Friday 26 June 2015

ਧਰਮਪ੍ਰੀਤ

ਗਾਇਕਾਂ ਕਲਾਕਾਰਾਂ ਨਾਲ ਲੋਕਾਂ ਦੀ ਖਾਸ ਸਾਂਝ ਹੁੰਦੀ ਆ। ਤੇ ਜਦੋਂ ਕੋਈ ਕਲਾਕਾਰ ਦੋਹੇਂ ਹੱਥ ਜੋੜ ਦੁਨੀਆਂ ਨੂੰ ਫਤਹਿ ਬੁਲਾ ਜਾਂਦਾ ਤਾਂ ਦੁੱਖ ਵੀ ਲਾਜ਼ਮੀ ਹੁੰਦਾ। ਸਕੂਲ ਨੂੰ  ਜਾਂਂਦੀਆੰ ਮਿੰਨੀਆਂ ਦੇ ਛਣਕਦੇ ਸਪੀਕਰਾਂ 'ਚੋੰ ਧਰਮਪ੍ਰੀਤ ਨੂੰ ਬਥੇਰਾ ਸੁਣਦੇ ਰਹੇ ਆਂ। ਸਾਡੇ ਪਿੰਡੋੰ ਖੂਹਆਲਿਆੰ ਦੇ ਘਰਾੰ 'ਚੋੰ ਮੇਰੇ ਖਾਸ ਯਾਰ ਬੀਤ ਦਾ ਵੱਡਾ ਭਰਾ ਸ਼ੇਰਾ ਧਰਮਪ੍ਰੀਤ ਦਾ ਡੰਡੋਤੀਆ ਫੈਨ ਰਿਹਾ। ਨਿੱਕੇ ਹੁੰਦੇ ਦੇਂਹਦੇ ਸੀ , ਸ਼ੇਰੇ ਘਰੇ ਕਮਰੇ ਦੀਆੰ ਟੀਪ ਕਰੀਆੰ ਕੰਧਾਂ ਤੇ ਧਰਮਪ੍ਰੀਤ ਦੀਆਂ ਕੈਸਟਾੰ ਦੇ ਪੋਸਟਰ ਲੱਗੇ ਵਏ ਹੁੰਦੇ ਸੀ। ਲੱਕੜ ਦੇ ਫੱਟਾੰ ਆਲੀ 'ਲਮਾਰੀ ਦੇ ਵਚਾਲੜਲੇ ਰਖਣੇ 'ਚ ਰੱਖੀਆੰ ਧਰਮਪ੍ਰੀਤ ਦੀਆੰ ਕੈਸਟਾਂ ਸ਼ੇਰੇ ਦਾ ਖ਼ਜ਼ਾਨਾ ਰਿਹਾ। ਰੀਲ੍ਹਾਂ ਦੇ ਧਾਗੇ ਤੇ ਉੱਕਰੇ ਗੀਤ ਟਕਨੋਲਜੀ ਨਾਲ ਚਿੱਪਾੰ 'ਚ ਭਰੇ ਗਏ ਤਾਂ ਸਾਰੀਆੰ ਕੈਸਟਾਂ ਸੁੰਗੜ ਕੇ ਸ਼ੇਰੇ ਦੇ ਫੂਨ 'ਚ ਭਰੀਆਂ ਗਈਆਂ ।
ਸ਼ੇਰਾ ਬਿਜਲੀ ਦਾ ਮਕੈਨਿਕ ਆ ਤੇ ਮੋਟਰਾੰ ਮੂਟਰਾੰ ਵੀ ਬੰਨ੍ਹਦਾ।ਜਦੋੰ ਕਦੋੰ ਦੇਖੀਏ ਓਹਦੇ ਫੋਨ ਤੇ ਧਰਮਪ੍ਰੀਤ ਈ ਵੱਜਦਾ ਸੁਣਿਆ। ਜਿੱਦੇਂ ਆਹ ਗੱਲ ਹੋਈ ਸੀ ਓਦੇੰ ਆਥਣੇ ਸ਼ੇਰਾ ਟੱਕਰਿਆ ਤੇ ਮੈੰ ਕਿਹਾ ,"ਸ਼ੇਰਿਆ ਮਾੜੀ ਗੱਲ ਹੋਈ ਜਰ"। ਸੱਚਿਓਂ ਸ਼ੇਰਾ ਅੱਖਾੰ ਭਰਕੇ ਪੈਰੀੰ ਭਾਰ ਬਹਿ ਕੇ ਨਕਲੀ ਜਾ ਹੱਸਕੇ ਬੋਲਿਆ,"ਨਹੀੰ ਜਰ ਅੰਬਰਤੇ ਐਂਮੇ ਗੱਪ ਮਾਰਦੇ ਆ ਜਰ"।ਪਰ ਸਹੁਰਾ ਸੱਚ ਨੂੰ ਮੰਨਣਾ ਪੈੰਦਾ।
ਬਣਦਾ ਸਰਦਾ ਹਿੱਸਾ ਪਾਕੇ ਧਰਮਪ੍ਰੀਤ ਵੀ ਬਾਗਿਆ।
ਮਹਾਰਾਜ ਅੱਗੇ ਸੁੱਖ ਰੱਖੇ , ਕਿਸੇ ਦੇ ਚਿੱਤ 'ਚ ਐਹੇ ਜਾ ਮਾੜਾ ਖਿਆਲ ਨਾ ਉੱਠੇ.....ਘੁੱਦਾ

No comments:

Post a Comment