Wednesday 25 February 2015

ਪੰਜਾਬੀ

ਜਦੋਂ ਨਵੇਂ ਜੰਮੇ ਜਵਾਕ ਨੂੰ ਦਾਈ ਪੋਤੜਿਆਂ 'ਚ ਵਲ੍ਹੇਟਣ ਲੱਗੀ ਜਵਾਕ ਦੇ ਦਾਦੇ ਨੂੰ ਬੋਲ ਮਾਰਕੇ ਆਂਹਦੀ ਆ, " ਵਧਾਈਆਂ ਵੇ ਜਾਗਰਾ, ਦਾਦਾ ਬਣ ਗਿਓੰ, ਕਰਾਓ ਮੂੰਹ ਮਿੱਠਾ"
ਓਦੋਂ ਜਵਾਕ ਦੇ ਕੰਨੀਂ ਪੰਜਾਬੀ ਦਾ ਪਿਆਰਾ ਜਾ ਸ਼ਬਦ ਪੈਂਦਾ।
ਸਾਡੀਆਂ ਲੋਰੀਆਂ ਵੀ ਪੰਜਾਬੀ। ਬੋਲੀਆਂ ਵੀ ਪੰਜਾਬੀ , ਘੋੜੀਆਂ ਵੀ ਪੰਜਾਬੀ ਤੇ ਸਾਡੇ ਵੈਣ ਵੀ ਪੰਜਾਬੀ, "ਹਾਏ ਓ ਪੁੱਤਾ ਕਿੱਥੇ ਤੁਰ ਗਿਓਂ"
ਸਾਡੇ ਹੌੰਸਲੇ ਵੀ ਪੰਜਾਬੀ, " ਬੱਲੇ ਸ਼ੇਰਾ" "ਹਈ ਸ਼ੱਕਤੇ" "ਹੈਥੇ ਰੱਖ"
ਸਾਡੇ ਲਲਕਾਰੇ ਵੀ ਪੰਜਾਬੀ ਤੇ ਅਸੀਸਾਂ ਵੀ ਪੰਜਾਬੀ,"ਜੀ ਓਏ ਸ਼ੇਰਾ, ਜੁੱਗ ਜੱਗ ਜੀਵੇਂ ,ਜਵਾਨੀਆਂ ਮਾਣੇਂ"
ਸਾਡੇ ਗੀਤ ਵੀ ਪੰਜਾਬੀ। ਝਿੜਕਾਂ ਵੀ ਪੰਜਾਬੀ," ਵੇ ਨਖਾਫਣਿਆਂ, ਵੇ ਮਰਨਿਆਂ"
ਤੇ ਰਾਤਾਂ ਨੂੰ ਆਉਂਦੇ ਸੁਪਨੇ ਵੀ ਪੰਜਾਬੀ।
ਨਵਾਂ ਫੋਨ ਖ੍ਰੀਦਣ ਲੱਗੇ ਵੀ ਦੁਕਾਨਦਾਰ ਨੂੰ ਏਹੀ ਪੁੱਛੀਦਾ," ਪਰਧਾਨ, ਪੰਜਾਬੀ ਸ਼ੋਅ ਕਰਦਾ ਏਹੇ?"
ਮਾਂ-ਬੋਲੀ ਇੱਕ ਦੋ ਖਾਸ ਦਿਨਾਂ ਦੀ ਮੁਹਤਾਜ ਨਈਂ ਹੁੰਦੀ ।
ਚੱਤੋਪੈਰ ਨਾਲ ਈ ਰਹਿਣਾ ਪੰਜਾਬੀ ਨੇ। ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਈ ਰਹੂ। ਧੰਨਵਾਦ ਸਰਬੰਸਦਾਨੀ......ਘੁੱਦਾ

ਮਾਹਰਾਜਾ ਰਣਜੀਤ ਸਿੰਘ

ਕੇਰਾਂ ਸੱਤ ਕ ਸਾਲਾਂ ਦਾ ਜਵਾਕ ਆਵਦੀ ਮਾਂ ਦੀ ੳਂਗਲੇ ਲੱਗਾ ਨਾਲ ਨਾਲ ਤੁਰਿਆ ਜਾਵੇ। ਕੋਲ ਦੀ ਊਠ ਨੰਘਿਆ ਤੇ ਊਠ ਦੇ ਗੱਲ ਟੱਲ ਜਾ ਖੜਕੇ। ਜਵਾਕ ਨੂੰ ਨਾਂ ਤਾਂ ਊਠ ਦਾ ਪਤਾ ਸੀ ਤੇ ਨਾਂਈ ਟੱਲ ਦਾ। ਜਵਾਕ ਆਵਦੀ ਮਾੰ ਨੂੰ ਕਹਿੰਦਾ ,"ਦੇਖ ਨੀ ਬੀਬੀਏ ਕੀ ਦੇ ਗਲ ਕੀ ਪਾਇਆ"।
ਅੱਗੋਂ ਮਾਂ ਵੀ ਸਿੱਧੀ ਸੀ ਕਹਿੰਦੀ,"ਹਾਹੋ ਪੁੱਤ ਹੈਹੇ ਜਿਆਂ ਦੇ ਗਲ ਹੈਹੇ ਜਾ ਕੁਸ ਈ ਪਾਇਆ ਹੁੰਦਾ"।
ਏਹੀ ਗੱਲ ਕਈ ਫੇਸਬੁਕੀਆੰ ਤੇ ਢੁੱਕਦੀ ਆ। ਕਿਸੇ ਬੰਦੇ ਬਾਰੇ ਪਤਾ ਹੋਵੇ ਭਮਾਂ ਨਾ ਪਰ ਅਗਲੇ ਨੂੰ ਭੰਡਣਾ ਜ਼ਰੂਰ ਹੁੰਦਾ । ਕੱਲ ਪਰਸੋੰ ਕਿਸੇ ਨੇ ਲਿਖਕੇ ਪਾਇਆ ਬਾ ਸੀ ਅਖੇ ਮਾਹਰਾਜਾ ਰਣਜੀਤ ਸਿੰਘ ਜਨਾਨੀਆਂ ਨਚਾਉਦਾ ਸੀ ਨਾਏ ਗ੍ਰਹਸਥ ਕਰਦਾ ਸੀ। ਊਂਈ ਡੱਕਿਆ ਮੁਲਖ ਸਵਾਦ ਲੈਂਦਾ। 
ਅਗਲੇ ਦੀ ਪਰਸਨਲ ਲਾਈਫ ਤੋਂ ਡੋਡੇ ਲੇਣੈ ਆ ਤੁਸੀਂ। ਬਾਦਸ਼ਾਹ ਸੀ ਅਗਲਾ। ਜੇ ਕਰੰਟ ਸੀਗਾ ਤਾਂਹੀ ਸ਼ੇਰੇ ਪੰਜਾਬ ਕਹਾਉੰਦਾ ਸੀ । ਬਾਕੀ ਸਿਰੇ ਜੇ ਰਣਜੀਤ ਸਿੰਘ ਵਾਕਏ ਮਾੜਾ ਹੁੰਦਾ ਤਾਂ ਸਿਰਦਾਰ ਫੂਲਾ ਸਿੰਘ ਤੇ ਨਲੂਏ ਵਰਗੇ ਸਰਦਾਰ ਉਹਦੇ ਨਾਲ ਨਾ ਤੁਰਦੇ। ਗੂਗਲ ਰਣਜੀਤ ਸਿੰਘ ਲਿਖਣ ਨਹੀਂ ਦੇਦੀਂ ਪਹਿਲਾਂ ਇ ਸਰਚਾਂ ਮਾਰਨ ਲਾ ਪੈੰਦੀ ਆ। ਦੂਜੇ ਪਾਸੇ ਐਹੇ ਜਿਆਂ ਨੂੰ ਪਿੰਡ 'ਚ ਕੋਈ ਮਹਿੰ ਜੋਗਰਾ ਨੀਰੇ ਦਾ ਰੁੱਗ ਨੀਂ ਵੱਢਣ ਦਿੰਦਾ। ਕਿਸੇ ਨੂੰ ਭੰਡ ਕੇ ਆਪਨੂੰ ਮਸ਼ਹੂਰ ਕਰਨ ਦਾ ਕੀ ਦਮ ਆ
ਗੋਰੇ ਫੇਸਬੁੱਕ ਬਣਾਕੇ ਵੀ ਨਈਂ ਹੰਕਾਰੇ। ਸਾਡੇਆਲਾ ਮੁਲਖ ਆਈ ਡੀ ਬਣਾਕੇ ਈ ਹੀਂਜਰ ਜਾੰਂਦਾ। ਔਕਾਤ 'ਚ ਈ ਚਾਹੀਦਾ ਕੰਮ ।ਫੇਸਬੁੱਕ ਤੇ ਅੱਧੇ ਪੰਜਾਬ ਤੋਂ ਲਾਹ ਪਾਹ ਕਰਾਏ ਬਿਨ੍ਹਾਂ ਟੁੱਕ ਹਾਜ਼ਮੇ ਨੀਂ ਆਉਂਦਾ ਐਹੇ ਜਿਆਂ ਦੇ।.....ਘੁੱਦਾ

Saturday 21 February 2015

ਰੀਝ ਕਾਲਜੇ ਰਹਿਗੀ

ਜੁੱਟ ਪੱਟਕੇ ਕਾਪੀ 'ਚੋੰ ਸਹੀ ਕੌਮੇ ਬਿੰਦੀਆੰ ਲਾਕੇ
ਖ਼ਤ ਲਿਖਿਆ ਪਹਿਲਾ ਸੀ ਗਿਆਰਾਂ ਸੌ ਦੀ ਲੈਟ ਜਗਾਕੇ
ਲਾ ਬਹਾਨਾ ਪੜਨੇ ਦਾ ਕੋਠੇ ਮੱਛਰਦਾਨੀ ਲਾਕੇ
ਪੁੱਤ ਤੜਕੇ ਪੜਲੀੰ ਵੇ ਬੇਬੇ ਆਣ ਸਿਰਹਾਣੇ ਬਹਿਗੀ
ਰੱਖੀਂ ਪੜਦਾ ਟੁੱਟੀਆਂ ਦਾ ਨੀਂ ਬਸ ਰੀਝ ਕਾਲਜੇ ਰਹਿਗੀ

ਚਾਅ ਹੁੰਦਾ ਸੀ ਮਿਲਣੇ ਦਾ ਪਿੱਛੇ ਸੈਕਲ ਬੜੇ ਭਜਾਏ
ਸਕ੍ੈਚ ਤਵੇ ਸੀਡੀਆਂ ਦੇ ਸੀਗੇ ਤਾਰਾੰ ਵਿੱਚ ਫਸਾਏ
ਟੱਲੀ ਖੜਕੇ ਚੱਕੇ ਤੇ ਜਦੋਂ ਬਰੇਕ ਮੂਹਰਲੇ ਲਾਏ
ਗੰਢ ਮਾਰਕੇ ਚੁੰਨੀਂ ਦੀ ਮਾਰਕੇ ਛਾਲ ਸ਼ੀਟ ਤੇ ਬਹਿਗੀ
ਰੱਖੀਂ ਪੜਦਾ ਟੁੱਟੀਆਂ ਦਾ ......

ਚਿੱਟੀ ਬੁਰਸ਼ਟ ਜਾਰਾਂ ਦੀ ਧੋਤੀ ਟੀਨੋਪਾਲ ਸੀ ਲਾਕੇ
ਵਦੈਗੀ ਪਾਲਟੀ ਦਸਮੀਂ ਦੀ ਆਈ ਸੂਟ ਗਾਜਰੀ ਪਾਕੇ
ਲੈ ਹਿਝਕੀਆਂ ਰੋਂਦੀ ਰਹੀ ਦੂਜੇ ਪਾਸੇ ਮੂੰਹ ਭੁਆਕੇ
ਗੱਚ ਭਰਿਆ ਮੇਰਾ ਵੀ ਭਰਕੇ ਰੁੱਗ ਸੀਨਿਓਂ ਲੈਗੀ
ਰੱਖੀਂ ਪੜਦਾ ਟੁੱਟੀਆਂ ਦਾ ......

ਦੇਤੀ ਸਾਈ ਤਖਾਣਾਂ ਨੂੰ ਤੇਰੇ ਵਿਆਹ ਦਾ ਦਾਜ ਬਣੳਂਦੇ
ਵਰੀ ਬੱਝਦੀ ਸੂਟਾਂ ਦੀ ਗੇੜੇ ਨਿੱਤ ਸ਼ਹਿਰ ਦੇ ਲਾੳਂਦੇ
ਧਰ ਖੁਰਚਣੇ ਮੋਢੇ ਤੇ ਹਲਵਾਈ ਘਰ ਤੇਰੇ ਨੂੰ ਆੳਂਦੇ
ਤਾਸ਼ ਵਰਗੀ ਜ਼ਿੰਦਗੀ ਨੀਂ ਬਾਜੀ ਘੁੱਦੇ ਸਿੱਕਰ ਪੈਗੀ
ਰੱਖੀਂ ਪੜਦਾ ਟੁੱਟੀਆਂ ਦਾ ......

ਪਰਤਿਆਈਆਂ ਵਈਆਂ ਗੱਲਾਂ

ਪਰਤਿਆਈਆਂ ਵਈਆਂ ਗੱਲਾਂ
1 . ਵਿਆਹ 'ਚ ਨੱਚਣ ਆਲੇ ਬੰਦਿਆਂ ਨਾਲ ਓਦੋਂ ਬਾਹਲੀ ਖਰੀ ਹੁੰਦੀ ਆ ਜਦੋਂ ਚੱਲਦੇ ਗੀਤ 'ਚ ਰੈਪ ਸ਼ਟਾਟ ਹੋ ਜਾਂਦਾ 
2. ਆਪਣਾ ਮੁਲਖ ਮੋਟਰਸੈਕਲਾਂ ਦੀ ਤੇਲ ਆਲੀ ਸੂਈ ਤੇ ਯਕੀਨ ਨਈਂ ਕਰਦਾ। ਕੇਰਾਂ ਟੈਕੀਂ ਦਾ ਢੱਕਣ ਖੋਲਕੇ ਛਲਕਾਕੇ ਜੇ ਜ਼ਰੂਰ ਦੇਖਣਗੇ ।
3. ਮੋਬੈਲ ਤੇ ਪੰਗੇ ਲੈਂਦੇ ਮੁੰਡੇ ਨੂੰ ਦੇਖਕੇ ਪੇਂਡੂੰ ਬੰਦਾ ਆਹੀ ਸਵਾਲ ਪੁੱਛਦਾ," ਕਿਮੇਂ ਨਿੱਕਿਆ ਕੀ ਕੈਂਹਦਾ ਤੇਰਾ ਐੰਟਰਨਿੰਟ, ਪਊ ਮੀੰਹ ਮੂੰਹ ਕਿ ਨਹੀਂ"
4. ਦੋ ਪੰਜਾਬੀ ਬੰਦੇ ਬੈਠੇ ਹੋਣ, ਤੇ ਜੇ ਕੋਲ ਦੀ ਮਹਿੰਗੀ ਜੀ ਕਾਰ ਟੱਪਜੇ ਫੇਰ ਪਰਤਿਆਇਆ ਬਾ ਅੱਧਾ ਘੈਂਟਾ ਓਸੇ ਦੀਆਂ ਈ ਗੱਲਾਂ ਕਰੀ ਜਾਣਗੇ ਨਾਲੇ ਝੁਰੀ ਜਾਣਗੇ,"ਐਡੀ ਕਿਸ਼ਮਤ ਕਿੱਥੇ ਜਰ"
5. ਕਿਸੇ ਦਾ ਮੋਬਾਇਲ ਜਦੋੰ ਹੱਥ ਆਜੇ ਤਾੰ ਵੱਡੀ ਮੇਦ ਆਪਣਾ ਮੁਲਖ ਸਭ ਤੋਂ ਪਹਿਲਾਂ ਕੈਮਰਾ ਖੋੇਲ ਕੇ ਦੇਖਦਾ ਤੇ ਆਹੀ ਐਕਸਪਰੈਸ਼ਨ ਹੁੰਦਾ," ਭੈੰ ਬੜੀ ਕਲੈਰਟੀ ਆ ਜਰ"
6. ਪੰਜਾਬ 'ਚ ਬਹੁਤੇ ਥਾਵੀਂ ਇੱਕੋ ਨਾਮ ਦੇ ਦੋ ਪਿੰਡ ਨਾਲ
ਨਾਲ ਹੁੰਦੇ ਨੇ । ਜਿਵੇਂ ਮਹਿਲ ਕਲਾਂ ਤੇ ਮਹਿਲ ਖੁਰਦ । ਖੁਰਦ ਨਿੱਕਾ ਤੇ ਕਲਾਂ ਹਮੇਸ਼ਾ ਵੱਡਾ ਹੁੰਦਾ
7. ਕਿਸੇ ਸਮੇੰ ਵੱਡੀ ਮੱਲ ਮਾਰਨ ਆਲੇ ਨੂੰ ਸਿਰੋਪਾ ਦੇਕੇ ਸਨਮਾਨਿਤ ਕਰਿਆ ਜਾੰਦਾ ਸੀ। ਹੁਣ ਐਨੇ ਕ ਡਿੱਗਪੇ ਅਸੀਂ ਜਦੋੰ ਕਿਸੇ ਦੀ ਜਚਾਕੇ ਲਾਹ ਪਾਹ ਹੋਜੇ ਓਦੋਂ ਆਖੀਦਾ," ਕਿਮੇਂ ਪਰਧਾਨ ,ਪੈਗੇ ਸਰੋਪੇ"....ਘੁੱਦਾ

ਨਿੱਕਿਆ ਪੰਜਾਬ ਦੀ ਕੋਈ ਗੱਲ ਲਿਖਦੇ

ਮਾਘ ਮੀੰਹਨੇ ਸਰੋਆਂ ਦੇ ਫੁੱਲ ਲਿਖਦੇ
ਸਾਗ ਤੋੜੇ ਮੁਟਿਆਰ ਸੂਹੇ ਬੁੱਲ ਲਿਖਦੇ
ਬਾਜਰਾ, ਜਵਾਰ, ਛੱਲੀਆਂ ਦੇ ਗੁੱਲ ਲਿਖਦੇ
ਜਵਾਨੀ ਗੁਰੂ ਤੋਂ ਬਵਾਹਰੀ ਹੋਗੀ ਭੁੱਲ ਲਿਖਦੇ
ਨਗੌਰੀ ਵਹਿੜਕੇ ਸ਼ੌਕੀਨ ਗਲੀਂ ਟੱਲ ਲਿਖਦੇ
ਫੇਰ ਨਿੱਕਿਆ ਪੰਜਾਬ ਦੀ ਕੋਈ ਗੱਲ ਲਿਖਦੇ

ਪੈਜੇ ਗੁੱਲੀ ਦਣ ਲੱਗੀ ਬੱਗ ਲਿਖਦੇ
ਪਸੂ ਕਰਦੇ ਜੁਗਾਲੀ ਡਿੱਗੀ ਝੱਗ ਲਿਖਦੇ
ਦੇਣ ਫੂਕ ਮਾਰ ਲਾਚੀ ਬਾਬੇ ਠੱਗ ਲਿਖਦੇ
ਬਾਪੂ ਦਿੱਤੀ ਸਰਦਾਰੀ ਸਿਰ ਪੱਗ ਲਿਖਦੇ
ਸਾਕਾ ਨੀਲਾ ਤਾਰਾ ਸੀਨੇ ਸੱਲ ਲਿਖਦੇ
ਫੇਰ ਨਿੱਕਿਆ ਪੰਜਾਬ ਦੀ ਕੋਈ ਗੱਲ ਲਿਖਦੇ

ਲੱਗੀ ਯਾਰੀ ਦਾ ਗਵਾਹ ਤੂੰ ਝਨਾਬ ਲਿਖਦੇ
ਖਿਦਰਾਣੇ ਵਿੱਛੜਿਆ ਪੰਥ ਓਹ ਢਾਬ ਲਿਖਦੇ
ਦੋਵੇੰ ਘੱਲੂਘਾਰੇ ਮੌਤਾਂ ਬੇ ਹਿਸਾਬ ਲਿਖਦੇ
ਜੱਸਾ ਸਿੰਘ ਆਗੂ ਤੇ ਕਪੂਰ ਨਵਾਬ ਲਿਖਦੇ
ਸਿੰਘਾਂ ਜਿੱਤੀ ਕਿਵੇਂ ਦਿੱਲੀ ਮਾਰੀ ਮੱਲ ਲਿਖਦੇ
ਫੇਰ ਨਿੱਕਿਆ ਪੰਜਾਬ ਦੀ ਕੋਈ ਗੱਲ ਲਿਖਦੇ

ਡੱਕੇ ਫਿਰਦੇ ਨੇ ਕੁੱਲ ਗੀਤਕਾਰ ਲਿਖਦੇ
ਕੁੱਤਾ ਕੁੱਟਿਆ ਨਈਂ ਗੀਤ ਹਥਿਆਰ ਲਿਖਦੇ
ਲੀਲੀ ਪੱਗ ਆਲੇ ਕੌਮ ਦੇ ਗੱਦਾਰ ਲਿਖਦੇ
ਕੱਠੇ ਕਰਕੇ ਕੁੜੀ ਦੇ ਏਹੇ ਜਾਰ ਲਿਖਦੇ
ਏਹਨਾਂ ਲਾਹਮਤਾਂ ਦਾ ਘੁੱਦੇ ਕੋਈ ਹੱਲ ਲਿਖਦੇ
ਫੇਰ ਨਿੱਕਿਆ ਪੰਜਾਬ ਦੀ ਕੋਈ ਗੱਲ ਲਿਖਦੇ

ਧੀਆਂ ਤੇ ਕੁੜੀਆਂ

ਪਿੰਡ 'ਚ ਜਿੱਦੇਂ ਕਿਸੇ ਮੁੰਡੇ ਦਾ ਵਿਆਹ ਹੁੰਦਾ ਤਾਂ ਹੋ ਸਕਦਾ ਲੋਕ ਦੁੱਧ ਫੜ੍ਹਾਉਣ ਦੀ ਘੌਲ ਕਰ ਜਾਣ ਪਰ ਜਿੱਦਣ ਕਿਸੇ ਕੁੜੀ ਦਾ ਵਿਆਹ ਹੁੰਦਾ ਓਦੇਂ ਲੱਗਦੀ ਵਾਹ ਸਕਾ ਸੋਧਰਾ ਸਾਰਾ ਪਿੰਡ ਵਿਆਹ ਆਲੇ ਘਰੇ ਦੁੱਧ ਪਹੁੰਚਾਉਂਦਾ। ਧੀਆਂ ਧਿਆਣੀਆਂ ਨੂੰ ਸਰਬ ਸਾਝੀਆਂ ਸਮਝਕੇ ਸਨਮਾਨਿਆ ਜਾਦਾਂ। ਆਹ 'ਖਬਾਰਾਂ ਟੀਵੀਆਂ ਆਲੇ ਤੜਕੇ ਈ ਝੱਜੂ ਪਾਉਣ ਲਾ ਪੈਂਦੇ ਨੇ ਬੀ ਮੁਲਖ ਢਿੱਡਾਂ 'ਚ ਕੁੜੀਆਂ ਮਾਰਦਾ। ਐਡੀ ਫੀਲਿੰਗ ਨੀਂ ਹੈਗੀ। ਆਮ ਘਰਾਂ 'ਚ ਕੁੜੀਆਂ ਦਾ ਚੰਗਾ ਪਹਿਨਣ ਖਾਣ ਹੁੰਦਾ ਤੇ ਹਰਿੱਕ ਪਿਓ ਧੀ ਦੀਆਂ ਰੀਝਾਂ ਪੂਰੀਆਂ ਕਰਦਾ । ਭਾਸ਼ਣਾਂ ਆਲੇ ਆਖਣਗੇ ਅਖੇ ਅਨਪ੍ਹੜ ਮੁਲਖ ਭਰੂਣ ਹੱਤਿਆ ਕਰਦਾ। ਖਸਮੋਂ ਹੈਧਰ ਝਾਕੋ, ਕੁੜੀਆਂ ਮਾਰਨ ਆਲੀਆਂ ਮਸ਼ੀਨਾਂ ਪੜ੍ਹਿਆਂ ਲਿਖਿਆਂ ਨੇ ਈ ਬਣਾਈਆਂ। ਪਿੰਡਾਂ ਆਲੇ ਮਿਸਤਰੀ ਤਾਂ ਬਣਾਉਣੋਂ ਰਏ। 
ਅਗਲੀ ਗੱਲ । 
ਸਾਰੀ ਮੰਡੀਰ ਵੀ ਦੁੱਧ ਧੋਤੀ ਨਈਂ ਹੁੰਦੀ ਤੇ ਸਾਰੀਆਂ ਕੁੜੀਆਂ ਵੀ ਪੱਧਰ ਨਈਂ ਹੁੰਦੀਆਂ। ਟੱਬਰ ਨੂੰ ਦੁੱਧ 'ਚ ਨੀਂਦ ਦੀਆਂ ਗੋਲੀਆਂ ਪਾਕੇ ਹੇਠ ਉੱਤਾ ਕਰਨ ਆਲ ਮੁਲਖ ਵੀ ਦੇਖਿਆ। ਮੁੜਕੇ ਝੇਪ ਦਾ ਮਾਰਿਆ ਟੱਬਰ ਆਖਦਾ ਬੀ ਕਿਰਲੀ ਡਿੱਗਪੀ ਸੀ ਦੁੱਧ 'ਚ। ਇੱਕ ਕੁੜੀ ਗਲਤੀ ਕਰਜੇ ਤਾਂ ਸੌ ਹੋਰ ਮਾਪੇ ਆਵਦੀਆਂ ਕੁੜੀਆਂ ਤੇ ਸ਼ਕੰਜਾ ਕਸ ਦੇਂਦੇ ਨੇ। ਗੱਲ ਕੌੜੀ ਲੱਗੂ, ਪਰ ਇੱਕਪਾਸੜ ਕਾਨੂੰਨਾਂ ਕਰਕੇ ਦਾਜ ਤੇ ਬਲਾਤਕਾਰਾਂ ਦੇ ਝੂਠੇ ਪਰਚੇ ਵੀ ਬਹੁਤ ਬਣੇ ਜੇਹੜੇ ਪੜਤਾਲਾਂ 'ਚ ਗਲਤ ਨਿੱਕਲਦੇ ਨੇ। ਕੁੜੀਆੰ ਹੋਣ ਭਮਾਂ ਮੁੰਡੇ ਹੱਕ ਬਰੋਬਰ ਈ ਚੰਗੇ ਲੱਗਦੇ ਨੇ।
ਬਾਕੀ ਚੌਦਾਂ ਸੌ ਨੱਤ੍ਹਰ 'ਚ ਜੰਮੇ ਆਪਣੇ ਬਾਬੇ ਹੋਣੀਂ ਜਾੰਦੇ ਜਾਂਦੇ ਕੰਨ 'ਚ ਫੂਕ ਮਾਰਗੇ ਸੀ , ਬੀ ਨਿੱਕਿਓ," ਸੋ ਕਿਓ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ"....ਘੁੱਦਾ

Monday 9 February 2015

ਨਸ਼ੇ ਛੱਡੋ ਕੋਹੜ ਵੱਢੋ....ਵਿਅੰਗ

ਤਾਇਆ ਸੌਸਰੀਕਾਲ
"ਆ ਭਤੀਜ ਕਿਮੇਂ ਆਇਆਂ"
"ਤਾਇਆ ਜਰ ਕਾਲੀ ਦਲ ਨੇ ਨਸ਼ਾ ਬਰੋਧੀ ਮਿੰਮ ਛੇੜੀ ਆ, ਬੱਸਾਂ ਜਾਣਗੀਆਂ ਪਿੰਡੋਂ, ਤੈਨੂੰ ਰੇਲੀ ਤੇ ਲਿਜਾਣਾ ਨਾਲ"
ਮੰਜੇ ਦੀ ਹੀਂਅ ਨੂੰ ਹੱਥ ਪਾਕੇ ਤਾਇਆ ਬੈਠਾ ਹੋਇਆ
"ਬਗ ਤਾਂ ਜਾਈਏ ਸ਼ੇਰਾ, ਹਜੇ ਤਾਂ ਲੋਈ ਨੀਂ ਲਹਿੰਦੀ, ਸਰੀਰ ਈ ਨੀਂ ਆਖਿਆ ਕਰਦਾ"
ਭਤੀਜ ਨੇ ਗੀਝੇ 'ਚੋਂ ਭੁੱਕੀ ਦਾ ਲਿਫਾਫਾ ਕੱਢਕੇ ਬੋਰੀ ਅੰਗੂ ਲਿਫਾਫੇ ਦਾ ਮੂੰਹ ਮੋੜਕੇ ਤਾਏ ਮੂਹਰੇ ਧਰਿਆ
"ਚੱਕ ਤਾਇਆ ਖਰਾਕ, ਸਰਪੈਂਚ ਤੋਂ ਲਿਆਇਆਂ ਤੇਰੇ ਖਾਤਰ"
ਕੌਲੇ 'ਚ ਨਸ਼ਾ ਘੋਲਕੇ ਤਾਇਆ ਇੱਕੋ ਡੀਕੇ ਸੂਤ ਗਿਆ,
ਨਾਏ ਬੋਲਣ ਲੱਗਾ
"ਸੌਜਾਂ ਏਹਨਾਂ ਦੀ ਨਿੱਕੀ ਨਾ, ਨਸ਼ਾ ਕੇਹੜਾ ਸਹੀ ਦੇਦੇਂ ਆ, ਫੇਰੇ ਦੇਣੇ ਬੂਰਾ ਪਾ ਪਾ ਬੇਚੀ ਜਾਂਦੇ ਆ"
ਤਾਇਆ ਕੋਈ ਨਾ ਜਰ , ਸਰਪੈਂਚ ਨਾ ਕਰੀ ਸੀ ਗੱਲ, ਆਥਣੇ ਦਾ ਵੀ ਜਗਾਟ ਕਰਾਂਗੇ ਸਾਰਿਆਂ ਦਾ"
ਤਾਅ 'ਚ ਆਏ ਤਾਏ ਨੇ ਕੌਲੇ 'ਚ ਪਾਣੀ ਪਾਕੇ ਭੁੱਕੀ ਦਾ ਹੰਗਾਲ ਪੀਤਾ ਤੇ
ਨੀਲੀ ਪੱਗ ਦੇ ਮੜਾਸੇ ਮਾਰਦਾ ਤਾਇਆ ਰੇਲੀ ਆਲੀ ਬੱਸ ਬੰਨੀਂ ਤੁਰਿਆ ਜਾਂਦਾ ਸੀ
ਬੱਸ ਦੇ ਮੂਹਰਲੇ ਦੋਹੇਂ ਸ਼ੀਸ਼ੇਆਂ ਤੇ ਰੱਸੀ ਬੰਨ੍ਹਕੇ
ਮੂਹਰੇ ਲਮਕਾਏ ਫਲੈਕਸ ਤੇ ਮੋਟੇ ਅੱਖਰਾਂ 'ਚ ਲਿਖਿਆ ਬਾ ਸੀ
"ਨਸ਼ੇ ਛੱਡੋ ਕੋਹੜ ਵੱਢੋ"....ਘੁੱਦਾ

ਪੱਗ

ਦਿੱਲੀ ਲੁੱਟਕੇ ਦੇਸ਼ ਨੂੰ ਵਾਪਸ ਮੁੜਦੇ ਅਬਦਾਲੀ ਤੇ ਸਿੱਖ ਗਭਰੂਟਾਂ ਨੇ ਹਮਲੇ ਕਰਕੇ ਬਾਈ ਕ ਸੌ ਬੀਬੀਆਂ ਨੂੰ ਰਿਹਾਅ ਕਰਾਇਆ ਸੀ।
ਓਦੋਂ ਤੋਂ ਸਿੱਖਾਂ ਦੀ ਪੱਗ ਇੱਜ਼ਤਾਂ ਆਬਰੂਆਂ ਦੀ ਰਾਖੀ ਦੀ ਪ੍ਰਤੀਕ ਮੰਨੀ ਜਾਣ ਲੱਗੀ।
ਪੱਗ ਸਾਢੇ ਕ ਸੱਤ ਮੀਟਰ ਦਾ ਲੀੜਾ ਈ ਨਈਂ ਹੁੰਦਾ ਸਗੋਂ ਬਹੁਤ ਵੱਡੀ ਜੁੰਮੇਆਰੀ ਹੁੰਦੀ ਆ। ਆਮ ਬੰਦਾ ਕਿਤੇ ਮਾੜੀ ਚੰਗੀ ਕਰਤੂਤ ਕਰਦੇ ਤਾਂ ਗੱਲ ਹਾਈਲਾਈਟ ਨਹੀਂ ਹੁੰਦੀ ਪਰ ਪੱਗ ਆਲਾ ਬੰਦਾ ਮਾੜਾ ਕੰਮ ਕਰੇ ਤਾਂ ਸਾਰੇ ਥੂ ਥੂ ਲਾਜ਼ਮੀ ਕਰਨਗੇ।
ਪੰਜਾਬ ਦਾ ਮੁੱਢਾਂ ਤੋਂ ਏਹ ਰਿਵਾਜ ਰਿਹਾ ਕਿ ਬੱਚੇ ਦੀ ਪਹਿਲੀ ਪੱਗ ਨਾਨਕਿਆਂ ਵੱਲੋਂ ਦਿੱਤੀ ਜਾਂਦੀ ਆ। ਪਿਓ ਦੇ ਭੋਗ ਤੇ ਪੁੱਤ ਦੇ ਸਿਰ ਪੱਗ ਰੱਖਕੇ ਕੋਈ ਆਖਦਾ," ਚੱਲ ਸ਼ੇਰਾ ਕਬੀਲਦਾਰੀਆਂ ਸਾਂਂਭ ਹੁਣ"।
"ਸੂਹੇ ਵੇ ਚੀਰੇ ਵਾਲਿਆ" ਜਾਂ 'ਟੇਢੀੀ ਪੱਗ' ਤੋਂ ਬਿਨ੍ਹਾਂ ਲੋਕ ਗੀਤਾਂ ਜਾਂ ਬੋਲੀਆਂ 'ਚ ਪੱਗ ਦਾ ਜ਼ਿਕਰ ਕਰਿਆ ਜਾਦਾਂ।
ਪੱਗ ਜਾਂ ਦੁਮਾਲਾ ਬੰਨ੍ਹਣ ਆਲ਼ਾ ਬੰਦਾ ਜਦੋਂ ਕਿਤੇ ਸ਼ੀਸ਼ਾ ਦੇਖਦਾ ਤਾਂ ਪਹਿਲਾਂ ਪੱਗ ਤੇ ਨਿਗਾਹ ਮਾਰਦਾ, ਚੇਹਰਾ ਬਾਅ'ਚ ਦੇਖਦਾ।
ਵਿਆਹਦੜਾਂ ਦੀ ਪੱਗ ਦੀ ਪੂਣੀ ਬਹੁਟੀ, ਤੇ ਛੜਿਆਂ ਦੀ ਪੂਣੀ ਬਾਰ ਦਾ ਕੁੰਡਾ ਕਰਾਉਂਦਾ।
ਨੱਬੇਵਿਆਂ ਤੋਂ ਬਾਅਦ ਪੰਜਾਬ 'ਚ ਮੁੰਡੇ ਬੋਦੀਆਂ ਵਾਹੁਣ ਲੱਗਪੇ ਸੀ ਪਰ ਹੁਣ ਫੇਰ ਚੋਬਰ ਪੱਗਾਂ ਅੱਲ ਨੂੰ ਮੁੜੇ ਨੇ। ਜਦੋਂ ਵੀ ਕੋਈ ਨਵਾਂ ਸਿਖਾਂਦਰੂ ਪੱਗ ਬੰਨ੍ਹਦਾ ਤਾਂ ਲੱਗਦੀ ਵਾਹ ਫੋਟੋ ਖਿੱਚਕੇ ਫੇਸਬੁੱਕ ਤੇ ਲਾਜ਼ਮੀ ਪਾਉਂਦਾ। ਪੱਗ ਸਾਡੇ ਕਰਕੇ ਨਹੀਂ ਸਗਮਾਂ ਅਸੀਂ ਪੱਗ ਕਰਕੇ ਸੋਹਣੇ ਲੱਗਦੇ ਆਂ। ਸਰਬੰਸਦਾਨੀ ਦੀਆਂ ਬਖਸ਼ੀਆਂ ਕੁੱਲ ਨੇਹਮਤਾਂ 'ਚੋਂ ਸਾਡੇ ਲਈ ਖਾਸ ਆ...ਪੱਗ.....ਘੁੱਦਾ

ਸੋਹਣੇ ਪਿੰਡ ਮਾਝੇ ਦੇ

ਪਿਛਲੇ ਦੋ ਤਿੰਨ ਦਿਨ ਮਾਝੇ ਦੇ ਪਿੰਡਾਂ 'ਚ ਘੁੰਮਦੇ ਰਹੇ ਆਂ। ਮਾਝੇ ਦਾ ਮਹੌਲ ਦੇਖਕੇ ਆਹ ਸੰਖੇਪ ਜੀ ਲਿਖਤ ਲਿਖੀ ਆ। ਪੜ੍ਹਿਓ ਗਹੁ ਨਾਲ
ਧੂੰਈਂ ਪਾ ਪਰਾਲੀ ਦੀ ਮਘੀਆਂ ਰਹਿਣ ਹਮੇਸ਼ਾ ਸੱਥਾਂ
ਕੰਮ ਲੈਂਦੇ ਬਲਦਾਂ ਦਾ ਝੋਟੇਆਂ ਨੂੰ ਪਾਕੇ ਨੱਥਾਂ
ਚਿੱਟੀ ਚਾਦਰ ਕੋਰੇ ਦੀ ਰੱਖਦੀ ਕੱਜਕੇ ਕਣਕਾਂ
ਪੈਰੀਂ ਝਾਂਜਰ ਚਾਵਾਂ ਦੀ ਵੇਹੜੇ ਵਿੱਚ ਪੈਂਦੀਆਂ ਛਣਕਾਂ
ਚਾਦਰੇ ਚਿੱਟੇ ਬਾਬਿਆਂ ਦੇ, ਬੰਨ੍ਹਦੇ ਪੱਗਾਂ ਲਾਕੇ ਮਾਵੇ
ਸੋਹਣੇ ਪਿੰਡ ਮਾਝੇ ਦੇ ਸਾਥੋਂ ਸਿਫਤ ਲਿਖੀ ਨਾ ਜਾਵੇ


ਕੁੱਪ ਲਿੰਬੇ ਤੂੜੀਆਂ ਦੇ ਰੱਖ ਸਿਖਰ ਤੇ ਬੋਦੀ
ਜੂੜੇ ਕੁੱਲ ਜਵਾਕਾਂ ਦੇ ਜੇਹੜੇ ਹਨ ਮਾਵਾਂ ਦੇ ਗੋਦੀ
ਮਾਰੇ ਪੁੱਤ ਚੁਰਾਸੀ ਨੇ ਘਰ ਘਰ ਟੰਗੀਆਂ ਤਸਵੀਰਾਂ
ਚਿਟਿਆਈ ਫੜ੍ਹਲੀ ਵਾਲਾਂ ਨੇ ਬਜ਼ੁਰਗ ਹੋਗੀਆਂ ਹੀਰਾਂ
ਹਨ ਬਾਹੀਆਂ ਸਾਹਲ ਦੀਆਂ ਮੋਟੇ ਗੋਲ ਮੰਜੇ ਦੇ ਪਾਵੇ
ਸੋਹਣੇ ਪਿੰਡ ਮਾਝੇ ਦੇ ..........

ਜੁੱਸੇ ਲਿੱਸੇ ਝੋਟੀਆਂ ਦੇ ਉੱਤੇ ਠੰਡ ਤੋਂ ਕੰਬਲ ਤਾਣੇ
ਲੰਮੇ ਚੋਲੇ ਸਿੰਘਾਂ ਦੇ ਸਿਰੀਂ ਦੁਮਾਲੇ ਨੀਲੇ ਬਾਣੇ
ਪਿੰਡ ਦੀ ਫਿਰਨੀ ਤੇ ਪਾਥੀਆਂ ਕੰਧਾਂ ਨਾਲ ਚਪੇਈਆਂ
ਤੇਲ ਲਾਉਂਦੇ ਸਰੋਆਂ ਦੇ ਪਾਟ ਜਾਣ ਪੈਰਾਂ ਦੀਆਂ ਵੇਈਆਂ
ਨਿਕਲੇ ਵਾਜ ਸਪੀਕਰ 'ਚੋਂ ਜੋਗਾ ਸਿੰਘ ਜੋਗੀ ਗਾਵੇ
ਸੋਹਣੇ ਪਿੰਡ ਮਾਝੇ ਦੇ.......ਘੁੱਦਾ

ਅਸਲ ਜ਼ਿੰਦਗੀ

ਕੁੱਲ ਧਰਮਾਂ ਨੂੰ ਗਾਲ੍ਹਾਂ ਕੱਢਕੇ ਰਜਾਈਆਂ 'ਚ ਬਹਿਕੇ ਇਨਕਲਾਬ ਲਿਆਉਣ ਆਲੇ ਫੇਸਬੁੱਕ ਤੇ ਬਹੁਤ ਵੇਖੇ ਨੇ। ਡੱਕਿਆ ਮੁਲਖ ਬਹੁਤ ਫੀਲਿੰਗ ਛਕਦਾ। ਫੇਸਬੁੱਕ ਤੇ ਹਰਿੱਕ ਈ ਇਨਕਲਾਬੀ ਬਣਦਾ ਪਰ ਅਸਲ ਜ਼ਿੰਦਗੀ 'ਚ ਆਪਾਂਂ ਕਿਹੋ ਜਿਹੇ ਆਂ, ਗੌਰ ਕਰਿਓ।
ਜਦੋਂ ਪੱਚੀ ਲੱਖ ਦੇ ਹਸਾਬ ਨਾਲ ਕਿੱਲੇ ਦਾ ਸੌਦਾ ਹੁੰਦਾ ਓਦੋਂ ਅਗਲਾ ਸਰਕਾਰੀ ਫੀਸ ਤੋਂ ਡਰਦਾ ਰਜਿਸਟਰੀ 'ਚ ਨੌਂ ਲੱਖ ਈ ਲਿਖਾਉਂਦਾ ਤੇ ਪੰਦਰਾਂ ਵੀਹ ਹਜ਼ਾਰ ਤਹਿਸੀਲਦਾਰ ਦੀ ਜੇਬ 'ਚ ਪਾਕੇ ਰਜਿਸਟਰੀ ਕਰਾ ਲੈਂਦਾ।
ਬੀ.ਟੈੱਕ ਜਾਂ MBBS ਅਰਗੀਆਂ ਪੜ੍ਹਾਈਆਂ ਦੇ ਦਾਖਲੇ ਖਾਤਰ ਅਗਲਾ ਘੱਪ ਦਿਨ ਡੂਢ ਦੋ ਲੱਖ ਡੋਨੇਸ਼ਨ ਦੇ ਦੇਂਦਾ ਮੌਜ ਨਾ। ਜਦੋਂ ਟਰੈਫਿਕ ਪੁਲਸ ਆਲਾ ਮੁਲਾਜ਼ਮ ਮੋਟਰਸੈਕਲ ਦਾ ਚਲਾਨ ਕੱਟਣ ਲੱਗਦਾ ਓਦੋਂ ਹਰੇਕ ਈ ਫੋਨ ਕੱਢਕੇ ਕਿਸੇ ਕਾਢੂ ਅਫਸਰ ਨਾ ਗੱਲ ਕਰਾਕੇ ਪੱਤੇ ਲੀਹ ਹੋ ਜਾਂਦਾ। ਜਦੋਂ ਘਰੋਂ ਮੀਟਰ ਦੀ ਕੁੰਡੀ ਫੜ੍ਹੀ ਜਾਂਦੀ ਆ ਓਦੋਂ ਬੁੜ੍ਹੀਆਂ ਮੁਲਾਜ਼ਮ ਨੂੰ ਪੰਜਾਹ ਦਾ ਨੋਟ ਦਿਖਾਕੇ ਬਿਰਿਆ ਲੈਦੀਂਆ।
ਡਰਾਈਵਿੰਗ ਲਸੰਸ ਬਣਾਉਣ ਖਾਤਰ ਕੋਈ ਡਰੈਵਰੀ ਟੈਸਟ ਨਹੀਂ ਦੇਂਦਾ, ਹਰੇਕ ਬੰਦਾ ਏਜੰਟ ਨੂੰ ਡੂਢ ਸੌ ਵੱਧ ਦੇਕੇ D.T.O ਦੀ ਮੋਹਰ ਲਵਾ ਲੈਂਦਾ।
ਜਦੋਂ ਕਿਸੇ ਦੇ ਧੀ ਪੁੱਤ ਦੀ ਨੌਕਰੀ ਕੱਲੀ ਇੰਟਰਵਿਊ ਤੇ ਅੜੀ ਹੁੰਦੀ ਆ, ਓਦੋਂ ਅਗਲਾ ਆਖਦਾ,"ਪਰਧਾਨ ਕੋਈ ਜੈੱਕ ਭਾਲ ਜਰ, ਚਾਹ ਪਾਣੀ ਕਰਦਾਂਗੇ। ਤਕਸੀਮਾਂ ਤੁਕਸੀਮਾਂ ਦੇ ਕੰਮ ਕੋਈ ਪਟਵਾਰੀ ਵੱਢੀ ਲਏ ਬਿਨ੍ਹਾਂ ਨੀਂ ਕਰਦਾ ਤੇ ਜਦੋਂ ਘੁਲਾੜੀ 'ਚ ਬਾਂਹ ਆਈ ਹੁੰਦੀ ਆ ਓਦੋਂ ਫਸੇ ਬੰਦੇ ਨੂੰ ਪੈਸਾ ਟਕਾ ਦੇਣਾ ਪੈਂਦਾ।
ਅਸਲ ਜ਼ਿੰਦਗੀ 'ਚ ਤੇ ਫੇਸਬੁੱਕੀ ਗੱਲਾਂ 'ਚ ਬਹੁਤ ਫਰਕ ਹੁੰਦਾ। ਏਸ ਗਣਤੰਤਰ ਜਹਾਵੇ ਮੁਲਖ 'ਚ ਕੋਈ ਨੀਂ ਕਹਿ ਸਕਦਾ ਬੀ ਮੈਂ ਕਰੱਪਟ ਨੀਂ। ਜਿਹੇ ਜੇ ਅਸਲ 'ਚ ਹੁੰਨੇ ਓਹੋ ਜੇ ਈ ਫੇਸਬੁੱਕ ਤੇ ਪੇਸ਼ ਆਇਆ ਕਰੋ, ਏਥੇ ਭੱਦਰਕਾਰੀਆਂ ਦਿਖਾਉਣ ਦਾ ਕੀ ਦਮ ਆ। ਨਾਏ ਹੈਪੀ ਗਣਤੰਤਰ ਡੇ....ਘੁੱਦਾ

ਭਗਤ ਪੂਰਨ ਸਿੰਘ

ਚਿਰਾਂ ਤੋਂ ਦੇਖਦੇ ਆਉਣੇ ਆਂ ਪੰਜਾਬ ਦੇ ਬਹੁਤੇ ਬੱਸ ਅੱਡਿਆਂ ਦੇ ਬਾਹਰਵਾਰ ਨੀਲੇ ਜੇ ਰੰਗ ਦਾ ਲੰਬੂਤਰਾ ਜਾ ਬਕਸਾ ਗੱਡਿਆ ਹੁੰਦਾ , ਜੀਹਤੇ ਚਿੱਟੇ ਅੱਖਰਾਂ 'ਚ 'ਦਾਨ- ਪਾਤਰ, ਪਿੰਗਲਵਾੜਾ' ਲਿਖਿਆ ਹੁੰਦਾ। ਏਹਨਾਂ ਬਕਸਿਆਂ ਨੂੰ ਵੱਜੇ ਜੰਗਾਲੇ ਜਿੰਦਰੇ ਦੱਸਦੇ ਨੇ ਕਿ ਏਹ ਬਕਸੇ ਘੱਟ ਈ ਖੁੱਲ੍ਹਦੇ ਨੇ ਕਿਓਕਿ ਆਟੇ 'ਚ ਨੂਣ ਬਰੋਬਰ ਲੋਕ ਏਹਨਾਂ 'ਚ ਦਾਨ ਪਾਉਦੇਂ ਨੇ।
ਜਾਂ ਗੁਰੂ ਘਰਾਂ ਦੇ ਬਾਹਰ ਫੱਟਿਆਂ ਤੇ ਪਿੰਗਲਵਾੜੇ ਦਾ ਛਾਪਿਆ ਲਿਟਰੇਚਰ ਪਿਆ ਹੁੰਦਾ। ਵੱਡੀ ਮੇਦ ਸਾਡੇ 'ਚੋਂ ਕੋਈ ਓਥੋਂ ਕੋਈ ਕਿਤਾਬਚਾ ਚੁੱਕਦਾ ਈ ਨਹੀਂ, ਤੇ ਜੇ ਰੀਸੋ ਰੀਸ ਚੱਕ ਵੀ ਲਈਏ ਤਾਂ ਕੋਈ ਪੜ੍ਹਦਾ ਨਈਂ। ਪੰਜਾਬੀਆਂ ਦੀ ਆਦਤ ਆ, ਮੁਖਤ ਮਿਲੀ ਚੀਜ਼ ਨੂੰ ਅਸੀਂ ਤਰਜੀਹ ਨਹੀਂ ਦੇਂਦੇ।
ਅਗਲੀ ਗੱਲ, ਭਗਤ ਪੂਰਨ ਸਿੰਘ ਹੋਣਾਂ ਦਾ ਨੌਂ ਸਾਰਿਆਂ ਸੁਣਿਆਂ ਸੀ, ਪਰ ਡੂੰਘਿਆਈ ਨਾ ਕੋਈ ਨੀਂ ਜਾਣਦਾ। ਵਾਈਟ ਹਿੱਲ ਆਲੇ ਸ਼ਾਬਾਸ਼ੀ ਦੇ ਹੱਕਦਾਰ ਨੇ ਜੇਹਨਾਂ ਉੱਦਮ ਕਰਕੇ ਮਹਾਨ ਬਾਬੇ ਦੀ ਜੀਵਨੀ ਤੋਂ ਪਰਦਾ ਚੱਕਕੇ ਪਰਦੇ ਤੇ ਲਿਆਂਦਾ।
ਮੇਰੇ ਤੇਰੇ ਅਰਗਾ ਲਗੜ ਦੁਗੜ ਕਿਤੇ ਪਾਈਆ ਖੂਨ ਦਾਨ ਕਰ ਆਵੇ ਤਾਂ ਲੱਗਦੀ ਵਾਹ ਫੋਟੋ ਨੈੱਟ ਤੇ ਲਾਜ਼ਮੀ ਪਾਕੇ ਵਾਹ ਵਾਹ ਕੱਠੀ ਕਰਦਾ। ਪਰ ਸਦਕੇ ਓਸ ਮਹਾਨ ਬੰਦੇ ਦੇ ਜੀਹਨੇ ਬਿਨਾਂ ਸਵਾਰਥੋਂ ਐਡਾ ਉਪਰਾਲਾ ਕਰਿਆ। ਮੈ ਤੂੰ ਦੋ ਚਹੁੰ ਸਤਰਾਂ 'ਚ ਪੂਰਨ ਸਿੰਘ ਹੋਣਾਂ ਦੀ ਵਡਿਆਈ ਨਹੀਂ ਦਸ ਸਕਦੇ।
ਸਿੱਧ ਪੱਧਰੀ ਫਿਲਮ ਬਹੁਤ ਵਧੀਆ ਬਣਾਈ ਆ। ਬਾਕੀ ਸੁਖਵਿੰਦਰ ਦੀ ਗਾਈ ਆਰਤੀ ਸੁਣਿਓ ਗਹੁ ਨਾ। ਲਾਉਂਦਾ ਸਿਰੇ। ਲੱਗਦੀ ਵਾਹ ਫਿਲਮ ਲਾਜ਼ਮੀ ਦੇਖਿਓ । ਪੰਜਾਬੀ ਸਿਨੇਮੇ ਨੂੰ ਪਤਾ ਲੱਗਣ ਲਾਪਿਆ ਬੀ ਜੱਟਬਾਦ ਤੋਂ ਅੱਗੇ ਵੀ ਲੋਕ ਰਹਿੰਦੇ ਨੇ .....ਘੁੱਦਾ

ਨਿੱਕੇ ਦਾ ਪਾਲਣ ਪੋਸ਼ਣ

ਕੇਰਾਂ ਭਰਾਵਾ ਵਿਸਾਖ ਦੇ ਛੇਕੜਲੇ ਜੇ ਦਿਨ ਸੀਗੇ। ਮੁਲਖ ਦਾਣੇ ਦੂਣੇ ਸਾਂਭੀ ਜਾਂਦਾ ਸੀ। ਤਾਏ ਅਰਗਿਆਂ ਨੇ ਕਣਕ ਦੇ ਢੋਲ ਭਰਕੇ, ਉੱਤੇ ਦੋੜਾ ਪਾਕੇ ਬੈਠਕ 'ਚ ਰੱਖਤੇ ਖੂੰਜੇ ਲਾਕੇ।
ਬੈਠਕ ਦੇ ਦੋ ਬਾਰ ਸੀਗੇ, ਇੱਕ ਗਲੀ ਬੰਨੀਂ ਤੇ ਦੂਜਾ ਘਰ ਅੱਲ। ਸਾਡੇਆਲਾ ਨਿੱਕਾ ਗਰਨੈਬ ਮੈਨੂੰ ਮੇਦ ਪੱਕੀ ਪਹਿਲੀ 'ਚ ਸੀਗਾ ਓਦੋਂ। ਏਹਨੂੰ ਪੁੱਠੀ ਬਾਦੀ ਪੈਗੀ। ਸਕੂਲੋਂ ਆਕੇ ਬੋਚ ਕ ਦਿਨੇ ਢੋਲ 'ਚੋਂ ਦਾਣਿਆਂ ਦਾ ਫਲਾਫਾ ਭਰਕੇ ਹੱਟ ਤੇ ਬੱਜਿਆ ਕਰੇ। ਦਾਣੇ ਵੇਚਕੇ ਤੇ ਭੁਜੀਏ ਖਿੱਲਾਂ ਤੁਲਾ ਲਿਆਇਆ ਕਰੇ। ਸਾਡੇਆਲਾ ਰਪੀਟ ਤੇ ਲਾਗਿਆ, ਨਿੱਤ ਈ ਦਾਣੇ ਕੱਢ ਲਿਆ ਕਰੇ। ਡੂਢ ਕ ਮੀਹਨੇ ਬਾਅਦ ਕੁਜਰਤੀਏਂ ਤਾਏ ਨੇ ਢੋਲ ਖੜਕਾ ਕੇ ਦੇਖੇ । ਤਾਏ ਨੇ ਚਿੱਤ 'ਚ ਸੰਸਾ ਕਰਿਆ ਕਹਿੰਦਾ ਜਰ ਐਂਤਕੀ ਕਣਕ ਦੀ ਭੈਤਾ ਜੀ ਨੀਂ ਰਹੀ, ਗਲਾਰੀ ਆ ਕੋਈ।
ਅਗਲੇ ਦਿਨ ਤਾਏ ਨੇ ਬਿਰਲ ਇੱਚਦੀ ਬਿੜਕ ਰੱਖੀ। ਓਹੀ ਗੱਲ ਤੇ ਜਦੋਂ ਨਿੱਕਾ ਲਫਾਫਾ ਭਰਕੇ ਲਿਕਲਣ ਲੱਗਾ, ਤਾਏ ਨੇ ਜੰਜੂਏ ਅੰਗੂ ਮੂਹਰੋਂ ਘੇਰ ਲਿਆ । ਸਾਡੇਆਲਾ ਆਵਦੇ ਜਣੀਂ ਭੱਜਣ ਲੱਗਾ ਤੇ ਤਾਏ ਨੇ ਫੇਰ ਫੜ੍ਹਕੇ ਬਾਂਹ ਨੂੰ ਬਟਾ ਦੇ ਲਿਆ, ਖੜ੍ਹਜਾ ਕਹਿੰਦਾ ਮੈਂ ਲੈਣਾਂ ਤੇਰੇ ਝੱਗੇ ਦ ਮੇਚ। ਆਅਅ ਕੁ ਜਦੋਂ ਤਾਏ ਨੇ ਸਵਾ ਗਿੱਠ ਦਾ ਜੋੜਾ ਲਾਹਿਆ, ਸਾਡੇਆਲਾ ਲੁੱਦੇਆਣੇ ਦੇ ਆਟੋਆਂ ਅੰਗੂ ਮਾਤਾ ਅਰਗੀਆਂ ਦੇ ਗਿੱਟਿਆਂ 'ਚ ਬੱਜਦਾ ਫਿਰੇ। ਐਂ ਪਾਲਣ ਪੋਸ਼ਣ ਕਰਿਆ ਨਿੱਕੇ ਦਾ। ....ਘੁੱਦਾ

ਬੇਰੁਜ਼ਗਾਰ ਪੰਜਾਬ

ਦਸਮੀਆਂ ਬਾਰ੍ਹਵਿਆਂ ਕਰਕੇ ਸਾਡਾ ਮੁਲਖ ਚੰਗੇ ਭਵਿੱਖ ਦੀ ਆਸ ਲੈਕੇ ਕਾਲਜਾਂ ਨੂੰ ਜਾ ਵੜਦਾ। ਕੋਈ ਬੀ.ਏ ਕਰਨ ਲੱਗਦਾ, ਕੋਈ ਬੀ. ਟੈੱਕ , ਕੋਈ BBA, BCA ਤੇ ਹੋਰ ਲੱਲਾ ਭੱਬਾ ਕਰਦਾ। ਤਕਨੀਕੀ ਭੜਾਈ ਕਰਨ ਆਲੇ ਪਹਿਲੇ ਸਾਲ ਈ ਘਰਦਿਆਂ ਦੇ ਗਲ ਗੂਠਾ ਦੇਕੇ ਲੈਪਟੌਪ ਲਿਆਉਂਦੇ ਨੇ। ਤੇ ਲੈਪਟੌਪ 'ਚ ਰੱਖਿਆ ਕੀ ਹੁੰਦਾ। ਟੂਰਾਂ ਦੀ ਫੋੋਟਮਾਂ, ਹੌਲੀਵੁੱਡ ਫਿਲਮਾਂ ਤੇ ਹਿਡਨ ਕਰਕੇ ਰੱਖੀ ਸੰਨੀ ਲਿਓਨ।
ਅੱਗੇ ਸੁਣ। ਤਿੰਨ ਚਹੁੰ ਸਾਲਾਂ ਦੀ ਭੜਾਈ ਕਰਕੇ ਸਾਡੇ ਮੁਲਖ ਦੇ ਹੱਥ ਕੱਲਾ ਸਰਟੀਫਿਕੇਟ ਆਉਂਦਾ, ਇੰਟਰਵਿਊਆਂ ਤੇ ਜਾਕੇ ਪਤਾ ਲੱਗਦਾ ਬੀ ਮਗਜ਼ ਤਾਂ ਖਾਲੀ ਈ ਰਹਿ ਗਿਆ ਚੌੜ ਚੌੜ 'ਚ। ਦਸ ਕਰਕੇ ਜੇਹੜਾ ਜਵਾਕ ਸਕੂਟਰਾਂ ਦਾ ਕੰਮ ਸਿੱਖ ਜਾਂਦਾ , ਓਹ ਕਾਮਯਾਬ ਆ ਹੁਣ।
ਚਾਰ ਪੰਜ ਲੱਖ ਲਾਕੇ ਉੱਚੀ ਭੜਾਈ ਕਰਨ ਆਲੇ ਨੂੰ ਚੰਗੀ ਨੌਕਰੀ ਮਿਲਦੀ ਨਈਂ ਤੇ ਮਾੜੀ ਕਰਨ ਨੂੰ ਚਿੱਤ ਨੀਂ ਕਰਦਾ।
ਤੇ ਫੇਰ ਜੀਹਦਾ ਘਰੋਂ ਪਾਣੀ ਮਰਦਾ ਹੁੰਦਾ ਓਹ ਚਾਰ ਪੈਹੇ ਲਾਕੇ ਜ਼ਹਾਜੇ ਚੜ੍ਹ ਜਾਂਦਾ ਤੇ ਬਾਕੀ ਦੂਜਾ ਮੁਲਖ ਲੋਕਾਂ ਦੀਆਂ ਵੱਟਾਂ ਤੋਂ ਗੋਂਗਲੂ ਪੱਟਦਾ ਰਹਿ ਜਾਦਾਂ।
ਉੱਤੋਂ ਘਰਾਂ 'ਚੋਂ ਲੱਗਦਾ ਕੋਈ ਚਾਚਾ ਤਾਇਆ ਪੁੱਛਦਾ, "ਕਿਮੇਂ ਪਾਹੜਿਆ ਮਿਲੀ ਨੀਂ ਕੋਈ ਨੌਕਰੀ ਨੂਕਰੀ"?
ਮੁੰਡੇ ਕੱਚਾ ਜਾ ਜਵਾਬ ਦੇਂਦਾ," ਮਿਲਦੀ ਤਾਂ ਹੈਗੀ ਆ ਤਾਇਆ ਪਰ ਗੜਗਾਓਂ ਬੰਨੀਂ ਮਿਲਦੀ ਆ ਜਰ"। ਪਤਾ ਤਾਏ ਨੂੰ ਵੀ ਹੁੰਦਾ ਬੀ ਏਹ ਸਹੁਰਾ ਭੁੱਚੋ ਨੀਂ ਟੱਪਿਆ ਗੁੜਗਾਓਂ ਕੌਣ ਸਿਆਣੂ ਏਹਨੂੰ।
ਵਿੱਦਿਆ ਮਾੜੀ ਨਹੀਂ ਹੁੰਦੀ। ਇੱਕ ਤਾਂ ਅਗਲੇ ਪੜ੍ਹਾ ਕੇ ਰਾਜੀ ਨੀਂ ਦੂਜਾ ਅਸੀਂ ਪੜ੍ਹਕੇ ਰਾਜੀ ਨਹੀਂ। ਇੱਕ ਕਾਣੀ ਸੀ ਉੱਤੋਂ ਕਣ ਪੈਗਿਆ।
ਕਿਸੇ ਪਿੰਡ ਬਗਜਿਓ ਸਾਰੀ ਮੰਡੀਰ ਵਿਹਲੀ ਈ ਆ ਹੁਣ । ਤ੍ਰਾਸਦੀ ਆ ਏਹੇ ਪੰਜਾਬ ਦੀ।.....ਘੁੱਦਾ