Friday 26 June 2015

ਪੰਜਾਬੀ

ਪੰਜਾਬੀ

ਕਿਸ ਜਗ੍ਹਾ ਤੇ ਪੈਂਦਾ ਣਾਣਾ ਕਿੱਥੇ ਲੱਗਦਾ ਨੰਨਾ
ਕਿੱਥੇ ਬਾਪੂ ਲਾਈਏ ਡੰਡੀ ਕਿੱਥੇ ਲਾਈਏ ਕੰਨਾ
ਕਿੱਥੇ ਲਾਉਂਦੇ ਅੱਧਕ ਬਾਪੂ ਕੀਹਨੂੰ ਕਹਿਣ ਦੁਲਾਵਾਂ
ਕਿੱਥੇ ਵਰਤਾਂ ਛੱਛਾ ਕਿਓੰ ਸੱਸੇ ਪੈਰ ਬਿੰਦੀ ਲਾਵਾਂ
ਦੱਸ ਖਾਂ ਬਾਪੂ ਕਾਹਤੋਂ ਊੜੇ ਨਾਲ ਸਿਹਾਰੀ ਰੁੱਸੀ
ਗੈਰ ਬੋਲੀ ਦੀ ਚੱਲੇ ਚੌਧਰ ਕਿਓਂ ਪੰਜਾਬੀ ਖੁੱਸੀ
ਹਾਹਾ ਨਾਲੇ ਰਾਰਾ ਦੋਹੇਂ ਦੱਸ ਕਾਹਤੋਂ ਪੈਰੀਂ ਪੈਂਦੇ
ਊੜੇ ਦਾ ਮੂੰਹ ਖੁੱਲ੍ਹਾ ਕਨੌੜੇ ਦੂਰ ਈੜੀ ਤੋਂ ਰਹਿੰਦੇ
ਕਿੱਥੇ ਲੱਗੇ ਟਿੱਪੀ ਬਾਪੂ ਕਿੱਥੇ ਲਾਈਏ ਬਿੰਦੀ
ਕਾਹਤੋਂ ਲੋਕੀਂ ਛੱਡਗੇ ਬਾਪੂ ਤੇਰੀ ਬੋਲੀ ਸ਼ਿੰਦੀ
ਪੰਜਾਬੀ ਵੀ ਪੜ੍ਹਲੀਂ ਨਿੱਕਿਆ ਹੋਰ ਛੱਡਕੇ ਮੁੱਦੇ
ਮਾੰ ਬੋਲੀ ਦੀਆਂ ਗੁੱਝੀਆਂ ਗੱਲਾਂ ਤੂੰ ਕੀ ਜਾਣੇਂ ਘੁੱਦੇ

ਧਰਮਪ੍ਰੀਤ

ਗਾਇਕਾਂ ਕਲਾਕਾਰਾਂ ਨਾਲ ਲੋਕਾਂ ਦੀ ਖਾਸ ਸਾਂਝ ਹੁੰਦੀ ਆ। ਤੇ ਜਦੋਂ ਕੋਈ ਕਲਾਕਾਰ ਦੋਹੇਂ ਹੱਥ ਜੋੜ ਦੁਨੀਆਂ ਨੂੰ ਫਤਹਿ ਬੁਲਾ ਜਾਂਦਾ ਤਾਂ ਦੁੱਖ ਵੀ ਲਾਜ਼ਮੀ ਹੁੰਦਾ। ਸਕੂਲ ਨੂੰ  ਜਾਂਂਦੀਆੰ ਮਿੰਨੀਆਂ ਦੇ ਛਣਕਦੇ ਸਪੀਕਰਾਂ 'ਚੋੰ ਧਰਮਪ੍ਰੀਤ ਨੂੰ ਬਥੇਰਾ ਸੁਣਦੇ ਰਹੇ ਆਂ। ਸਾਡੇ ਪਿੰਡੋੰ ਖੂਹਆਲਿਆੰ ਦੇ ਘਰਾੰ 'ਚੋੰ ਮੇਰੇ ਖਾਸ ਯਾਰ ਬੀਤ ਦਾ ਵੱਡਾ ਭਰਾ ਸ਼ੇਰਾ ਧਰਮਪ੍ਰੀਤ ਦਾ ਡੰਡੋਤੀਆ ਫੈਨ ਰਿਹਾ। ਨਿੱਕੇ ਹੁੰਦੇ ਦੇਂਹਦੇ ਸੀ , ਸ਼ੇਰੇ ਘਰੇ ਕਮਰੇ ਦੀਆੰ ਟੀਪ ਕਰੀਆੰ ਕੰਧਾਂ ਤੇ ਧਰਮਪ੍ਰੀਤ ਦੀਆਂ ਕੈਸਟਾੰ ਦੇ ਪੋਸਟਰ ਲੱਗੇ ਵਏ ਹੁੰਦੇ ਸੀ। ਲੱਕੜ ਦੇ ਫੱਟਾੰ ਆਲੀ 'ਲਮਾਰੀ ਦੇ ਵਚਾਲੜਲੇ ਰਖਣੇ 'ਚ ਰੱਖੀਆੰ ਧਰਮਪ੍ਰੀਤ ਦੀਆੰ ਕੈਸਟਾਂ ਸ਼ੇਰੇ ਦਾ ਖ਼ਜ਼ਾਨਾ ਰਿਹਾ। ਰੀਲ੍ਹਾਂ ਦੇ ਧਾਗੇ ਤੇ ਉੱਕਰੇ ਗੀਤ ਟਕਨੋਲਜੀ ਨਾਲ ਚਿੱਪਾੰ 'ਚ ਭਰੇ ਗਏ ਤਾਂ ਸਾਰੀਆੰ ਕੈਸਟਾਂ ਸੁੰਗੜ ਕੇ ਸ਼ੇਰੇ ਦੇ ਫੂਨ 'ਚ ਭਰੀਆਂ ਗਈਆਂ ।
ਸ਼ੇਰਾ ਬਿਜਲੀ ਦਾ ਮਕੈਨਿਕ ਆ ਤੇ ਮੋਟਰਾੰ ਮੂਟਰਾੰ ਵੀ ਬੰਨ੍ਹਦਾ।ਜਦੋੰ ਕਦੋੰ ਦੇਖੀਏ ਓਹਦੇ ਫੋਨ ਤੇ ਧਰਮਪ੍ਰੀਤ ਈ ਵੱਜਦਾ ਸੁਣਿਆ। ਜਿੱਦੇਂ ਆਹ ਗੱਲ ਹੋਈ ਸੀ ਓਦੇੰ ਆਥਣੇ ਸ਼ੇਰਾ ਟੱਕਰਿਆ ਤੇ ਮੈੰ ਕਿਹਾ ,"ਸ਼ੇਰਿਆ ਮਾੜੀ ਗੱਲ ਹੋਈ ਜਰ"। ਸੱਚਿਓਂ ਸ਼ੇਰਾ ਅੱਖਾੰ ਭਰਕੇ ਪੈਰੀੰ ਭਾਰ ਬਹਿ ਕੇ ਨਕਲੀ ਜਾ ਹੱਸਕੇ ਬੋਲਿਆ,"ਨਹੀੰ ਜਰ ਅੰਬਰਤੇ ਐਂਮੇ ਗੱਪ ਮਾਰਦੇ ਆ ਜਰ"।ਪਰ ਸਹੁਰਾ ਸੱਚ ਨੂੰ ਮੰਨਣਾ ਪੈੰਦਾ।
ਬਣਦਾ ਸਰਦਾ ਹਿੱਸਾ ਪਾਕੇ ਧਰਮਪ੍ਰੀਤ ਵੀ ਬਾਗਿਆ।
ਮਹਾਰਾਜ ਅੱਗੇ ਸੁੱਖ ਰੱਖੇ , ਕਿਸੇ ਦੇ ਚਿੱਤ 'ਚ ਐਹੇ ਜਾ ਮਾੜਾ ਖਿਆਲ ਨਾ ਉੱਠੇ.....ਘੁੱਦਾ

ਲਾਲਬਾਈ ਦੇ ਕਵੀਸ਼ਰ

ਸਾਡੇ ਨੇੜਲੇ ਪਿੰਡ ਲਾਲਬਾਈ ਦੇ ਕਵੀਸ਼ਰ ਬਾਈ ਹਰਦੇਵ ਅਰਗਿਆਂ ਦਾ ਜਥਾ। ਸ਼ੁਰੂਆਂ ਤੋੰ ਏਹਨਾਂ ਕਵੀਸ਼ਰਾਂ ਨੂੰ ਸੁਣਦੇ ਆਉਂਣੇ ਆਂ। ਐਂ ਸਮਝ ਬੀ ਏਹਨਾਂ ਦੀਆਂ ਗਾਈਆੰ ਕਵੀਸ਼ਰੀਆਂ ਲਗਭਗ ਜ਼ੁਬਾਨੀ ਚੇਤੇ ਹੋਈਆਂ ਵਈਆਂ। ਸਤਿਕਾਰਯੋਗ ਬਾਬੂ ਰਜਬ ਅਲੀ ਖਾਂ ਤੇ ਸੂਬੇਦਾਰ ਹੰਸ ਸਿੰਘ ਬਰਾੜ ਦੀਆਂ ਲਿਖਤਾੰ ਨੂੰ ਏਸ ਜਥੇ ਨੇ ਸਿਰੇ ਤਰੀਕੇ ਨਾਲ ਪੇਸ਼ ਕੀਤਾ। 
ਜਦੋਂ ਲਾਲਬਾਈ ਆਲੇ ਜਥੇ ਦਾ ਬੋਲ ਕੰਨੀਂ ਪੈਂਦਾ ਤਾਂ ਬਾਬੇ ਕੰਨਾਂ ਤੋਂ ਪੱਗ 'ਤਾਹਾਂ ਕਰਕੇ ਜਕ ਨਾਲ ਬਹਿ ਜਾਂਦੇ ਨੇ।
ਯੂ-ਟਿਊਬ ਤੋਂ ਲਾਕੇ ਟਰੱਕਾੰ ਤੀਕ ਕਵੀਸ਼ਰੀ ਦੇ ਸ਼ੌਕੀਨ ਏਹਨਾਂ ਨੂੰ ਸੁਣਦੇ ਨੇ। ਪੰਜਾਬ ਦੀ ਰੂਹ ਨੇ ਏਹ ਕਵੀਸ਼ਰ। 
ਟੀਬੀ ਦੀ ਐਂਟਰਵਿਊ ਤੇ ਲੁੱਕ ਜੀ ਪਾਉਣ ਆਲੇ ਬੂਟ ਪਾਕੇ , ਟੇਢੀ ਜੀ ਟੋਪੀ ਆਲਾ ਗੈਕ ਨਹੁੰਦਰ ਮਾਰਕੇ ਆਖੂ ,"ਅਸੀਂ ਪੰਜਾਬੀ ਬਿਰਸੇ ਦੀ ਸੇਵਾ ਕਰਦੇ ਆਂ"। ਓਹਨਾਂ ਨੂੰ ਆਹ ਫੋਟੂ ਦਿਖਾਕੇ ਦੱਸਿਓ ਬੀ ਫੇਰੇ ਦੇਣਿਓ ਤੁਸੀੰ ਨਹੀਂ, ਆਹ ਨੇ ਅਸਲੀ ਸੇਵਾਦਾਰ। ਜੁੱਗੋ ਜੁੱਗ ਜਿਓਂਦੇ ਰਹਿਣ ਪੰਜਾਬੀ ਬੋਲੀ ਦੇ ਲੰਬੜਦਾਰ.....ਘੁੱਦਾ

ਯੋਗਾ

ਅਸਲੀ ਗੱਲ ਏਹੀ ਆ ਬੀ ਮੁਲਖ ਸੁਖ 'ਚ ਬਾਹਲਾ ਪੈ ਗਿਆ। ਹਰਿੱਕ ਏਹੀ ਚਾਹੁੰਦਾ ਬੀ ਸਰੀਰ ਔਖਾ ਵੀ ਨਾ ਹੋਵੇ ਤੇ ਸਰੀਰ ਤੰਦਰੁਸਤ ਵੀ ਰਹੇ। ਤਾਹੀ ਮੁਲਖ ਪਲਾਥੀਆਂ ਮਾਰਕੇ ਯੋਗੇ ਕਰਦਾ ਫਿਰਦਾ। ਕਦੇ ਸੱਜੀ ਨਾਸ ਨੱਪਲੀ ਕਦੇ ਖੱਬੀ ਨੱਪਲੀ। ਫੂੰ ਫੂੰ ਤੇ ਜ਼ੋਰ ਆ ਮੁਲਖ ਦਾ। ਚੌੜ ਆ ਕੋਈ ਏਹੇ।
ਪਾਰਕਾਂ ਪੂਰਕਾਂ 'ਚ ਬਾਹਲੇ ਭਝੱਕੇ ਹੁੰਦੇ ਆ। ਧੱਕੇ ਨਾਲ ਹੱਸੀ ਜਾਣਗੇ ਅਕੇ ਹੀ ਹੀ ਹੀ। ਜੇ ਸਹੁਰੀ ਅੰਦਰ ਈ ਕੋਈ ਖੁਸ਼ੀ ਹੈਨੀ ਫੇਰ ਹਾਸਾ ਕਾਹਦਾ। 
ਮੁੱਕਦੀ ਗੱਲ ਤਾਂ ਏਹੀ ਆ ਜਿੰਨਾ ਚਿਰ ਦੇਹ 'ਚੋੰ ਮੁੜ੍ਹਕਾ ਨਹੀਂ ਨਿੱਕਲਦਾ, ਲੈ ਲਾਲੋ ਜ਼ੋਰ ਤੰਦਰੁਸਤੀ ਨਹੀਂ ਆ ਸਕਦੀ। ਸਭ ਤੋਂ ਵੱਧ ਜੋਗਾ ਰਾਮਦੇਵ ਨੇ ਕੀਤਾ , ਕੀਤਾ ਕਿ ਨਹੀਂ ਕੀਤਾ, ਹੈਗਾ ਕੀ ਆ ਓਹ ਮਸਾਂ ਪੰਜ ਪਸੇਰੀਆਂ ਭਾਰ ਹੋਊ ਓਹਦਾ। 
ਜੇ ਸਾਰਾ ਦੇਸ਼ ਯੋਗਾ ਕਰ ਕਰ ਕੇ ਉਹਦੇ ਅਰਗਾ ਬਣਜੇ ਫੇਰ ਕੀ ਟੌਹਰ ਬਣੂੰ ਮੁਲਖ ਦੀ। ਤੈਨੂੰ ਦੱਸਤਾ , ਏਹਤਾ ਥੋਡੇ ਮੂੰਹੋਂ ਓਮ ਓਮ ਕਢਾਉਣਾ ਅਗਲਿਆਂ ਨੇ ਕਿਸੇ ਲੋਟ। ਜੋਗੇ ਜਾਗੇ ਤਾਂ ਤਰੀਕਾ ਆ ਬਸ।  
ਬਾਹਲੀ ਗੱਲ ਆਂ ਤਾਂ ਤੜਕੇ ਉੱਠਕੇ ਭੱਜਾ ਨੱਸੀ ਕਰਲੋ , ਡੰਡ ਮਾਰਲੇ ਜਾੰ ਬੀਮ ਬੂਮ ਲਾਲੇ ਬੰਦਾ ਜਾੰ ਜਿੰਮ ਬਗਜੋ ਘੈਂਟਾ। ਆਹ ਜੋਗੇ ਦੇ ਚੱਕਰ 'ਚ ਕਿਤੇ ਊਂ ਨਾਂ ਨਾੜ ਨੂੜ ਚੜ੍ਹਾ ਲਿਓ ਕੋਈ, ਫੇਰ ਤੱਤਾ ਕਰਾਕੇ ਡਲੇ ਦੀ ਟਕੋਰ ਕਰਾਈ ਜਾਊ ਮੁਲਖ .....ਯੱਦੇ ਜੋਗੇ ਦੇ......ਘੁੱਦਾ

Monday 15 June 2015

ਛਬੀਲਾਂ

ਗਰਮੀ ਸ਼ੁਰੂ ਹੁੰਦਿਆੰ ਈ ਪੰਜਾਬ 'ਚ ਸਾਰੇ ਕਿਤੇ ਛਬੀਲਾਂ ਦਾ ਦੌਰ ਸ਼ੁਰੂ ਹੁੰਦਾ। ਸਾਡੇ ਮੁਲਖ ਨੂੰ ਚਾਹੀਦਾ ਬੀ ਛਬੀਲਾੰ ਵੰਡ ਕੇ ਲਾਉਣ। ਜਿਮੇਂ ਅੱਜ ਐਸ ਪਿੰਡ ਨੇ ਲਾਤੀ, ਕੱਲ੍ਹ ਨੂੰ ਅਗਲਾ ਤੇ ਪਰਸੋਂ ਓਦੂੰ ਅਗਲਾ ਪਿੰਡ ਲਾਵੇ। ਗੜਦੁੱਬ ਮਾਰਨ ਦਾ ਕੋਈ ਦਮ ਨੀ। ਬਾਕੀ ਸਿਰੇ ਸ਼ਹਿਰਾਂ 'ਚ ਵੀ ਗੱਡੀਆਂ ਦੀ ਪਾਂ ਪਾਂ ਕਰਾਓਣ ਦਾ ਕੀ ਫੈਦਾ, ਤਰੀਕੇ ਨਾ ਮੈਨਜ ਕਰੋ ਬੀ ਟਰੈਫਿਕ ਦੀ ਡਿੱਕਤ ਨਾ ਆਵੇ ਕਿਤੇ।
ਭਰੱਪਾ ਭਾਈਚਾਰਾ ਹਲੇ ਕਾਇਮ ਆ॥ ਪਿੰਡਾੰ ਦੀਆੰ ਛਬੀਲਾਂ ਦਾ ਮਹੌਲ ਰਲ ਮਿਲ ਕੇ ਬੰਨ੍ਹਿਆ ਜਾਦਾਂ। ਕੋਈ ਦੁੱਧ ਦੀ ਕੇਨੀ ਭਰ ਲਿਆੰਉਦਾ । ਕੋਈ ਸ਼ਕੈਸ਼ ਦੀਆਂ ਬੋਤਲਾਂ ਚੱਕੀ ਆਉਂਦਾ। ਕੋਈ ਕਿਮੇਂ ਕੋਈ ਕਿਮੇਂ। ਲੀਲੇ ਡਰੰਮ 'ਚੋੰ ਪਾਣੀ ਦਾ ਗਲਾਸ ਪੀਕੇ ਕੋਈ ਬਾਬਾ ਆਖਦਾ,"ਮੁੰਡਿਓ ਐਸ 'ਚ ਖੰਡ ਪਾਓ, ਮਿੱਠਾ ਘੱਟ ਆ ਹਜੇ' । ਗਰੀਬ ਗੁਰਬਾ ਠੰਡੇ ਪਾਣੀ ਦੀਆਂ ਬੋਤਲਾਂ ਭਰਾਕੇ ਘਰੇ ਜਵਾਕਾਂ ਜੋਗਰੀਆਂ ਲੈ ਜਾਂਦਾ। ਖੇਤਾਂ ਨੂ ਜਾਂਦੇ ਸੀਰੀ ਪਾਲੀ ਪਾਣੀ ਦੇ ਡੋਲੂ ਭਰਾਕੇ ਸ਼ੈਂਕਲ ਦੇ ਹੈਂਡਲ ਤੇ ਟੰਗ ਲੈਂਦੇ ਨੇ। ਛਬੀਲ ਦਾ ਪਾਣੀ ਜਦੋਂ ਲੋਅ ਨਾਲ ਫੰਡੇ ਕਿਸੇ ਮੋਟਰਸੈਕਲ ਸਵਾਰ ਦੇ ਗਲੇ ਨੂੰ ਤਰ ਕਰਦੈ ਤਾਂ ਅਗਲੇ ਮੂੰਹੋਂ ਮੱਲੀ ਮੱਲੀ ਨਿੱਕਲਦਾ,"ਆਹ ਤਾਂ ਬਚਾਤੇ ਜਰ"। 
ਜਿੱਥੇ ਕਿਤੇ ਹੋ ਸਕੇ, ਨਜ਼ੈਜ਼ ਪ੍ਰਧਾਨਗੀਆਂ ਤੋੰ ਦੂਰ ਰਹਿਕੇ ਸੇਵਾ ਵੱਧ ਕਰੋ ਤੇ ਦਿਖਾਵਾ ਘੱਟ । ਏਹੋ ਗੁਰੂ ਸਾਹਬ ਦਾ ਸੰਕਲਪ ਰਿਹਾ, ਬਸ...ਸਰਬੱਤ ਦਾ ਭਲਾ....ਘੁੱਦਾ

ਉਚੇਰੀ ਵਿੱਦਿਆ

ਏਮੇਂ ਜਿਮੇਂ ਸਾਡੇਆਲੇ ਨਿੱਕੇ ਗਰਨੈਬ ਨੂੰ ਬਾਰਾਂ ਜਮਾਤਾਂ ਕਰਾਕੇ ਤਾਏ ਨੇ ਬਠਿੰਡੇ ਕਾਲਜ 'ਚ ਦਾਖਲਾ ਭਰਤਾ ਏਹਦਾ। ਤਾਏ ਨੇ ਖਾਸੇ ਪਿੰਨ ਕਾਪੀਆਂ ਕੱਠੇ ਈ ਲੈਤੇ ਏਹਨੂੰ ਬੀ ਹੁਣ ਭੜਾਈ 'ਚ ਕੱਚ ਨਾ ਰਹਿਜੇ ਕਿਤੇ। ਪਹਿਲੇ ਦਿਨ ਕਾਲਜ ਜਾਕੇ ਨਿੱਕਾ ਖਾਲੀ ਹੱਥ ਘਰ ਨੂੰ ਤੁਰਿਆ ਆਵੇ। 
ਤਾਇਆ ਕਹਿੰਦਾ," ਕਿਮੇਂ ਨਿੱਕਿਆ ਕਾਪੀ ਕਿਤਾਬ ਨੀੰ ਦੀਂਹਦੀ ਕਿਤੇ"। ਨਿੱਕੇ ਨੇ ਜੀਨ ਦੀ ਮਗਰਲੀ ਜੇਬ 'ਚੋਂ ਮਰੋੜੀ ਬੀ ਕਾਪੀ ਕੱਢਕੇ ਦਿਖਾਤੀ। ਤਾਇਆ ਚੁੱਪ ਰਿਹਾ।
ਤੀਏ ਦਿਨ ਸਾਡੇਆਲੇ ਨੇ ਸਰਫ ਸੁਰਫ ਮਾਰਕੇ ਮੋਟਰਸੈਕਲ ਚਿਲਕਾਤਾ ਤੇ ਅਲਾਨ ਕਰਤਾ ਕਹਿੰਦਾ ਹੁਣ ਮੋੋਟਰਸੈਕਲ ਤੇ ਜਾਇਆ ਕਰੂੰ।
ਤਾਈ ਅਰਗੀਆਂ ਤਾਏ ਬੰਨੀਂ ਝਾਕਣ ਵੀ ਗਰਦ ਠਾਊ ਜਵਾਕ ਦੀ। ਹਾਨੀਸਾਰ ਨੂੰ ਤਾਇਆ ਕਹਿੰਦਾ ,"ਭੈਣ ਮਰਾਵੇ ਮੋਟਰਸੈਕਲ, ਲੈਜਿਆ ਕਰ, ਪਰ ਪੜ੍ਹਲਾ ਚਾਰ ਅੱਖਰ"।
ਸਾਡੇਆਲਾ ਸ਼ਕੀਨੀ ਫੜ੍ਹ ਗਿਆ ਭਰਾਵਾ। ਬੂਟ ਵੀ ਜੂਜੇ ਪਾਇਆ ਕਰੇ ਜੀਹਤੇ ਚੀਤਾ ਛਾਲ ਜੀ ਮਾਰਦਾ ਹੁੰਦਾ। ਸੌਣ ਲੱਗਾ ਵੀ ਰੇ-ਬੈਨ ਲਾਈ ਰੱਖਿਆ ਕਰੇ
ਨਿੱਕਾ ਖੁੱਲ੍ਹ ਗਿਆ ਭਰਾਵਾ ਤੇ ਅਗਲੇ ਦਿਨ ਜਦੋਂ ਘਰੇ ਵੜਿਆ ਪੱਗ ਲਾਹਕੇ ਕੱਛ 'ਚ ਦਿੱਤੀ ਵਈ ਏਹਨੇ ਤੇ ਬੀਮੇ ਆਲੀ ਮਹਿੰ ਅੰਗੂ ਕੰਨ 'ਚ ਮੁੰਦਰ ਪਾਈ ਆਵੇ। ਤਾਇਆ ਨੀਰੇ ਦਾ ਟੋਕਰਾ ਢਿੱਡ ਨਾਲ ਲਾਕੇ ਖੁਰਨੀ ਬੰਨੀਂ ਤੁਰਿਆ ਜਾਂਦਾ ਸੀ। ਤਾਏ ਨੇ ਨੀਰੇ ਦਾ ਟੋਕਰਾ ਚਲਾ ਕੇ ਮਾਰਿਆ ਤੇ ਮੰਜੇ ਦੀ ਦੌਣ ਖੋਲ੍ਹਕੇ ਬੁਰਜੀ ਨਾ ਬੰਨ੍ਹ ਲਿਆ ਏਹਨੂੰ। ਆਅਅਅ ਕੀ ਪੱਕੀ ਦੇ ਫੈਰ ਜਿੰਨਾ ਖੜਾਕ ਹੋਵੇ ਤਾਏ ਦੀ ਜੁੱਤੀ ਦਾ। ਫੇਰ ਆਪਜੀ ਦੀ ਉਚੇਰੀ ਵਿੱਦਿਆ ਐਂ ਪੂਰੀ ਕਰਾਈ ਤਾਏ ਨੇ.....ਘੁੱਦਾ

ਗੁਰੂ ਪੰਜਵੇਂ

ਗੁਰੂ ਪੰਜਵੇਂ ਸ਼ਹੀਦੀ ਦੀ ਚਿਣਗ ਲਾਈ ਤੇ ਰਾਹ ਖੁੱਲ੍ਹਦੇ ਗਏ ਕੁਰਬਾਨੀਆਂ ਦੇ
ਉੱਤੋਂ ਪੀ ਪਾਣੀ ਸਿੰਘ ਸਬਰ ਕਰਦੇ ਛੋਲੇ ਚੱਬਕੇ ਵਾਹਣ ਬਰਾਨੀਆਂ ਦੇ
ਭਾਗ ਕੌਰ ਖਿਦਰਾਣੇ ਵਿੱਚ ਦੱਸੇ ਘੁੰਡ ਕੱਢੇ ਨਾ ਵਾਂਗ ਜਨਾਨੀਆਂ ਦੇ
ਨੱਕ ਕੀਤਾ ਨਾ ਓਹਨਾੰ ਪੰਜਾਬ ਬੰਨੀਂ ਨੱਕ ਭੰਨੇ ਸੀ ਜਿਨ੍ਹਾਂ ਦੁਰਾਨੀਆਂ ਦੇ
ਜੇ ਜਿਓਂਦਾ ਸ਼ੇਰੇ ਪੰਜਾਬ ਹੁੰਦਾ , ਪੰਜਾਬ ਹੱਥ ਨਾ ਆਓਂਦਾ ਬਰਤਾਨੀਆਂ ਦੇ 
ਪੁੱਤ ਵੱਢਕੇ ਗਲਾਂ ਵਿੱਚ ਹਾਰ ਪਾਏ ਸ਼ੌਕ ਪਾਲੇ ਨਾ ਮੁੰਦੀਆੰ ਗਾਨੀਆਂ ਦੇ
ਸੌਂਜੋ ਬੱਚਿਓ ਨਲੂਆ ਸਿੰਘ ਆਉਂਦਾ ਭੈਅ ਬਹਿ ਗਿਆ ਵਿੱਚ ਅਫਗਾਨੀਆਂ ਦੇ
ਅਜਾਇਬ ਘਰ ਵਿੱਚ ਹੋਰ ਤਸਵੀਰ ਲੱਗੀ ਖੂਨ ਠਰੇ ਨਾ ਹਜੇ ਜਵਾਨੀਆਂ ਦੇ 
ਪਹਿਲਾਂ ਤਖ਼ਤ ਢਾਹੇ ਫੇਰ ਟੈਰ ਪਾਏ ਤੇਰੇ ਕੰਮ ਨੇ ਨਿੱਕਿਆ ਨਾਦਾਨੀਆਂ ਦੇ
ਕਿਹੜੀ ਕੌਮ ਤੇ ਘੁੱਦਿਆ ਕਰੇਂ ਸ਼ਿਕਵੇ ਗੱਦਾਰੀ ਖੂਨ 'ਚ ਹਿੰਦੋਸਤਾਨੀਆਂ ਦੇ 

ਠੇਠ ਲਫਜ਼

ਪੰਜਾਬੀ ਭਾਸ਼ਾ ਦੇ ਕੁਝ ਠੇਠ ਲਫਜ਼ ਤੇ ਉਹਨ੍ਹਾਂ ਦਾ ਮਤਲਬ
1. ਜਾਤਕ- ਜਵਾਕ, ਨਿਆਣਾ
2. ਧੱਤ- ਆਦਤ
3. ਨੌਹਰਾ- ਵਾੜਾ, ਵਲਗਣ, ਹਵੇਲੀ
4. ਸੀਦਾਂ- ਤੱਕ , 'ਓਥੋਂ ਤੱਕ' ਨੂੰ 'ਓਥੋਂ ਸੀਦਾਂ' ਕਿਹਾ ਜਾਦਾਂ
5. ਝੀਥ- ਵਿਰਲ, ਥੋੜ੍ਹਾ ਜਾ ਸੰਨ੍ਹ
6. ਭੈਤਾ- ਬਰਕਤ ( ਮੁੱਲ ਦੇ ਦੁੱਧ ਦੀ ਭੈਤਾ ਨਹੀਂ ਬਣਦੀ)
7. ਲੱਟ- ਨਿਕੰਮਾ ਧੀ ਪੁੱਤ, ਕਲੱਛਣਾ
8. ਘੀਂਗੇ ਪਾਉਣਾ - ਗੱਲ ਨੂੰ ਲਮਕਾਉਣਾ
9. ਜੁੱਬੜ- ਖਾਸੇ ਮੋਟੇ ਗਰਮ ਲੀੜੇ 
10. ਘੋਰੜੂ- ਮਰਨ ਵੇਲੇ ਬੰਦਾ ਔਖੇ ਜੇ ਸਾਹ ਲੈਂਦਾ ਓਹਨੂੰ ਘੋਰੜੂ ਆਂਹਦੇ ਨੇ
11.ਮੇਰ -ਹੱਕ, ਆਵਦਾਪਣ
12. ਸਾਹਲ- ਸੇਧ ਦੇਖਣ ਆਲਾ ਲਾਟੂ ਜੇਹੜਾ ਮਿਸਤਰੀਆਂ ਕੋ ਹੁੰਦਾ
13. ਮਜੌਹਲਾ- ਨਿੱਕੀ ਕਰੰਡੀ
14. ਧਨੇਸੜੀ- ਦਬਾਉਣਾ , "ਕਿਮੇਂ ਪਰਧਾਨ ਦੇਤੀ ਧਨੇਸੜੀ"
15. ਹੂੰਗਰ- ਪੀੜ ਨਾਲ ਹੌਲੀ ਹੌਲੀ ਚੀਕਣਾ
16. ਝੱਜੂ- ਕਲੇਸ, ਨਿੱਤ ਨਿੱਤ ਦੀ ਲੜਾਈ
17. ਉੁੱਤਾ- ਧਿਆਨ ਦੇਣਾ
18. ਉਗਾਸਣਾ- ਚੱਕਣਾ
19. ਚਬ੍ਹਕਾ- ਰੁਕ ਰੁਕ ਕੇ ਹੁੰਦੀ ਪੀੜ
20. ਅੱਸੀ- ਕੰਨੀਂ, ਕਿਨਾਰਾ
21. ਧੁਰਲੀ- ਯਕਦਮ ਹੱਥੋਂ ਨਿਕਲਣਾ
 ਬਾਕੀ ਅਗਲੀ ਆਰੀ.......ਘੁੱਦਾ

Thursday 4 June 2015

ਜ਼ਿੰਦਾਦਿਲੀ

ਪੰਜਾਬੀ ਦੀ ਕਹੌਤ ਆ ਅਖੇ ,' ਜੀਵੇ ਆਸਾ ਮਰੇ ਨਿਰਾਸਾ'। ਸਾਡੀ ਕੌਮ ਨੇ ਜ਼ਿੰਦਾਦਿਲੀ ਤੇ ਜ਼ਿੰਦਗੀ ਜਿਓਣ ਦਾ ਚਾਅ ਕਦੇ ਨਈਂ ਛੱਡਿਆ। ਜਕਰੀਏ, ਮੀਰ ਮਨੂੰ ਤੇ ਅਬਦਾਲੀ ਸਮੇਂ ਅਤਿ ਮਾੜੇ ਵੇਲਿਆਂ 'ਚ ਛੋਲਿਆਂ ਨੂੰ ਬਦਾਮ ਆਖਣਾ , ਚੜ੍ਹਦੀ ਕਲਾ ਦੀ ਗਵਾਹੀ ਭਰਦਾ।
ਇੱਕ ਬਾਬਾ ਦੱਸਦਾ ਸੀ ਕਹਿੰਦਾ," ਪੁੱਤ ਅਹੀਂ ਪਾਕਸਤਾਨੋਂ ਉੱਜੜਕੇ ਤੀਜੇ ਦਿਨ ਖੇਮਕਰਨ ਉੱਪੜੇ ਤੇ ਸ਼ਾਮਾਂ ਪਈਆਂ ਹੀ, ਅਹੀਂ ਗੱਡਿਓਂ ਘਰ ਦੀ ਕੱਢੀ ਦਾਰੂ ਚੱਕੀ ਤੇ ਹਾੜੇ ਲਾਉਣ ਲੱਗੇ । ਹਾਨੂੰ ਵੇਖਕੇ ਲੋਕੀਂ ਆਖਣ ਵੇਖੋ ਓਏ ਉੱਜੜਕੇ ਆਏ ਜਸ਼ਨ ਮਨਾਓਣ ਡਏ ਨੇ"। ਕਿਸੇ ਮੌਤ ਤੇ ਰੋਂਦੇ ਜੀਆਂ ਨੂੰ ਏਹ ਆਖਕੇ ਚੁੱਪ ਕਰਾਇਆ ਜਾਂਦਾ ," ਜਰਾਂਦ ਕਰੋ ਭਾਈ, 'ਗਾਹਾਂ ਦੀ ਸੁੱਖ ਮੰਗੋ, ਮਾਅਰਾਜ ਭਲੀ ਕਰੂ"।
ਨਿੱਕੀਆੰ ਨਿੱਕੀਆੰ ਚੀਜ਼ਾੰ ਨਾਲ ਪਿਆਰ ਪਾਕੇ, ਮੇਰ ਕਰਕੇ ਜ਼ਿੰਦਗੀ ਨੂੰ ਜਿਓਂਇਆ ਜਾਦਾਂ।
ਵਿਹੜੇ 'ਚ ਫਿਰਦੀ ਬੁੜ੍ਹੀ ਨੂੰ ਮਾਣ ਹੁੰਦਾ ਬੀ ਫਲਾਣੇ ਕਿੱਲੇ ਤੇ ਬੱਝੀ ਮਹਿੰ ਪੇਕਿਆੰ ਦੇ ਰਵੇ 'ਚੋੰ ਆ। ਓਹਤੇ ਮੇਰ ਵੱਧ ਹੁੰਦੀ ਆ। ਠੀਕ ਏਸਰਾਂ ਪੁਰਾਣਾ ਟਰੈਟ ਵੇਚਣ ਲੱਗਾ ਬੰਦਾ ਨਾਏ ਤਾਂ ਪੈਸੇ ਗਿਣੀ ਜਾਂਦਾ ਹੁੰਦਾ ਨਾਏ ਦਲਾਲ ਨੂੰ ਆਖੀ ਜਾਊ," ਹੈਂ ਜਾਗਰਾ, ਊੰ ਲੋਹਾ ਬੜਾ ਕਰਮਾਂਆਲਾ ਸੀ,ਬੜਾ ਸਿੱਧਾ ਆਇਆ ਸੀ"। ਜਦੋਂ ਘਰੇ ਆਇਆ ਲਿਹਾਜ਼ੀ ਢਾਬੀ ਬੰਦਾ ਤੁਰਨ ਲੱਗਦਾ ਤਾਂ ਬੇੇਬੇ ਅਰਗੀਆਂ ਆਖਦੀਆਂ," ਖੋਜਾ ਖੋਜਾ, ਚਾਹ ਪੀਤੇ ਬਿਨ੍ਹਾਂ ਨੀਂ ਜਾਣ ਦੇਂਦੀ ਮੈਂ"। ਹੁਕਮ ਦੇ ਨਾਲ ਪਿਆਰ ਰਲਿਆ ਹੁੰਦਾ।
ਖੁਸ਼ੀਆਂ ਦੇ ਨਿੱਕੇ ਮੋਟੇ ਕਾਰਨ ਲੱਭਕੇ ਜਿੰਦਗੀ ਨੂੰ ਜਿਓਣਜੋਗਾ ਕਰਿਆ ਜਾਦਾਂ। ਹੱਸ ਖੇਡ ਕੇ ਸਮਾਂ ਟਪਾਲੋਂਗੇ ਤਾਂ ਸੌਖਾ ਟੱਪਜੂ ਨਹੀਂ ਟੱਪ ਤਾਂ ਊਂ ਵੀ ਜਾਣਾ....ਘੁੱਦਾ

ਡਾਇਲੌਗ

ਕਈ ਫਿਲਮਾਂ ਦੇ ਖਾਸੇ ਕੈਮ ਡਾਇਲੌਗ
1. Punjab 84- ਪਹਿਲਾਂ ਤਾਂ ਝਿੜਕ ਵੀ ਨਹੀਂ ਸੀ ਮੋੜਦਾ, ਹੁਣ ਮਿੰਨਤ ਵੀ ਨਹੀਂ ਮੰਨਦਾ ਤੂੰ ਤਾਂ ਚੰਦਰਿਆ ਰੱਬ ਈ ਹੋ ਗਿਆਂ
2.Dirty picture-  ਮਾਖਣ ਨਿਕਲਾ ਤੋ ਅਮੁਲ ਕਾ ਹੋ ਗਿਆ, ਉਸ ਗਾਏ ਕਾ ਨਾਮ ਹੀ ਨਹੀਂ ਜਿਸਨੇ ਦੂਧ ਦੀਆ।
3. JJDM- ਜੱਗ ਜਿਓਦਿਆਂ ਦੇ ਮੇੇਲੇ ਨੇ ਸੱਜਣਾ ਦਰਗਾਹੀਂ ਜਾਕੇ ਕੌਣ ਮਿਲਦਾ।
4.Shootout at wadala- ਬਾਦਸ਼ਾਹ ਕੀ ਗਲੀ ਮੇਂ ਆਕਰ ਰਾਸਤਾ ਨਹੀਂ ਪੂਛਤੇ, ਗੁਲਾਮੋਂ ਕੇ ਝੁਕੇ ਸਿਰ ਖੁਦ-ਬ-ਖੁਦ ਰਾਸਤਾ ਬਤਾ ਦੇਤੇ ਹੈਂ।
5. Chaar sahibjaade- ਕੰਧਾਂ ਵਿੱਚ ਚਿਣਨਗੇ ਪੁੱਤਰ, ਮਾਰ ਥੋੜ੍ਹੀ ਨਾ ਦੇਣਗੇ।
6. Jatt james bond- ਜ਼ਿੰਦਗੀ ਤਾਂ ਸੌਹਰੀ ਸਾਫੇ ਜੋਗੀ ਰਹਿਗੀ ਤੂੰ ਐਂਵੇ ਪੱਗਾਂ ਨੂੰ ਸੀਣਾਂ ਮਾਰੀ ਜਾਣੀ ਆਂ
7. Tanu weds manu- ਹਮ ਬੇਵਫਾ ਕਿਆ ਹੁਏ ਸ਼ਰਮਾ ਜੀ ਤੁਮ ਤੋ ਬਦਚਲਨ ਹੀ ਹੋ ਗਏ