Monday 23 December 2013

ਦੁੱਲੇ ਦੇ ਪਿੰਡ 'ਪਿੰਡੀ' ਤੋਂ ਲੈਕੇ

ਦੁੱਲੇ ਦੇ ਪਿੰਡ 'ਪਿੰਡੀ' ਤੋਂ ਲੈਕੇ, ਨਾਨਕ ਦੇ ਨਨਕਾਣੇ ਤਾਂਈ
ਲਾਲੋ ਦੀ ਰੋਟੀ 'ਚੋਂ ਨੁੱਚੜੇ , ਖਰੇ ਦੁੱਧ ਜਹੀ ਗੱਲ ਸੁਣਾਈਂ
ਗੁਰ ਅੰਗਦ ਦੇ ਮੂੰਹੋਂ ਨਿਕਲੀ, 'ਪੈਂਤੀ ਅੱਖਰੀਂ' ਕੰਨੀਂ ਪਾਈਂ
ਸੰਗਤ ਪੰਗਤ ਸੀ ਗੱਲ ਤੋਰਕੇ, ਅਕਬਰ ਨੂੰ ਭੁੰਜੇ ਬਹਾਈਂ
ਹਾੜ੍ਹ ਮਹੀਨਾ ਉੱਠ ਤਵੀ ਤੋਂ ਰਾਵੀ ਵਿੱਚ ਚੁੱਭੀ ਲਾਈਂ
ਛਲਕੇ ਸਬਰ ਪਿਆਲਾ ਤਾਂ ਹੱਥ ਮੀਰੀ ਪੀਰੀ ਨੂੰ ਪਾਈਂ
ਫੇਰ ਗਊ ਜੰਝੂ ਦੀ ਰਾਖੀ ਕਰਦਾ ਦਿੱਲੀ ਵੱਲ ਨੂੰ ਜਾਈਂ
ਵਿਸਾਖੀ ਨੂੰ ਤੂੰ ਸਿੱਟ ਚੰਗਿਆੜੀ ਅਲੈਹਦੀ ਕੌਮ ਬਣਾਂਈ
ਪੰਜ ਤੀਰ ਪੰਜ ਸਿੰਘ ਬਖਸ਼ਕੇ ਸਾਧ ਨੂੰ ਬੰਦਾ ਬਣਾਂਈ
ਕੇਸੋਂ ਪਹਿਲਾਂ ਖੋਪੜ ਲਾਹਦੇ ਨਾ ਸਿਦਕਾਂ ਨੂੰ ਪਰਤਿਆਈਂ
ਪਿਓ ਪੁੱਤ ਭੱਜ ਚੜ੍ਹੇ ਚਰਖੜੀ ਰੂੰਆਂ ਵਾਂਗ ਪਿੰਜਾਈਂ
ਮੀਰ ਮਨੂੰ ਦੀ ਜੇ ਵੱਢੇ ਦਾਤਰੀ ਗਲਾਂ 'ਚ ਹਾਰ ਪੁਆਈਂ
ਪਿੱਠ ਜੋੜ ਬੋਤਾ-ਗਰਜਾ ਲੜਦੇ ਸਰਕਾਰੇ ਗੱਲ ਪੁਜਾਂਈ
ਸਦੀ ਅਠ੍ਹਾਰਵੀਂ ਦੋ ਘੱਲੂਘਾਰੇ, ਮੁੱਲ ਸਿਰਾਂ ਦੇ ਪਾਈਂ
ਬੁੱਢੇ ਜੌੜੋਂ ਦੇ ਚੋਬਰ ਨਿਕਲੇ, ਸਿਰ ਮੱਸੇ ਦਾ ਲਿਆਈਂ
ਲੱਦੀ ਚੱਲ ਤਵਾਰੀਖ ਦੇ ਪੰਨੇ, ਗੱਲ ਨਾ ਹਲੇ ਮੁਕਾਈਂ
ਫੇਰ ਆਵਦਿਆਂ ਟੈਂਕ ਚਾੜ੍ਹਤੇ, ਬਿਗਾਨੇ ਹੋਗੇ ਸਾਈਂ
ਸੀਖ ਮਾਰਦੋ ਸੀਖ ਮਾਰਦੋ, ਗਲ ਪਾਕੇ ਟੈਰ ਮਚਾਂਈ
ਮੁੱਛ ਫੁੱਟ ਸਾਰੇ ਸਿਆਸਤ ਚਰਗੀ, ਕੀ ਹੋਣੀ ਸੁਣਵਾਈਂ
ਕੁੱਤੀ ਸਾਡੀ ਚੋਰਾਂ ਨਾਲ ਰਲਗੀ, ਅਖੀਰੀ ਗੱਲ ਸੁਣਾਈਂ
ਭੁੱਖ ਹੜਤਾਲੀਆ ਮਰਨ ਨੀਂ ਦੇਣਾ ਦੁੱਧ ਪੈਪਾਂ ਰਾਹੀਂ ਪਾਈਂ.....ਘੁੱਦਾ

ਮੀਡੀਆ ਬਨਾਮ ਸਿੱਖ ਸੰਘਰਸ਼

ਕਈ ਦਿਨ ਪਹਿਲਾਂ "ਦ ਟ੍ਰਿਬਿਊਨ" ਦੇ ਫਰੰਟ ਸਫੇ ਤੇ ਸ਼ਹੀਦ ਊਧਮ ਸਿੰਘ ਬਾਰੇ ਖਬਰ ਛਪੀ ਸੀ। ਅੰਗਰੇਜ਼ ਰਾਈਟਰ Roger perkins ਨੇ 1989 'ਚ ਲਿਖੀ ਕਿਤਾਬ 'ਚ ਦੱਸਿਆ ਕਿ ਊਧਮ ਸਿੰਘ ਨੇ ਗਦਰ ਪਾਰਟੀ ਨੂੰ ਪੈਸੇ ਟਕੇ ਦੀ ਮਦਾਦ ਦੇਣ ਖਾਤਰ ਦੋ ਅੰਗਰੇਜ਼ੀ ਫਿਲਮਾਂ ਵਿੱਚ ਕੰਮ ਕਰਿਆ ਸੀ। ਸੱਥਾਂ 'ਚ ਪੜ੍ਹਿਆ ਜਾਂਦਾ ਅਜੀਤ, ਜਗਬਾਣੀ ਅਰਗਾ ਮੀਡੀਆ ਏਹਨਾਂ ਖਬਰਾਂ ਨੂੰ ਖੌਣੀ ਕਾਹਤੋਂ ਨੀਂ ਛਾਪਦਾ। ਏਮੇਂ ਜਿਮੇਂ ਏਹੋ ਜਾ ਮੀਡੀਆ ਸੰਘਣੀ ਧੁੰਦ ਦੀ ਫੋਟੋ ਜਾਂ ਜਾਪਾਨੀ ਤੇਲ ਦੀ ਮਸ਼ੂ੍ਹਰੀ ਤਾਂ ਫਰੰਟ ਪੇਜ ਤੇ ਲਾ ਸਕਦੇ ਨੇ ਪਰ ਗੁਰਬਖਸ਼ ਸਿੰਘ ਦੀ ਖਬਰ ਛਾਪਦਿਆ ਖੌਣੀ ਝਾਫੇਆਂ 'ਚੋਂ ਨਿਕਲਕੇ ਕੇਹੜਾ ਚੰਨਣਗੀਹਰਾ ਲੜਦਾ ਏਹਨਾਂ ਦੇ।
ਬਾਕੀ ਸਿੱਖਾਂ ਨੂੰ ਅੱਤਬਾਦੀ ਜਾਂ ਖਾੜਕੂ ਕਹਿਕੇ ਚਿੱਤ ਹੌਲਾ ਕਰਨ ਆਲੇ ਗੌਰ ਕਰਨ। ਘੱਤਰ ਦੀ ਜੰਗ ਸਮੇਂ ਅਮਰੀਕਾ ਮੇਡ ਪਾਕਿਸਤਾਨੀ ਪੈਟਨ ਟੈਂਕਾਂ ਨੂੰ ਖੇਮਕਰਨ ਲਿਵੇ ਏਹਨਾਂ ਨੇ ਈ ਤਵੀ ਤੋਂ ਸਿੱਪੀ ਨਾ ਲੱਦੀ ਰੋਟੀ ਅੰਗੂ ਉਲਟਾ ਕੇ ਮਾਰਿਆ ਸੀਗਾ। ਮਿੱਥੇ ਸਮੇਂ ਤੋਂ ਪਹਿਲਾਂ ਹਰਬਖਸ਼ ਸਿੰਘ ਹੋਣਾਂ ਬੰਗਲਾਦੇਸ਼ ਫਤਹਿ ਕਰਕੇ ਤਰਾਂਨਵੇ ਹਜ਼ਾਰ ਪਾਕਿ ਫੌੌਜੀਆਂ ਤੋਂ ਹਥਿਆਰ ਸਿਟਿਆਏ ਸੀ। ਵੰਡ ਪਿੱਛੋਂ ਸ੍ਰੀਨਗਰ ਹਵਾਈ ਅੱਡੇ ਤੇ ਕਬਜ਼ਾ ਕਰਕੇ ਜੰਮੂ- ਕਸ਼ਮੀਰ ਬਚਾਇਆ ਸੀ।
ਨਸਲ, ਜਾਤ, ਧਰਮ ਨੂੰ ਛੱਡਕੇ ਮੰਜੇ ਤੇ ਬੈਠੀ ਕਿਸੇ ਧੌਹਲਿਆਂ ਆਲੀ ਬੇਬੇ ਦੀ ਨਜ਼ਰੀਏ ਨਾ ਸੋਚੋ ਵੀ ਉਹਦਾ ਸਜ਼ਾ, ਸ਼ਰਤਾਂ ਪੂਰੀਆਂ ਕਰ ਚੁੱਕਾ ਉਹਦਾ ਪੁੱਤ ਬਾਹਰ ਆਉਣਾ ਚਾਹੀਦਾ ਕਿ ਨਹੀਂ?
ਬਾਕੀ ਸਿਰੇ ਲਿਖਾਰੀਪੁਣਾ ਕਰਨ ਆਲੇ ਬਥੇਰੇ ਬਿੱਚ ਬੱਜਦੇ ਫਿਰਦੇ ਨੇ। ਕਲਮ ਇੱਕੋ ਆਰੀ ਹਥਿਆਰ ਬਣੀ ਸੀ ਜਦੋਂ ਦੀਨੇ ਦੀ ਧਰਤੀ ਤੋਂ ਲਿਖੇ ਗੋਬੰਦ ਸਿੰਘ ਦੇ ਜ਼ਫਰਨਾਮੇ ਨੇ ਔਰੰਗਜ਼ੇਬ ਦੀਆਂ ਤਲੀਆਂ ਥਾਂਣੀ ਮੁੜ੍ਹਕਾ ਕੱਢਤਾ ਸੀ। ਜੇ ਕਿਸੇ ਮੂਵਮੈਂਟ ਦੇ ਪੱਖ 'ਚ ਨਹੀਂ ਖੜ੍ਹ ਸਕਦੇ ਤਾਂ ਪੇਗ ਲਾਕੇ ਦੋ ਦੋ ਫੁੱਟ ਦੇ ਲੇਖ ਲਿਖਕੇ ਕੂੜ ਪਰਚਾਰ ਵੀ ਨਾ ਕਰੋ.....ਘੁੱਦਾ

ਆਹ ਲੱਛਣਾਂ ਤੋਂ ਜਾਣ ਪਛਾਣੇ ਸਾਡੇ ਲੋਕ ਕੁੜੇ

ਚੂਹੇ ਕੰਡੇ ਨਾਲ ਜ਼ੋਖ ਕੇ ਪੰਡ ਚੱਕਦੇ ਨਰਮੇ ਦੀ
ਪਾਣੀ ਉੱਚੀ ਪੈਲੀ ਨੂੰ ਲਾਉਣਾ ਕਰ ਵਰਤੋਂ ਵਰਮੇ ਦੀ
ਪਟਵਾਰੀ ਮਿਣਨ ਜ਼ਮੀਨਾਂ ਜੀ ਖਿੱਚ ਜ਼ਰੀਬ ਨੂੰ
ਅੱਖ ਮੀਚ ਕਾਣੀ ਵੱਟ ਦੇਖ ਜਰਾ ਹੋ ਕਰੀਬ ਨੂੰ
ਜਮਾਂ ਘਟਾਓ ਕਰ ਉਂਗਲਾਂ ਤੇ ਕਰਦੇ ਘੋਖ ਕੁੜੇ
ਆਹ ਲੱਛਣਾਂ ਤੋਂ ਜਾਣ ਪਛਾਣੇ ਸਾਡੇ ਲੋਕ ਕੁੁੜੇ

ਫੜ੍ਹ ਲੰਮੀ ਢਾਂਗੀ ਟੀਸੀ ਤੋਂ ਕਿੱਕਰਾਂ ਛਾਂਗੀਆਂ
ਇੱਜੜ ਲੁੰਗ ਚਰਦੇ ਮੁੱਢ ਤੇ ਲਾਕੇ ਟਾਂਗੀਆਂ
ਛੁਰੀ ਕਹੀ ਦੇ ਲਾਉਣੀ ਦੰਦੇ ਕੱਢਣੇ ਆਰੀ ਦੇ
'ਪਾਣੀ ਵੱਢਲਾ ਟੈਮ ਹੋ ਗਿਆ' ਕਹਿਣਾ ਵਾਰੀ ਤੇ
ਕਿੱਲੋਆਂ ਨਾਲ ਨਾ ਸਰਦਾ ਸੌਦਾ ਚੱਕਦੇ ਥੋਕ ਕੁੜੇ
ਆਹ ਲੱਛਣਾਂ ਤੋਂ ਜਾਣ ਪਛਾਣੇ ਸਾਡੇ ਲੋਕ ਕੁੜੇ

ਭਰਲੇ ਕੁੱਜੇ ਜਵਾਕਾਂ ਨੇ ਗੂੰਦ ਲਾਹਕੇ ਰੁੱਖਾਂ ਤੋਂ
ਚਿੱਬੜ ਚਟਣੀ ਧਰੀ ਰੋਟੀ ਤੇ ਲੱਗੀਆਂ ਭੁੱਖਾਂ ਤੋਂ
ਬਸ਼ੱਕ ਦੋ ਰੁਪਏ ਸੈਂਕੜਾ ਵਿਆਜ ਲਾਤਾ ਲਾਲੇ ਨੇ
ਚੜ੍ਹਦੀ ਕਲਾ 'ਚ ਰੈਹਣਾ ਕਿਹਾ ਬਾਜ਼ਾਂ ਆਲੇ ਨੇ
ਖੌਣੀ ਕੇਹੀ ਅਨਰਜ਼ੀ ਦੇਂਦੇ ਬਾਣੀ ਦੇ ਸਲੋਕ ਕੁੜੇ
ਆਹ ਲੱਛਣਾਂ ਤੋਂ ਜਾਣ ਪਛਾਣੇ ਸਾਡੇ ਲੋਕ ਕੁੜੇ

ਛਾਤੀ ਵੀ ਨਾ ਕੱਜਣ ਲੀੜੇ ਥੋਡੇ ਕੀ ਕਹਿਣੇ ਨੀਂ
ਬਸ ਸ਼ਰਮ ਹਯਾ ਤੇ ਅਣਖਾਂ ਸਾਡੇ ਗਹਿਣੇ ਨੀਂ
ਕਿਰਕਟ , ਟੈਨਿਸ ਥੋਡੀਆਂ ਹੋਰ ਈ ਖੇਡਾਂ ਨੇ
ਧਰਤੀ ਧੱਕਦੇ ਜਾਂਦੇ ਚੋਬਰ ਪਾਉਂਦੇ ਰੇਡਾਂ ਨੇ
ਬਾਂਦਰ ਕਿੱਲਾ ਈ ਨਾ ਛੱਡਦੇ ਸਾਡੇ ਬੋਕ ਕੁੜੇ
ਆਹ ਲੱਛਣਾਂ ਤੋਂ
ਜਾਣ ਪਛਾਣੇ ਸਾਡੇ ਲੋਕ ਕੁੜੇ

ਚੁੱਕ, ਧਰਨ ਤੇ ਮੋਚ ਕੱਢਣੀ ਖਾਸ ਤਜ਼ਰਬੇ ਨੇ
ਸਿਰ ਨੰਗਾ ਹੋਣ ਨਾ ਦੇਂਦੇ ਬਾਬੇ ਖਾਸੇ ਖਰ੍ਹਵੇ ਨੇ
ਅੜਬ ਢਾਂਡੀਆਂ ਚੋਂਦੇ ਪਾਕੇ ਨਿਆਣਾ ਲੱਤਾਂ ਨੂੰ
ਰੱਬ ਨੇ ਸੁਰਗ ਬਣਾਇਆ ਪਿੰਡਾਂ ਦੀਆਂ ਸੱਥਾਂ ਨੂੰ
ਭਰ ਤੌੜੇ 'ਚੋਂ ਡੋਹਰੀ ਪਾਣੀ ਪੀਂਦੇ ਲਾ ਓਕ ਕੁੜੇ
ਆਹ ਲੱਛਣਾਂ ਤੋਂ ਜਾਣ ਪਛਾਣੇ ਸਾਡੇ ਲੋਕ ਕੁੜੇ.....ਘੁੱਦਾ

ਦੇਵਯਾਨੀ ਦੇ ਮੁੱਦੇ ਤੇ

ਭਾਰਤੀ ਤੰਤਰ ਮੰਤਰ ਦਾ ਅੱਡੀ ਚੋਟੀ ਦਾ ਸਾਰਾ ਜ਼ੋਰ ਹੁਣ ਦੇਵਯਾਨੀ ਦੇ ਮੁੱਦੇ ਤੇ ਲੱਗਾ ਪਿਆ ਬੀ ਅਮਰੀਕਾ ਨੇ ਕੁੜੀ ਦੀ ਲੀੜੇ ਲਹਾ ਕੇ ਤਲਾਸ਼ੀ ਕਾਹਤੋਂ ਲਈ। ਖੈਰ ਮਾੜੀ ਕਰੀ ਸਹੁਰਿਆਂ ਨੇ। ਸਾਰਾ ਮੀਡੀਆਂ ਹੋਰਾਂ ਮੁੱਦਿਆਂ ਤੋਂ ਹਟਕੇ ਪਸੇਰੀ ਪਸੇਰੀ ਦੇ ਕੈਮਰੇ ਚੱਕੀ ਏਸੇ ਮਸਲੇ ਦੀ ਕਵਰੇਜ ਤੇ ਲੱਗਾ ਬਾ।
ਦੇਵਯਾਨੀ ਦੀ ਤਾਂ ਕੱਲੀ ਤਲਾਸ਼ੀ ਈ ਲਈ ਆ ਪਰ ਚੌਰਾਸੀ ਸਮੇਂ ਜਾਂ ਓੜੀਸ਼ਾ ਦੇ ਕਾਂਡ ਸਮੇਂ ਕੁੜੀਆਂ ਦੇ ਲੀੜੇ ਤਾਂ ਲਹਾਏ ਈ ਸੀ ਜੇਹੜਾ ਕੁੱਤਪੌ ਕੀਤਾ ਉਹ ਵੱਖਰਾ।
ਓਦੋਂ ਭਾਰਤੀ ਸਿਸਟਮ ਦੇ ਮੂੰਹ 'ਚ ਖੌਣੀ ਕੇਹੜੀ ਸੈਂਟਰ ਫਰੈੱਸ਼ ਪਾਈ ਸੀ , ਕੋਈ ਕੁਸਕਿਆ ਈ ਨੀਂ। ਚਲੋ ਛੱਡੋ। ਅਗਲੀ ਗੱਲ ਏਹ ਆ ਕਿ ਜਦੋਂ ਅਮਰੀਕਾ ਵਿੱਚ ਵਿਨਕਾਨਸਨ ਦੇ ਗੁਰੂ ਘਰ 'ਚ ਛੇ ਭਾਰਤੀਆਂ ਦੀ ਹੱਤਿਆ ਹੋਈ ਸੀ ਤਾਂ ਏਸੇ ਅਮਰੀਕਾ ਨੇ ਝੰਡੇ ਨੀਵੇਂ ਕਰਕੇ ਪੂਰਾ ਅਫਸੋਸ ਕਰਿਆ, ਭੋਗ ਤੇ ਵੀ ਆਏ। ਬਾਕੀ ਜਦੋਂ ਵੀ ਅਮਰੀਕਾ 'ਚ ਕਿਸੇ ਭਾਰਤੀ ਬੰਦੇ ਤੇ ਨਸਲੀ ਹਮਲਾ ਹੁੰਦਾ ਤਾਂ ਗੋਰੇ ਦੋਸ਼ੀ ਨੂੰ ਬਣਦੀ ਸਜ਼ਾ ਠੋਕ ਕੇ ਦਿੱਤੀ ਜਾਂਦੀ ਆ। ਟਾਈਟਲਰ ਜਾਂ ਸੱਜਣ ਅੰਗੂ ਟਿਕਟਾਂ ਦੇਕੇ ਪਰਧਾਨਗੀਆਂ ਨੀਂ ਦਿੱਤੀਆਂ ਜਾਂਦੀਆਂ। ਫੁੱਫੜਾਂ ਨੂੰ ਨਿੰਦਣ ਤੋਂ ਪਹਿਲਾਂ ਚੰਗੇ ਕੰਮਾਂ ਵੱਲ ਵੀ ਦੇਖਣਾ ਲਾਜ਼ਮੀ ਆ ਹੁਣ।
ਹੋਰ ਦੋ ਦਿਨਾਂ ਨੂੰ ਦੇਖਿਓ ਆਪਣਾ ਮੁਲਖ ਟੈਰੀਕਾਟ ਦੇ ਲੀੜੇ ਤੇ ਅਮਰੀਕਾ ਦਾ ਝੰਡਾ ਛਾਪਕੇ ਸਾੜਦਾ ਨਜ਼ਰ ਆਊ। ਹੋਰ ਤਾਂ ਕੋਈ ਨੀਂ ਕਿਤੇ ਅਮਰੀਕਾ ਨਾ ਪੰਗਾ ਲੈਕੇ ਊਂ ਨਾ ਸਾਰਿਆਂ ਦੇ ਪੁੜੇ ਕੁਟਾ ਦੇਣ । ਠੰਢ ਵੀ ਬਾਹਲੀ ਆ, ਓਤੋਂ ਅਗਲੇ ਭਿਓਂ ਭਿਓਂ ਪਿੱਛਾ ਕੁੱਟਣਗੇ....ਘੁੱਦਾ

Sunday 15 December 2013

ਨਿਸ਼ਾਨੀਆਂ ਪੰਜਾਬ ਦੀਆਂ

ਹਰ ਘਰ ਦੇ ਵਿੱਚ ਲੱਗੀ ਹੋਊ ਫੋਟੋ ਨਾਨਕ ਦੀ
ਹਾਲੀ ਪਾਲੀ ਫਿਰਦੇ ਗਾਉਂਦੇ ਕਲੀ ਕੋਈ ਮਾਣਕ ਦੀ
'ਹਜ਼ੂਰ ਸਾਹਬ' ਦਾ ਕੜਾ ਪਾਇਆ ਵਾ ਹਰਿੱਕ ਦੇ
ਸੰਤਾਲੀ ਨੇ ਲੀਕ ਖਿੱਚਤੀ ਸੀ ਜੇਹਦੀ ਹਿੱਕ ਤੇ
ਜਪੁਜੀ ਸਾਬ੍ਹ ਦੀ ਬਾਣੀ ਨਾਲੇ ਤਰਜ਼ਾਂ ਰਬਾਬ ਦੀਆਂ
ਆਹ ਨਿਸ਼ਾਨੀਆਂ ਨਿੱਕਿਆ ਹਨ ਖਾਸ ਪੰਜਾਬ ਦੀਆਂ

ਲੱਗੇ ਕਾਰਾਂ ਪਿੱਛੇ ਫਿਰਨੀ ਤਾਂਈ ਰੇਸ ਕਤੀੜ੍ਹਾਂ ਦੀ
ਵੈਦ ਕੱਕੜ ਬਾਰੇ ਲਾਉਂਦੇ ਹੱਡੀ ਹਿੱਲਗੀ ਰੀੜ੍ਹਾਂ ਦੀ
ਤਿੰਨ ਪਾਸੇ ਕਰਕੇ ਮੀਢੀਆਂ ਜੂੜੇ ਕਰੇ ਜਵਾਕਾਂ ਦੇ
ਲਾ ਕੰਨਾਂ ਪਿੱਛੇ ਕਾਲਸ਼ ਮਾਵਾਂ ਚੱਕੇ ਢਾਕਾਂ ਤੇ
ਹਾੜ੍ਹੀ ਸਾਉਣੀ ਸ਼ਾਹਾਂ ਕੋ ਵਹੀਆਂ ਹਨ ਹਿਸਾਬ ਦੀਆਂ
ਆਹ ਨਿਸ਼ਾਨੀਆਂ ਨਿੱਕਿਆ ਹਨ ਖਾਸ ਪੰਜਾਬ ਦੀਆਂ

ਹੱਥ 'ਚ ਤੇਸਾ ਕੰਨ ਤੇ ਪੈਂਸਲ ਟੰਗੀ ਤਰਖਾਣਾਂ ਦੇ
ਠਾਕਾ, ਰੋਕਾ, ਵਿਆਹ ,ਕੀਰਣੇ ਢੰਗ ਮਕਾਣਾਂ ਦੇ
ਅੰਬੋ ਭੁੰਨੇ ਭੱਠੀ ਤੇ ਦਾਣੇ ਦੰਦੇ ਭੁਰਗੇ ਦਾਤੀ ਦੇ
ਵੱਸੇ ਲਾਲ ਲੈਨ ਦੇ ਅੰਦਰੇ ਘਰ ਇੱਕੋ ਜਾਤੀ ਦੇ
ਗੱਲਾਂ ਭੰਡ, ਮਰਾਸੀ ਜੇਹੇ ਹਾਜ਼ਰ ਜਵਾਬ ਦੀਆਂ
ਆਹ ਨਿਸ਼ਾਨੀਆਂ ਨਿੱਕਿਆ ਹਨ ਖਾਸ ਪੰਜਾਬ ਦੀਆਂ

ਟੂਪ ਵੱਢਕੇ ਪਾਈ ਹੁੰਦੀ ਟਰੈਲੀ ਦਿਆਂ ਸੰਗਲਾਂ ਤੇ
ਮੁਲਖ ਨੇ ਮਾਰੇ ਮੜਾਸੇ ਮਿਲਣੀ ਆਲੇ ਕੰਬਲਾਂ ਦੇ
ਧੂੰਈਂ ਛਿਟੀਆਂ ਦੀ ਪਾਉਣੀ ਦਿਨ ਸਿਆਲਾਂ ਦੇ
ਡੀ.ਏ.ਪੀ ਦੇ ਖਾਲੀ ਗੱਟੇ ਜਾਕੇ ਧੋਣੇ ਖਾਲਾਂ ਤੇ
ਲਿਖਤ 'ਚ ਫਿੱਟ ਨਾ ਹੋਣ ਗੱਲਾਂ ਬੇਹਿਸਾਬ ਦੀਆਂ
ਆਹ ਨਿਸ਼ਾਨੀਆਂ ਨਿੱਕਿਆ ਹਨ ਖਾਸ ਪੰਜਾਬ ਦੀਆਂ

ਜਵਾਕ ਜੱਲੇ ਜੇ ਇੱਲਤੀਂ ਆਂਡੇ ਦੇਣ ਕਿੱਕਰੀ
ਜੱਟ ਬੂਟ ਝੋਰੇ ਦੇ ਮਾਰੇ ਬੁੱਲ੍ਹਾਂ ਉੱਤੇ ਸਿੱਕਰੀ
ਕੁੱਲ ਰਕਬੇ ਤੇ ਲਿਮਟਾਂ ਦਾਬੂ ਕਰਲੇ ਬੈਕਾਂ ਨੇ
ਚੌਰਾਸੀ ਵਿੱਚ ਸਾਹ ਸੂਤੇ ਕੁੱਲ ਕੌਮ ਦੇ ਟੈਕਾਂ ਨੇ
ਸਨ ਸਿਆਸਤਾਂ ਘੁੱਦਿਆ ਫੀਤੀ ਦੇ ਖਿਤਾਬ ਦੀਆਂ
ਆਹ ਨਿਸ਼ਾਨੀਆਂ ਨਿੱਕਿਆ ਹਨ ਖਾਸ ਪੰਜਾਬ ਦੀਆਂ....ਘੁੱਦਾ

ਪਰਤਿਆਈਆਂ ਬੀਆਂ ਗੱਲਾਂ

ਪਰਤਿਆਈਆਂ ਬੀਆਂ ਗੱਲਾਂ
1. ਵੱਡੀ ਮੇਦ ਆ ਜਦੋਂ ਮਰਜ਼ੀ ਨੋਟ ਕਰਲਿਓ ਪੁਰਾਣੇ ਪੁਲਸੀਏ ਤੇ ਪਰਾਣੇ ਗਰੰਥੀ ਦਾ ਢਿੱਡ ਲਾਜ਼ਮੀ ਵਧਿਆ ਹੁੰਦਾ ।
2. ਪਿੰਡਾਂ ਆਲੇਆਂ ਦਾ ਸਾਰਾ ਟੱਬਰ ਇੱਕੋ ਆਰੀ ਕੱਠਾ ਹੋਕੇ ਬਹਿੰਦਾ ਚੱਜ ਨਾਲ, ਜਦੋਂ ਰਾਸ਼ਨ ਕਾਡ ਤੇ ਲਾਉਣ ਖਾਤਰ ਫੋਟੋ ਖਚਾਉਣੀ ਹੁੰਦੀ ਆ।
3. ਲਗਪਗ ਨੱਬੇ ਪਰਸਿੰਟ ਮੰਤਰੀ ਆਵਦੇ ਨੌਂ ਨਾਲ ਪਿੰਡ ਦਾ ਨੌਂ ਲਾਜ਼ਮੀ ਲਾਉਦੇਂ ਨੇ, ਤੇ ਲੱਗਦੀ ਵਾਹ ਹਰਿੱਕ ਮੰਤਰੀ ਦਾ ਮੁੰਡਾ ਵੀ ਇੱਕੋ ਈ ਹੁੰਦਾ।
4. ਬਾਹਲੇ ਪਰਾਈਵੇਟ ਸਕੂਲ ਦਸਮੀਂ ਦੀਆਂ ਕਿਤਾਬਾਂ ਜਵਾਕਾਂ ਨੂੰ ਨੌਮੀਂ 'ਚ ਈ ਲਾ ਦੇਂਦੇ ਨੇ। ਪੰਜਾਬ ਸਕੂਲ ਸਿੱਖਿਆ ਬੋਰੜ ਆਲੇ ਖਾਸ ਕਰਕੇ।
5. ਸ਼ੈਹਰਾਂ ਆਲ਼ੇ ਕੋਠੀ ਪਾਉਣਗੇ ਸਾਰਾ ਕੰਮ ਨਬੇੜ ਕੇ ਈ ਵਸੋਂ ਕਰਦੇ ਨੇ , ਐਧਰ ਪਿੰਡਾਂ 'ਚ ਕੋਠੀ ਪਾਕੇ ਮੁਲਖ ਦਰਵਾਜ਼ੇਆਂ ਦੀ ਥਾਂ ਚਾਰ ਸਾਲ ਯੂਰੀਆ ਆਲੇ ਗੱਟੇ ਈ ਟੰਗੀ ਰੱਖਦਾ।
6. ਅੰਬਰਸਰ ਜਾਕੇ ਜਦੋਂ ਆਪਣੇ ਮੁਲਖ ਨੂੰ ਕੋਈ ਅੰਗਰੇਜ਼ ਦਿਸਜੇ ਤਾਂ ਨਾਲਦੇ ਨੂੰ ਮੋਢਾ ਮਾਰਕੇ ਆਹ ਗੱਲ ਪੱਕਾ ਆਖਦੇ ਆ, "ਪਰਧਾਨ ਏਹਨੂੰ ਪੁੱਛ ਫੋਟੋ ਖਿਚਾਈਏ ਏਹਦੇ ਨਾਲ"
7. ਜਦੋਂ ਕਿਤੇ ਵਿਆਹ ਵਯੂਹ ਹੁੰਦਾ ਪਹਿਲਾਂ ਆਪਣੇ ਆਲ਼ਾ ਮੁਲਖ ਸੰਗਦਾ ਨੱਚਦਾ ਨੀਂ ਤੇ ਜਦੋਂ ਨੱਚਣ ਲੱਗ ਜਾਂਦੇ ਆ ਫੇਰ ਜਦੋਂ ਚਾਰ ਕ ਬੱਜ ਜਾਂਦੇ ਆ ਓਦੋਂ ਡੀ. ਜੇ ਆਲੇ ਨੂੰ ਆਹੀ ਗੱਲ ਕੈਂਹਦੇ ਆ, "ਪਰਧਾਨ ਬਾਈ ਬਣਦਾ ਬਸ ਇੱਕ ਗੀਤ ਹੋਰ ਲਾਦੇ ਜਰ ਚੱਕਮਾਂ ਜਾ"....ਘੁੱਦਾ

ਸਾਡੀ ਕਬੱਡੀ

P.T.C ਨਿਊਜ਼ ਆਲੇਆਂ ਤੱਕ ਆਪਣੀ ਤਾਂ ਪਹੁੰਚ ਹੈਨੀ, ਸੋਡੇ 'ਚੋਂ ਜੇ ਕੋਈ ਗਿਆ ਤਾਂ ਸਿਨਿਆਂ ਲਾਦਿਓ ਨਿੱਕਾ ਜਾ ਬੀ ਕਬੱਡੀ ਕੱਲੇ ਬਾਦਲ ਕੀ ਖੇਡ ਨੀ , ਸਗਮਾਂ ਦੀ ਏਹ ਸਾਡੇ ਨੰਗ ਲੋਕਾਂ ਦੀਆਂ ਖੇਡਾਂ ਨੇ। ਜਿੱਥੇ ਚੋਪੜਿਆਂ ਦੀ ਨਿੱਕੀ ਨਹੀਂ ਨੱਚਦੀ, ਕਬੱਡੀਆਂ ਓਥੇ ਵੀ ਪੈ ਜਾਂਦੀਆਂ ।
ਸਿਆਲ ਰੁੱਤੇ ਪਿੰਡਾਂ ਦੇ ਚਾਰ ਸਿਆਣੇ ਲਿਆਹਜ਼ਢਾਬ ਆਲੇ ਮੋਹਤਬਰ ਬੰਦੇ ਪਿੰਨ ਕਾਪੀ ਚਾਕੇ ਹਰਿੱਕ ਘਰੇ ਉਗਰਾਹੀ ਕਰਨ ਜਾਂਦੇ ਨੇ। ਆਵਦੇ ਬਿਤ ਮੁਤਾਬਕ ਹਰੇਕ ਸਰਦਾ ਬਣਦਾ ਚੰਦਾ ਦੇਂਦਾ। ਸੀਰੀ ਪਾਲੀ ਵੀ ਸੌ ਪੰਜਾਹ ਦੇਕੇ ਬਣਦਾ ਹਿੱਸਾ ਪਾਕੇ ਕੌਡੀ ਦੇ ਟੂਰਨਾਮੈਂਟ ਡੀਕਦੇ ਨੇ। ਮੁਲਖ ਤਿੰਨ ਤਿੰਨ ਦਿਨਾਂ ਦਾ ਅਗਾਊਂ ਨੀਰਾ ਵੱਢ ਕੇ ਰੱਖ ਲੈਂਦਾ ਬੀ ਫੇਰ ਕਬੱਡੀਆਂ ਦੇਖਾਂਗੇ। ਤਿੰਨ ਖੂੰਜੀਆਂ ਰੰਗ ਬਰੰਗੀਆਂ ਝੰਡੀਆਂ ਸੀਤ ਹਵਾ ਨਾ ਸ਼ਰਰਰ ਸ਼ਰਰ ਕਰਕੇ ਖਿਡਾਰੀਆਂ ਨੂੰ ਜਿਮੇਂ ਥਾਪੀਆਂ ਦੇਂਦੀਆਂ ਨੇ। ਵੱਡੇ ਸਾਰੇ ਗੋਲ ਘਤੇਰੇ ਦਾਲੇ ਮੁਲਖ ਟਰੈਟਰਾਂ, ਘੜੁੱਕਿਆਂ , ਟਰੱਕਾਂ ਤੇ ਲਟੋਪੀਂਘ ਹੋਇਆ ਕੌਡੀਆਂ ਵੇਖਦਾ। ਜਲਾਲ ਆਲੇ ਅਜਮੇਰ ਅਰਗੇ ਤਖਤਪੋਸ਼ਾਂ ਅਰਗੇ ਗਭਰੂ ਧਰਤੀਧੱਕਦੇ ਜਾਂਦੇ ਨੇ ਰੇਡਾਂ ਪਾਉਣ। ਹਠੂਰ ਆਲੇ ਏਕਮ ਅਰਗੇ ਕਣਕਬੰਨੇ ਜੇ ਰੰਗ ਦੇ ਚੋਬਰ ਇੱਲ ਦੇ ਪੌਂਚੇ ਅਰਗਾ ਲਫੇੜਾ ਮਾਰ ਚਲਾਂਮੀ ਕੈਂਚੀ ਮਾਰ ਰੋਪੜੀਆ ਜਿੰਦਾ ਲਾ ਦੇਂਦੇ ਨੇ। ਐਹੇ ਜੀ ਕਬੱਡੀ ਵੇਖਣ ਆਲਾ ਮੁਲਖ ਭੁੰਜੇ ਬੈਠਾ ਧਰਤੀ ਦੇ ਈ ਘਰੂਟ ਭਰੀ ਜਾਂਦਾ। ਸੈੜ ਤੇ ਗੰਨੇ, ਕਿੰਨੂੰ ਦੇ ਜੂਸ, ਪਕੌੜੇ ,ਜਲੇਬੀਆਂ ਵੇਚਕੇ ਟੱਬਰ ਦਾ ਢਿੱਡ ਭਰਨ ਆਲੇਆਂ ਮਾਤੜ੍ਹਾਂ ਨੂੰ ਚਾਰ ਦਿਨ ਚੰਗੇ ਪੈਸੇ ਬਣ ਜਾਂਦੇ ਨੇ ।
ਟੂਰਨਾਮੈਂਟਾਂ ਤੋਂ ਮੀਹਨਾ ਮੀਹਨਾ ਬਾਅਦ ਸੱਥਾਂ 'ਚ ਆਹੀ ਕੌਡੀ ਦੀਆਂ ਈ ਗੱਲਾਂ ਹੁੰਦੀਆਂ ਰੈਂਹਦੀਆਂ । ਚੰਗਾ ਹੋਇਆ ਕੌਡੀ ਟੀਵੀ ਤੇ ਆਉਣ ਲਾਗੀ ਪਰ ਅੱਖੀਂ ਡਿੱਠਾ ਸ਼ੁੱਧ ਦੇਸੀ ਕੌਡੀ ਦਾ ਨਜ਼ਾਰਾ ਗਵਾਚ ਗਿਆ । ਕਬੱਡੀ ਕਰੋੜਾਂ ਦੀ ਨਹੀਂ ਜਰ ਲੋਕਾਂ ਦੀ ਖੇਡ ਈ ਰਹਿਣੀ ਚਾਹੀਦੀ ਆ। ਸਰਬੰਸਦਾਨੀ ਠੰਢ ਵਰਤਾਂਈ....ਘੁੱਦਾ

ਟਿੱਡੂ

ਸਾਡੇ ਐਥੇ ਗਵਾਂਢੀ ਆ ਇੱਕ ਬਾਈ ਬਲਦੇਵ ਸਿੰਘ। ਮੈਨੂੰ ਦੀਂਹਦੀ ਜਾਂ ਤਾਂ 'ਨੰਦਾਂ ਵੇਲੇ ਗਰੰਥੀ ਸਿੰਘ ਨੇ ਬਲਦੇਵ ਕਿਹਾ ਹੋਣਾ ਤੇ ਜਾਂ ਫਿਰ ਵੋਟਾਂ ਪਾਉਣ ਵੇਲੇ ਮਾਹਟਰ ਉਹਨੂੰ ਬਲਦੇਵ ਸਿੰਘ ਕਹਿੰਦੇ ਨੇ । ਊਂ ਸਾਰਾ ਪਿੰਡ ਬਾਈ ਨੂੰ "ਟਿੱਡੂ" ਈ ਕਹਿੰਦਾ। ਸਾਨੂੰ ਸੁਖਨੇ ਜੇ ਅੰਗੂ ਸੰਭਾਲਾ ਆ ਮਾੜੀ ਮਾੜੀ ਜਦੋਂ ਦਾ ਬਾਈ ਟਿੱਡੂ ਸੂਇਆਂ, ਕੱਸੀਆਂ ਤੋਂ ਟੈਂਕੀਆਂ ਭਰ ਭਰਕੇ ਸਾਰੇ ਪਿੰਡ 'ਚ ਪਾਣੀ ਪਾਉਦਾਂ ਹੁੰਦਾ ਸੀ।
ਜਿੱਥੇ ਚਾਰ ਬੰਦੇ ਖੜ੍ਹੇ ਹੋਣ ਬਾਈ ਟਿੱਡੂ ਸਹਿ- ਸਭੈਹਕੀ ਬਿਨਾਂ ਹੱਸੇ ਐਹੇ ਜੀ ਗੱਲ ਕੱਢਦਾ , ਸੁਣਨ ਆਲੇਆਂ ਦੀਆਂ ਆਦਰਾਂ ਕੱਠੀਆਂ ਕਰਾ ਦੇਂਦਾਂ । ਬਾਈ 18+ ਗੱਲਾਂ ਬਾਹਲੀਆਂ ਸੁਣਾਉਂਦਾ ।
ਥੋੜ੍ਹੇ ਕ ਦਿਨ ਪਹਿਲਾਂ ਜਿੱਦੇਂ ਸੱਚਨ ਤੇਂਦੂਲਕਰ ਕਿਰਕਟ 'ਚੋਂ ਰਟੈਰ ਹੋਇਆ ਓਦੇਂ ਦੀ ਗੱਲ ਆ। ਏਮੇਂ ਜਿਮੇਂ ਬਾਈ ਟਿੱਡੂ ਦਾ ਮੁੰਡਾ ਕੁਰਸੀ ਤੇ ਬੈਠਾ ਨਾਏ ਤਾਂ ਚਾਹ ਪੀ ਜਾਵੇ ਨਾਏ ਕਿਰਕਟ ਦਾ ਮੈਚ ਵੇਖੀ ਜਾਵੇ । ਤੇ ਪਿੱਛੇ ਕੰਧ ਨਾ ਢੋ ਲਾਈ ਮੰਜੇ ਤੇ ਬਾਈ ਟਿੱਡੂ ਬੈਠਾ ਸੀਗਾ। ਓਧਰੋਂ ਕੁਜਰਤੀਏਂ ਕਿਤੇ ਭਾਰਤ ਦੇ ਕਿਸੇ ਖਿਡਾਰੀ ਨੇ ਚੌਕਾ ਚੂਕਾ ਲਾਤਾ । ਸਟੇਡੀਅਮ ਆਲਾ ਮੁਲਖ ਤਰੰਗੇ ਝੰਡੇ ਚੱਕਕੇ ਲਹਿਰਾਉਣ ਲਾਗਿਆ। ਮੁਲਖ ਦੇ ਹੱਥ ਝੰਡੇ ਝੁੰਡੇ ਦੇਖਕੇ ਪਿੱਛੇ ਬੈਠਾ ਬਾਈ ਟਿੱਡੂ ਬੋਲ ਪਿਆ ਕੈਂਹਦਾ ," ਆਹ ਤਾਂ ਭੈਣ ਦੇ ਬੀਰ ਸਾਰੇ ਈ ਕਾਂਗਰਸੀ ਆ"
ਟਿੱਡੂ ਦੇ ਮੁੰਡੇ ਦੀ ਚਾਹ ਨਾਸਾਂ ਇੱਚਦੀ ਬਾਹਰ ਆਗੀ ਹੱਸਦੇ ਹੱਸਦੇ ਦੀ .....ਘੁੱਦਾ

ਪਰਤਿਆਈਆਂ ਵਈਆਂ ਗੱਲਾਂ....ਵਨਸ ਅਗੇਨ

ਪਰਤਿਆਈਆਂ ਵਈਆਂ ਗੱਲਾਂ....ਵਨਸ ਅਗੇਨ...ਗੌਹ ਨਾ ਪੜ੍ਹਿਓ
1 ਆਪਣੇ ਮੁਲਖ 'ਚ ਜੇਹੜੀ ਖੇਡ ਦਾ ਟੂਰਨਾਮੈਂਟ ਹੋਜੇ ਓਦੋਂ ਬਾਅਦ ਦੋ ਢਾਈ ਮਹੀਨੇ ਮੁਲਖ ਓਸੇ ਖੇਡ ਦਾ ਨੰਦੂ ਕੱਢ ਦੇਂਦਾ ਖੇਡ ਖੇਡ ਕੇ।
ਹੁਣ ਕੌਡੀ ਟੂਰਨਾਮੈਂਟ ਤੋਂ ਬਾਦ ਦੇਖਿਓ ਜਵਾਕ ਵੇਹੜੇ ਵਿਚਾਲੇ ਚੱਪਲਾਂ ਧਰਕੇ ਈ ਕੌਡੀਆਂ ਪਾਈ ਜਾਣਗੇ।
2 ਬੰਦੇ ਨੂੰ ਓਦੋਂ ਬਹੁਤ ਹਰਖ ਚੜ੍ਹਦਾ ਜਦੋਂ ਪੱਗ ਬੰਨ੍ਹਣ ਵੇਲੇ ਓਧਰੋਂ ਪੱਗ ਦਾ ਲੜ ਘਟਜੇ ਤੇ ਓਤੋਂ ਘਰਦਾ ਕੋਈ ਜੀਅ ਦੋ ਚਾਰ ਕੰਮ ਗਿਣਾਦੇ ।
3. ਕਿਸੇ ਚੰਗੀ ਚੀਜ਼ ਨੂੰ ਸਾਫ ਕਰਨਾ ਹੋਵੇ, ਆਪਣੇ ਲੋਕ ਆਹੀ ਗੱਲ ਕੈਂਹਦੇ ਨੇ ,"ਪਰਧਾਨ ਗੰਦਾ ਜਾ ਲੀੜਾ ਫੜ੍ਹਾਈਂ ਜਰ"। ਕੱਪੜਾ ਬਸ਼ੱਕ ਮੈਲਾ ਹੋਏ, ਚੀਜ਼ ਤਾਂਵੀ ਸਾਫ ਕਰ ਦੇਂਦਾ।
4. ਆਪਣੇ ਮੁਲਖ ਦੇ ਬਾਹਲੇ ਰਿਸ਼ਤੇ ਈਗੋ ਕਰਕੇ ਟੁੱਟਦੇ ਨੇ। ਸਾਰੇ ਘਰੇ ਬੈਠੇ ਈ ਵਿੱਸ ਘੋਲੀ ਜਾਣਗੇ ਬੀ ਭੂਆ ਨੀਂ ਫੋਨ ਕਰਦੀ ਆਪਾਂ ਕਿਓਂ ਕਰੀਏ, ਭੂਆ ਅੱਗੋਂ ਸੋਚਦੀ ਆ ਬੀ ਭਤੀਜੇ ਨੀਂ ਚੇਤੇ ਕਰਦੇ ,ਮੈਂ ਕਿਓਂ ਕਰਾਂ?। ਫੋਨ ਕਰਨ ਦੀ ਪਹਿਲ ਕੋਈ ਨੀਂ ਕਰਦਾ। ਸਭ ਕਿਤੇ ਲਾਗੂ ਹੁੰਦੀ ਆ ਏਹ ਗੱਲ।
5. ਜਦੋਂ ਲੈਟ ਦਾ ਲੰਮਾ ਕੱਟ ਲੱਗੇ, ਓਦੇਂ ਘਰੋਂ ਨਿਕਲਕੇ ਆਪਣਾ ਮੁਲਖ ਮੱਥੇ ਲੱਗਣ ਆਲੇ ਨੂੰ ਆਹੀ ਸਵਾਲ ਕਰਦਾ, "ਪਰਧਾਨ ਲੈਟ ਨੂੰ ਕੀ ਗੱਲ ਹੋਗੀ"? ਬੰਦਾ ਪੁੱਛੇ ਬੀ ਅੱਗੋਂ ਓਹ ਕੇਹੜਾ ਗਰਿੱਡ 'ਚ ਜੇ. ਈ ਲੱਗਾ ਹੁੰਦਾ, ਨੀਰਾ ਕੁਤਰਕੇ ਓਹ ਨਿਕਲਿਆ ਹੁੰਦਾ ਘਰੋਂ।
6. ਵਿਆਹਾਂ ਸ਼ਾਦੀਆਂ 'ਚ ਵੇਖਿਆ ਹੁਣ, ਬੀਬੀਆਂ ਸਿਰਫ ਓਨਾਂ ਚਿਰ ਈ ਗਿੱਧਾ ਪਾਉਂਦੀਆਂ ਜਿੰਨਾ ਟੈਮ ਮੂਵੀ ਆਲ਼ਾ ਹੁੰਦਾ ਲਿਵੇ,।
7. ਦਰਜ਼ੀ ਨਿੱਕੇ ਹੁੰਦੇ ਖੌਣੀ ਕੇਹੜਾ ਕੌਪਲੇਨ ਪੀਂਦੇ ਆ , ਪਤਿਓਅਰੇ ਸਿਰ ਤੋਂ ਪੈਰਾਂ ਤੀਕ ਸਾਰਾ ਬੰਦਾ ਮਿਣਕੇ ਬਾਅਦ 'ਚ ਕੱਠਾ ਈ ਕਾਪੀ ਤੇ ਲਿਖਦੇ ਨੇ, ਜਮਾਂ ਨੀਂ ਭੁੱਲਦੇ।....ਘੁੱਦਾ

ਤਿੰਨ ਲਫਜ਼

ਰੈਫਰੀ ਢਿੱਲਾ, ਵੱਤਰ ਗਿੱਲਾ
ਤੇ ਝੋਨਾ ਸਿੱਲ੍ਹਾ ਸੂਤ ਨਾ ਆਉਂਦੇ

ਘਟਾ ਘਨਘੋਰ, ਤੇ ਅੱਥਰਾ ਜੋਰ
ਪੁਰਾਣਾ ਚੋਰ ਦੇਰ ਨਾ ਲਾਉਂਦੇ

ਦਾਇਰ ਅਪੀਲ , ਟੇਢੀ ਦਲੀਲ
ਤੇ ਮਾਹਰ ਵਕੀਲ ਨੇ ਕੇਸ ਮੁਕਾਉਂਦੇ

ਫੁੱਲਿਆ ਸਾਹ, ਮੁਫਤ ਸਲਾਹ
ਤੇ ਵਿਕੇ ਗਵਾਹ ਪੁਆੜੇ ਪਾਉਂਦੇ

ਤੇਜ਼ ਸ਼ਿਕਾਰੀ, ਲੰਮੀ ਬਿਮਾਰੀ
ਤੇ ਹਿੰਡ ਜੁਆਰੀ ਕਦੇ ਨਾ ਛੱਡਦੇ

ਕਾਢੂ ਪੰਚਾਇਤ , ਨਾ ਛੱਡੇ ਰਵਾਇਤ
ਦੇ ਹਦਾਇਤ ਫਾਹਾ ਨਾ ਵੱਢਦੇ

ਸਦਾ ਪਰਵਾਸ, ਪਿੰਡ ਨਾ ਖਾਸ
ਜੀ ਟੱਪਰੀਵਾਸ ਮੋਹੜੀ ਨਾ ਗੱਡਦੇ

ਲਾਉਂਦੇ ਰੋਕ , ਦੇਂਦੇ ਨੇ ਟੋਕ
ਸਿਆਣੇ ਲੋਕ ਗਾਲ੍ਹ ਨਾ ਕੱਢਦੇ.....ਘੁੱਦਾ

Saturday 7 December 2013

ਬੇਵੱਸ ਹੁੰਦੇ ਮਾਪੇ ਵੇਸਵਾ ਦੇ ਘਰਦੇ

ਦਲਾਲ ਤੇ ਵਕੀਲ ਕਦੇ ਹੋਣ ਮਿੱਤ ਨਾ
ਸੂਝਵਾਨ ਕਦੇ ਨਾ ਲੜਾਈ ਕਰਦੇ
ਸਾਂਢੂ ਤੇ ਸ਼ਰੀਕ ਸਦਾ ਰਹਿਣ ਧੁਖਦੇ
ਵੇਖ ਸੁਖੀ ਵੱਸਦੇ ਕਦੇ ਨਹੀਂ ਜਰਦੇ
ਭੌਰ ਉੱਡੇ ਜਿਸਮੋਂ ਤਾਂ ਵੀ ਨਾ ਮੁੱਕਦੇ
ਸੱਚ ਜਾਣੀਂ ਸੂਰਮੇ ਕਦੇ ਨਹੀਂ ਮਰਦੇ
ਨੇਤਾ ਤੇ ਧਨਾਢ ਨੀਤੋਂ ਨੰਗ ਹੁੰਦੇ ਨੇ
ਹੋਣ ਭਾਵੇਂ ਘਰੋਂ ਏਹ ਕਿੰਨੇ ਵੀ ਸਰਦੇ
ਬਾਣੀਏ ਦੀ ਹੱਟ ਤੇ ਅੰਗੀਠੀ ਬਲਦੀ
ਹੱਥ ਠੰਡੀ ਕੁੱਟਾਂ ਦੇ ਕਦੇ ਨਹੀਂ ਠਰਦੇ
ਕਾਲੇ ਆਣ ਠਾਰਦੇ ਨੇ ਹਿੱਕ ਭੋਇੰ ਦੀ
ਚਿੱਟੇ ਫੰਬੀ ਬੱਦਲ ਕਦੇ ਨਹੀਂ ਵਰ੍ਹਦੇ
ਮਾਣ ਵੀ ਨਾ ਸਕਦੇ ਨਜ਼ਾਰਾ ਜਿੱਤ ਦਾ
ਬਾਜ਼ੀ ਜੋ ਮੈਦਾਨ 'ਚ ਕਦੇ ਨਾ ਹਰਦੇ
ਬਾਂਝ ਤੇ ਰੰਡੇਪਾ 'ਘੁੱਦੇ' ਦੁੱਖ ਚੰਦਰੇ
ਦੱਸਦੇ ਨਾਂ ਲੋਕੀਂ ਵਿੱਚੋਂ ਵਿੱਚ ਖਰਦੇ
ਭੁੱਖਾ ਢਿੱਡ ਵੇਚੇ ਗਰਮੈਸ਼ ਪਿੰਡੇ ਦੀ
ਬੇਵੱਸ ਹੁੰਦੇ ਮਾਪੇ ਵੇਸਵਾ ਦੇ ਘਰਦੇ.....ਘੁੱਦਾ