Tuesday 8 October 2013

ਕੀ ਭਾਲਦੈਂ ਬਾਬਾ ਹੁਣ ਉੱਜੜੀਆਂ ਖੱਲਾਂ 'ਚੋਂ

ਰੰਗ ਰੋਗਨ ਮਾਰਕੇ ਲਿਸ਼ਕਾਤਾ ਬੁੱਤਾਂ ਨੂੰ
ਫੇਰ ਹਾਰ ਪਾਉਣਗੇ ਆਉਂਦੀਆਂ ਰੁੱਤਾਂ ਨੂੰ
ਪੁੱਤ ਜ਼ਮੀਨਾਂ ਖਾਗੇ ਤਾਂ ਨਸ਼ੇ ਖਾਗੇ ਪੁੱਤਾਂ ਨੂੰ
ਕੱਟਕੇ ਪੋਨੀ ਬਣਾਤਾ ਕੁੜੀਆਂ ਨੇ ਗੁੱਤਾਂ ਨੂੰ
ਇਸ਼ਕ ਹਕੀਕੀ ਲੱਭੇਂ ਹੁਣ ਝਨਾਂ ਦੀ ਛੱਲਾਂ 'ਚੋਂ
ਕੀ ਭਾਲਦੈਂ ਬਾਬਾ ਹੁਣ ਉੱਜੜੀਆਂ ਖੱਲਾਂ 'ਚੋਂ

ਸਿਓਕ ਟਾਹਲੀਆਂ ਖਾਗੀ ਟੋਕਰੇ ਬਣੇ ਤੂਤ ਦੇ
ਵੱਗ ਛੇੜੂਆਂ ਦੇ ਨਾ ਲੁੰਗ ਕਿੱਕਰਾਂ ਦੀ ਸੂਤ ਦੇ
ਕੌਣ ਮਾਂਜਦਾ ਸਵਾਹ ਨਾ ਚੰਗੇਰ ਭਾਂਡਿਆਂ ਦੀ
ਪਿਛਲੇ ਪਹਿਰ ਢਲਦੀ ਜਦ ਛਾਂ ਬਰਾਂਡਿਆਂ ਦੀ
ਸਵਾਦ ਸ਼ੈਹਦ ਜਾ ਆਉਂਦਾ ਖਰੀਆਂ ਗੱਲਾਂ 'ਚੋਂ
ਕੀ ਭਾਲਦੈਂ ਬਾਬਾ ਹੁਣ ...............

ਕਹੀ ਚਲਾਉਣੀ ਔਖੀ ਹੁੰਦੇ ਛਾਲੇ ਹੱਥਾਂ ਤੇ
ਯੱਕੜ ਛੱਡਣੇ ਸੌਖੇ ਨਿੱਤ ਬਹਿ ਕੇ ਸੱਥਾਂ ਤੇ
ਇੰਨੂੰ ਧਰਕੇ ਬੱਠਲ ਸਿਰਤੇ ਚੱਕਿਆ ਜਾਂਦਾਂ ਨੀਂ
ਪੁੱਤ ਅੱਗੋਂ ਬੋਲੇ ਪਿਓ ਤੋਂ ਡੱਕਿਆ ਜਾਂਦਾ ਨੀਂ
ਮਰਗੇ ਮਰਗੇ ਦੀਆਂ ਵਾਜ਼ਾਂ ਆਉਣ ਮਹੱਲਾਂ 'ਚੋਂ
ਕੀ ਭਾਲਦੈਂ ਬਾਬਾ ਹੁਣ ..................

ਭਰ ਪ੍ਰਾਤਾਂ ਵੰਡਦੇ ਸੀ ਕਦੇ ਗੱਚਕ ਰਿਓੜੀਆਂ
ਕੌਣ ਸੇਕਦਾ ਹੁਣ ਬਹਿ ਟੱਬਰਾਂ ਨਾਲ ਲੋਹੜੀਆਂ
ਮੂੰਹ ਕੱਜ ਮੜਾਸੇ ਮਾਰੇ ਜਦ ਠਾਰੀ ਪੋਹਾਂ ਦੀ
ਪੀਘਾਂ, ਤ੍ਰਿੰਝਣ, ਮੇਲੇ ਤੰਦ ਤਿੜਕੀ ਮੋਹਾਂ ਦੀ
ਚੀਸ ਹੂਕ ਬਣ ਨਿਕਲੀ ਕਾਲਜੇ ਦੇ ਸੱਲਾਂ 'ਚੋਂ
ਕੀ ਭਾਲਦੈਂ ਬਾਬਾ ਹੁਣ ..........

ਸੂਈ, ਕੰਧੂਈ ਭੁੱਲੇ ਸਿਓਣਾ ਉੱਧੜੀ ਲੇੜ੍ਹ ਨੂੰ
ਨਾ ਹੱਟੀਓਂ ਰੂੰਘਾ ਮਿਲਦਾ ਜਵਾਕਾਂ ਦੀ ਹੇੜ੍ਹ ਨੂੰ
ਜੰਗ ਲਾਗੀ ਬਾਬਾ ਹੁਣ ਹਲਾਂ ਦੇ ਫਾਲਿਆਂ ਤੇ
ਆਪਣੇ ਤਾਂ ਓਹੀ ਪਰ ਦਿਨ ਬਦਲੇ ਲਾਲਿਆਂ ਦੇ
ਰੱਬ ਭਾਲਦੀ ਦੁਨੀਆਂ ਹੁਣ ਸੰਖਾਂ ਟੱਲਾਂ 'ਚੋਂ
ਕੀ ਭਾਲਦੈਂ ਬਾਬਾ ਹੁਣ ਉੱਜੜੀਆਂ ਖੱਲਾਂ 'ਚੋਂ....ਘੁੱਦਾ

No comments:

Post a Comment