Tuesday 29 October 2013

ਘਰ ਕਦੇ ਨਹੀਂ ਪੁੱਛੀਦੇ

ਗੱਲ ਪੁੱਜੀ ਪਾਰ ਝਨਾਬਾਂ ਤੋਂ
ਤਾਂ ਫਿਕਰ ਹੋਇਆ ਮਹੀਵਾਲਾਂ ਨੂੰ
ਮਲ੍ਹਮ ਲਕੋ ਕੇ ਜਖਮੀ ਤੋਂ
ਹੁਣ ਪੁੱਛਣ ਉਹਦੇ ਹਾਲਾਂ ਨੂੰ
ਰੂਹ ਮਿਲੇ ਬਿਨਾਂ ਕੌਣ ਖਵਾਉਦਾਂ
ਚੀਰ ਪੱਟ ਦਿਆ ਮਾਸਾਂ ਨੂੰ
ਘਰ ਕਦੇ ਨਹੀਂ ਪੁੱਛੀਦੇ ਸਾਧਾਂ ਤੇ ਟੱਪਰੀਵਾਸਾਂ ਨੂੰ

ਕਦੇ ਫੱਕਰ ਚੁਗਲੀ ਕਰਦੇ ਨਾ
ਨਾ ਡਿੱਗੇ ਗੱਲ ਅਸਮਾਨਾਂ ਤੋਂ
ਪੁੰਗਰੇ ਬੀਹ ਵੰਗੂ ਭੇਤ ਉੱਘੜਦੇ
ਗੱਲ ਗੁੱਝੀ ਨਾ ਰਹੇ ਜ਼ੁਬਾਨਾਂ ਤੋਂ
ਪੁੱਛੋ ਸੱਥਰ ਤੇ ਬੈਠਣ ਵਾਲੇਆਂ ਤੋਂ
ਹੁਣ ਕੀ ਕਰਨਾ ਧਰਵਾਸਾਂ ਨੂੰ
ਘਰ ਕਦੇ ਨਹੀਂ ਪੁੱਛੀਦੇ ਸਾਧਾਂ ਤੇ ਟੱਪਰੀਵਾਸਾਂ ਨੂੰ

ਸਾਨੂੰ ਜਾਤ ਕਜ਼ਾਤ ਬੁਲਾਉਂਦੇ ਰਹੇ
ਰਹੇ ਧੂੰਹਦੇ ਫੜ੍ਹਕੇ ਕੇਸਾਂ ਤੋਂ
ਤੇਰਾ ਬਾਣਾ ਵੇਚਣ ਵਾਲਿਆਂ ਦੀ
ਹੁਣ ਪਛਾਣ ਨਾ ਆਉਂਦੀ ਵੇਸਾਂ ਤੋਂ
ਕਿਓਂ ਲੀੜੇ ਲਹਾ ਕੇ ਦੇਂਹਦੇ ਨੇ
ਹੁਣ ਪਿੰਡੇ ਛਪੀਆਂ ਲਾਸਾਂ ਨੂੰ
ਘਰ ਕਦੇ ਨਹੀਂ ਪੁੱਛੀਦੇ ਸਾਧਾਂ ਤੇ ਟੱਪਰੀਵਾਸਾਂ ਨੂੰ....ਘੁੱਦਾ

No comments:

Post a Comment