Thursday 4 June 2015

ਜ਼ਿੰਦਾਦਿਲੀ

ਪੰਜਾਬੀ ਦੀ ਕਹੌਤ ਆ ਅਖੇ ,' ਜੀਵੇ ਆਸਾ ਮਰੇ ਨਿਰਾਸਾ'। ਸਾਡੀ ਕੌਮ ਨੇ ਜ਼ਿੰਦਾਦਿਲੀ ਤੇ ਜ਼ਿੰਦਗੀ ਜਿਓਣ ਦਾ ਚਾਅ ਕਦੇ ਨਈਂ ਛੱਡਿਆ। ਜਕਰੀਏ, ਮੀਰ ਮਨੂੰ ਤੇ ਅਬਦਾਲੀ ਸਮੇਂ ਅਤਿ ਮਾੜੇ ਵੇਲਿਆਂ 'ਚ ਛੋਲਿਆਂ ਨੂੰ ਬਦਾਮ ਆਖਣਾ , ਚੜ੍ਹਦੀ ਕਲਾ ਦੀ ਗਵਾਹੀ ਭਰਦਾ।
ਇੱਕ ਬਾਬਾ ਦੱਸਦਾ ਸੀ ਕਹਿੰਦਾ," ਪੁੱਤ ਅਹੀਂ ਪਾਕਸਤਾਨੋਂ ਉੱਜੜਕੇ ਤੀਜੇ ਦਿਨ ਖੇਮਕਰਨ ਉੱਪੜੇ ਤੇ ਸ਼ਾਮਾਂ ਪਈਆਂ ਹੀ, ਅਹੀਂ ਗੱਡਿਓਂ ਘਰ ਦੀ ਕੱਢੀ ਦਾਰੂ ਚੱਕੀ ਤੇ ਹਾੜੇ ਲਾਉਣ ਲੱਗੇ । ਹਾਨੂੰ ਵੇਖਕੇ ਲੋਕੀਂ ਆਖਣ ਵੇਖੋ ਓਏ ਉੱਜੜਕੇ ਆਏ ਜਸ਼ਨ ਮਨਾਓਣ ਡਏ ਨੇ"। ਕਿਸੇ ਮੌਤ ਤੇ ਰੋਂਦੇ ਜੀਆਂ ਨੂੰ ਏਹ ਆਖਕੇ ਚੁੱਪ ਕਰਾਇਆ ਜਾਂਦਾ ," ਜਰਾਂਦ ਕਰੋ ਭਾਈ, 'ਗਾਹਾਂ ਦੀ ਸੁੱਖ ਮੰਗੋ, ਮਾਅਰਾਜ ਭਲੀ ਕਰੂ"।
ਨਿੱਕੀਆੰ ਨਿੱਕੀਆੰ ਚੀਜ਼ਾੰ ਨਾਲ ਪਿਆਰ ਪਾਕੇ, ਮੇਰ ਕਰਕੇ ਜ਼ਿੰਦਗੀ ਨੂੰ ਜਿਓਂਇਆ ਜਾਦਾਂ।
ਵਿਹੜੇ 'ਚ ਫਿਰਦੀ ਬੁੜ੍ਹੀ ਨੂੰ ਮਾਣ ਹੁੰਦਾ ਬੀ ਫਲਾਣੇ ਕਿੱਲੇ ਤੇ ਬੱਝੀ ਮਹਿੰ ਪੇਕਿਆੰ ਦੇ ਰਵੇ 'ਚੋੰ ਆ। ਓਹਤੇ ਮੇਰ ਵੱਧ ਹੁੰਦੀ ਆ। ਠੀਕ ਏਸਰਾਂ ਪੁਰਾਣਾ ਟਰੈਟ ਵੇਚਣ ਲੱਗਾ ਬੰਦਾ ਨਾਏ ਤਾਂ ਪੈਸੇ ਗਿਣੀ ਜਾਂਦਾ ਹੁੰਦਾ ਨਾਏ ਦਲਾਲ ਨੂੰ ਆਖੀ ਜਾਊ," ਹੈਂ ਜਾਗਰਾ, ਊੰ ਲੋਹਾ ਬੜਾ ਕਰਮਾਂਆਲਾ ਸੀ,ਬੜਾ ਸਿੱਧਾ ਆਇਆ ਸੀ"। ਜਦੋਂ ਘਰੇ ਆਇਆ ਲਿਹਾਜ਼ੀ ਢਾਬੀ ਬੰਦਾ ਤੁਰਨ ਲੱਗਦਾ ਤਾਂ ਬੇੇਬੇ ਅਰਗੀਆਂ ਆਖਦੀਆਂ," ਖੋਜਾ ਖੋਜਾ, ਚਾਹ ਪੀਤੇ ਬਿਨ੍ਹਾਂ ਨੀਂ ਜਾਣ ਦੇਂਦੀ ਮੈਂ"। ਹੁਕਮ ਦੇ ਨਾਲ ਪਿਆਰ ਰਲਿਆ ਹੁੰਦਾ।
ਖੁਸ਼ੀਆਂ ਦੇ ਨਿੱਕੇ ਮੋਟੇ ਕਾਰਨ ਲੱਭਕੇ ਜਿੰਦਗੀ ਨੂੰ ਜਿਓਣਜੋਗਾ ਕਰਿਆ ਜਾਦਾਂ। ਹੱਸ ਖੇਡ ਕੇ ਸਮਾਂ ਟਪਾਲੋਂਗੇ ਤਾਂ ਸੌਖਾ ਟੱਪਜੂ ਨਹੀਂ ਟੱਪ ਤਾਂ ਊਂ ਵੀ ਜਾਣਾ....ਘੁੱਦਾ

No comments:

Post a Comment