Wednesday 23 October 2013

ਰਾਵਣ ਦੇ ਵਿਆਹ ਤੇ

ਲੰਕਾ ਆਲੇ ਰਾਵਣ ਦੇ ਵਿਆਹ ਦੀ ਗੱਲ ਆ ਪਰਾਣੀ। ਰਾਵਣ ਦੀ ਜੰਨ ਐਧਰ ਪੰਜਾਬ 'ਚ ਈ ਆਉਣੀ ਸੀਗੀ ਕਾਵਾਂ ਆਲਾ ਪੱਤਣ ਨੰਘਕੇ।
ਕੀ ਹੋਇਆ ਤੇ ਵਿਆਹ ਆਲੇ ਦਿਨ ਤੜਕੇ ਸੰਦੇਹਾਂ ਰਾਵਣ ਨੂੰ ਖਾਰੇ ਨਵਾਉਣ ਲਾਗੇ । ਬਟਣਾ ਬੁਟਣਾ ਮਲ ਬੁਰੇ ਹਾਲ। ਨਾਈ ਨੇ ਦਸੇ ਸਿਰਾਂ ਤੇ ਦਹੀਂ ਪਾ ਪਾ ਕੇਸੀ ਨਵਾਇਆ , ਨਾਈ ਸਾਹੋ ਸਾਹੀ ਹੋਇਆ ਫਿਰੇ। ਮੁੜਕੇ ਰਾਵਣ ਦੇ ਮਾਮੇ ਨੇ ਅੱਡੋ ਅੱਡੀ ਸਿਰਾਂ ਤੋਂ ਸਰਬਾਰਨਾ ਕਰਕੇ ਲਾਹ ਲਿਆ ਏਹਨੂੰ। ਰਾਬਣ ਦੇ ਸ਼ੇਰਬਾਨੀ ਪਾਈ ਬਈ, ਫੁੱਲ ਅੜਬ ਕੰਮ। ਰਾਵਣ ਕਹਿੰਦਾ ਪਰਧਾਨ ਬਾਹਲੀ ਬਾਟ ਜਾਣਾ , ਖਿੱਚਦੋ ਕੰਮ। ਰਾਬਣ ਨੇ ਕੇਹੜਾ ਪੱਗ ਬੰਨ੍ਹਣੀ ਸੀ ਰੇਡੀਮੇਟ ਜਾ ਸਿਓਨੇ ਦਾ ਹੈਲਮਟ ਧਰ ਲਿਆ ਸਿਰਤੇ। ਫੇਰ ਰਾਵਣ ਦੀ ਗੁੰਮਟੀ ਆਲੀ ਭੈਣ ਸੇਹਰਾ ਚਾਕੇ ਆਗੀ। ਸਿਰ ਬਾਹਲੇ ਤੇ ਸਿਹਰਾ ਇੱਕ ਸੀਗਾ। ਮੋਹਤਬਰ ਬੰਦੇਆਂ ਨੇ ਸਲਾਹ ਕਰੀ ਬੀ ਮੇਨ ਮੂੰਹ ਤੇ ਵਿਚਾਲੇ ਜੇ ਕਰਕੇ ਬੰਨ੍ਹਦੋ ਸੇਹਰਾ। ਵਿੱਚੇ ਰਾਬਣ ਦੀਆਂ ਭਾਬੀਆਂ ਸੁਰਮੇਦਾਨੀਆਂ ਚੱਕੀ ਹੁਰਲ ਹੁਰਲ ਕਰਦੀਆਂ ਫਿਰਨ ਦਿਓਰ ਦੇ ਸੁਰਮਾ ਪਾਉਣ ਖਾਤਰ। ਬੀਹ ਅੱਖਾਂ ਸੀਗੀਆਂ ਰਾਬਣ ਦੀਆਂ ਪੰਦਰਾਂ ਮਿੰਟ ਲਾਗੇ ਸੁਰਮੇ ਤੇ ਈ।
ਕੁੰਭਕਰਨ ਵਰਨਾ ਗੱਡੀ ਸਜਾਈ ਫਿਰੇ ਫੁੱਲ ਫੱਲ ਲਾਕੇ , ਪੂਰਾ ਜ਼ਬਦਰ ਕੰਮ । ਕਾਰ 'ਚ ਬੈਠਣ ਲੱਗੇ ਰਾਬਣ ਦੇ ਸਿਰ ਫਸਗੇ ਭਰਾਵਾ ਤਾਕੀ 'ਚ। ਆਅਅ ਕੀ ਰਾਬਣ ਨੇ ਸੇਹਰੇ ਲਾਹਕੇ ਸੈੜ ਤੇ ਰੱਖਤੇ ਤੇ ਕੁੰਭਕਰਨ ਢਾਹ ਲਿਆ , ਅੰਬਰਸਰ ਦੇ ਲੰਗਰ ਹਾਲ ਦੀਆਂ ਥਾਲੀਆਂ ਅੰਗੂ ਖੜਕਾਟ ਪਿਆ ਪਵੇ ਕੁੰਭਕਰਨ ਅਰਗੇਆਂ ਦਾ । ਹਾਰਕੇ ਮਹਿਮੇ ਸਰਜੇ ਆਲੇ ਫੁੱਫੜ ਦੀ ਓਪਨ ਜੀਪ 'ਚ ਬਿਠਾਇਆ ਭਰਾਵਾ ਰਾਬਣ ਨੂੰ। ਐਹੇ ਜੇ ਵਿਆਹ ਸੀ ਓਦੋਂ .....ਘੁੱਦਾ

No comments:

Post a Comment