧਾ ਪਾਉਣਾ"।
7.. Examination hall 'ਚ ਵੜਨ ਤੋਂ ਪਹਿਲਾਂ ਕਿਸੇ ਕੁੜੀ ਨੂੰ ਪੁੱਛਿਓ ,"ਪੇਪਰ ਆਉਂਦਾ?" ਜਮਾਂ ਰੋਣ ਆਲਾ ਮੂੰਹ ਬਣਾਕੇ ਆਖੂ " ਨਾ" । ਪਰ ਪੇਪਰ ਸ਼ੁਰੂ ਹੁੰਦੀਆਂ ਈ ਅਨਸਰ ਸ਼ੀਟ ਨੂੰ ਦੰਦੀਆਂ ਵੱਢਣ ਲੱਗ ਜਾਂਦੀਆਂ। ਤਿੰਨ ਘੈਂਟੇ ਮੂੰਹ ਨੀਂ ਤਾਹਾਂ ਚੱਕਦੀਆਂ ਤੇ ਦੂਜੀ ਸੈੜ ਆਪਣੇ ਆਲਾ ਮੁਲਖ ਨਾਲਦੇਆਂ ਨੂੰ ਅਈਂ ਪੁੱਛੀ ਜਾਂਦਾ, "ਪਰਧਾਨ ਆਉਂਦਾ ਕੁਸ" ?
8. ਜੇਹੜੇ ਬੰਦੇ ਦਾ ਆਵਦਾ ਕੱਦ ਸਾਢੇ ਚਾਰ ਫੁੱਟ ਹੁੰਦਾ , ਐਹੇ ਜਾ ਬੰਦਾ ਢਾਬੇ ਤੇ ਜਾਕੇ ਵੇਟਰ ਨੂੰ "ਛੋਟੂ" ਕਹਿਕੇ ਬੋਲ ਮਾਰਦਾ......ਘੁੱਦਾ

ਕੀ ਭਾਲਦੈਂ ਬਾਬਾ ਹੁਣ ਉੱਜੜੀਆਂ ਖੱਲਾਂ 'ਚੋਂ

ਰੰਗ ਰੋਗਨ ਮਾਰਕੇ ਲਿਸ਼ਕਾਤਾ ਬੁੱਤਾਂ ਨੂੰ
ਫੇਰ ਹਾਰ ਪਾਉਣਗੇ ਆਉਂਦੀਆਂ ਰੁੱਤਾਂ ਨੂੰ
ਪੁੱਤ ਜ਼ਮੀਨਾਂ ਖਾਗੇ ਤਾਂ ਨਸ਼ੇ ਖਾਗੇ ਪੁੱਤਾਂ ਨੂੰ
ਕੱਟਕੇ ਪੋਨੀ ਬਣਾਤਾ ਕੁੜੀਆਂ ਨੇ ਗੁੱਤਾਂ ਨੂੰ
ਇਸ਼ਕ ਹਕੀਕੀ ਲੱਭੇਂ ਹੁਣ ਝਨਾਂ ਦੀ ਛੱਲਾਂ 'ਚੋਂ
ਕੀ ਭਾਲਦੈਂ ਬਾਬਾ ਹੁਣ ਉੱਜੜੀਆਂ ਖੱਲਾਂ 'ਚੋਂ

ਸਿਓਕ ਟਾਹਲੀਆਂ ਖਾਗੀ ਟੋਕਰੇ ਬਣੇ ਤੂਤ ਦੇ
ਵੱਗ ਛੇੜੂਆਂ ਦੇ ਨਾ ਲੁੰਗ ਕਿੱਕਰਾਂ ਦੀ ਸੂਤ ਦੇ
ਕੌਣ ਮਾਂਜਦਾ ਸਵਾਹ ਨਾ ਚੰਗੇਰ ਭਾਂਡਿਆਂ ਦੀ
ਪਿਛਲੇ ਪਹਿਰ ਢਲਦੀ ਜਦ ਛਾਂ ਬਰਾਂਡਿਆਂ ਦੀ
ਸਵਾਦ ਸ਼ੈਹਦ ਜਾ ਆਉਂਦਾ ਖਰੀਆਂ ਗੱਲਾਂ 'ਚੋਂ
ਕੀ ਭਾਲਦੈਂ ਬਾਬਾ ਹੁਣ ...............

ਕਹੀ ਚਲਾਉਣੀ ਔਖੀ ਹੁੰਦੇ ਛਾਲੇ ਹੱਥਾਂ ਤੇ
ਯੱਕੜ ਛੱਡਣੇ ਸੌਖੇ ਨਿੱਤ ਬਹਿ ਕੇ ਸੱਥਾਂ ਤੇ
ਇੰਨੂੰ ਧਰਕੇ ਬੱਠਲ ਸਿਰਤੇ ਚੱਕਿਆ ਜਾਂਦਾਂ ਨੀਂ
ਪੁੱਤ ਅੱਗੋਂ ਬੋਲੇ ਪਿਓ ਤੋਂ ਡੱਕਿਆ ਜਾਂਦਾ ਨੀਂ
ਮਰਗੇ ਮਰਗੇ ਦੀਆਂ ਵਾਜ਼ਾਂ ਆਉਣ ਮਹੱਲਾਂ 'ਚੋਂ
ਕੀ ਭਾਲਦੈਂ ਬਾਬਾ ਹੁਣ ..................

ਭਰ ਪ੍ਰਾਤਾਂ ਵੰਡਦੇ ਸੀ ਕਦੇ ਗੱਚਕ ਰਿਓੜੀਆਂ
ਕੌਣ ਸੇਕਦਾ ਹੁਣ ਬਹਿ ਟੱਬਰਾਂ ਨਾਲ ਲੋਹੜੀਆਂ
ਮੂੰਹ ਕੱਜ ਮੜਾਸੇ ਮਾਰੇ ਜਦ ਠਾਰੀ ਪੋਹਾਂ ਦੀ
ਪੀਘਾਂ, ਤ੍ਰਿੰਝਣ, ਮੇਲੇ ਤੰਦ ਤਿੜਕੀ ਮੋਹਾਂ ਦੀ
ਚੀਸ ਹੂਕ ਬਣ ਨਿਕਲੀ ਕਾਲਜੇ ਦੇ ਸੱਲਾਂ 'ਚੋਂ
ਕੀ ਭਾਲਦੈਂ ਬਾਬਾ ਹੁਣ ..........

ਸੂਈ, ਕੰਧੂਈ ਭੁੱਲੇ ਸਿਓਣਾ ਉੱਧੜੀ ਲੇੜ੍ਹ ਨੂੰ
ਨਾ ਹੱਟੀਓਂ ਰੂੰਘਾ ਮਿਲਦਾ ਜਵਾਕਾਂ ਦੀ ਹੇੜ੍ਹ ਨੂੰ
ਜੰਗ ਲਾਗੀ ਬਾਬਾ ਹੁਣ ਹਲਾਂ ਦੇ ਫਾਲਿਆਂ ਤੇ
ਆਪਣੇ ਤਾਂ ਓਹੀ ਪਰ ਦਿਨ ਬਦਲੇ ਲਾਲਿਆਂ ਦੇ
ਰੱਬ ਭਾਲਦੀ ਦੁਨੀਆਂ ਹੁਣ ਸੰਖਾਂ ਟੱਲਾਂ 'ਚੋਂ
ਕੀ ਭਾਲਦੈਂ ਬਾਬਾ ਹੁਣ ਉੱਜੜੀਆਂ ਖੱਲਾਂ 'ਚੋਂ....ਘੁੱਦਾ

ਚਾਰ ਇੱਟਾਂ ਵਿੱਚ ਬਾਬਾ ਫਿੱਟ ਕਰਤਾ

ਯਾਤਰਾ ਤੇ ਜਾਣ ਦੀ ਵਿਓਂਤ ਕਰਲੀ
ਸਾਰੇ ਜੀਆ ਜੰਤ ਨਾਲ ਗੱਡੀ ਭਰਲੀ
ਜੀ.ਟੀ ਰੋੜ ਪਾਕੇ ਫੁੱਲ ਰੇਸ਼ ਖਿੱਚਤੀ
ਤੇਜ਼ ਗੱਡੀ ਕੱਢਤੀ ਟਰੱਕਾਂ ਵਿੱਚਦੀ
ਮੂਤਣ ਬਹਾਨੇ ਜਾਕੇ ਪੈੱਗ ਲਾਲਿਆ
ਸੀਟ ਉੱਤੇ ਬਹਿ ਟਾਪ ਗੇਰ ਪਾਲਿਆ
ਵਿੱਚ ਵੱਜੀ ਗੱਡੀ ਸੀ ਟਰਾਲਾ ਭਰਿਆ
ਫੇਰ ਕਹਿੰਦੇ ਆਹ ਮਾੜਾ ਰੱਬ ਕਰਿਆ

ਘਰਾਂ ਵਿੱਚ ਕਈ ਜਮਾਂ ਰਹਿਣ ਵੇਹਲੀਆਂ
ਸਾਧਾਂ ਕੋਲੇ ਜਾਣ ਹੋ ਕੱਠੀਆਂ ਸਹੇਲੀਆਂ
ਲੈ ਕੇ ਇੱਕ ਅੱਧੀ ਬਾਬੇ ਅੰਦਰ ਵੜਦੇ
ਡੱਕੇ ਸਾਧ ਫੇਰ ਬਾਹਲੀ ਖਰੀ ਕਰਦੇ
ਫੇਰ ਵੀ ਨਾ ਲੋਕਾਂ ਦੇ ਯਕੀਨ ਟੁੱਟਦੇ
ਤਾਂ ਹੀ ਜਾਕੇ ਸਾਧਾਂ ਦੀਆਂ ਲੱਤਾਂ ਘੁੱਟਦੇ
ਦੁੱਧ ਪੀਕੇ ਬਾਬਾ ਕਾਜੂਆਂ ਨਾ ਲੇੜ੍ਹਦਾ
ਫੇਰ ਕੈਂਹਦੇ ਸਾਧ ਸਾਡੀ ਕੁੜੀ ਛੇੜਦਾ

ਰਿਹਾ ਵਿਲਕਦਾ ਬੁੱਢਾ ਪਾਣੀ ਦੀ ਆਸ ਨੂੰ
ਭੋਗ ਤੇ ਜਲੇਬ ਪੁੱਤ ਪਕਾਉਣ ਕਾਸ ਨੂੰ
ਬਾਪੂ ਬਣਜੇ ਨਾ ਭੂਤ ਹੁਣ ਨੂੰਹ ਡਰਦੀ
ਦੇ ਪੰਡਤਾਂ ਨੂੰ ਪੈਸੇ ਰੂਹ ਦੀ ਗਤੀ ਕਰਤੀ
ਖੇਤ ਬਣਾਤੀ ਮੜੀ ਸੱਦ ਕਾਰੀਗਰ ਨੂੰ
ਉੱਤੇ ਕਲੀ ਮਾਰ ਮੁੜੇ ਆਉਣ ਘਰ ਨੂੰ
ਦੇਸੀ ਘਿਓ ਦਾ ਦੀਵਾ ਬਾਲ ਵਿੱਚ ਧਰਤਾ
ਚਾਰ ਇੱਟਾਂ ਵਿੱਚ ਬਾਬਾ ਫਿੱਟ ਕਰਤਾ.......ਘੁੱਦਾ

ਸਾਡੇਆਲੇ ਦੇ ਫੋੜੇ

ਕੇਰਾਂ ਭਰਾਵਾ ਆਹੀ ਰੁੱਤ ਅੱਸੂ ਕੱਤੇ ਦੀ। ਲੋਕ ਨਰਮੇ ਚੁਗਦੇ ਫਿਰਦੇ ਸੀ। ਸਾਡੇ ਆਲੇ ਨਿੱਕੇ ਗਰਨੈਬ ਨੂੰ ਕਲੱਲੀ ਆਦਤ ਪੈਗੀ , ਏਹਨੂੰ ਜਦੋਂ ਭੁੱਖ ਲੱਗਿਆ ਕਰੇ ਅੱਧ ਪਾ ਪੱਕਾ ਗੁੜ ਗਪਲ ਗਪਲ ਖਾਜਿਆ ਕਰੇ । ਮਿੱਠਾ ਖਾ ਖਾ ਏਹਦੇ ਸਾਰੇ ਪਿੰਡੇ ਤੇ ਬੇਰਾਂ ਬੇਰਾਂ ਜਿੱਡੇ ਫੋੜੇ ਹੋਗੇ ਭਰਾਵਾ । ਦੋ ਤਿੰਨ ਆਰੀ ਥੌੌਹਲੇ ਥੂਹਲੇ ਪਵਾਏ, ਨਾ ਰਾਮ ਆਇਆ। ਹਾਰਕੇ ਮਾਤਾ ਅਰਗੀਆਂ ਨੇ ਪੋਚਿਆਂ ਆਲੀ ਫਰਨੈਲ ਨਾਲ ਨਵਾਕੇ ਗਦੈਲੇ ਅੰਗੂ ਧੁੱਪੇ ਸੁੱਕਣੇ ਪਾਤਾ। ਜਦੋਂ ਨਾ ਰਾਮ ਆਇਆ ਫੇਰ ਕਿਸੇ ਨੇ ਸਲਾਹ ਦਿੱਤੀ ਬੀ ਸਿਆਣੇ ਕੋਲ ਲੈਜੋ ਨਿੱਕੇ ਨੂੰ।
ਅਗਲੇ ਦਿਨ ਤੜਕੇ ਤਾਏ ਅਰਗੇ ਨਿੱਕੇ ਨੂੰ ਲੈਕੇ ਸੱਤ ਪਚਵੰਜਾ ਆਲੀ ਬੱਸ ਚੜ੍ਹਗੇ ਬੀ ਚੱਲ ਸਿਆਣੇ ਨੂੰ ਦਿਖਾ ਆਈਏ। ਸਾਡੇ ਆਲੇ ਰੋੜੀਕੁੱਟ ਜੇ ਦੇ ਬਾਹਲੀਆਂ ਜੇਬਾਂ ਆਲੀ ਕਾਰਗੋ ਪੈਂਟ ਪਾਈ ਵਈ ਤੇ ਨਾਲ ਤਸਮੇਆਂ ਆਲੇ ਚਿੱਟੇ ਫਲੀਟ ਪਾਏ ਬਏ। ਸਾਡੇ ਆਲਾ ਬੁਸ਼ਲਟ ਦਾ ਸਿਰੇ ਆਲਾ ਗੁਦਾਮ ਵੀ ਜੜ੍ਹੀ ਫਿਰੇ ਬੀ ਸਿਆਣੇ ਕੋਲ ਜਾਣਾ।
ਬਾਘੇ ਪੁਰਾਣੇ ਬੰਨੀਂ ਫੂਲੇ ਆਲਾ ਪੁਲ ਟੱਪਕੇ ਸਿਆਣੇ ਦਾ ਪਿੰਡ ਸੀਗਾ। ਜਾਂਦਿਆਂ ਨੂੰ ਸਿਆਣਾ ਹੱਥ 'ਚ ਲਫੇੜੇ ਜਿੱਡਾ ਰਮੋਟ ਫੜ੍ਹੀ ਡਿਸਕਬਰੀ ਤੇ ਸੱਪ ਦੇਖੀ ਜਾਵੇ। ਸਿਆਣੇ ਦੇ ਲਕਸ ਕੋਜ਼ੀ ਦੀ ਬਲੈਣ ਪਾਈ ਬਈ ਤੇ ਮਰਲੇ ਥਾਂ 'ਚ ਢਿੱਡ ਭਰਾਵਾ ਉਹਦਾ। ਸਾਡੇ ਆਲਾ ਸਹਿਮ ਗਿਆ ਬੀ ਏਹ ਮਾਰੂ ਪਤਿਓਹਰਾ, ਨਿੱਕੇ ਨੇ ਦੇਹਲੀਆਂ 'ਚ ਪੈਰ ਫਸਾਲੇ। ਤਾਏ ਅਰਗੇ ਬਰਚਾਕੇ ਨਿੱਕੇ ਨੂੰ ਸਿਆਣੇ ਕੋਲ ਲੈਗੇ ।
ਸਿਆਣਾ ਕੈਂਹਦਾ ,"ਨਿੱਕਿਆ ਕੁੱਤਪੌ ਜਾ ਨਾ ਕਰ ਬਾਹਲਾ , ਰਾਮਦਾਰੀ ਨਾਲ ਬਹਿਜਾ"। ਨਿੱਕਾ ਹਰਖਕੇ ਕਹਿੰਦਾ,"ਪਰਧਾਨ ਬੋਲ ਤਾਂ ਤੇਰਾ ਐਂ ਨਿਕਲਦਾ ਜਿਮੇਂ ਸੰਘ 'ਚ ਖਰਬੂਜਾ ਫਸਿਆ ਹੁੰਦਾ"
ਹਾਨੀਸਾਰ ਨੂੰ ਸਿਆਣੇ ਨੇ ਨਿੱਕੇ ਦੇ ਫੋੜਿਆਂ ਤੇ ਪਿਆਜ਼ੀ ਜੇ ਰੰਗ ਦੀ ਮਲ੍ਹਮ ਲਾਤੀ। ਸਾਡੇਆਲੇ ਦੀਆਂ ਲੇਰਾਂ ਨਿਕਲੀਆਂ, ਨਿੱਕੇ ਨੇ ਚੀਕਾਂ ਮਾਰ ਮਾਰ ਚਾਹ ਆਲੇ ਕੱਪਾਂ 'ਚ ਤਰੇੜਾਂ ਲਿਆਤੀਆਂ, ਗਵਾਂਢੀਆਂ ਦੇ ਪਸੂ ਦੁੱਧ ਚੜ੍ਹਾਗੇ ਲੇਰਾਂ ਸੁਣ ਸੁਣ। ਸਿਆਣਾ ਤਾਏ ਨੂੰ ਕਹਿੰਦਾ," ਪਰਧਾਨ ਬੰਦ ਕਰੋ ਏਹਨੂੰ ਕਿੱਥੋਂ ਹੁੰਦਾ" । ਹਾਰਕੇ ਤਾਏ ਨੇ ਇੱਲ ਦੇ ਪੌਂਚੇ ਅਰਗਾ ਲਫੇੜਾ ਧਰਤਾ ਏਹਦੀ ਢੂਈ 'ਚ। ਸਾਡੇਆਲਾ ਬਬਲਿੰਗ ਕਰਨ ਲਾਤਾ ਤਾਏ ਨੇ। ਆਥਣੇ ਜੇ ਕਾਰਗੋ ਪੈਂਟ ਮੋਢੇ ਤੇ ਧਰੀ ਸਾਡੇਆਲਾ ਦੂਣੀ ਦੇ ਭਾਹੜੇ ਅਰਗਾ ਮੂੰਹ ਕਰੀ ਆਵੇ.......ਘੁੱਦਾ