Thursday 31 May 2012

ਜੇ ਨਾ ਪੈਂਦੀਆਂ ਮਾਰਾਂ

ਨਿਸ਼ਾਨ ਸੈਹਬ ਦੇ ਲਾਗਿਓਂ ਨਿੱਤ ਸੂਰਜ ਚੜ੍ਹਦਾ
ਪਾਠੀ ਸਿੰਘ ਦੇ ਬੋਲ ਤੇ ਪਿੰਡ ਉੱਠ ਹੈ ਖੜ੍ਹਦਾ
ਕਿਸੇ ਵਿਰਲੇ ਕੁੱਕੜ ਦੀ ਬਾਂਗ ਹੈ ਫਿਰ ਕੰਨੀਂ ਪੈਂਦੀ
ਸੁਆਣੀ ਚੱਕਕੇ ਬਾਲਟੀ ਮੱਝ ਥੱਲੇ ਬਹਿੰਦੀ
ਅੱਤ ਦਾ ਸੰਗੀਤ ਬਣਾਉਂਦੀਆਂ ਪਸੂਆਂ ਦੀਆਂ ਧਾਰਾਂ
ਕੀ ਰੀਸ ਸੀ ਦੇਸ਼ ਪੰਜਾਬ ਜੇ ਨਾਂ ਪੈਂਦੀਆਂ ਮਾਰਾਂ

ਟੈਟਰ ਖੇਤਾਂ ਨੂੰ ਤੋਰ ਲਏ ਸਭ ਜੱਟ ਭਰਾਵਾਂ
ਜਵਾਕ ਸਕੂਲਾਂ ਨੂੰ ਤੋਰਦੀਆਂ ਤਿਆਰ ਕਰਕੇ ਮਾਵਾਂ
ਕੁੱਤਿਆਂ ਘੋਰੇ ਪੱਟ ਲਏ ਥਾਂ ਠੰਢਾ ਮੱਲਣ ਨੂੰ
ਮੂਕੇ ਬੰਨ੍ਹਲੇ ਸੀਰੀਆਂ ਤਿੱਖੜ ਦੁਪੈਹਰੇ ਝੱਲਣ ਨੂੰ
ਸਿਰ ਤੋਂ ਲੈ ਅੱਡੀ ਤਾਂਈਂ ਵਗਦੀਆਂ ਨੇ ਮੁੜ੍ਹਕੇ ਦੀਆਂ ਧਾਰਾਂ
ਕੀ ਰੀਸ ਸੀ ਦੇਸ਼ ਪੰਜਾਬ ਦੀ ਜੇ ਨਾਂ ਪੈਂਦੀਆਂ ਮਾਰਾਂ

L.G ਦਾ ਏ ਸੀ ਬਣੀਆਂ ਨੇ ਬੋਹੜਾਂ ਦੀਆਂ ਛਾਵਾਂ
ਛੱਪੜ ਵਿੱਚ ਪਲਸੇਟੇ ਮਾਰਦੀਆਂ ਸਭ ਮੱਝਾਂ ਗਾਵਾਂ
ਸ਼ੱਕਰ ਭਿਓਂ ਕੇ ਘਿਓ ਨਾਲ ਦੁਪੈਹਰੇ ਰੋਟੀ ਖਾਈਏ
ਭਿੱਜੀ ਬੋਰੀ ਨਾਲ ਵਲ੍ਹੇਟੇ ਤੌੜੇ 'ਚੋਂ ਪਾਣੀ ਭਰ ਲਿਆਈਏ
ਦਿਨ ਦਸਮੀਂ ਦੇ ਪੂਜਦੇ ਲੋਕ ਮੜ੍ਹੀ ਮਜ਼ਾਰਾਂ
ਕੀ ਰੀਸ ਸੀ ਦੇਸ ਪੰਜਾਬ ਦੀ ਜੇ ਨਾ ਪੈਂਦੀਆਂ ਮਾਰਾਂ

ਭਰ ਟਰੈਲੀਆਂ ਮਾਘੀ ਬਸਾਖੀ ਤੇ ਲੋਕੀਂ ਮੇਲੇ ਵੱਜਣ
ਇੱਕ ਪਾਸੇ ਦੀਵਾਨ ਧਰਮਕੀ ਦੂਜੇ ਨਚਾਰਾਂ ਨੱਚਣ
ਮੁਟਿਆਰਾਂ ਚੰਡੋਲਾਂ ਝੂਟਦੀਆਂ ਚੋਬਰ ਝਾਕੇ ਲੈਂਦੇ
ਉੱਡਦੀ ਧੂੜ 'ਚ ਚਾਦਰਿਆਂ ਨਾ ਲਹਿੰਗੇ ਖਹਿੰਦੇ
ਬਜ਼ੁਰਗ ਰੀਝਾਂ ਨਾ ਸੁਣਦੇ ਨੇ ਯੋਧਿਆਂ ਦੀਆਂ ਵਾਰਾਂ
ਕੀ ਰੀਸ ਸੀ ਦੇਸ ਪੰਜਾਬ ਦੀ ਜੇ ਨਾ ਪੈਂਦੀਆਂ ਮਾਰਾਂ

ਦਿਨ ਨਰਮੇ ਦੇ ਬਖਤੌਰ ਮਿਸਤਰੀ ਫਿਰ ਕਸੀਏ ਚੰਡਦਾ
ਖੂਹ ਆਲੀ ਡੱਗੀ ਕੋਲੇ ਮੋਚੀ ਅੱਜ ਵੀ ਜੋੜੇ ਗੰਢਦਾ
ਚੱਕ ਗੋਹੇ ਦਾ ਬੱਠਲ ਰੀਸੇ ਮਾਂ ਦੀ ਧੀ ਪਾਥੀਆਂ ਪੱਥੇ
ਜਵਾਕ ਨਿਸ਼ਾਨੇ ਮਾਰਦੇ ਦੇਖ ਮਖਿਆਲ ਦੇ ਛੱਤੇ
ਸ਼ੈਹਦ ਚੋਇਆ ਧੂੰਆਂ ਬਾਲਕੇ ਮੱਖੀਆਂ 'ੜਾ ਹਜ਼ਾਰਾ
ਕੀ ਰੀਸ ਸੀ ਦੇਸ ਪੰਜਾਬ ਦੀ ਜੇ ਨਾ ਪੈਂਦੀਆਂ ਮਾਰਾਂ

ਮੂੰਹ ਬੰਦ ਅਗਲੇ ਦਾ ਕਰ ਦੇਂਦੇ ਬਾਬਿਆਂ ਨੂੰ ਐਸੀ ਗੱਲ ਹੈ ਫੁਰਦੀ
ਸਦਕੇ ਪਿੰਡ ਦੀਆਂ ਸੱਥਾਂ ਦੇ ਜਿੱਥੋਂ ਸਿਆਸਤ ਹੈ ਤੁਰਦੀ
ਲੰਘਦੇ ਟੱਪਦੇ ਮੱਥਾ ਟੇਕਣ ਪਿੰਡ ਘੁੱਦੇ ਦੇ ਸਕੂਲ ਨੂੰ
ਲੁਣ ਗੰਢੇ ਨਾਲ ਬਾਹਰ ਕੱਢਦੇ ਪੈਰ 'ਚ ਵੱਜੀ ਸੂਲ ਨੂੰ
ਟੁੱਟੇ ਨੀਂਹ ਪੱਥਰ ਦੇਂਹਦੇ ਨੇ ਬਦਲਦੀਆਂ ਸਰਕਾਰਾਂ
ਕੀ ਰੀਸ ਸੀ ਦੇਸ ਪੰਜਾਬ ਦੀ ਜੇ ਨਾ ਪੈਂਦੀਆਂ ਮਾਰਾਂ

ਬਾਈ ਛਿੰਦੇ ਦੇ ਘੜੁੱਕੇ ਤੇ ਬੱਜਦੇ ਮਰਜਾਣੇ ਮਾਨ ਦੇ ਗਾਣੇ
ਦੁਮਾਲੇ ਵਿੱਚ ਖੰਡੇ ਫੱਬਦੇ ਸੋਹਣੇ ਨਹਿੰਗਾਂ ਦੇ ਬਾਣੇ
ਕੰਧ ਤੇ ਲੱਗੇ ਮੈਡਲ ਨਿਹਾਰਦਾ ਸਾਬਕਾ ਬਖਤੌਰਾ ਫੌਜੀ
ਤ੍ਰੇਲੇ ਰਾਹ ਤੇ ਪੋਸਤੀਏ ਦੀ ਪੈੜ ਲੱਭਦਾ ਤੜਕੇ ਅਮਲੀ ਖੋਜੀ
ਛੜੇ ਰੁਲਦੂ ਨੂੰ ਪੈਂਦੀਆਂ ਭਰਜਾਈਆਂ ਦੀਆਂ ਫਿਟਕਾਰਾਂ
ਕੀ ਰੀਸ ਸੀ ਦੇਸ ਪੰਜਾਬ ਦੀ ਜੇ ਨਾ ਪੈਂਦੀਆਂ ਮਾਰਾਂ
ਕੀ ਰੀਸ ਸੀ ਦੇਸ ਪੰਜਾਬ ਦੀ ਜੇ ਨਾ ਪੈਂਦੀਆਂ ਮਾਰਾਂ....ਅੰਮ੍ਰਿਤ ਘੁੱਦਾ

Tuesday 29 May 2012

ਘੁੱਦੇ ਦੇ ਕੌਡੀ ਸਟਾਰ

ਕੇਰਾਂ ਭਰਾਵਾ ਘੁੱਦੇ ਦੀ ਜੰਤਾ ਅਨੰਦਪੁਰ ਮੇਲੇ ਤੇ ਬੱਗ ਗੀ। ਮੇਲਾ ਮੂਲਾ ਵੇਖ ਕਹਿੰਦੇ ਚਲੋ ਸਾਰੇ ਗੁਰਦਆਰੇ ਦੇਖਕੇ ਚੱਲਾਂਗੇ।
ਲੀੜੇ ਸੀਗੇ ਪਾਉਣ ਜੋਗਰੇ ਨਾਲ।
ਵਾਹਵਾ ਦਰਸ਼ਨ ਮੇਲੇ ਕੀਤੇ ਭਾਈ ਏਹਨਾਂ ਨੇ ਤਾਂ। ਤੇ ਮੁੜਕੇ ਕਹਿੰਦੇ ਜਗਰਾਉਂ ਕੋਲੇ ਨਾਨਕਸਰ ਗੁਰਦਆਰਾ ਵੀ ਵੇਂਹਨੇ ਆ
ਨਾਲੇ ਉੱਥੇ ਪੈਸਿਆਂ ਦਾ ਮੱਥਾ ਨੀਂ ਟਕਾਉਂਦੇ। ਜਾਵੜੇ ਭਰਾਵਾ।
ਇਹਨਾਂ ਦੇ ਹੱਥਾਂ 'ਚ ਸਾਬਤੇ ਕੇਲੇ ਨੰਗੇ ਕਰਕੇ ਫੜ੍ਹੇ ਵਏ ਤੇ ਦੂਜੇ ਹੱਥ 'ਚ ਹਰੇਕ ਦੇ ਪੰਜਾਂ ਦਾ ਮਰੂੰਡਿਆਂ ਆਲਾ ਪੈਕਟ।
ਬਾਬਿਆਂ ਨੇ ਦੂਰੋਂ ਈ ਵੇਖ ਲਿਆ ਤੇ ਕਹਿੰਦਾ ਬੀ ਬਠਿੰਡੇ ਬੰਨੀਂ ਦੀ ਸੰਗਤ ਆਉਂਦੀ ਆ ਚਾਹ ਧਰਲੋ ।
ਸਾਡੇ ਆਲ਼ੀ ਜੰਤਾ ਨੇ ਦੋ ਆਰੀ ਚਾਹ ਆਲੀਆ ਬਾਟੀਆਂ ਦਾ ਥੱਲਾ ਕੱਢਤਾ ਤੇ ਮੁੜਕੇ ਫੇਰ ਤਿਹਾਏ ਕਾਂ ਅੰਗੂ ਚਾਹ ਦੀ ਕੇਤਲੀ ਵੰਨੀ ਝਾਕਣ
ਜੰਤਾ ਨੂੰ ਪਤਾ ਸੀ ਬੀ ਬਾਬਿਆਂ ਨੇ ਸਾਨੂੰ ਕਮਰਾ ਤਾਂ ਦੇਣਾ ਨੀਂ ਸਕੀਮ ਲਾਉਣੀ ਪਊ।
ਏਹਨਾਂ ਨੇ ਕੰਧਾਂ ਤੇ ਲੱਗੇ ਕਬੱਡੀ ਟੂਰਨਾਮੈਂਟਾਂ ਦੇ ਪੋਸਟਰ ਪੜ੍ਹਲੇ ਤੇ ਬਾਬਿਆਂ ਨੂੰ ਕਹਿੰਦੇ ਜੀ ਅਸੀਂ ਫਲਾਣੇ ਪਿੰਡ ਕਬੱਡੀ ਖੇਡਣ ਆਏ ਆਂ ਤੇ ਸਾਨੂੰ ਰਾਤ ਖਾਤਰ ਕਮਰਾ ਦੇਦੋ।
ਕਮਰਾ ਦੇਤਾ ਭਰਾਵਾ। ਤੜਕੇ ਬਾਬਾ ਆਕੇ ਜੰਤਾ ਦੇ ਪੈਰਾਂ ਆਲ਼ੇ ਪਾਸਿਓਂ ਕੰਬਲ ਖਿੱਚੀ ਜਾਵੇ ਬੀ ਉੱਠੋ ਗੁਰਮੁਖੋ।
ਗੁਰਮੁਖ ਪਾਸਾ ਨਾ ਲੈਣ । ਬਾਬਾ ਬੋਲਿਆ ਕਹਿੰਦਾ ਮੁੰਡਿਓ ਤੁਸੀਂ ਕਿੰਨੇ ਵੇਟ 'ਚ ਕਬੱਡੀ ਖੇਡਦੇ ਆਂ।
ਮਲੂਕੇ ਆਲ਼ਿਆਂ ਦਾ ਪਿੰਦੂ ਬੋਲਦਾ ਅਖੇ ਜੀ ਬਾਹਟ ਕਿੱਲੋ ਮੈਚ ਲਾਮਾਂਗੇ।
ਬਾਬਾ ਕਹਿੰਦਾ ਆਜੋ ਫਿਰ ਚਾਹ ਪੀਲੋ, ਬਾਹਰ ਬਾਹਟ ਕਿਲੋ ਆਲੇ ਮੁੰਡੇ ਖੜ੍ਹੇ ਆ। ਆਜੋ ਥੋਡਾ ਮੈਚ ਵੇਖੀਏ
ਜੰਤਾ ਨੂੰ ਤ੍ਰੇਲੀ ਆਗੀ ਬੀ ਮਾਰਤੇ ਭੈਣਦੇਣਿਓਂ ਚੌੜ ਚੌੜ 'ਚ। ਵਿਰੋਧੀ ਟੀਮ ਆਲੇ ਮੁੰਡੇ ਜਾਂਘੀਏ ਪਾਈ ਫਿਰਨ ਗਰੌਂਡ 'ਚ ਸਾਡੇ ਆਲ਼ਿਆਂ ਦੀਆਂ ਗਿੱਡਾਂ ਨਾ ਲਹੀਆਂ ਅਜੇ। ਬਾਬੇ ਨੂੰ ਕਹਿੰਦੇ ਆਗੇ ਜੀ।
ਪਿਛਲ਼ੀਆਂ ਕੰਧਾਂ ਤੋਂ ਦੀ ਛਾਲਾਂ ਮਾਰਕੇ ਵਾਹਣੋ ਵਾਹਣੀ ਹੋਗੇ ਕੌਡੀ ਦੇ ਸਟਾਰ।

Monday 28 May 2012

ਗੁਰੂਆਂ ਪੀਰਾਂ ਦੀ ਧਰਤੀ ਤੇ

ਬਿਹਾਰੋਂ ਤੁਰੀ ਰੇਲ ਜੀ ਇੱਕ ਵੱਲ ਪੰਜਾਬ ਦੇ
ਬੁੱਲਾਂ 'ਚ ਜਰਦਾ ਥੁੱਕ ਪਿਚਕਾਰੀ ਕੀ ਕਹਿਣੇ ਜਨਾਬ ਦੇ
ਤੇੜ ਬੰਨ੍ਹੀ ਲੁੰਗੀ ਤੇ ਮੋਢੇ ਰੱਖਿਆ ਪਰਨਾ ਜੀ
ਝੋਨੇ ਕਾ ਸੀਜ਼ਨ ਨੇੜੇ ਸਰਦਾਰ ਕਾਮ ਹੈ ਕਰਨਾ ਜੀ
ਕਹਿੰਦਾ ਏਹੀ ਦੋ ਮਹੀਨੇ ਹਮਾਰੀ ਕਮਾਈ ਆ
ਟੇਸ਼ਨ ਤੇ ਬੈਠਾ ਬਾਬਾ ਕਹਿੰਦਾ ਬਿਹਾਰੋਂ ਲੇਬਰ ਆਈ ਆ

ਕਨੈਡਾ ਪੰਜਾਬ ਨੂੰ ਕਹਿੰਦੇ ਤਾਂਹੀਓ ਏਧਰ ਨੂੰ ਆਉਂਦੇ ਨੇ
ਲੱਕ ਸਿੱਧਾ ਨੀਂ ਕਰਦੇ ਤਿੱਖੜ ਦੁਪੈਹਰੇ ਝੋਨਾ ਲਾਉਂਦੇ ਨੇ
ਰੇਲ ਚੌਲਾਂ ਦੀ ਬਣਾਕੇ ਤਲਬ ਮੂੰਹ 'ਚ ਠੋਕ ਲੈਂਦੇ
"ਸਰਦਾਰ ਚਾਹ ਲੇਕਰ ਆ ਰਿਹਾ" ਦੂਰੋਂ ਈ ਘੋਖ ਲੈਂਦੇ
ਨਾਲੋ ਨਾਲ ਫੂਨ ਤੇ "ਦਿਲਵਾਲੇ" ਫਿਲਮ ਦੇ ਗਾਣੇ ਲਾਉਂਦੇ ਨੇ
ਬਹੁਤੀ ਵੱਟਤ ਘੱਟ ਖਰਚਾ ਪੈਸੇ ਬਿਹਾਰ ਘਲਾਉਂਦੇ ਨੇ

ਕੂਲਰ ਛੱਡਕੇ ਸੌਂ ਜਾਂਦੀ ਆਪਣੇ ਆਲੀ ਜੰਤਾ ਬਈ
ਪੈਲੀ ਵੇਚ ਕਨੇਡੇ ਤੁਰ ਗਿਆ ਢਿਲੋਆਂ ਦਾ ਕੰਤਾ ਬਈ
ਸੁਣਿਆ ਗੋਰੇ ਉਹਤੋਂ ਫਲੱਸ਼ਾਂ ਬਹੁਤ ਸਾਫ ਕਰਾਉਂਦੇ ਨੇ
ਸੀਰੀਆਂ ਤੇ ਹੁਕਮ ਚਲਾਉਣ ਆਲੇ ਉੱਥੇ ਪੋਚੇ ਲਾਉਂਦੇ ਨੇ
ਘਰੇ ਗੱਲ ਕਰਨੈ ਨੂੰ ਉਹਨੇ ਸਕੈਪੀ ਤੇ ਆਈ ਡੀ ਬਣਾਈ ਆ
ਔਨਲਾਈਨ ਹੰਝੂ ਕੇਰਦਾ ਪਾਉਂਦਾ ਬਹੁੜ ਦੁਹਾਈ ਆ

ਐਮ.ਏ ਕਰਕੇ ਵਿਹਲਾ ਹੁਣ ਗੱਭਰੂ ਖੇਤ ਜਾਣ ਤੋਂ ਡਰਦਾ ਆ
ਖੇਤੀ ਨੂੰ ਹੁਣ ਹੀਣਤਾ ਸਮਝੇ ਜੌਬਾਂ ਲਈ ਅਪਲਾਈ ਕਰਦਾ ਆ
ਕੱਲਾ ਬਹਿਕੇ ਗੀਤ ਲਿਖਦਾ ਜ਼ਹਾਜੇ ਚੜ੍ਹੀ ਮਸ਼ੂਕ ਦੇ
ਕਹਿੰਦਾ ਵਿਛੜਨ ਲੱਗੀ ਦੇ ਬੋਲ ਤੇਰੇ ਕੰਨਾਂ ਵਿੱਚ ਕੂਕਦੇ
ਹੁਣ ਲੌਨ ਬੈਂਕ ਤੋਂ ਲੈਕੇ ਕਹਿੰਦਾ ਟੇਪ ਕਰਾਉਣੀ ਆ
ਪਾਇਰੇਸੀ ਆਲੇ ਖਾ ਜਾਣਗੇ ਕਿੱਥੋਂ ਰਾਸ ਇਹ ਆਉਣੀ ਆ

ਸੁਣਿਆ ਪੰਜ-ਆਬਾਂ ਦੇ ਅੰਦਰ ਹੈਰੋਇਨ, ਸਮੈਕਾਂ ਵਿਕਦੇ ਨੇ
ਜਵਾਨੀਓਂ ਪਹਿਲਾਂ ਬੁੱਢੇ ਲੱਗਦੇ ਨਾ ਰਿਸ਼ਤੇ ਆਲੇ ਟਿਕਦੇ ਨੇ
ਓਤੋਂ ਆਈ ਟਵੰਟੀ ਮੰਗਦੇ ਜੀਹਨੂੰ ਚਾਰ ਕਿੱਲ੍ਹੇ ਆਉਂਦੇ ਨੇ
ਊਂ ਕਹਿਣਗੇ ਕੋਈ ਮੰਗ ਨੀ ਫਿਰ ਵੀ ਸਾਲੇ ਲਿਸਟ ਬਣਾਉਂਦੇ ਨੇ
ਭੈਣੀ ਯਾਹਵੇ ਦਾਜ ਖਾਤਰ ਕੁੜੀਆਂ ਨੂੰ ਅੱਗਾਂ ਲਾਉਂਦੇ ਨੇ
ਉਤੋਂ ਹਰਾਮੀ ਪੜ੍ਹੇ ਲਿਖੇ ਇੱਕੀਵੀਂ ਸਦੀ ਦੇ ਪੁਰਖ ਕਹਾਉਂਦੇ ਨੇ

ਲੱਕ ਤੇ ਪੈਂਟ ਨੀਂ ਖੜ੍ਹਦੀ ਉਂ ਕਹਿਣਗੇ ਬੌਡੀ ਬਣਾਈ ਆ
ਫੋਟੋ ਕੁੜੀ ਨਾਲ ਖਿਚਾਕੇ ਫੇਸਬੁੱਕ ਤੇ ਪਾਕੇ ਕਹਿਣ ਥੋਡੀ ਭਰਜਾਈ ਆ
ਸਕੀ ਭੈਣ ਦਾ ਮੋਹ ਨੀਂ ਕਰਦੇ ਫੇਸਬੁੱਕ ਤੇ ਭੈਣਾਂ ਬਣਾਉਂਦੇ ਨੇ
ਸ਼ਕਲ ਨੀਂ ਵੇਂਹਦੇ ਆਵਦੀ ਪਿਓ ਨੂੰ ਕਹਿ ਬੁੜ੍ਹਾ ਬੁਲਾਉਂਦੇ ਨੇ
ਭਗਤ ਸਿਹੁੰ ਦੀਆਂ ਗੱਲਾਂ ਕਰਦੇ ਊਂ ਨੇ ਸਾਰੇ ਪਿੱਠੂ ਸਰਕਾਰਾਂ ਦੇ
ਗੁਰੂਆਂ ਪੀਰਾਂ ਦੀ ਧਰਤੀ ਤੇ ਘੁੱਦਿਆ ਪਿੰਡੇ ਵਿਕਦੇ ਨਾਰਾਂ ਦੇ...ਘੁੱਦਾ

Saturday 26 May 2012

ਬੇਦਾਵਾ

ਯਖ ਠੰਡੀ ਰੱਖਿਓ ਸਾਡੇ ਹਿੱਸੇ ਦੀ ਤਵੀ
ਕੋਈ ਲੋੜ ਨੀਂ ਰੇਤਿਆਂ ਦੀ
ਮੂੰਹੋਂ ਬੋਲੋ..
ਮੰਨੇ ਮਨਾਂਏ ਆਂ ਅਸੀਂ ਤਾਂ
ਅਸੀਂ ਤਾਂ ਉਹਦੇ ਆੜੀ ਆਂ ਜਿਹੜਾ ਬਾਬਾ ਲੰਮੀ ਬਾਂਹ
ਕਰਕੇ ਘੋੜੇ ਤੋਂ ਜਵਾਕ ਲਾਹੁਦਾਂ ਹੁੰਦਾ
ਖਬਰਦਾਰ ਜੇ ਕਿਸੇ ਨੇ ਚੰਦੂ ਦੇ ਨੱਕ ਨਕੇਲ ਪਾਈ
ਪਤੰਦਰੋਂ ਚੰਦੂ ਤਾਂ ਘਰ ਘਰ ਬੈਠਾ
ਕੀਹਦੇ ਕੀਹਦੇ ਪਾਓਂਗੇ
ਆਵਦੇ ਈ ਪਾ ਲਿਓ
ਧਿਆਨ ਰੱਖੀਂ ਤੂੰਵੀਂ ਬਾਜ਼ਾਂ ਆਲਿਆ
ਸਟੇਜ ਤੇ ਖੜ੍ਹਕੇ ਸੀਸ ਨਾ ਮੰਗੀਂ
ਸਿਰ ਤਾਂ ਬਹੁਤ ਨੇ ਤੇਰੇ ਜੋਗੇ
ਪਰ ਸੀਸ ਹੈਨੀ
ਅਨੰਦਪੁਰੋਂ ਭੱਜਕੇ ਖਿਦਰਾਣੇ ਨੀਂ ਲੜਨਾ ਅਸੀਂ
ਵੇਖੀਂ ਕਿਤੇ ਸਾਡਾ ਖੂਨ ਵੇਖਕੇ
ਤੇਰਾ ਮਨ ਪਿਘਲਜੇ
ਖੂਨ ਦੀ ਤਸੀਰ ਵੇਖਲੀਂ..ਯਖ ਠੰਡੀ
ਐਂਤਕੀ ਬੇਦਾਵਾ ਨਾ ਪਾੜੀਂ
ਜੇਬ 'ਚ ਰੱਖੀਂ
ਸੁਣਿਆ ਜ਼ੁਬਾਨ , ਜ਼ੁਬਾਨ ਕਰਨ ਲਈ ਹੁੰਦੀ ਆ?
ਹੁਣ ਹੋਰ ਰਸ ਵੀ ਭੋਗਦੇ ਆਂ ਏਸ ਜ਼ੁਬਾਨ ਨਾਲ
ਕਿਤੇ ਫੇਰ ਦੱਸਾਂਗੇ..ਹੁਣ ਸੰਗ ਲੱਗਦੀ ਆ
ਤੇਰੇ ਪੱਟ ਤੇ ਸਿਰ ਰੱਖ
ਬੇਦਾਵਾ ਪਾੜਨ ਲਈ ਬੁੜਬੁੜਾਵਾਂਗੇ ਅਸੀ
ਸੁਣਿਆ ਓਦੋਂ ਤਾਂ ਇੱਕ ਸਫੇ ਦਾ ਸੀ ਬੇਦਾਵਾ
ਝੱਟ ਦੋ ਟੋਟੇ ਕੀਤੇ ਸੀ
ਹੁਣ ਕਿਵੇਂ ਪਾੜੇਂਗਾ?
ਏਨੇ ਬੇਦਾਵੇ ਜੁੜਕੇ ਬਣੀ ਕਿਤਾਬ ਨੂੰ?...ਘੁੱਦਾ

Thursday 24 May 2012

ਨਾਗਵਲ ਪਿਆ ਮਿੱਤਰਾ

ਨਵੀਂ ਨਵੀਂ ਜੀ ਹਵਾ ਇਹ ਚੱਲੀ ਰੁਕਦੀ ਨਹੀਂ ਰੁਕਾਈ
ਕੁੜੀ ਜੱਟਾਂ ਦੀ ਉੱਧਲ ਕੇ ਸੁਣਿਆ ਸੇਠਾਂ ਦੇ ਘਰ ਆਈ
ਘਰਦਿਆਂ ਕੋਂਲੋ ਆਕੀ ਹੋਕੇ ਆਪੇ ਰਿਸ਼ਤਾ ਫਿੱਟ ਕਰਿਆ
ਕੱਢ ਦੁਨਾਲੀ ਪ੍ਰੇਮੀ ਠੋਕਤਾ ਪਿਆ ਚੌਂਕ ਵਿੱਚ ਧਰਿਆ
ਆਨਰ ਕਿਲਿੰਗ ਦਾ ਕੇਸ ਬਣਾਕੇ ਹੁਣ ਜੱਟ ਨੂੰ ਅੰਦਰ ਕਰਾਉਣਾ
ਨਾਗਵਲ ਪਿਆ ਮਿੱਤਰਾ ਏਹੇ ਮਸਲਾ ਸੌਖਾ ਨਹੀਂ ਸੁਲਝਾਉਣਾ

ਸੰਤਾਲੀ ਪਿੱਛੋਂ ਦੇਸ਼ ਵੰਡਕੇ ਦੋ ਟੋਟੇ ਸੀ ਕਰਤੇ
ਵਾਢੀ ਕਰ ਬੰਦਿਆਂ ਦੀ ਫਿਰ ਰੇਲਾਂ ਦੇ ਡੱਬੇ ਸੀ ਭਰਤੇ
ਓਦੋਂ ਤੋਂ ਈ ਇੱਕ ਮੁੱਦਾ ਜੰਮੂ -ਕਸ਼ਮੀਰ ਦਾ ਨਿੱਤ ਭੜਕੇ
ਅਗਲੇ ਕਹਿੰਦੇ ਸਾਡਾ ਏਰੀਆ ਲੈਲਾਂਗੇ ਹੱਕ ਲੜਕੇ
ਇੰਡੀਆ ਵੀ ਹਿੱਕ ਠੋਕ ਆਖਦਾ ਆਜੋ ਕੀਹਨੇ ਹੱਥ ਲਾਉਣਾ
ਨਾਗਵਲ ਪਿਆ ਮਿੱਤਰਾ ਏਹੇ ਮਸਲਾ ਸੌਖਾ ਨਹੀਂ ਸੁਲਝਾਉਣਾ

ਹੱਕਾਂ ਦੀ ਨਿੱਤ ਮੰਗ ਉੱਠਾਉਦੇਂ ਮਨੀਪਾਲ ਦੇ ਜੰਗਲ
ਕਹਿੰਦੇ ਏ.ਕੇ ਸੰਤਾਲੀ ਨਾਲ ਤੋੜਨਾ ਲੋਕਤੰਤਰ ਦਾ ਸੰਗਲ
ਤੇੜ ਲਪੇਟੇ ਪੱਤਿਆਂ 'ਚੋਂ ਨਿਕਲਣ ਆਜ਼ਾਦੀ ਦੀਆਂ ਲਾਟਾਂ
ਕਾਮਰੇਡਾਂ ਦੀ ਸੋਚ ਧਾਰਕੇ ਸੁਨਣ ਮਾਕਸ, ਲੈਨਿਨ ਦੀਆਂ ਬਾਤਾਂ
ਵੋਟ ਤੋਂ ਵਾਂਝੇ ਰੱਖੇ ਜਿਹੜੇ ਚਾਹੁੰਦੇ ਲੋਕ ਸਭਾ ਤੱਕ ਆਉਣਾ
ਨਾਗਵਲ ਪਿਆ ਮਿੱਤਰਾ ਏਹੇ ਮਸਲਾ ਸੌਖਾ ਨਹੀਂ ਸੁਲਝਾਉਣਾ

ਵਿੱਚ ਚੌਰਾਸੀ ਹਜ਼ਾਰਾਂ ਮਾਰਤੇ ਨਾ ਸਜ਼ਾ ਕਿਸੇ ਨੂੰ ਹੋਈ
ਮੋਟਰਸੈਕਲ ਆਲੇ ਇੱਕ ਅਫਸਰ ਠੋਕਗੇ ਓੱਤੇ ਲਈ ਸੀ ਲੋਈ
ਪੁਲਾਂ ਰੋਹੀਆਂ ਚੋਂ ਲੱਭੀਆਂ ਲਾਸ਼ਾ ਜਾਅਲੀ ਮੁਕਾਬਲੇ ਹੋਏ
ਬਚਦੇ ਪੁੱਤ ਵਲੈਤ ਤੋਰਤੇ ਲੈ PR ਪੱਕੇ ਹੋਏ
ਸੁੱਤਿਆਂ ਦਿਸਣ ਯਾਰਾਂ ਦੀਆਂ ਲਾਸ਼ਾ ਚਾਹੁੰਦੇ ਖਾਲਿਸਤਾਨ ਬਣਾਉਣਾ
ਨਾਗਵਲ ਪਿਆ ਮਿੱਤਰਾ ਏਹੇ ਮਸਲਾ ਸੌਖਾ ਨਹੀਂ ਸੁਲਝਾਉਣਾ

ਵਾਹਗੇ ਤਾਂਈ ਸੁਣਦਾ ਲਾਹੌਰ ਲੱਗਿਆ ਜੇਹਾਦ ਦਾ ਨਾਅਰਾ
ਸੁੰਨੀ ਸ਼ੀਆ ਦੀ ਡਾਂਗ ਖੜਕਦੀ ਚੜ੍ਹਿਆ ਪਿਆ ਏ ਪਾਰਾ
ਐਬਟਾਬਾਦ ਲਾਦੇਨ ਠੋਕਤਾ ਉਬਾਲੇ ਅਲ-ਕਾਇਦਾ ਹੁਣ ਮਾਰੇ
ਕਹਿੰਦੇ ਕੱਲਾ ਕੱਲਾ ਠੋਕਣੇ ਬੈਠੇ ਵਾਈਟ ਹਾਊਸ ਵਿੱਚ ਸਾਰੇ
ਬਰੂਦ ਦੀ ਭਰਕੇ ਗੱਡੀ ਮਾਰਨੀ ਖੂਨ ਬੇਦੋਸ਼ਿਆਂ ਦਾ ਵਗਾਉਣਾ
ਨਾਗਵਲ ਪਿਆ ਮਿੱਤਰਾ ਏਹੇ ਮਸਲਾ ਸੌਖਾ ਨਹੀਂ ਸੁਲਝਾਉਣਾ

ਖੂਹ ਤੇਲ ਦੇ ਇਰਾਕ 'ਚ ਲੱਗੇ ਕਬਜ਼ਾ ਕਰੇ ਅਮਰੀਕਾ
ਸੱਦਾਮ ਹਸੈਨ ਸੂਲੀ ਚਾੜ੍ਹਤਾ ਹੱਥ ਲੱਗਿਆ ਨਵਾਂ ਤਰੀਕਾ
ਇਜ਼ਰਾਈਲ ਲਿਬਨਾਨ ਵਿਚਾਲੇ ਖੜਕੇ ਭੇਜੇ UNA ਨੇ ਗੱਭਰੂ ਪੂਰੇ
ਬੰਨ੍ਹ ਨੀਲੀਆਂ ਪੱਗਾਂ ਓੱਥੇ ਸ਼ਾਤੀ ਵੰਡਦੇ ਗੁਰੂ ਗੋਬਿੰਦ ਦੇ ਸੂਰੇ
ਛੱਡ ਦੁਨੀਆਂ ਨੂੰ ਘੁੱਦਿਆ ਚੱਕ ਟੋਕਰਾ ਹਲੇ ਪਸੂਆਂ ਨੂੰ ਨੀਰਾ ਪਾਉਣਾ
ਨਾਗਵਲ ਪਿਆ ਮਿੱਤਰਾ ਏਹੇ ਮਸਲਾ ਸੌਖਾ ਨਹੀਂ ਸੁਲਝਾਉਣਾ....ਘੁੱਦਾ

ਪੰਜਾਬ ਨੂੰ ਨੰਬਰ ਇੱਕ ਬਣਾਤਾ

ਹੱਕ ਮੰਗਦੀ ਜੰਤਾ ਤੇ ਨਿੱਤ ਵਰ੍ਹਦੀ ਡਾਂਗ ਸਰਕਾਰੀ
ਖਾਲੇ ਥੋਡੀ ਕੁਰੱਪਸ਼ਨ ਨੇ ਵੇਲ ਵਾਗੂੰ ਵਧਦੀ ਬੇਰੁਜ਼ਗਾਰੀ
ਵਿਹਲੇ ਬੈਠੇ ਖੁੰਡਾਂ ਤੇ ਡਿਗਰੀਆਂ ਵਿੱਚ ਫਾਇਲਾਂ ਦੇ ਜੜੀਆਂ
ਕੀ ਰਾਖੀ ਕਰਨੀ ਸੀ ਕੁੱਤੀਆਂ ਚੋਰਾਂ ਦੇ ਨਾਲ ਰਲੀਆਂ
ਮੈਂ ਸੁਣਿਆਂ ਵਾੜਾਂ ਨੇ ਹੱਥੀਂ ਆਪ ਹੀ ਖੇਤ ਖਵਾਤਾ
ਸੁਣਿਆ ਫਿਰ ਵੀ ਕਹਿੰਦੇ ਨੇ ਪੰਜਾਬ ਨੂੰ ਨੰਬਰ ਇੱਕ ਬਣਾਤਾ

ਗੱਲ ਮੂੰਹ ਤੇ ਕਰਨੀ ਆ ਚਾਹੇ ਗੋਡੇ ਲੱਗੇ ਜਾਂ ਗਿੱਟੇ
ਸਾਡੀ ਪਾਟੀ ਸੁੱਥਣ ਤੇ ਡੁੱਲ੍ਹੇ ਮਾਹਵਾਰੀ ਦੇ ਛਿੱਟੇ
ਸਾਡਾ ਮੂੰਹ ਚਿੜਾਓਦੀ ਏ ਨਿੱਤ ਸ਼ਗਨਾਂ ਦੀ ਫੁਲਕਾਰ
ਰੰਗ ਉੱਡਿਆ ਚੂੜੇ ਦਾ ਸਾਡੀ ਮੱਤ ਫਿਕਰਾਂ ਨੇ ਮਾਰੀ
ਕੱਲ੍ਹ ਬੈਂਕ ਵਾਲਿਆਂ ਨੇ ਸਣੇ ਨਰਮੇ ਵਾਹਣ ਨੂੰ ਵਾਹਤਾ
ਸੁਣਿਆ ਫਿਰ ਵੀ ਕਹਿੰਦੇ ਨੇ ਪੰਜਾਬ ਨੂੰ ਨੰਬਰ ਇੱਕ ਬਣਾਤਾ

ਦਿਨ ਵੋਟਾਂ ਦੇ ਆਉਦੇਂ ਤਾਂ ਹੰਝੂ ਮਗਰਮੱਛਾਂ ਦੇ ਵਰਸਣ
ਵਾਰਿਸ ਊਧਮ ਸੁਨਾਮੀਏ ਦੇ ਅੱਜ ਇੰਗਲੈਂਡ ਜਾਣ ਨੂੰ ਤਰਸਣ
ਅੱਕ ਥੱਕ ਕੇ ਕਈ ਗੱਬਰੂ ਪੈਲੀ ਵੇਚ ਜ਼ਹਾਜ਼ੇ ਚੜ੍ਹਗੇ
ਪੰਜਾਂ ਸਾਲਾਂ ਤੋਂ ਪਰਤੇ ਮਾਂ ਦੇ ਸਿਵੇ ਕੋਲ ਆ ਖੜ੍ਹਗੇ
ਠੱਗੀ ਮਾਰ ਏਜੰਟਾਂ ਨੇ ਪੁੱਤ ਨੂੰ ਜੇਲ੍ਹੀਂ ਬੰਦ ਕਰਾਤਾ
ਸੁਣਿਆ ਫਿਰ ਵੀ ਕਹਿੰਦੇ ਨੇ ਪੰਜਾਬ ਨੂੰ ਨੰਬਰ ਇੱਕ ਬਣਾਤਾ

ਪੀ ਪੀ ਕਿਰਸਾਨਾਂ ਨੇ ਕਰਤੇ ਮੋਨੋ ਦੇ ਲੀਟਰ ਖਾਲੀ
ਰੰਗ ਪੀਲੇ ਨਾਰਾਂ ਦੇ ਓੱਡਗੀ ਸੁਰਖ ਬੁੱਲ੍ਹਾਂ ਦੀ ਲਾਲੀ
ਕਈਆਂ ਚੂੜੇ ਭੰਨ ਸੁੱਟੇ ਚੁੰਨੀਆਂ ਚਿੱਟੀਆਂ ਸਿਰ ਤੇ ਧਰੀਆਂ
ਹੱਥੀਂ ਗਲਾ ਘੋਟਤੇ ਨੇ ਫਿਰ ਬਣਾ ਦਿੰਦੇ ਨੇ ਮੜ੍ਹੀਆਂ
ਖੁਸਕੁਸ਼ੀਆਂ ਦੀਆਂ ਖਬਰਾਂ ਨੂੰ ਹਾਸ਼ੀਏ ਵਿੱਚ ਲਿਆਤਾ
ਸੁਣਿਆ ਫਿਰ ਵੀ ਕਹਿੰਦੇ ਨੇ ਪੰਜਾਬ ਨੂੰ ਨੰਬਰ ਇੱਕ ਬਣਾਤਾ....ਘੁੱਦਾ

Tuesday 22 May 2012

ਗੋਬਿੰਦ ਸਿੰਘ ਆ ਰਿਹੈ

ਬਿਹਾਰ  ਵਿੱਚ ਪਟਨਾ,ਵਾਪਰੀ ਘਟਨਾ
ਜੰਮਿਆ ਸੂਰਾ,ਗੱਲਾਂ ਦਾ ਪੂਰਾ
ਜਾਇਆ ਗੁਜ਼ਰੀ ਦੀ ਕੁੱਖੋਂ,
ਲਾਲੀ ਚਿਹਰੇ ਤੇ ਭਖਦੀ
ਵਾਹਿਗੁਰੂ ਆਖਿਆ ਸੀ ਮੁੱਖੋਂ
ਭੀਖਣ ਸ਼ਾਹ ਆਇਆ,ਦੋ ਕੁੱਜੇ ਲਿਆਇਆ
ਦੋਹਾਂ ਤੇ ਹੱਥ ਧਰਿਆ,ਭਰਮ ਦੂਰ ਕਰਿਆ
ਹਰਾਨ ਕਰਤਾ ਭੀਖਣ ਨੂੰ
ਪੀਰ ਅਸ਼ ਅਸ਼ ਕਰ ਉੱਠਿਆ
ਤੱਕਕੇ ਬੁੱਧੀ ਤੀਖਣ ਨੂੰ
ਮਾਸੂਮ ਜਾ ਮੁੱਖੜਾ ,ਜਿਓਂ ਚੰਨ ਦਾ ਟੁੱਕੜਾ
ਗੱਲਾਂ ਵੱਡੀਆਂ ਸੁਣਾ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਲਏ ਸ਼ਸ਼ਤਰ ਧਾਰ, ਤੇਜ਼ ਘੋੜ-ਸਵਾਰ
ਤਲਵਾਰ ਚਲਾਉਂਦਾ, ਆਹੂ ਲਾਹੁੰਦਾ
ਜੁਗਤਾਂ ਬਣਾਈਆਂ ਕਰੇ ਲੜਾਈਆਂ,
ਬਣਾ ਮਿੱਤਰਾਂ ਦੀ ਟੋਲੀ
ਤੋਤਲੀ ਜੁਬਾਨ ਬੋਲ ਰਹੀ
ਸੋਹਣੀ ਪੂਰਬ ਦੀ ਬੋਲੀ
ਪੰਜਾਬੀ ਸਿੱਖਦਾ, ਫਾਰਸੀ ਲਿਖਦਾ
ਸਿੱਖੇ ਹਰਫ ਉਠਾਉਣੇ, ਜੀ ਤੀਰ ਚਲਾਉਣੇ
ਨਿਸ਼ਾਨੇ ਸੇਧ ਕੇ ਲਾ ਰਿਹਾ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਪੰਜਾਬ ਨੂੰ ਆਇਆ, ਜੀ ਨਗਰ ਵਸਾਇਆ,
ਜੀਹਨੂੰ ਅਨੰਦਪੁਰ ਕਹਿੰਦੇ ਨੇ
ਜਿੱਥੇ ਮਾਘੀ, ਵਸਾਖੀ ਤੇ ,ਖਾਲਸੇ ਜੁੜਕੇ ਬਹਿੰਦੇ ਨੇ
ਜੀ ਗੱਲ ਅਖੀਰੀ ,ਪੰਡਤ ਕਸ਼ਮੀਰੀ
ਸੀ ਰਲਕੇ ਆਏ , ਚਿਹਰੇ ਕੁਮਲਾਏ,
ਭੀਖ ਸਾਹਾਂ ਦੀ ਮੰਗਦੇ ਸੀ
ਡਰ ਤਾਨਾਸ਼ਾਹਾਂ ਦਾ
ਜੀ ਸਿਰ ਸੂਲੀ ਟੰਗਦੇ ਸੀ
ਉਮਰ ਨਿਆਣੀ, ਜੀ ਸੋਚ ਸਿਆਣੀ
ਜੰਜੂ ਦੀ ਰਾਖੀ, ਸੱਚੀ ਗੱਲ ਆਖੀ
ਪਿਤਾ ਦਿੱਲੀ ਨੂੰ ਘਲਾ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਸੀ ਜ਼ੁਲਮ ਦੇ ਘੇਰੇ ਜੀ ਚਾਰ ਚੁਫੇਰੇ
ਘਟਾ ਸੀ ਛਾਈ ਜੀ ਡਰੀ ਲੋਕਾਈ
ਮਾਮਲੇ ਭਰਦੇ ਡੰਡੇ ਤੋਂ ਡਰਦੇ
ਸਮਾਜ ਵੰਡਿਆ ਸੀ ਵਰਗਾਂ 'ਚ
ਛਾਇਆ ਸੀ ਮਾਤਮ
ਬਈ ਜਿਓਂ ਹੁੰਦਾ  ਮਰਗਾਂ 'ਚ
ਮੁਲ਼ਖ 'ਕੱਠਾ ਕਰਿਆ, ਖੰਡੇ ਤੇ ਹੱਥ ਧਰਿਆ
ਪੰਜ ਸੀਸ ਉੱਠੇ , ਜੀ ਲਾਲੇ ਗੁੱਠੇ
ਜੰਤਾ ਸੀ ਡਰਗੀ  ਕਨਾਤਾਂ ਪਾਰ ਕਰਗੀ
ਅੰਮ੍ਰਿਤ ਬਣਾਇਆ ਜੀ ਘੋਲ ਛਕਾਇਆ
ਪੰਜ ਪਿਆਰੇ ਜੀ ਰਾਜ ਦੁਲਾਰੇ
ਲਏ ਸ਼ਸ਼ਤਰਧਾਰ ਜੀ ਪੰਜ ਕਰਾਰ
ਨਵਾਂ ਪੰਥ ਸਜਾਕੇ ਜੀ
ਨਾਂ ਨਾਲ ਸਿੰਘ ਲਗਾ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਯੁੱਧ ਭੰਗਾਣੀ ਜੀ ਗੱਲ ਪੁਰਾਣੀ
ਸੰਤੋਂ ਬਣੇ  ਸਿਪਾਹੀ ਤੇਗ ਬੜੀ ਵਾਹੀ
ਅਨੰਦਪੁਰ ਛੱਡਿਆ ਕਾਲਜਾ ਵੱਢਿਆ
ਸਰਸਾ ਪਾਰ ਕੀਤੀ, ਸੱਚੀਂ ਹੱਡਬੀਤੀ
ਪਰਿਵਾਰ ਵਿਛੋੜਾ ਪੈ ਗਿਆ ਸੀ
ਹੋਗੇ ਤਿੰਨ ਹਿੱਸੇ, ਜੀ ਵੱਖਰੇ ਕਿੱਸੇ
ਸਮੇਂ ਦੀ ਚਾਲ ਬੁਰੇ ਸੀ ਹਾਲ
ਸਤਿਗੁਰਾਂ ਮੰਨਿਆ ਭਾਣੇ ਨੂੰ
ਹਿੱਕ ਜੋਰ ਨਾਲ ਡੱਕਰਿਆ
ਪਿੱਛੇ ਚੜ੍ਹੇ ਆਉਂਦੇ ਲਾਣੇ ਨੂੰ
ਠਾਹਰ ਨਵੀਂ ਫੜ੍ਹੀ, ਚਮਕੌਰ ਦੀ ਗੜ੍ਹੀ
ਗੱਲ ਨਿਰਾਲੀ , ਸਿੰਘ ਸੀ ਚਾਲੀ
ਸਵਾ ਲੱਖ ਨਾਲ ਇੱਕ ਲੜਾ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਅੱਖਾਂ ਦੇ ਤਾਰੇ, ਵੱਡੇ ਪੁੱਤ ਵਾਰੇ
ਆਪ ਫੜ੍ਹ ਹਥਿਆਰ ਹੋਏ ਜੰਗ ਨੂੰ ਤਿਆਰ
ਮੂਹਰੇ ਹੋ ਪੰਜ ਪਿਆਰੇ ਖੜ੍ਹਗੇ
ਥੋਡੀ ਲੋੜ ਪੰਥ ਨੂੰ ਜੀ
ਸੂਰਮੇ ਜਿੱਦ ਤੇ ਅੜਗੇ
ਸੰਗਤ ਸਿੰਘ ਨੂੰ ਕਲਗੀ ਲਾਤੀ, ਤਲਵਾਰ  ਫੜ੍ਹਾਤੀ
ਚਾਨਣੀ ਰਾਤ, ਦੂਰ ਪ੍ਰਭਾਤ
ਗੜ੍ਹੀ 'ਚੋਂ ਨਿਕਲੇ ਤਾੜੀ ਵਜਾਕੇ
ਮਾਛੀਵਾੜੇ ਪਹੁੰਚ ਗਏ ਕਈ ਵੈਰੀਆਂ ਦੇ ਸਿਰ ਲਾਹਕੇ
ਖਬਰ ਇੱਕ ਆਈ,  ਸ਼ਹੀਦੀ ਪਾਈ
ਛੋਟਿਆਂ ਪੁੱਤਰਾਂ ਇਤਿਹਾਸ ਰਚਾਇਆ
ਜੜ੍ਹ ਘਾਹ ਦੀ ਪੱਟ ਕਹਿੰਦੇ
ਤੇਰਾ ਅੰਤ ਔਰੰਗਿਆ ਆਇਆ
ਝੱਟ ਨੀਂਦਰ ਲੈਣੇ ਨੂੰ ਸਿਰ੍ਹਾਣਾ ਟਿੰਡ ਦਾ ਲਾ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਥਾਂ ਆਲਮਗੀਰ ,ਬਣ ਉੱਚ ਦਾ ਪੀਰ
ਕੇਸ ਸੀ ਖੁੱਲ੍ਹੇ ਮੰਜੇ ਤੇ ਬਹਿ ਗਿਆ
ਕੋਈ ਪੀਰ ਮੁਸਲਾਂ ਦਾ
ਫੌਜਾਂ ਨੂੰ ਭੁਲੇਖਾ ਪੈ ਗਿਆ
ਪੈਂਡੇ ਸੀ ਬਿਖੜੇ, ਗੁਰੂ ਦੇ ਸਿੱਖੜੇ
ਚੱਲੇ ਖਿਦਰਾਣੇ ,ਜੀ ਨਵੇਂ ਟਿਕਾਣੇ
ਜੰਗ ਹੋਇਆ ਜ਼ੋਰਾਂ ਦਾ
ਖੰਡਾ ਖੜਕਾਇਆ ਮਾਈ ਭਾਗੋ ਨੇ
ਇਹ ਇਤਿਹਾਸ ਨਹੀਂ ਚੋਰਾਂ ਦਾ
ਬੇਦਾਵਾ ਪਾੜ, ਲਡਾਏ ਲਾਡ
ਮੁਆਫ ਸੀ ਕਰਤਾ, ਨਵਾਂ ਨਾਂ ਧਰਤਾ
ਖਿਦਰਾਣੇ ਨੂੰ ਮੁਕਤਸਰ ਸਾਹਿਬ ਬਣਾ ਰਿਹੈ
 ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਓਥੋਂ ਚਾਲੇ ਸੀ ਪਾਏ, ਪਿੰਡ ਬਾਜਕ ਨੂੰ ਆਏ
ਘੁੱਦੇ ਦੇ ਨੇੜੇ, ਜੱਸੀ ਲਾਏ ਡੇਰੇ
ਪੁੱਜੇ ਤਲਵੰਡੀ, ਜਿੱਥੇ ਅੰਬਾਂ ਦੀ ਛਾਂ ਠੰਡੀ
ਜਗ੍ਹਾਂ ਇਕਾਂਤ, ਹੋਇਆ ਮਨ ਸ਼ਾਤ
ਮਨੀ ਸਿੰਘ ਬੁਲਾਇਆ , ਕੋਲ ਬਿਠਾਇਆ
ਕਲਮ ਫੜ੍ਹਾਈ, ਬਾਣੀ ਰਚਾਈ
ਗ੍ਰੰਥ ਨਵਾਂ ਰਚਤਾ
ਹੁਣ ਕੁੱਲ ਲੋਕਾਈ ਜਿਸਨੂੰ
ਝੁੱਕ ਝੁੱਕ ਕੇ ਕਰਦੀ ਸਜਦਾ
ਸਿੰਘ ਇੱਕ ਆਇਆ, ਬੰਦੂਕ ਲਿਆਇਆ
ਸੱਦ ਡੱਲੇ ਨੂੰ ਕੀਤੀ ਫਿਰ ਪਰਖ ਹਥਿਆਰ ਦੀ
ਪਾਣੀ ਹੋ ਗਿਆ ਡੱਲਾ
ਗੰਢ ਖੁਲ੍ਹਗੀ ਹੰਕਾਰ ਦੀ
ਦਮਦਮੇ ਸਿੰਘਾਂ ਦੀ ਇੱਕ ਛਾਉਣੀ ਬਣਾ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ

ਦੱਖਣ ਨੂੰ ਚੱਲੇ , ਨਵੇਂ ਰਾਹ ਮੱਲੇ
ਗੋਦਾਵਰੀ ਕਿਨਾਰਾ ਜੀ ਅਜ਼ਬ ਨਜ਼ਾਰਾ
ਜਗ੍ਹਾ ਰਮਣੀਕ ਨਾ ਕੋਈ ਸ਼ਰੀਕ
ਦੀਵਾਨ ਨਿੱਤ ਸਜਦੇ, ਨਗਾਰੇ ਵੱਜਦੇ
ਦੱਖਣੀ ਸਿੱਖ ਪੜ੍ਹਨ ਗੁਰੂ ਦੀ ਬਾਣੀ
ਕੁਦਰਤ ਦੀ ਗੋਦ ਅੰਦਰ
 ਗੁਰਾਂ ਨੇ ਮੌਜ ਬਥੇਰੀ ਮਾਣੀ
ਗਿਆਰਵਾ ਗੁਰੂ ਥਾਪਿਆ ਜੀ ਫਿਰ ਗੁਰੂ ਗ੍ਰੰਥ ਨੂੰ
"ਗੁਰੂ ਮਾਨਿਓ ਗ੍ਰੰਥ" ਦਾ ਹੋਕਾ ਦਿੱਤਾ ਮਹਾਨ ਪੰਥ ਨੂੰ
ਓਥੇ ਇੱਕ ਡੇਰਾ, ਸਾਧ ਦਾ ਬਸੇਰਾ
ਮੰਜੇ ਤੇ ਬਿਠਾਉਦਾਂ, ਫੇਰ ਉਲਟਾਉਂਦਾ
ਪੂਰੇ ਕੌਤਕ ਦਿਖਾਉਦਾਂ ਸੀ
ਬਣੇ ਪੂਰਾ ਸਾਧੂ ਜੀ ਮਾਧੋ ਦਾਸ ਕਹਾਉਂਦਾ ਸੀ
ਗੁਰੂ ਫਿਰ ਆਇਆ, ਜੀ ਬੰਦਾ ਬਣਾਇਆ
ਉਹਨੂੰ ਸਿੰਘ ਸਜਾਕੇ ਜੀ ਪੰਜਾਬ ਨੂੰ ਘਲਾ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ
ਦੱਸ ਦੇਣਾ ਦੁਨੀਆਂ ਨੂੰ ਬਈ ਗੋਬਿੰਦ ਸਿੰਘ ਆ ਰਿਹੈ........ ਘੁੱਦਾ

ਫੈਲੇ ਵਿੱਦਿਆ ਚਾਨਣ ਹੋਇ

ਦੋ ਆਲੀ ਚਾਹ ਪੀਂਦੇ
ਕਰਨੈਲ ਮਿਸਤਰੀ ਦੀਆਂ ਬਾਟੀ 'ਚ ਡੁੱਬੀਆਂ ਮੁੱਛਾਂ ਦੀਂਹਦੀਆਂ
ਮੂਕੇ ਨਾਲ ਮੁੜ੍ਹਕਾ ਪੂੰਝ
ਤਿੱਖੜ ਦੁਪੈਹਰੇ ਬੁੱਢੇ ਵਾਰੇ ਫੇਰ ਪੈੜ ਤੇ ਜਾ ਚੜ੍ਹਦਾ
ਕੰਬਦੇ ਹੱਥਾਂ ਨਾਲ ਕਚੀਚੀ ਵੱਟ ਤੇਸੀ ਨਾਂ ਇੱਟ ਭੰਨਦਾ
ਪੱਖੇ ਥੱਲੇ ਬੈਠਾ ਪਟਵਾਰੀ
ਖਤੌਨੀਆਂ ਖਸਰਿਆਂ ਨੰਬਰਾਂ 'ਚ ਉਲਝਿਆ ਵਾ
ਐਨਕਾਂ ਓਤੋਂ ਦੀ ਝਾਕ ਪਿਓ ਦੀ ਉਮਰ ਦੇ
ਆਲੂ ਚੌਂਕੀਦਾਰ ਨੂੰ ਬੋਲ ਮਾਰਦਾ,"ਚੌਕੀਦਾਰਾ ਓਏ"
ਉਗਲਾਂ ਅੰਗੜਾਈਆਂ ਲੈਕੇ ਘਸੁੰਨ ਬਣ ਜਾਂਦੀਆਂ ਚੌਂਕੀਦਾਰ ਦੀਆਂ
ਮੋਢੇ ਰਫਲ ਟੰਗੀ ਬੈਂਕ ਦੇ ਕੈਂਚੀ ਗੇਟ ਕੋਲ ਖੜ੍ਹਾ ਹੁੰਦਾ
ਕੁੰਢੀਆਂ ਮੁੱਛਾਂ ਤੇ ਜਾਲੀ ਨਾਲ ਬੰਨ੍ਹੀ ਦਾਹੜੀ ਆਲਾ
ਸਾਬਕਾ ਫੌਜੀ
ਗਲੇਸ਼ੀਅਰ 'ਚ ਡਿੱਗਦੇ ਬਰਫ ਦੇ ਤੋਦਿਆਂ ਤੇ
ਮਾਰੂਥਲਾਂ 'ਚ ਕੀਤੀ ਊਠ ਸਵਾਰੀ ਦੀਆਂ ਗੱਲਾਂ ਸੁਣਾਉਂਦਾ
ਚੋਬਰਾਂ ਨੂੰ
ਬਿੰਦੇ ਝੱਟੇ ਬੈਂਕ ਮੂਹਰੇ ਲਿਖੇ,
"ਹਥਿਆਰ ਅੰਦਰ ਲੈ ਕੇ ਜਾਣਾ ਮਨ੍ਹਾ ਹੈ" ਨੂੰ ਨਿਹਾਰਦਾ
ਅੱਖ ਵੇਖ ਬੰਦਾ ਪਛਾਨਣ ਦੀ ਵੀ ਗੱਲ ਕਰਦਾ
ਢੂਈ ਤੇ ਜਵਾਕ ਬੰਨ੍ਹੀ
ਸੜਕ ਹੂੰਝਦੀ
ਪੂਰਬੀ ਔਰਤ ਦੀਆਂ ਇੱਕ ਤਿਹਾਈ ਨੰਗੀਆਂ ਛਾਤੀਆਂ
ਤੇ ਨਿਗ੍ਹਾ ਮਾਰਕੇ ਲੰਘਦਾ ਬੋਲਟ ਤੇ ਸਵਾਰ ਲੰਬੜਾਂ ਦਾ ਮੁੰਡਾ
ਬੋਲਟ ਦੀ ਨੰਬਰ ਪਲੇਟ ਤੇ ਲਿਖਿਆ ਹੁੰਦਾ
"ਪੁੱਤ ਸਰਦਾਰਾਂ ਦੇ"
ਗੁਰੂ ਘਰ ਨਿੱਤ ਨੇਮ ਮਗਰੋਂ ਪਾਠੀ ਦੇ ਕਮਰੇ 'ਚ ਜਾਂਦੀਆਂ ਬੀਬੀਆਂ
ਕਾਗਜ਼ ਤੇ ਕੁੱਝ ਲਿਖਕੇ ਦੇਂਦਾ
ਪਾਠੀ ਤੇ ਕਹਿੰਦਾ
"ਏਹਨੋ ਗਲ 'ਚ ਪਾ ਲਿਓ, ਭਲਾ ਹੋਜੂ"
ਆਹੋ ਭਾਈ ਬਾਬੇ ਨਾਨਕ ਨੂੰ ਏਨੀ ਅਕਲ ਕਿੱਥੇ ਸੀ?
ਕਾਗਜ਼ ਚੁਗਦਾ ਜਵਾਕ ਸਕੂਲ ਦੀ
ਕੰਧ ਲਾਗਿਓਂ ਕਾਗਜ਼ 'ਕੱਠੇ ਕਰਦਾ
ਕੰਧ ਤੇ ਲਿਖੇ ਅੱਖਰ ਨੀਂ ਪੜ੍ਹੇ ਜਾਂਦੇ ਉਹਤੋਂ
ਅਖੇ "ਫੈਲੇ ਵਿੱਦਿਆ ਚਾਨਣ ਹੋਇ".
ਤੇ ਉਹ ਮੁੜ ਆਉਂਦਾ....ਘੁੱਦਾ

Saturday 19 May 2012

ਜਾਂਦੀ ਵਾਰੀ

ਆਖਰੀ ਵਾਰ
ਰੇਲਵੇ ਸ਼ਟੇਸ਼ਨ 'ਤੇ
ਨਾ ਚਾਹੁੰਦਿਆ ਹੋਇਆਂ ਵੀ
ਉਹਦੇ ਹੱਥ 'ਚ ਸੀ
ਟਿਕਟ
ਰੇਲ ਦੀ ਜਾਂ ਮਜ਼ਬੂਰੀ ਦੀ
ਵੇਂਹਦਾ ਰਿਹਾ
ਕਦੇ ਟਿਕਟ ਤੇ ਕਦੇ ਮੇਰੇ ਵੱਲ
ਗਲਵੱਕੜੀ ਪਾਈ ਸੀ ਮੈਨੂੰ
ਕਸੀਸ ਜਿਹੀ ਵੱਟਕੇ,
ਤੀਰ ਵਾਂਗ ਵੱਜੀ ਸੀ ਸੀਨੇ,
ਇੰਜਣ ਦੀ ਸ਼ੁਕ ਸ਼ੁਕ,
ਤ੍ਰਿਪ ਤ੍ਰਿਪ ਚੋ ਰਹੇ ਸੀ
ਅਣਵਗੇ ਹੰਝੂ
ਜੋ ਜ਼ਬਤ ਸੀ ਹਲੇ
"ਵੇਖੀਂ ਭੁੱਲ ਨਾਂ ਜਾਵੀ ਮੈਨੂੰ"
ਥਿਰਕ ਰਹੇ ਸੀ ਉਹਦੇ ਬੋਲ
ਬੋਲ ਨਾ ਹੋਇਆ ਮੈਥੋਂ ਵੀ
ਬਸ ਸਿਰ ਹਿਲਾਇਆ
"ਹਾਂ" ਵਿੱਚ
ਉਹਦੇ ਆਖਰੀ ਬੋਲ
"ਚੰਗਾ ਫੇਰ ਮਿਲਦੇ ਆਂ"
ਮੈਂ ਤੁਰਦੀ ਗਈ
ਉਹਦੇ ਡੱਬੇ ਦੇ ਨਾਲ ਨਾਲ
ਰਫਤਾਰ ਵਧੀ
ਸਰਕ ਗਿਆ ਹੱਥ ਚੋਂ ਹੱਥ,
ਭੁੱਬੀਂ ਰੋਈ
ਵਿਦਾ ਕਰਕੇ,
ਚੁੱਪ ਸੀ ਪਹਿਲਾਂ
ਕਿਉਕਿ
ਉਹਨੂੰ ਵੀ ਹੌਂਸਲਾ ਦੇਣਾ ਸੀ......

Friday 18 May 2012

ਪਾਸੇ ਹੋਂਜੀ ਬਾਬਾ

ਚੌੜ ਚੌੜ 'ਚ ਆਦਤ ਪੈਗੀ ਸੀ ਭੁੱਕੀ ਦੀ
ਪੱਕਾ ਨਸ਼ੇੜੀ ਪੱਟੂ ਬੋਤਲ ਖਿੱਚਦਾ ਸੁੱਕੀ ਦੀ
ਦਾਹੜ੍ਹੀ ਪਿਓ ਦੀ ਪੱਟਦਾ ਨਾਲੇ ਬੁੜ੍ਹਾ ਆਖ ਰਿਹੈ
ਟੱਬਰ ਵਿਚਾਲੇ ਬਹਿਕੇ ਅਗਲਾ ਸਮੈਕ ਸੜ੍ਹਾਕ ਰਿਹੈ
ਅੱਖ ਨੀਂ ਹਿਲਦੀ ਕਹਿੰਦਾ 'ਫੀਮ ਦੀ ਗੋਲੀ ਲਾਈ ਆ
ਪਾਸੇ ਹੋਂਜੀ ਬਾਬਾ ਨਵੀਂ ਜਵਾਨੀ ਆਈ ਆ....

ਸੁੱਖਾਂ ਸੁੱਖ ਸੁੱਖ ਮਾਂ ਨੇ ਦਸਮੀਂ ਪਾਸ ਕਰਾ ਦਿੱਤੀ
ਪੜ੍ਹਕੇ ਕੁਸ ਲੱਗਜੂ ਧੀ ਸ਼ਹਿਰ ਘਲਾ ਦਿੱਤੀ
ਯੱਬ ਨਾਲੇ ਦਾ ਮੁਕਾਤਾ ਅਗਲੀ ਜੀਨਾਂ ਪਾਉਂਦੀ ਆ
ਰੰਗ ਗੋਰਾ ਕਰਨੇ ਨੂੰ ਫੇਅਰਨੈੱਸ ਕਰੀਮਾਂ ਲਾਉਂਦੀ ਆ
ਫੋਨ ਆ ਰਿਹਾ ਬਿਜ਼ੀ ਕਿਤੇ ਗਰਾਰੀ ਫਸਾਈ ਆ
ਪਾਸੇ ਹੋਂਜੀ ਬਾਬਾ ਨਵੀਂ ਜਵਾਨੀ ਆਈ ਆ.....

ਪੱਚੀ ਕਿੱਲ੍ਹੇ ਜ਼ਮੀਨ ਤੇ ਪੁੱਤ ਵਲੈਤ ਘਲਾ ਦਿੱਤਾ
ਜਾਣਸਾਰ ਗੋਰਿਆਂ ਕਹਿੰਦੇ ਬੇਰ ਤੋੜਨ ਲਾ ਦਿੱਤਾ
ਹੁਣ ਗੀਤਾਂ ਵਿਚਦੀ ਲਿਖਦਾ ਮੌਜ ਸਤਾਉਂਦੀ ਵਤਨਾਂ ਦੀ
ਮਾਂ ਦੇ ਹੱਥਾਂ ਦੀ ਰੋਟੀ ਯਾਦ ਦਵਾਉਂਦੀ ਵਤਨਾਂ ਦੀ
ਫੂਨ ਤੇ ਦੱਸਦਾ ਮਾਂ ਮੈਂ ਹੁਣੇ ਰੋਟੀ ਪਕਾਈ ਆ
ਪਾਸੇ ਹੋਂਜੀ ਬਾਬਾ ਨਵੀਂ ਜਵਾਨੀ ਆਈ ਆ.....

ਗੋਬਿੰਦਪੁਰੇ ਟਕਾ ਕੇ ਕੁੱਟੀ ਕਹਿੰਦੇ ਧੌਣ ਕਿਸਾਨਾਂ ਦੀ
ਖਾਮੋਸ਼ ਚੀਕਾਂ ਬਣਕੇ ਰਹਿਗੀ ਧਾਰੀ ਮੌਨ ਕਿਸਾਨਾਂ ਦੀ
ਰੇਟ ਰੇਹਾਂ ਦੇ ਵਧਗੇ ਫਸਲਾਂ ਓਥੇ ਈ ਖੜ੍ਹੀਆਂ
"ਨੰਨੀਆਂ ਛਾਵਾਂ" ਸਿਖਰ ਦੁਪਹਿਰੇ ਲਟ ਲਟ ਕਰਕੇ ਸੜੀਆਂ
ਬਲਾਤਕਾਰੀਆਂ ਦੀ ਰੱਖਿਆ ਲਈ ਕਹਿੰਦੇ ਸਕੌਲਟੀ ਲਾਈ ਆ
ਪਾਸੇ ਹੋਂਜੀ ਬਾਬਾ ਨਵੀਂ ਜਵਾਨੀ ਆਈ ਆ....

ਜੀਹਨੇ ਅੱਖਾਂ ਸਾਹਵੇਂ ਸਾਰਾ ਟੱਬਰ ਮਰਦਾ ਵੇਖਿਆ ਸੀ
ਪਤੀ ਗਲ ਸੜਦੇ ਟੈਰ ਦਾ ਧੂੰਆਂ ਨੇੜਿਉਂ ਸੇਕਿਆ ਸੀ
ਕੋਟ ਕਚਿਹਰੀਆਂ ਦੇ ਹਲੇ ਵੀ ਜਿਹੜੀ ਚੱਕਰ ਲਾਉਂਦੀ ਆਂ
ਟਾਈਟਲਰ ਦੀ ਕਲੀਨ ਚਿੱਟ ਉਹਨੂੰ ਬਹੁਤ ਸਤਾਉਂਦੀ ਆ
ਸੰਦੂਕਾਂ ਪਿੱਛੇ ਪਈ ਉਹਨੂੰ ਕਹਿੰਦੇ ਪਰਾਂਦੀ ਥਿਆਈ ਆ
ਪਾਸੇ ਹੋਂਜੀ ਬਾਬਾ ਨਵੀਂ ਜਵਾਨੀ ਆਈ ਆ......

ਬਿਰਧ ਆਸ਼ਰਮ ਮੂਹਰੇ ਖੜ੍ਹੇ ਸੁਣੀਂਦੇ ਮਾਪੇ ਸਰਵਣ ਪੁੱਤਾਂ ਦੇ
ਜ਼ਹਿਰੀ ਸੱਪ ਮਰਗੇ ਮਿੱਤਰਾ ਕਾਲੀਆਂ ਗੁੱਤਾਂ ਦੇ
ਊੜਾ ਜੂੜਾ ਖੂੰਜੇ ਲਾਕੇ ਗੱਲ ਕਰੇ ਪੰਜ ਕਕਾਰਾਂ ਦੀ
ਕਫਨ ਸ਼ਹੀਦਾਂ ਦੇ ਖਾਗੀ ਦਾਦ ਦਈਏ ਸਰਕਾਰਾਂ ਦੀ
"ਘੁੱਦੇ" ਵੰਨੀਂ ਵੀ ਘਟਾ ਏਹੀ ਪੱਛੋਂ ਦੀ ਛਾਈ ਆ
ਪਾਸੇ ਹੋਂਜੀ ਬਾਬਾ ਨਵੀਂ ਜਵਾਨੀ ਆਈ ਆ.....ਘੁੱਦਾ

Wednesday 16 May 2012

ਏਹੋ ਹਮਾਰਾ ਜੀਵਣਾ

ਉਹ ਹੋਰ ਹੁੰਦੇ ਸੀ ਜਿੰਨ੍ਹਾਂ ਨੂੰ ਕਿਤਾਬਾਂ
ਚੋਂ ਮਸ਼ੂਕਾਂ ਦੇ ਸੁੱਕੇ ਗੁਲਾਬ ਲੱਭੇ ਸੀ
1940ਵਿਆਂ 'ਚ ਕਿਤਾਬ 'ਚ ਕੈਦ ਕੀਤਾ ਵਾ ਪਿਸਟਲ
ਏਹਨਾਂ ਨੂੰ ਥਿਆਇਆ ਸੀ
ਫੀਚਰ ਫਿਲਮਾਂ ਵੰਗੂ ਕਦੇ ਹੈਪੀ ਐਂਡਿੰਗ ਨੀਂ ਹੋਇਆ ਏਹਨਾਂ ਦਾ
ਦਾਦੇ ਬਾਅਦ ਪੁੱਤ ਤੇ ਫਿਰ ਪੋਤਰੇ ਦੀ
ਹਾਜ਼ਰੀ ਲੱਗਦੀ ਆ ਸ਼ਾਹਾਂ ਦੀ ਵਹੀ 'ਤੇ
ਦਾਦਾ 'ਗੂਠਾ ਲਾਉਂਦਾ ਸੀ
ਪੋਤਰਾ ਸਾਈਨ ਕਰਦਾ
ਭੂਸ਼ੇ ਦੀ ਭੈਣ ਦੀਆਂ ਗੁਲਾਬੀ ਕਾਗਜ਼ 'ਚ ਲਪੇਟੀਆਂ
ਵਾਲੀਆਂ ਪਈਆਂ ਦੀਹਦੀਆਂ ਸੇਠ ਦੇ ਦਰਾਜ਼ 'ਚ
ਐਨਕਾਂ ਓਤੋਂ ਦੀ ਝਾਕਦਾ ਦੀਂਹਦਾ ਸੇਠ
ਮੇਜਰ ਰਾਜਸਥਾਨੀ ਦੀ ਰੀਲ
"ਚਾਰ ਲਾਮਾਂ ਲੈਕੇ ਉਹ ਮਾਹੀ ਦੀ ਬਣਗੀ,
ਵਿਆਹ ਤੋਂ ਬਾਅਦ ਚੰਦਰੀ ਬੁਲਾਓਣੋਂ ਹਟਗੀ"
ਦੇ ਧਾਗੇ ਨਾਲ ਪਤੰਗ ਚੜ੍ਹਾਉਂਦਾ
ਪੱਕੀ ਪਹਿਲੀ 'ਚ ਪੜ੍ਹਦਾ ਜਵਾਕ
ਤੇ ਫਿਰ ਬਾਰ੍ਹਵੀਂ ਪਾਸ ਕਰਕੇ
ਪਾਸ਼ ਦੀ ਕਿਤਾਬ ਗੋਲ ਕਰਕੇ ਫੜ੍ਹਦਾ ਹੱਥ 'ਚ
ਤੇ ਮੁੱਕਾ ਵੱਟ ਇੰਕਲਾਬ ਦਾ ਨਾਅਰਾ ਲਾਉਣ ਦੀ ਸੋਚਦਾ
ਤੇ 'ਖਬਾਰ ਤੋਂ ਕੱਟ ਕਲੀ ਕੀਤੀ ਕੰਧ ਤੇ ਲਾਈ
ਐਕਟਰਨੀ ਦੀ ਫੋਟੋ ਵੇਖ ਮਨ ਬਦਲ ਲੈਂਦਾ
ਟੇਢਾ ਕਰਕੇ ਰਿਕਸ਼ੇ ਦੇ ਚੱਕੇ ਨੂੰ ਗਲੀਸ ਲਾਉਦਾਂ
ਮੂੰਹ 'ਚ ਤਲਬ ਚਿੱਥਦਾ ਬੂ ਮਾਰਦਾ ਭਈਆ
ਤਲਖੀ ਦਿਖਾਉਂਦਾ ਕਾਰ ਆਲੇ ਨੂੰ ਚਿੱਕੜ ਦੇ ਛਿੱਟੇ ਮਾਰਨ ਤੇ
ਲੇਬਰ ਚੌਂਕ 'ਚ ਬੈਠਾ ਮਜ਼ਦੂਰ
ਘੜੀ ਤੇ ਡਿੱਗੀ ਮੁੜ੍ਹਕੇ ਦੀ ਬੂੰਦ ਪੂੰਝ
ਟੈਮ ਵੇਖ ਸੋਚਦਾ,"ਬਸ ਜਰ ਅੱਧੀ ਦਿਹਾੜੀ ਰਹਿਗੀ ਹੁਣ ਤਾਂ"
ਮੰਡਿਓਂ ਨਮੇਂ ਬੋਰ ਖਾਤਰ ਟਰੈਲੀ ਤੇ ਪੈਪਾਂ ਲੱਦਕੇ ਲਿਆਂਉਦਾਂ ਬਾਬਾ ,
ਪੈਪਾਂ ਪਿੱਛੇ ਲੀੜਾ ਟੰਗਦਾ
ਚਿਤਾਵਨੀ ਖਾਤਰ ਸੈਂਸ ਘੋਟਦਾ, ਖਾਜੇ ਪੀਰ ਦੀ ਕੜਾਹੀ ਕਰਕੇ
ਡੂਢ ਲੱਖ ਲਾ ਬੋਰ੍ਹ ਚਲਾਉਦਾਂ
ਤੇ ਸੁੱਕੇ ਬੋਰ੍ਹ ਵੰਨੀ ਵੇਖ ਮਿਸਤਰੀ ਸਿਰ ਫੇਰ ਦੇਂਦਾ
ਨੀਲੀ ਛੱਤ ਵਾਲੇ ਵੰਨੀਂ ਹੱਥ ਜੋੜ ਬਾਬਾ ਬੋਲਦਾ
"ਏਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ"....ਘੁੱਦਾ

ਉਂਗਲਾਂ

ਓਦੋਂ ਹੋਰ ਕੰਮ ਸੀ ਉਗਲਾਂ ਦਾ
ਜਦੋਂ ਟਰਾਲੀ 'ਚ ਸਿੱਟੀ ਪਰਾਲੀ ਤੇ ਬਹਿ
ਦਮਦਮਾ ਸੈਹਬ ਜਾਂਦੇ ਸੀ , ਤੇ ਲਿਖਣਸਰ ਗੁਰਦਆਰੇ
ਰੇਤੇ ਤੇ ਉਗਲਾਂ ਵਾਹ ਫੱਟੀ ਤੋਂ ਵੇਖ ਪੈਂਤੀ ਅੱਖਰੀ ਲਿਖਦੇ ਸੀ
ਆਹੋ ਉਹੀ ਗੁਰਦਆਰਾ ਜਿੱਥੇ ਗ੍ਰੰਥ ਪੂਰਾ ਕੀਤਾ ਸੀ
ਨਹੀਂ ਓਏ ਸੰਪੂਰਨ ਹੁੰਦਾ
ਮੈਡਮਾਂ ਉਗਲਾਂ 'ਚ ਪੈੱਨ ਪਾਕੇ ਘੁੱਟ ਦੇਂਦੀਆਂ
ਪੱਬਾਂ ਭਾਰ ਹੋਕੇ ਲੇਰਾਂ ਛੱਡ ਦੇਂਦੇ, ਹਾਏ ਬੀਬੀਏ ਮਾਰਤਾ
ਕਈ ਆਰੀ ਘਰੇ ਮੁੜਦੇ ਤਾਂ ਘਰਦੇ ਪੁੱਛਦੇ ,
"ਆਹ ਗੱਲ੍ਹ ਤੇ ਉਂਗਲਾਂ ਕੀਹਨੇ ਛਾਪਤੀਆਂ ਓਏ"
ਸਾਈਨ ਥੀਟੇ ਦੇ ਸਵਾਲ ਕੱਢਦੀਆਂ ਸੀ ਉਂਗਲਾਂ
ਬਾਈ ਬਟਾ ਸੱਤ ਬਰਾਬਰੇ ਪਾਈ ਆਰ ਦੀ ਦੋ
ਸ਼ਾਬਾਸ਼ੇ ਹਸ਼ਿਆਰ ਆ ਮੁੰਡਾ
ਹੁਣ ਹੋਰ ਕੰਮ ਕਰਦੀਆਂ ਉਂਗਲਾਂ
ਊੜੇ ਤੋਂ ਲੈ ਪੈਰੀਂ ਬਿੰਦੀ ਆਲ਼ੇ ਅੱਖਰਾਂ ਤੱਕ ਦੀਆਂ
ਸਿਹਾਰੀਆਂ ਬਿਹਾਰੀਆਂ ਨਾਲ ਜੱਫੀਆਂ ਪਵਾਉਦੀਆਂ ਨੇ
ਆਹੋ ਸ਼ੈਦ ਕਵਿਤਾ ਲਿਖਦੀਆਂ ਹੁਣ ਉਂਗਲਾਂ
ਪਰ ਮਸ਼ੂਕ ਦੇ ਮੱਥੇ ਤੋਂ ਜੁਲਫ ਹਟਾਉਣ ਦੇ
ਕੰਮ ਨੀਂ ਆਈਆਂ ਕਦੇ ਉਂਗਲਾਂ
ਨੇਤਾ ਵੀ ਵਰਤਦੇ ਨੇ ਉਂਗਲਾਂ,
ਕਦੇ ਲਾਉਣ ਲਈ
ਤੇ ਕਦੇ ਜਿੱਤ ਪਿਛੋਂ ਜੇਤੂ ਚਿੰਨ੍ਹ ਬਣਾਉਣ ਲਈ
ਵਾਰਦਾਤ ਪਿੱਛੋਂ ਸਬੂਤ ਛੱਡਣ ਲਈ ਵੀ ਕਾਫੀ ਹੁੰਦੀਆਂ ਉਗਲਾਂ
ਯਾਰ ਦੀ ਮੁੰਦਰੀ ਹੰਢਾਉਣ ਲਈ
ਜਾਂ ਉਗਲਾਂ ਮਹਿਬੂਬ ਦੇ ਬਦਨ ਤੇ ਸਹਿਲਾਉਣ ਲਈ ਈ ਨਹੀਂ ਹੁੰਦੀਆਂ
ਜੁੜਕੇ ਮੁੱਠੀ ਬਨਣ ਲਈ ਵੀ ਹੁੰਦੀਆਂ
ਬੰਦੂਕ ਦਾ ਘੋੜਾ ਦੱਬਣ ਲਈ ਵੀ ਹੁੰਦੀਆਂ ਨੇ ਉਂਗਲਾਂ...ਘੁੱਦਾ

Tuesday 15 May 2012

ਵੇਲਾ ਚੰਗਾ ਸੀ

ਓਹੀ ਟੈਮ ਚੰਗਾ ਸੀ ਪਰਧਾਨ
ਜਦੋਂ ਮੰਜੇ ਦੀ ਬਾਹੀ ਨਾਲ ਚੁੰਨੀ ਬੰਨ੍ਹ ਬਣਾਈ
ਝੱਲੀ 'ਚ ਸੁੱਤੇ ਰਹਿੰਦੇ ਸੀ
ਤਣੀ ਤੇ ਲੀੜੇ ਸੁੱਕਣੇ ਪਾਉਣ ਗਈ ਮਾਤਾ
ਲੰਘਦੀ ਟੱਪਦੀ ਝੂਟਾ ਦੇ ਜਾਂਦੀ
ਲੱਕ ਨਾਲ ਸੁਨਿਆਰੇ ਦੀ ਪਾਈ ਵੀ ਤੜਾਗੀ ਹੁੰਦੀ
ਕਿਸੇ ਦਾ ਕੰਨ ਦੁਖਦਾ ਤਾਂ
ਜਵਾਕ ਦਾ ਮੂਤ ਤੱਤਾ ਕਰਕੇ ਕੰਨ 'ਚ ਠੋਕ ਦੇਂਦੇ
ਜਮਾਂ ਪੱਕਾ 'ਲਾਜ
ਡਾਈਪਰਾਂ ਦੀ ਲੋੜ ਨੀਂ ਸੀ ਪੈਂਦੀ
ਬਾਹਾਂ ਤੇ ਬਿਠਾਕੇ ਮਾਤਾ ਸੀਟੀ ਮਾਰਦੀ,
ਔਥੋਂ ਤਾਈਂ ਧਾਰ ਵੱਜਦੀ
ਇਹ ਪਤਾ ਨੀਂ ਕਿਹੜੀ ਟਕਨੌਲਜੀ ਸੀ
ਸ਼ੈਦ ਸੈਂਸ ਨੂੰ ਵੀ ਸਮਝ ਨੀਂ ਆਈ
ਹੁਣ ਵੰਗੂ ਜਮਾਂਬੰਦੀ ਦੀ ਨਕਲ ਲੈਣ ਖਾਤਰ ਪਟਵਾਰੀ
ਦੇ ਮੇਜ਼ ਤੇ ਪਏ ਪੇਪਰਵੇਟ ਕੰਨੀਂ ਨੀਂ ਝਾਕਨਾ ਪੈਂਦਾ ਸੀ
ਜ਼ਮੀਨ ਦੀ ਮਿਣਤੀ ਖਾਤਰ ਗੱਟੇ 'ਚ ਪਾਕੇ
ਜ਼ਰੀਬ ਨੀਂ ਲਿਆਉਣੀ ਪੈਂਦੀ ਸੀ
ਅੱਡੀਆਂ ਚੱਕ ਚੱਕ ਵਕੀਲ ਵੰਨੀਂ ਨੀਂ ਵੇਖਣਾ ਪੈਂਦਾ ਸੀ
ਬੀ ਕਦੋਂ ਜੱਜ ਬੋਲ ਮਾਰੂ
ਲਿਮਟ ਬੰਨ੍ਹਾਉਣ ਖਾਤਰ ਪੰਜਾਬ ਐਂਡ
ਸਿੰਧ ਬੈਂਕ ਦੇ ਮੈਨੇਜਰ ਨੂੰ ਫਤਹਿ ਨੀਂ ਬੁਲਾਉਣੀ ਪੈਂਦੀ ਸੀ
ਓਦੋਂ ਗਵਾਂਢੀਆਂ ਦੀ ਢਾਲ ਤੇ ਸੈਕਲ ਬੈਕ ਲਾਕੇ
ਰੇੜ੍ਹ ਦੇਂਦੇ ਤੇ ਕੈਂਚੀ ਸਿੱਖਦੇ
ਟੈਰ 'ਚ ਫੂਕ ਭਰਨ ਖਾਤਰ ਪੰਪ ਮਾਰਦੇ ਤਾਂ
ਕੁੜਤਾ ਅੱਗੋਂ ਪਜਾਮੇ 'ਚ ਦੇ ਲੈਂਦੇ
ਚੈਨ 'ਚ ਅੜ੍ਹਨ ਤੋਂ ਸੱਜੀ ਲੱਤ ਦਾ ਪੌਂਚਾ ਹੇਠੋਂ ਮੋੜਦੇ
ਸਵਾ ਰੁਪਏ ਦੇ ਪਤਾਸੇ ਵੰਡੇ ਜਿਦੇ ਕਾਠੀ ਸਿੱਖੇ ਸੀ
ਰੁਪਈਏ ਦੀਆਂ ਸੋਲ੍ਹਾਂ ਕੰਚ ਦੀਆਂ ਗੋਲੀਆਂ ਆਉਦੀਆਂ, ਆਹੋ ਬੰਟੇ
ਆੜੀ ਮੈਨੂੰ ਵੀ ਪਿੱਲ ਚੋਟ ਖਡਾ
ਨਹੀਂ ਘੁੱਤੀ 'ਚ ਮੂਤੂੰ
ਸੱਥ 'ਚ ਬਾਬਿਆਂ ਤੋਂ ਭਾਬੀ ਖੇਡਣਾ ਸਿੱਖਦੇ
ਪਰ ਗਾਲ੍ਹਾ ਸਿੱਖੀਆਂ ਨੀਂ, ਆਪੇ ਆਗੀਆਂ ਸੀ
ਸੈਕਲ ਦੇ ਹੈਂਡਲ ਤੇ ਡੋਲੂ ਟੰਗ ਖੇਤ ਚਾਹ ਲਿਜਾਂਦੇ
ਡੋਲੂ ਦੇ ਢੱਕਣ ਥੱਲੇ ਮੋਮੀ ਜਾਮ ਦਿੱਤਾ ਵਾ ਹੁੰਦਾ
ਮੀਂਹ ਪਏ ਤੋਂ ਸਤਰੰਗੀ ਪੀਂਘ ਵੇਂਹਦੇ
ਮਸੀਤ ਤੋਂ ਸ਼ੁਰੂ ਹੋਕੇ ਗੁਰੂ ਘਰ ਦੇ ਗੁੰਬਦ ਤੇ ਮੁੱਕ ਜਾਂਦੀ
ਟੀਂਡਿਆਂ ਦੀਆਂ ਸੀਕਰੀਆਂ ਦੀ ਧੂੰਈਂ ਪਾ ਅੱਗ ਸੇਕਦੇ
ਜੀਹਦੇ ਵੰਨੀਂ ਧੂੰਆਂ ਆਉਂਦਾ
ਅਖੇ ਉਹ ਸੱਸ ਨੂੰ ਪਿਆਰਾ ਹੁੰਦਾ
ਕੋਲ ਬੈਠੇ ਬਾਬੇ ਸਣ ਦੇ ਵਾਨ ਦੇ ਪਿੰਨੇ ਵੱਟਦੇ
ਡਾਲੀ ਲੈਣ ਆਏ ਬਾਬੇ ਤੋਂ ਸਾਖੀ ਸੁਣਦੇ
ਜੀਹਦੇ 'ਚ ਬਾਬਾ ਨਾਨਕ ਪਿੰਡ ਆਲਿਆਂ ਨੂੰ ਕਹਿੰਦਾ ਹੁੰਦਾ
"ਰੱਬ ਕਰੇ ਤੁਸੀਂ ਉੱਜੜ ਜੋ".....ਘੁੱਦਾ

Saturday 12 May 2012

ਪੱਬ ਬੋਚ ਧਰੀ ਮੁਟਿਆਰੇ

ਪੱਬ ਬੋਚ ਧਰੀ ਮੁਟਿਆਰੇ,
ਏਥੇ ਲੁੱਚੇ ਲੰਡੇ ਨੇ ਸਾਰੇ
ਮੈਲੀ ਅੱਖ ਤੇ ਲਾਕੇ ਚਸ਼ਮਾ,
ਬ੍ਰਹਮਚਾਰੀ ਕਹਾਉਦੇਂ ਨੇ
ਦੇਂਦੇ ਕਿਰਤ ਕਰੋ ਦਾ ਹੋਕਾ
,ਆਪ ਔਡੀਆਂ 'ਚ ਆਉਦੇ ਨੇ

ਇੱਕ ਬਾਬਾ ਬਣ ਬਣ ਬਹਿੰਦਾ,
ਨੀਂ ਉਹ ਭਨਿਆਰੇ ਵੰਨੀਂ ਰਹਿੰਦਾ
ਨਿੱਤ ਸਾੜਦਾ ਬੀੜਾਂ ਨੀਂ,
ਉਹ ਗੁਰੂ ਗ੍ਰੰਥ ਦੀਆਂ
ਮੱਸਾ ਰੰਘੜ ਬਣ ਬਣ,
ਪਰਖੇ ਅਣਖਾਂ ਪੰਥ ਦੀਆਂ

ਵਾਢੀ ਮੁੱਕੀ ਉਗਰਾਹੀ ਖਾਤਰ
ਬਾਬਿਆਂ ਨੇ ਫਿਰ ਜੀਪਾਂ ਤੋਰਲੀਆਂ
ਲੱਦ ਕੇ ਪਿੰਡ 'ਚੋਂ ਪੱਚੀ ਬੋਰੀਆਂ
ਜੀਪਾਂ ਠੇਕੇ ਵੱਲ ਨੂੰ ਮੋੜਲੀਆਂ
ਮੋਟੇ ਸੰਤਰੇ ,ਸੌਫੀਆਂ ਦੀ
ਰੇਲ ਬਣਾਤੀ ਬਾਬਿਆਂ ਨੇ
ਧਰ ਚੁੱਲ੍ਹ ਤੇ ਝਟਕਾ ਕੜਛੀ
ਹਲਾਤੀ ਬਾਬਿਆਂ ਨੇ

ਇੱਕ ਸਾਧ ਟਿੱਲੇ ਤੇ ਬਹਿੰਦਾ,
ਨੀਂ ਉਹ ਅਲੱਖ ਨਰੰਜਣ ਕਹਿੰਦਾ
ਬੇਔਲਾਦ ਜੋੜਾ ਕੱਲ੍ਹ ਕਹਿੰਦੇ
ਉਹਦੇ ਕੋਲ ਇੱਕ ਆਇਆ ਸੀ
ਅੰਦਰ ਤਾੜ ਜਨਾਨੀ ਬਾਬੇ ਨੇ
,ਫਿਰ ਕੁੰਡਾ ਲਾਇਆ ਸੀ
ਬਿਟ ਬਿਟ ਖਸਮ ਬੁੜ੍ਹੀ ਦਾ ਸੀ ,
ਬੂਹੇ ਵੰਨੀਂ ਝਾਕਦਾ
ਬਾਬੇ ਦੇ ਨਾਲ ਮੇਲ ਖਾਂਦਾ,
ਹੁਣ ਮੜ੍ਹੰਗਾ ਜਵਾਕ ਦਾ...ਘੁੱਦਾ

Thursday 10 May 2012

ਉਹਨ੍ਹਾਂ ਲੋਕਾਂ ਚੋਂ

ਉਹਨ੍ਹਾਂ ਲੋਕਾਂ ਚੋਂ ਪੈਦਾ ਹੋਕੇ ਸ਼ਹਿਰਾਂ ਨੂੰ ਆਉਣੇ ਆਂ ਅਸੀਂ
ਜਿਹੜੇ ਅਬੋਹਰ ਨੂੰ ਹਬੋਹਰ ਤੇ ਅੰਮ੍ਰਿਤਸਰ ਨੂੰ ਅੰਬਰਸਰ ਕਹਿੰਦੇ ਨੇ
ਜਿਹੜੇ ਚੰਡੀਗੜ੍ਹ ਖਾਤਰ ਧਰਨੇ ਲਾਉਦੇ ਹੁੰਦੇ ਸੀ
"ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ" ਕਹਿਕੇ
ਜਿਹਨ੍ਹਾਂ ਦੀਆਂ ਕੁੜੀਆਂ ਦੇ ਉਗਲਾਂ ਦੇ ਨਿਸ਼ਾਨ ਪਾਥੀਆਂ ਤੇ ਉੱਕਰੇ ਹੁੰਦੇ ਨੇ
ਜਿਹੜੇ ਆਥਣੇ ਰੋਟੀ ਪਿੱਛੋਂ
ਰੇਡੀਏ ਤੇ ਸੁਣਦੇ ਸੀ,"ਆਓ ਆਓ ਠੰਡੂ ਰਾਮ ਜੀ ਲੰਘ ਆਓ"
ਏਹਨ੍ਹਾਂ ਦੀ ਟੁੱਟੀ ਹੱਡੀ ਦਾ ਐਕਸਰਾ
ਟਾਣ ਤੇ ਵਿਛਾਏ ਅਖਬਾਰ ਥੱਲੇ ਰੱਖਿਆ ਵਾ ਹੁੰਦਾ
ਝੇਡ ਨਾਂ ਕਰੀਂ ਨਿੱਕਿਆ ਇਹਨ੍ਹਾਂ ਨੂੰ
ਅਮਰੀਕਾ ਵੰਨੀਓਂ ਗਦਰ ਪਾਰਟੀਆਂ ਬਣਾਕੇ
ਮੁੜੇ ਬਾਬੇ ਭਕਨੇ ਹੁਣੀਂ ਨੇ ਏਹੇ
ਪਿੰਗਲਵਾੜਿਆਂ ਦੇ ਸੇਵਕ ਭਗਤ ਪੂਰਨ ਨੇ ਏਹੇ
ਜਿਹੜੀਆਂ ਚਾਰ ਕਿਤਾਬਾਂ ਪੜ੍ਹ ਕੇ ਤੂੰ ਵਿਦਵਾਨ ਬਣਦਾਂ
ਇਹ ਉਹਨ੍ਹਾਂ ਕਿਤਾਬਾਂ ਦੇ ਪਾਤਰ ਨੇ
ਦੋ ਕੁ ਲਾਇਨਾਂ ਲਿਖਕੇ ਰੈਟਰ ਦੀ ਫੀਲਿੰਗ ਲੈਣਾ ਤੂੰ ਕਾਕਾ
ਏਹ ਤਾਂ ਲਹੂ ਨਾਂ ਗੜੁੱਚ ਤਵਾਰੀਖਾਂ ਦੇ ਪੰਨੇ ਨੇ
ਜਲ੍ਹਿਆਂ ਆਲੇ ਬਾਗ ਦੀ ਪੇਂਟਿੰਗ ਤੇ 'ਚ ਬੈਠੇ
ਵਿੰਗੀਆਂ ਜੀਆਂ ਪੱਗਾਂ ਆਲੇ ਨੇ ਏਹੇ
ਜੇਹਨਾਂ ਨੇ ਛਾਲਾਂ ਮਾਰ ਮਾਰ ਖੂਹ ਭਰਿਆ ਸੀ
ਤੇ ਇੱਕ ਗੱਬਰੂ ਦਾ ਊਧਮ ਤੋਂ ਸ਼ਹੀਦ ਊਧਮ ਸਿੰਘ
ਬਣਨ ਦਾ ਕਾਰਨ ਬਣੇ ਸੀ
ਇਹ ਤਾਂ ਵਿਹੜੇ 'ਚ ਢਲਦਾ ਧਰੇਕ ਦਾ ਪ੍ਰਛਾਵਾਂ ਵੇਖ ਦੱਸ ਦੇਂਦੇ ਨੇ
"ਕਾਕਾ ਦੋ ਵੱਜਗੇ, ਖੇਤ ਚਾਹ ਲੈਜਾ"
ਉਹ ਹੋਰ ਸੀ ਜਿਹੜੇ ਸ਼ਕੈਤ ਲੈਕੇ ਮਾਤਾ ਗੁਜਰੀ ਕੋਲ ਉੱਪੜੇ ਸੀ
ਲਹੂ ਮੰਗਦੀ ਤਲਵਾਰ ਦੇ ਬੁੱਲ੍ਹਾਂ ਨੂੰ
ਏਹਨਾਂ ਦਾ ਈ ਖੂਨ ਲੱਗਾ ਸੀ....ਘੁੱਦਾ

ਚੰਨਣ ਦੇ ਓਹਲੇ

ਧੀਏ ਚੰਨਣ ਦੇ ਓਹਲੇ ਓਹਲੇ ਕਿਉਂ ਖੜੀ?
ਐਂਤਕੀ ਵਿਆਹ ਦਾ ਦਿਨ ਬੱਝਣ ਕਰਕੇ ਉਦਾਸ ਹੋਕੇ ਨਹੀਂ ਖੜ੍ਹੀ ਬਾਪੂ
ਮੈਂ ਚੰਨਣ ਦੇ ਓਹਲੇ
ਐਂਤਕੀ ਸੁਣ ਰਿਹਾ ਮੈਨੂੰ ਕੁਰਕੀ ਕਰਨ ਆਏ ਪੁਲਸੀਆਂ ਦਾ
ਜੀਪਾਂ ਚੋਂ ਓਤਰਦਿਆਂ ਦੇ ਪੈਰਾਂ ਦਾ ਖੜਾਕ
ਤਲਵੰਡੀ ਮੰਡੀ ਨੂੰ ਵਿਕਣ ਖਾਤਰ ਜਾਂਦਾ ਦਿਸਦਾ
ਤੇਰਾ ਫੋਰਡ ਟਰੈਕਟਰ
ਸੱਥਾਂ 'ਚੋਂ ਸੁਣਦੀਆਂ ਤੇਰੀਆਂ ਕਨਸੋਆਂ
ਡਿਫਾਲਟਰਾਂ ਦੀ ਲਿਸਟ 'ਚ ਲੱਗਾ ਤੇਰਾ ਨਾਂ ਦੀਹਦਾਂ ਬਾਪੂ
ਮੈਂ ਓਹਲੇ ਤਾਂ ਖੜ੍ਹੀ ਆਂ ਬਾਪੂ
ਨਾਣਕਿਆਂ ਤੋਂ ਮੈਨੂੰ ਮਿਲੀ ਕੁੜਤੀ
ਵੱਖੀਆਂ ਕੋਲੋਂ ਘਸੀ ਪਈ ਏ
ਤੇ ਇੱਕੀਵੀਂ ਸਦੀ ਦੀਆਂ ਨਿਗ੍ਹਾਹਾਂ ਤੇਰੀ ਪੱਗ ਤੇ ਨਹੀਂ
ਮੇਰੀ ਵੱਖੀ ਤੇ ਟਿਕਣਗੀਆਂ
ਮੈਂ ਜਗਬਾਣੀ ਅਖਬਾਰ ਨਹੀਂ ਬਨਣਾ ਬਾਪੂ
ਟ੍ਰਿਬਿਊਨ ਦਾ ਸੰਪਾਦਕੀ ਸਫਾ ਈ ਮੁਨਾਸਿਬ ਏ ਸਾਨੂੰ
ਮੈਂ ਓਹਲੇ ਤਾਂ ਖੜ੍ਹੀ ਆਂ ਬਾਪੂ
ਤੂੰ ਅੱਜ ਵੀ ਡਰਦਾ ਮੈਨੂੰ ਕਾਲਜ ਭੇਜਣ ਤੋਂ
ਤੂੰ ਨਹੀਂ ਚਾਹੁੰਦਾ ਤੇਰੀ ਧੀ ਨੂੰ ਕੋਈ "ਚੀਜ਼ੀ" ਆਖੇ
ਮੇਰੀ ਗੁੱਤ ਦੀ ਪੋਨੀ ਬਨਣ ਤੋਂ ਡਰਦਾ ਤੂੰ
ਮੈਂ ਓਹਲੇ ਤਾਂ ਖੜ੍ਹੀ ਆਂ ਬਾਪੂ
ਕਿਤੇ ਤੇਰੀ ਧੀ ਨੂੰ ਦੇਖਣ ਆਏ
ਰਿਸ਼ਤੇ ਦਾ ਸੌਦਾ ਨਾ ਬਣਾ ਦੇਣ
ਕਿਤੇ ਨਿਆਈਂ ਆਲਾ ਵਾਹਣ ਵੇਚ ਤੈਨੂੰ ਧੀ ਤੋਰਨੀ ਪਵੇ
ਮਿੱਟੀ ਦੇ ਤੇਲ ਨਾਲ ਮੱਚਕੇ
ਮੈਂ ਅਖਬਾਰ ਦੀ ਸੁਰਖੀ ਨੀਂ ਬਨਣਾ ਬਾਪੂ
ਮੈਂ ਤਾਹੀਓ ਓਹਲੇ ਖੜ੍ਹੀ ਆਂ
ਐਂਤਕੀ ਵਿਆਹ ਦਾ ਦਿਨ ਬੱਝਣ ਕਰਕੇ ਉਦਾਸ ਹੋਕੇ ਨਹੀਂ ਖੜ੍ਹੀ ਬਾਪੂ
ਮੈਂ ਚੰਨਣ ਦੇ ਓਹਲੇ....ਘੁੱਦਾ

Wednesday 9 May 2012

ਬਦਲਦੀ ਪੀੜ੍ਹੀ

ਸੱਤਮੀਂ ਫੇਲ੍ਹ ਭੜਾਕੂ ਗੀਤ ਲਿਖਦਾ ਕਾਲਜਾਂ ਤੇ
ਜਨਮ ਤਰੀਕ ਪਤਾ ਨੀ ਕਿਊਸ਼ਨ ਪੁੱਛਦਾ ਜਰਨਲ ਨਾਲਜਾਂ ਦੇ
ਏ.ਸੀ 'ਚ ਬੈਠਾ ਕਵਿਤਾ ਲਿਖਦਾ ਅਖੇ
ਔਖਾ ਸਹਿਣਾ ਜੇਠ ਹਾੜ੍ਹ ਦੀਆਂ ਧੁੱਪਾਂ ਨੂੰ
ਬੁਜ਼ਦਿਲੀ ਸਮਝਦਾ ਪੱਟੂ ਕਿਰਸਾਨਾਂ ਦੀਆਂ ਚੁੱਪਾਂ ਨੂੰ
ਕਿਮੇਂ ਹੰਢਾਇਆ ਚੁਰਾਸੀ ਸੱਜਣਾ ਪੁਸ਼ਤਾਂ ਜਾਣਦੀਆਂ
ਸਲਫਾਸ, ਮੋਨੋ ਤਾਂ ਬਣਗੀਆਂ ਮਿੱਤਰਾ ਚੀਜ਼ਾ ਖਾਣ ਦੀਆਂ
ਕਿਤੇ ਆਕੇ ਵੇਖੀਂ ਤੂਤਾਂ ਨਾਲ ਲਮਕਦੇ ਸਰੀਰਾਂ ਨੂੰ
ਆਹ ਕਲਮ ਕੁਲਮ ਨੀਂ ਚੱਲਣੀਂ ਤੇਰੀ
ਭੁੱਲਜੇਂਗਾ ਆੜੀਆ ਰਾਂਝਿਆ ਹੀਰਾਂ ਨੂੰ

ਬਾਜੀਗਰਾਂ ਤੋਂ ਨਾ ਪੈਂਦੀ ਬਾਜ਼ੀ
ਸਾਲੀ ਕਬੀਲਦਾਰੀ ਮਾਰ ਗਈ
ਪੌੜੀ ਦੀ ਛਾਲ ਨੀਂ ਵੱਜਦੀ ਭਰਾਵਾ
ਹੁਣ ਕਿਸਮਤ ਹਾਰ ਗਈ
ਜੁੱਤੇ ਗੰਢਕੇ ਪੂਰਾ ਨੀਂ ਪੈਂਦਾ ਤਾਹੀਓ
ਕੰਮ ਛੱਡਗੇ ਪੁੱਤ ਚਮਾਰਾਂ ਦੇ
ਸ਼ਕਲ ਸਾਲੀ ਬਈਆਂ ਅਰਗੀ
ਉਂ ਜੱਟ ਕਹਿਣਗੇ ਅਸੀਂ ਪੁੱਤ ਸਰਦਾਰਾਂ ਦੇ
ਭੱਠੇ ਤੇ ਮਰਗਿਆ ਇੱਟਾਂ ਘੜਦਾ
ਮੁੰਡਾ ਮਜ਼੍ਹਬੀ ਸਿੱਖਾਂ ਦਾ
ਇਕ ਆਈਲੈਟਸ ਕਰਕੇ ਵਲ਼ੈਤ ਉਡ ਗਿਆ
ਕੱਢਕੇ ਪੰਧ ਵਲਿੱਖਾਂ ਦਾ

ਮਾਰੀ ਚਲਾਕੇ ਕੈਂਚੀ ਨਾਈਆਂ ਦੇ ਕਾਕੇ ਨੇ
ਕਹਿੰਦਾ ਬਨਣਾ M.L.A ਸਮਰਥਨ ਦੇਤਾ 'ਲਾਕੇ ਨੇ
ਪਹੀਆ ਘੁਕਣੋਂ ਹਟ ਗਿਆ ਕਹਿੰਦੇ ਹੁਣ ਘੁਮਿਆਰਾਂ ਦਾ
ਫੌਜ 'ਚ ਹੁੰਦਾ ਭਰਤੀ ਅੱਜ ਕੱਲ੍ਹ ਪੁੱਤ ਲੁਹਾਰਾਂ ਦਾ
ਗਾਉਣ ਵਜਾਉਣ 'ਚ ਪੈਹਾ ਨੀਂ ਹੈਗਾ
ਕਹਿ ਗਿਆ ਪੁੱਤ ਮਰਾਸੀਆਂ ਦਾ
ਬਾਹਮਣ ਦਾ ਵੀ ਠੂਠਾ ਖਾਲੀ
ਸਾਇੰਸ ਨੇ ਤੋੜਤਾ ਵਹਿਮ ਚੌਰਾਸੀਆਂ ਦਾ
ਹੁਣ ਵਿਆਹ ਸ਼ਾਦੀ ਨੀਂ ਹੱਸਦੇ ਜਾਕੇ ਮੁੰਡੇ ਭੰਡਾਂ ਦੇ
ਕੌਡੀ ਖੇਡਣ ਅਗਲੇ ਪੂਰੇ ਸ਼ੌਕੀਂ ਡੰਡਾਂ ਦੇ
K D M ਦਾ ਸੋਨਾ ਵਰਤੇ ਹੁਣ ਜਾਤ ਸੁਨਿਆਰਿਆਂ ਦੀ
ਵਲ਼ੈਤੋਂ ਮੁੜਕੇ ਬੇਬੇ ਫੋਟੋ ਖਿੱਚੇ ਚੁੱਲ੍ਹੇ ਹਾਰਿਆਂ ਦੀ

ਵਾਟਰ ਵਕਸਾਂ ਠੱਪ ਕਰਤਾ ਕੰਮ ਮਹਿਰੇ ਵਿਚਾਰੇ ਦਾ
ਜੋਤਿਸ਼ੀ ਹੋ ਗਿਆ ਫੇਲ੍ਹ , ਕੌਣ ਵੇਖੇ ਹੱਥ ਕਰਮਾ ਮਾਰੇ ਦਾ
ਜਿੰਮ ਜਾਣ ਦੇ ਸ਼ੌਕੀ ਅੱਜ ਕੱਲ੍ਹ ਮੁੰਡੇ ਤਰਖਾਣਾਂ ਦੇ
ਮੁਗਦਰ ਹੰਝੂ ਕੇਰਨ ਦਾਰੇ ਅਰਗੇ ਭਲਵਾਨਾਂ ਦੇ
ਗਤਕਾ ਖੇਡਣ ਦਾ ਸ਼ੌਕੀ ਕਹਿੰਦੇ ਮੁੰਡਾਂ ਨਿਹੰਗਾਂ ਦਾ
ਬੁੱਢਾ ਦਲੀਏ ਬਾਬੇ ਤੋਂ ਸਿੱਖਦਾ ਕੰਮ ਯੁੱਧਾਂ ਜੰਗਾਂ ਦਾ
ਸਵਾਹ ਦੀ ਚੂੰਡੀ ਨਾਲ ਕਹਿੰਦੇ ਬਾਬਾ ਦੁੱਖ ਤੋੜੇ ਖੰਘਾਂ ਦੇ
"ਘੁੱਦੇ" ਖੁੰਢਾਂ ਤੇ ਬਹਿ ਠਰਕ ਭੋਰਨੀ ਕੰਮ ਮਲੰਗਾਂ ਦੇ.....ਅੰਮ੍ਰਿਤ ਘੁੱਦਾ

ਡਿਔਟੀ ਅਪਸਰ

ਹੈਂ ਭਾਈ ਹਾਸੀ ਆਲੀ ਗੱਲ ਨੀਂ ਕੇਰਾਂ ਸਾਡੇ ਵੱਡੇ ਦਾ ਵਿਆਹ
ਤਾਏ ਨੇ ਸਾਡੇ ਆਲੇ ਨਿੱਕੇ ਗਰਨੈਬ ਦੀ ਡਿਔਟੀ ਲਾਤੀ ਬੀ ਜਿਹੜਾ ਕੋਈ ਪਿੰਡ 'ਚੋਂ ਦੁੱਧ ਫੜ੍ਹਾਉਣ ਆਏ
ਉਹਨੂੰ ਤੂੰ ਚਾਹ ਪਿਆਉਣੀ ਆ
ਇਹਨੇ ਤਾਂ ਕਿਤੇ ਕੁੱਤੇ ਨੂੰ ਸੰਗਲ਼ੀ ਨੀਂ ਪਾਈ ਸੀ, ਤਿੜ ਗਿਆ ਭਰਾਵਾ ਬੀ ਤਾਏ ਨੇ ਡਿਔਟੀ ਲਾਤੀ
ਬਾਹਾਂ ਬੂਹਾਂ ਟੰਗ, ਬੁਰੇ ਹਾਲ ,ਕਹਿੰਦਾ ਸਾਰਾ ਪਿੰਡ ਚਾਹ ਪਿਆ ਪਿਆ ਮਾਰਦੂੰ
ਓਹੀ ਗੱਲ ਭਾਈ ਜਿਹੜਾ ਕੋਈ ਆਏ
ਇਹ ਦੁੱਧ ਆਲੀ ਕੇਨੀ ਫੜ੍ਹੇ ਤੇ ਡਰੰਮ 'ਚ ਪਲਟਦੇ ਤੇ ਖੱਦਰ ਦਾ ਗਲਾਸ ਚਾਹ ਨਾਂ ਕੰਢੀਂ ਲਾਕੇ ਫੜ੍ਹਾਦੇ ਅਗਲੇ ਨੂੰ
ਦੋ ਚਾਰ ਨੇ ਤਾਂ ਡਕਾਰ ਜੇ ਲੈ ਲੂ ਕੇ ਚਾਹ ਸਿੱਟਲੀ ਅੰਦਰ
ਮੁੜਕੇ ਇੱਕ ਬਜ਼ੁਰਗ ਕਹਿੰਦਾ ਕਾਕਾ ਮੈਥੋਂ ਐਨੀ ਚਾਹ ਨੀਂ ਪੀਤੀ ਜਾਣੀ, ਸ਼ੂਗਰ ਆ
ਕਿੱਥੇ ਭਰਾਵਾ ਇਹ ਕਹਿੰਦਾ ,"ਨਾ ਬਾਬਾ ਪੀਣੀ ਪਊਂ ਤਾਏ ਨੇ ਡਿਔਟੀ ਲਾਈ ਆ"
ਇਹਨੇ ਚੱਕਿਆ ਗਲਾਸ ਤੇ ਤਾਏ ਕੋਲ ਬੱਜਿਆ ਕਹਿੰਦਾ ਤਾਇਆ ਆਹ ਬਾਬਾ ਚਾਹ ਨੀਂ ਪੀਂਦਾ
ਤਾਇਆ ਗਲਾਸ ਵੇਖਕੇ ਕਹਿੰਦਾ, ਸਾਲਿਆ ਦੁੱਧ ਤਾਂ ਅਗਲਾ ਪਾਈਆ ਮਸਾਂ ਲਿਆਉਦਾਂ ਤੂੰ ਕਿੱਲੋ ਪੱਕੀ ਚਾਹ ਚੱਕੀ ਫਿਰਦਾਂ
ਭਰਾਵਾ ਤਾਏ ਨੇ ਦੋ ਕ ਧਰੀਆਂ ਇਹਦੇ ਤੇ ਜੱਜੇ ਪੈਰ ਬਿੰਦੀ ਅਰਗਾ ਮੂੰਹ ਬਣਾਤਾ ਇਹਦਾ
ਮੁੜ ਕੇ ਨੀਂ ਆਥਣ ਤੀਕ ਉੱਠਿਆ ਵੱਡਾ
ਡਿਔਟੀ ਅਪਸਰ....ਘੁੱਦਾ

ਨਿੱਕਾ ਗਰਨੈਬ ਮੇਲੇ 'ਚ

ਕੇਰਾਂ ਭਰਾਵਾ ਆਹੀ ਦਿਨ ਵਸਾਖ ਦੇ। ਸਾਡੇ ਆਲਾ ਨਿੱਕਾ ਗਰਨੈਬ ਹਿੰਡ ਪੈ ਗਿਆ ਕਹਿੰਦਾ ਮੇਲੇ ਜਾਣਾ
ਘਰਦੇ ਕਹਿੰਦੇ ਰੈਹਣੇ ਮੇਲੇ 'ਚ ਗਮਾਚ ਜੇ ਗਾਂ।
ਕਿੱਥੇ ਭਰਾਵਾ, ਲਿਟ ਗਿਆ ਇਹ ਤਾਂ ਰੇਤੇ ਤੇ, ਭਰੇ ਰੇਤੇ ਦੀ ਮੁੱਠੀ ਠੋਕੇ ਸਿਰ'ਚ
ਬਾਲ ਖੁਲ੍ਹੇ ਇਹਦੇ ,ਬੁਰਾ ਹਾਲ।
ਮਾਤਾ ਅਰਗੀਆਂ ਨੇ ਫੜ੍ਹਕੇ ਨਲਕੇ ਮੂਹਰੇ ਕਰਤਾ ਬੀ ਚੱਲ ਨਵ੍ਹਾ ਕੇ ਤੋਰ ਇਹਨੂੰ ਮੇਲੇ ਕਲੇਸੀ ਨੂੰ।
ਸੈਕਲ ਦੇ ਡੰਡੇ ਤੇ ਨਿੱਕੀ ਸੀਟ ਲਵਾਈ ਵੀ ਸੀ ਇਹਦੇ ਖਾਤਰ। ਬਹਿ ਗਿਆ ਭਰਾਵਾ। ਜਾਵੜੇ ਮੇਲੇ
ਜਾਣਸਾਰ ਇਹਦੀ ਨਿਗਾਹ ਪੈਗੀ ਭਰਾਵਾ ਦੁਕਾਨ ਤੇ ਸ਼ਕਤੀਮਾਨ ਆਲੀ ਡਰਿੱਸ ਟੰਗੀ ਪਈ ਸੀ
ਕਹਿੰਦਾ ਬਾਈ ਸ਼ਕਤੀਮਾਨ ਆਲੀ ਵਰਦੀ ਲੈਦੇ
ਮਖਾ ਕੋਈ ਨਾ ਮੇਲਾ ਵੇਖ , ਜਾਣ ਲੱਗੇ ਲੈਜਾਂਗੇ
ਕਹਿੰਦਾ ਨਾ ਹੁਣੇ ਲੈਣੀ ਆ, ਮੈਂ ਲੈਤੀ ਭਰਾਵਾ।
ਫੁੱਲਾਂ ਆਲੀ ਨੀਕਰ ਤੇ ਟਿੱਚ ਬਟਨਾਂ ਆਲਾ ਗਲਾਬੀ ਜਾ ਝੱਗਾ ਲਾਹਤਾ ਇਹਨੇ
ਸ਼ਕਤੀਮਾਨ ਆਲੀ ਡਰਿੱਸ ਪਾਲੀ ਭਾਈ। ਹੁਰਲ ਹੁਰਲ ਕਰਦਾ ਫਿਰੇ ਮੇਲੇ 'ਚ
ਵਿਚਾਲੇ ਜੇ ਖੜ੍ਹਕੇ ਘੁਕਨ ਲਾਗਿਆ ਭਰਾਵਾ ਇਹ ਤਾਂ, ਮਖਾ ਵਾਵਰੋਲਾ ਈ ਬਣ ਗਿਆ
ਪਤੰਦਰ ਨੇ ਲਫਾਫੇ ਉੱਡਣ ਲਾਤੇ, ਜਵਾਕਾਂ ਨੇ ਲੇਰਾਂ ਛੱਡਤੀਆਂ
ਜਨਤਾ ਕੰਧਾਂ ਨਾਲ ਲੱਗਗੀ ਬੀ ਇਹਦਾ ਤਾਂ ਭੜਾਕਾ ਪਊ ਅੱਜ
ਅਸੀਂ ਰੱਸਾ ਸਿੱਟਤਾ ਏਹਤੇ ਬੀ ਰੁਕਜੇ, ਕਿੱਥੇ ਭਰਾਵਾ ਚਰਖੜੀ ਅੰਗੂ ਵਲ੍ਹੇਟੇ ਮਾਰਦਾ ਆਬੇ ਇਹਤਾਂ
ਪੰਜ ਕੁ ਮਿੰਟਾਂ ਬਾਅਦ ਚੱਕਰ ਜਾ ਖਾਕੇ ਭੁੰਜੇ ਜਾ ਪਿਆ ਭਾਈ
ਇਹਦੀ ਪੈਂਟ ਪੁੰਟ ਪਾੜਗੀ, ਸੀ ਬੀ ਜਵਾਕ, ਸਾਰਾ ਕੁਸ ਦਿਸੀ ਜਾਵੇ
ਇੱਕ ਬਾਬਾ ਮੈਨੂੰ ਕਹਿੰਦਾ ਲੈਜਾ ਬਾਈ, ਥੋਡੇ ਆਲ਼ੇ ਸ਼ਕਤੀਮਾਨ ਦੀ ਜਾਦੂ ਸ਼ਕਤੀ ਖਿੱਲਰੀ ਪਈਆ
ਸੈਕਲ ਦੀ ਪਿਛਲ਼ੀ ਕਾਠੀ ਤੇ ਕੱਟੇ ਅੰਗੂ ਲੱਦਕੇ ਲਿਆਂਦਾ ਜੂੜੇ ਆਲ਼ੇ ਸ਼ਕਤੀਮਾਨ ਨੂੰ
ਹੁਣ ਸਕੌਡਾ ਬਿਨ੍ਹਾਂ ਕਾਲਜ ਨੀਂ ਜਾਂਦਾ...ਘੁੱਦਾ 

ਨਿੱਕਾ ਗਰਨੈਬ

ਹੈਂ ਭਾਈ ਨਿੱਕਾ ਗਰਨੈਬ ਪੰਜਮੀਂ ਤੱਕ ਪਿੰਡ ਆਲੇ ਸਕਕਾਰੀ ਸਕੂਲ਼ 'ਚ ਸੀਗਾ
ਮਸਾਂ ਮਾਹਟਰਾਂ ਨੂੰ ਬੋਤਲਾਂ ਤੇ ਭੈਣਜੀਆਂ ਨੂੰ ਲੱਸੀ ਪਿਆ ਪਿਆ ਪਾਸ ਕਰਾਇਆ ਇਹਨੂੰ
ਘਰਦਿਆਂ ਨੇ ਵਿਓਤ ਕਰਲੀ ਬੀ ਏਹਨੂੰ ਹੁਣ 'ਗਰੇਜ਼ੀ ਸਖਾਉਣ ਖਾਤਰ ਕੋਨਮੈਂਟ ਸਕੂਲ਼ 'ਚ ਲਾਈਏ
ਸਾਡਾ ਸਾਰਾ ਲੁੰਗ ਲਾਣਾ ਮਿੰਨੀ ਦੀ ਛੱਤ ਤੇ ਬਹਿਕੇ ਬੱਲੂਆਣੇ ਕੋਲੇ ਕੋਨਮੈਂਟ ਸਕੂਲ਼ 'ਚ ਬੱਜਿਆ ਭਰਾਵਾ
ਮੈਡਮਾਂ ਭਰਾਵਾ ਸੁਰਖੀਆਂ ਬਿੰਦੀਆਂ ਆਲ਼ੀਆਂ, ਕੰਧਾਂ ਤੇ A,B,C ਦੇ ਪੋਸਟਰ ਟੰਗੇ ਵਏ
ਘੀਸੀ ਜੀ ਕਰਕੇ ਤਿਲਕਣ ਆਲੇ ਝੂਲ਼ੇ ਭਰਾਵਾ, ਘਾਹ ਘੂਹ ,ਬੁਰੇ ਹਾਲ
ਸਾਡੇ ਆਲਾ ਤਾਂ ਮੱਛਰਗਿਆ ,ਲੂਤ ਲੂਤ ਕਰਦਾ ਫਿਰੇ ਸਕੂਲ 'ਚ
ਸਰਕਾਰੀ ਸਕੂਲ਼ 'ਚ ਤਾਂ ਤੌੜੇ ਤੇ ਭਿਓ ਕੇ ਬੋਰੀ ਪਾਈ ਹੁੰਦੀ ਸੀ,ਇਹ ਭਰਾਵਾ ਕੋਨਮੈਂਟ ਸਕੂਲ਼ 'ਚ ਠੰਡਾ ਪਾਣੀ ਪੀ-ਪੀ ਆਫਰ ਗਿਆ
ਸੱਦ ਲਿਆ ਭਰਾਵਾ ਸਾਨੂੰ, ਮਾਹਟਰ ਕਹਿੰਦਾ ਸੋਡੇ ਜਵਾਕ ਦਾ ਟੈਸ਼ਟ ਲੈਣੇ ਆਂ ਜਬਾਨੀ
ਇਹਨੂੰ ਪੁੱਛਣ ਲਾਗੇ ਕਹਿੰਦੇ,"ਬੇਟਾ ਟੂ ਟੂ ਜਾਰ ਕਿੰਨੇ ਹੁੰਦੇ ਨੇ"
ਇਹਨੇ ਭਰਾਵਾ ਸਾਡੇ ਵੰਨੀਂ ਵੇਖਕੇ ਦੰਦ ਕੱਢਲੇ
ਦੋ ਦੂਣੀ ਚਾਰ ਆਲੀ ਜੰਤਾ ਨੂੰ ਕਿੱਥੋਂ ਸਮਝ ਲੱਗੇ
ਉਹਨਾਂ ਫਿਰ ਪੁਛਿਆ ਬੀ "ਬੇਟਾ ਵੰਨ ਪਲੱਸ ਵੰਨ ਕਿਤਨੇ ਹੋਤੇ ਹੈਂ"
ਇਹ ਬੋਲਦਾ ਕਹਿੰਦਾ ,"ਤਾਇਆ ਦੱਸਦਾ ਹੁੰਦਾ ਇੱਕ ਤੇ ਇੱਕ ਗਿਆਰਾਂ ਹੁੰਦੇ ਆ"
ਤਾਇਆ ਝਾਕਿਆ ਏਹਦੇ ਵੰਨੀਂ, ਮੂਤ ਨਿਕਲਣ ਆਲਾ ਹੋਗਿਆ ਭਾਈ ਇਹਦਾ
ਕਹਿੰਦੇ,"ਬੇਟਾ my chair ਕਾ essay ਸੁਣਾਓ"
ਮੰਜੇ ਤੋੜਨ ਆਲੀ ਨੂੰ ਸਵਾਹ ਪਤਾ ਸੀ chair ਦਾ
ਇੱਕ ਪੰਜਾਬੀ ਜਾ ਮਾਹਟਰ ਸਾਨੂੰ ਕਹਿੰਦਾ, ਕਾਸਤੇ ਆਏ ਓ ਤੁਸੀਂ ਬਾਈ?
ਅਸੀਂ ਕਿਹਾ ਬੱਸ ਤੇ ਆਏ ਆਂ
ਘੜੀ ਜੀ ਵੇਖਕੇ ਕਹਿੰਦਾ ," ਪੌਣੇ ਦੋ ਆਲੀ ਬੱਸ ਆਉਣ ਆਲੀ ਆ, ਜਾਕੇ ਚੜ੍ਹਜੋ ਤੇ ਟੈਮ ਨਾਂ ਨੀਰਾ ਨੂਰਾ ਪਾਲੋ ਪਸੂਆਂ ਨੂੰ"
ਤਾਏ ਨੇ ਭਰਾਵਾ ਘਰ ਵੀ ਨੀਂ 'ਡੀਕਿਆ ਪਿੰਡ ਆਲੇ ਅੱਡੇ ਤੇ ਈ ਜੋੜਾ ਲਾਹ ਲਿਆ
ਭਿਓ ਭਿਓ ਕੁੱਟਿਆ ਵੱਡੇ ਅਲ਼ੈਗਜੇਂਡਰ ਫਲੇਂਮਿੰਗ ਨੂੰ...ਘੁੱਦਾ

Monday 7 May 2012

ਚੜ੍ਹਾਈ

ਸਨੂਪ ਡਾਗ ਤੇ ਮੈਕਲ ਜੈਕਸਨ ਅੰਗੂ ਇਹਨ੍ਹਾਂ ਦੀ ਚੜ੍ਹਾਈ ਨੀਂ ਹੁੰਦੀ
ਦਾਣਿਆਂ ਦੀ ਮੁੱਠ ਖਾਤਰ ਗਲੀਆਂ 'ਚ ਈ ਸਾਰੰਗੀ ਵਜਾਉਣ ਜੋਗੇ ਨੇ
"ਮੈਂ ਨਿਕਲਾ ਗਾੜੀ ਲੇਕੇ" ਆਲੇ ਗੀਤ ਦੀ ਤਰਜ਼ ਤੇ
ਸੱਪ ਨੂੰ ਨਾਗ ਦੇਵਤਾ ਨੀਂ ਆਖਦੇ ਇਹ
ਬਸ ਏਨਾ ਪਤਾ ਇਹਨ੍ਹਾਂ ਨੂੰ
ਪਹਿਲਾਂ ਢੂਈ ਤੇ ਡਾਂਗ ਮਾਰਕੇ ਸੰਗਲੀ ਤੋੜਦੋ
ਤੇ ਮੁੜਕੇ ਸਿਰੀ ਕੁੱਟਦੋ ਸਾਲੇ ਦੀ
ਫਿਰ ਸਵਾ ਰੁਪਈਏ ਦੀ ਸ਼ੱਕਰ ਵੰਡਦੋ
ਸੇਵੀਆਂ ਰਿੰਨ੍ਹਕੇ ਤੇ ਆਟੇ ਦੇ ਸੱਪ ਬਣਾਕੇ ਗੂਗਾ ਪੂਜਦੋ
ਕਿਰਕਿਟ ਦੇ ਮੈਚ ਤੇ ਸੱਟੇ ਨੀਂ ਲਾਉਦੇਂ ਏਹੇ
ਸੱਥ 'ਚ ਭਾਬੀ ਖੇਡਦੇ ਆੜੀ ਨੂੰ ਸਲਾਹ ਦੇਣਗੇ
"ਭੈਣਦੇਣਿਆ ਯੱਕਾ ਚਕਾ ਏਹਨੂੰ ਟੀਰੇ ਜੇ ਨੂੰ"
ਪੋਲੇ ਪੈਰੀਂ ਕਿਸੇ ਦੇ ਸਿਰੇ ਨੀਂ ਜਾਂਦੇ ਏਹੇ
ਜਵਾਬ ਮਿਲਣ ਤੇ ਆਹੜੀਏ ਦੀ ਦੁਕਾਨ ਚੋਂ ਨਿਕਲ ਆਉਦੇਂ ਨੇ
ਹਲਵਾਈਆਂ ਦੇ ਗੀਝੇ ਅਰਗਾ ਮੂੰਹ ਕਰਕੇ
ਵਿਆਹ ਵਯੂਹ ਵੇਲੇ ਪੈੱਨ ਕਾਪੀ ਚੱਕੀ ਘਰਾਂ 'ਚੋਂ
ਮੰਜੇ ਬਿਸਤਰੇ ਕੱਠੇ ਕਰਦੇ ਫਿਰਦੇ ਹੋਣਗੇ
ਨਾਲੇ ਕਹਿਣਗੇ "ਤਾਈ ਸੋਡਾ ਗਿਆਰ੍ਹਾਂ ਲੰਬਰ ਆ,ਚੇਤੇ ਰੱਖੀਂ"
ਕੰਡਾ ਵੱਜਣ ਤੇ ਫਸਟ ਏਡ ਦਾ ਨੀਂ ਪਤਾ ਏਹਨਾਂ ਨੂੰ
ਲੂਣ ਗੰਢਾ ਬੰਨ੍ਹ ਦੇਂਦੇ ਨੇ ਕੁੱਟਕੇ
ਦੂਏ ਦਿਨ ਕੰਡਾ ਬਾਹਰ
ਅਨਡੈਵਰਾਂ ਔਡੀਆਂ ਨੀਂ ਹੁੰਦੀਆਂ ਜਰ ਇਹਨ੍ਹਾਂ ਕੋਲੇ
ਕਿਸੇ ਵਿਰਲੇ ਕੋਲ ਗੈਸ ਤੇ ਕਰਾਈ ਵੀ ਮਾਰੂਤੀ ਬਸ਼ੱਕ ਹੋਵੇ
ਉਹ ਵੀ ਢੋਲਾਂ ਆਲ਼ੇ ਅੰਦਰ ਛਾੜ ਦੇਕੇ ਡੱਕਰੀ ਵੀ ਹੁੰਦੀ ਆ
ਮੰਡੀਓ ਤਿੰਨ ਰਪਈਆਂ ਦਾ 'ਖਬਾਰ ਲਿਆਉਦੇਂ ਨੇ ਖ੍ਰੀਦਕੇ
ਤੇ ਪਾਹੜੇ ਤੋਂ ਖਬਰ ਪੜ੍ਹਾਉਦੇਂ ਨੇ
"ਕਣਕ ਦੇ ਸਮਰਥਨ ਮੁੱਲ 'ਚ ਵੀਹ ਰੁਪਏ ਦਾ ਵਾਧਾ-ਕੇਂਦਰ ਸਰਕਾਰ"
ਆਥਣੇ ਰੋਟੀ ਖਾਣ ਲੱਗਿਆਂ ਪਹਿਲਾ ਟੁੱਕ
ਖੇਤੋਂ ਗਾਂਈਆਂ ਭਜਾਕੇ ਆਏ ਕੁੱਤੇ ਨੂੰ ਪਾਉਣਗੇ
"ਲੈ ਦਰਵੇਸ਼ਾ ਤੂੰਹੀ ਰੋਟੀ ਦਿੱਤੀ ਸੀ ਸਾਨੂੰ",.....ਘੁੱਦਾ

Saturday 5 May 2012

ਪਾਠ ਕਿ ਭਾਰ

ਛੋਟੇ ਹੁੰਦੇ ਗੁਟਕਾ ਫੜ੍ਹ ਰੀਸੋ ਰੀਸ ਪਾਠ ਕਰਨ ਬਹਿ ਜਾਂਦੇ ਤਾਂ ਮਾਤਾ ਅਰਗੀਆਂ ਟੋਕ ਦਿੰਦੀਆਂ
ਨਾ ਪੁੱਤ ਤੂੰ ਗਲਤ ਪੜਜੇਂਗਾ, ਪਾਪ ਲੱਗੂ, ਭਾਰ ਲੱਗੂ ਫਲਾਣ ਧਿਔਂਕ
ਕੇਰਾਂ ਕਾਲਜ 'ਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਆਲਿਆਂ ਦਾ ਕੈਂਪ
ਲੱਗਾ ਸੀ ਉਹਨ੍ਹਾਂ ਨੇ ਇਹ ਗੱਲ ਦਲੀਲ ਨਾਲ ਦੱਸੀ ਸੀ
ਕਹਿੰਦੇ ਬੀ ਨਿੱਕਾ ਜਵਾਕ ਜਦੋਂ ਬੋਲਣ ਲੱਗਦਾ ਤਾਂ ਆਵਦੇ ਚਾਚੇ ਨੂੰ "ਤਾਤਾ" ਤੇ ਬਾਪੂ ਨੂੰ "ਆਪੂ" ਕਹਿੰਦਾ
ਤੇ ਫਿਰ ਜਵਾਕ ਦੇ ਚਾਚਾ ਤੇ ਬਾਪੂ ਗੁੱਸੇ ਤਾਂ ਨੀਂ ਹੁੰਦੇ ਸਮਾ ਦੀ ਮੋਹ ਕਰਦੇ ਨੇ ਬੀ ਚਲੋ ਨਿਆਣੇ ਨੇ ਬੋਲਣ ਦੀ ਕੋਸ਼ਿਸ਼ ਤਾਂ ਕੀਤੀ
ਓਮੇਂ ਜਿਮੇਂ ਜੇ ਅਣਜਾਣ ਬੰਦਾ ਗੁਰਬਾਣੀ ਪੜ੍ਹਦਾ ਤਾਂ ਭਾਰ ਪਾਪ ਆਲੀ ਕੋਈ ਗੱਲ ਨੀਂ
ਸਗੋਂ ਜੇ ਤੁਸੀਂ ਆਸਤਿਕ ਆ ਤਾਂ ਥੋਡਾ ਬਾਬਾ ਖੁਸ਼ ਜ਼ਰੂਰ ਹੋਊ ਬੀ ਚੱਲੋ ਕੋਸ਼ਿਸ਼ ਤਾਂ ਕੀਤੀ....ਘੁੱਦਾ

ਮਿਹਣੇ

ਨਿੱਤ ਕੁੜੀਆਂ ਨੂੰ ਮਿਹਣੇ ਮਾਰੇ ਜੰਤਾ
ਅਖੇ ਤੁਸੀਂ ਭੁੱਲ ਗੀਆਂ ਤੀਆਂ ਤ੍ਰਿੰਝਣ ਨੂੰ
ਥੋਨੂੰ ਚਰਖਾ ਕੱਤਣਾ ਆਉਦਾਂ ਨੀਂ
ਤੁਸੀਂ ਜੀਨ ਟੌਪ ਤੇ ਡੁੱਲ੍ਹ ਗਈਆਂ
ਸੂਟ ਸਲਵਾਰਾਂ ਭੁੱਲ ਗਈਆਂ
ਪਾ ਬੋਲੀ ਗਿੱਧੇ 'ਚ ਨੱਚਣਾ ਆਉਦਾਂ ਨੀ

ਮਾੜਾ ਜਾ ਪੁੱਛੀਏ ਇਹਨ੍ਹਾਂ ਭਲਵਾਨਾ ਨੂੰ
ਕਾਨਿਆਂ ਅਰਗੀਆਂ ਲੱਤਾਂ ਆਲਿਆਂ
ਗੱਭਰੂ ਛੈਲ ਜਵਾਨਾਂ ਨੂੰ
ਇਹ ਕਿਹੜੇ ਸੱਭਿਆਚਾਰ ਦੇ ਪਹਿਰੇਦਾਰ ਬਣੇ
ਗੁਰੂ ਘਰ ਨੂੰ ਮੂੰਹ ਨੀਂ ਕਰਦੇ ਲੁੱਚੀ ਲੰਡੀ ਮੰਡੀਰ ਦੇ ਯਾਰ ਬਣੇ
ਜੇ ਕੁੜੀਆਂ ਸਲਵਾਰਾਂ ਭੁੱਲ ਗਈਆਂ
ਪ੍ਰਧਾਨ ਆਪਾਂ ਕਿਹੜਾ ਚਾਦਰਾ ਲਾਉਣੇਂ ਆਂ
ਸਿਰ ਤੇ ਗਜ਼ਨੀ ਕੱਟ ਪਵਾਈਏ
ਓਂ ਨਾਂ ਪਿੱਛੇ "ਸਿੰਘ"ਲਾਉਣੇਂ ਆਂ

ਪਊਆ ਪੀਕੇ ਸੁਰਤ ਨੀਂ ਰਹਿੰਦੀ
ਊਂ ਬਾਹਲੇ ਵੈਲੀਆਂ ਦੇ ਪ੍ਰਧਾਨ ਬਣਦੇ
ਕਦੇ ਕੁੱਤੇ ਨੂੰ ਸੋਟੀ ਮਾਰੀ ਨੀਂ
ਗੱਲੀਬਾਤੀ ਵੱਡੇ ਸਾਨ੍ਹ ਬਣਦੇ
ਹੱਸ ਖੇਡ ਕੇ ਦਿਨ ਟਪਾਲੋ
ਚਾਰ ਹੈਗੇ ਜਿਹੜੇ ਸੁਖਦੇ ਨੇ
ਸੱਭਿਆਚਾਰ ਦੇ ਵਾਰਸਾਂ ਦੇ ਪੱਗ ਬੰਨ੍ਹੇ ਤੋਂ ਕੰਨ ਦੁਖਦੇ ਨੇ..ਘੁੱਦਾ

ਡਰਿਆ ਨਾ ਕਰੋ

ਡਰਿਆ ਨਾ ਕਰੋ
ਗੱਲਾਂ ਜੋਗੇ ਨੇ ਇਹ ਜਾਂ ਧਮਕੀਆਂ ਜੋਗੇ
ਥੋਡੇ ਏ.ਸੀ ਸੇਫ ਨੇ, ਕਿੱਧਰੇ ਨੀ ਤਾਰ ਖਿੱਚਣ ਲੱਗੇ ਇਹ
ਮਜ਼ਦੂਰ ਦਿਵਸ ਨਾਲੇ ਬਾਲ ਮਜ਼ਦੂਰੀ ਫਲਾਣ ਧਿਔਂਕ
ਹੋਰ ਸਾਲ ਤੱਕ ਇਹ "ਕਿਸਾਨ ਦਿਵਸ" ਜਾ ਬਣਾ ਦੇਣਗੇ
ਲਿੱਬੜੇ ਜੇ ਦੋ ਟੁੱਕ ਦੀ ਰੋਟੀ ਦਾ ਜਗਾੜ ਕਰਨ ਜੋਗੇ ਨੇ
ਤੇ ਮੁੜਕੇ ਸਿਰਾਣੇ ਪਾਣੀ ਆਲੇ ਜੱਗ ਤੇ ਬਾਟੀ ਮੂਧੀ ਮਾਰਕੇ
ਦਾਤੀ ਫਰਾ ਪੱਖਾ ਲਾਕੇ ਸੌਂ ਜਾਂਦੇ ਨੇ
ਤੇ ਦੇਂਹਦੇ ਰਹਿੰਦੇ ਨੇ ਤਾਰੇ
ਨਾਲੇ ਜਵਾਕਾਂ ਨੂੰ ਦੱਸਣਗੇ
ਪੁੱਤ ਹੋ ਵੇਖ, ਬਾਬੇ ਦੀ ਮੰਜੀ, ਅੱਗੇ ਚੋਰ ਪਿੱਛੇ ਕੁੱਤਾ ਤੇ ਪਿੱਛੇ ਸਾਧ
ਆਹੋ ਜੀਹਨੂੰ ਤੁਸੀਂ ਸਪਤਰਿਸ਼ੀ ਕਹਿਣੇ ਆਂ
ਨਾਲੇ ਹੈਨੀ ਇਹ ਭਗਤ ਸਿਹੁੰ ਜੋਗੇ
ਉਂਈ ਫੋਟਮਾਂ ਚੱਕੀ ਫਿਰਦੀ ਆ ਮੰਡੀਰ
ਚਾਰ ਕ ਦਿਨ ਮੁੱਦਾ ਚੱਕਦੇ ਨੇ ਕਾਲਾ ਧਨ ਨਾਲੇ ਹੋਰ ਕੁਸ
ਬਠਿੰਡੇ ਜਾਣ ਜੋਗਾ ਕਰਾਇਆ ਨੀਂ ਜੁੜਦਾ
ਸਵਿਟਜਰਲੈਂਡ ਕਿੱਥੋਂ ਜਾਵੜਨਗੇ
ਅਖੇ ਬਠਿੰਡੇ ਵੰਨੀਂ ਪਾਣੀ ਮਾੜਾ, ਕੈਂਸਰ ਹੁੰਦਾ ,ਲਕਵਾ ਹੁੰਦਾ
ਵਿਹਲੀ ਜੰਤਾ ਟਰੈਲੀਆਂ ਭਰਕੇ ਮਟਕਾ ਚੌਂਕ ਨੂੰ ਖਿੱਚ ਦੇਂਦੀ ਆ
ਬੀ ਧਰਨਾ ਲਾਕੇ ਸਰਕਾਰ ਤੇ ਪਲੈਸ਼ਰ ਪਾਉਣੇ ਆਂ
ਸਾਫ ਪਾਣੀ ਦੀਆਂ ਬੁਛਾੜਾਂ ਨਾਲ ਨਵਾ ਦਿਆ ਕਰੋ ਜੰਤਾ ਨੂੰ
ਕੁਰਸੀਆਂ ਤੋਂ ਦੂਰ ਰੱਖਿਓ ਇਹਨ੍ਹਾਂ ਨੂੰ
ਫੌਜ 'ਚ ਭਰਤੀ ਕਰਦਿਓ ਸਾਲਿਆਂ ਨੂੰ
ਕਾਰਗਿਲ ਅੰਗੂ ਮੂਤ ਪੀਣ ਲਈ ਮਜ਼ਬੂਰ ਕਰਦੋ
ਤਰੰਗੇ 'ਚ ਵਲ੍ਹੇਟ ਕੇ ਬਕਸਿਆਂ 'ਚ ਬੰਦ ਕਰਕੇ
ਘੱਲ ਦਿਓ ਇਹਨ੍ਹਾਂ ਦੀਆਂ ਲਾਸ਼ਾਂ
ਉੱਤੇ ਲਿਖ ਦਿਓ, "ਸ਼ਹੀਦ"
ਬਸ ਬਾਗੋ ਬਾਗ ਨੇ ਏਹੇ....ਘੁੱਦਾ

ਕਿੱਸਿਆਂ ਦਾ ਕਿੱਸਾ

ਕਹਿੰਦੇ ਦਾਨਾਬਾਦੋਂ ਗੱਲ ਤੁਰਪੀ, ਘੋੜੀ ਸੱਖਣੀ ਦਰਾਂ ਨੂੰ ਆਵੇ
ਜੰਡ ਹੇਠਾਂ ਕਹਿੰਦੇ ਕਤਲ ਹੋਇਆ ,ਮਸਾਂ ਇੱਲਾਂ ਨੂੰ ਮਾਸ ਥਿਆਵੇ
ਕਹਿੰਦੇ ਦੋਸ਼ ਕੁੜੀ ਸਿਰ ਮੜ੍ਹ ਦਿੱਤਾ,ਮੋਹ ਕਰਗੀ ਭਾਈਆਂ ਦਾ
ਅੱਖਾਂ ਸਾਹਵੇਂ ਯਾਰ ਕਤਲ ਕਰਾਤਾ,ਮੋੜਿਆ ਨਾ ਮੁੱਲ ਯਾਰੀਆਂ ਲਾਈਆਂ ਦਾ

ਏਂਮੇ ਦਾ ਇੱਕ ਕਿੱਸਾ ਕਹਿੰਦੇ ,ਮਾਰੂਥਲ ਵਿੱਚ ਹੋਇਆ ਸੀ
ਪ੍ਰਦੇਸੀ ਪੁੰਨੂੰ ਯਾਰ ਸੱਸੀ ਨੇ,ਲੋਕਾਂ ਤੋਂ ਲਕੋਇਆ ਸੀ
ਸੁੱਤੇ ਪੁੰਨੂੰ ਨੂੰ ਲੈਗੀ ਚਾਕੇ,ਕਹਿੰਦੇ ਡਾਰ ਪ੍ਰਦੇਸੀਆਂ ਦੀ
ਸੱਸੀ ਦੀ ਜਦੋਂ ਅੱਖ ਖੁੱਲ੍ਹੀ,ਪੱਲੇ ਰਹਿਗੀ ਬੁੱਕਲ ਖੇਸੀਆਂ ਦੀ
ਭੁੱਖੀ ਤਿਹਾਈ ਕਹਿੰਦੇ .ਜਾਂਦੀ ਟਿੱਬੇ ਚੀਰਦੀ ਸੀ
ਪੈਰੀਂ ਛਾਲੇ ਸਿਰ ਤੇ ਸੂਰਜ,ਬਸ ਗੱਲ ਅਖੀਰ ਦੀ ਸੀ

ਸ਼ੌਕੀਨ ਸੀ ਸੋਹਣੀ ਮਾਸ ਖਾਣ ਦੀ,ਮਹੀਵਾਲ ਵੀ ਕਹਿੰਦੇ ਮੱਛੀ ਖਵਾਉਦਾਂ ਸੀ
ਤੇਜ਼ ਸੀ ਪੱਟੂ , ਮਾਸ ਰਿੰਨ੍ਹ ਕੇ,ਸੋਹਣੀ ਖਾਤਿਰ ਚਨਾਂ ਤੈਰ ਕੇ ਆਉਂਦਾ ਸੀ
ਇੱਕ ਦਿਨ ਮੱਛੀ ਲਾ ਲੱਭੀ ,ਕਹਿੰਦੇ ਪੱਟ ਚੀਰ ਖਵਾ ਦਿੱਤਾ
ਵਾਅਦੇ ਦਾ ਸੀ ਪੱਕਾ ,ਅਗਲੇ ਬੋਲ ਪੁਗਾ ਦਿੱਤਾ
ਮਹੀਵਾਲ ਨੂੰ ਮਿਲਣੇ ਲਈ ਫਿਰ ਸੋਹਣੀ ਤੈਰ ਕੇ ਜਾਂਦੀ ਸੀ
ਸੋਹਣੀ ਦੀ ਨਨਾਣ ਵੀ ਕਹਿੰਦੇ ਖਾਰ ਜੀ ਖਾਂਦੀ ਸੀ
ਡੁੱਬਦੀ ਵੇਖ ਫਿਰ ਸੋਹਣੀ ਨੂੰ, ਛਾਲ ਮਾਰੀ ਜਨਾਬ ਨੇ
ਏਸੇ ਕਿੱਸੇ ਕਰਕੇ ਅਮਰ ਰਹਿਣਾ ਦਰਿਆ ਚਨਾਬ ਨੇ

ਲੜ ਝਗੜ ਘਰੋਂ ਤੁਰਪਿਆ ਕਹਿੰਦੇ ਰਾਂਝਾਂ ਤਖਤ ਹਜ਼ਾਰੇ ਦਾ
ਤਾਹੀਉਂ ਇਤਿਹਸ ਵਿੱਚ ਜ਼ਿਕਰ ਹੁੰਦਾ ਅੱਜ ਕਰਮਾਂ ਮਾਰੇ ਦਾ
ਇਸ਼ਕ ਹਕੀਕੀ ਵੇ ਵਿੱਚ ਪੈਕੇ ਪਾਲੀ ਲੱਗ ਗਿਆ ਮਹੀਆਂ ਦਾ
ਵੰਝਲੀ ਵਜਾ ਕੇ ਚੇਤੇ ਕਰਦਾ ਵੇਲਾ ਮੌਜਾਂ ਲਈਆਂ ਦਾ
ਪੱਲੇ ਰਹਿਗੀਆਂ ਮੱਝਾਂ ਵੰਝਲੀ ਤੇ ਹੀਰ ਖੇੜੇ ਲੈਗੇ ਸੀ
ਹੀਰ ਲੱਭਦਿਆਂ ਲੱਭਦਿਆਂ ਕੰਨੀ ਵਾਲੇ ਪੈਗੇ ਸੀ
ਚੰਗੀ ਭਲੀ ਗੱਲ ਸੀ ਬਣਗੀ ਬੇੜਾ ਬੈਹ ਗਿਆ ਕੈਂਦੋ ਦਾ
ਚੂਰੀ 'ਚ ਰਲਿਆ ਜ਼ਹਿਰ ਈ ਲੱਕੋਂ ਲੈ ਗਿਆ ਕੈਦੋਂ ਦਾ......ਅੰਮ੍ਰਿਤ ਘੁੱਦਾ

ਸਾਡੀ ਪਹੁੰਚ

ਪਤਾ ਕਿੱਥੋਂ ਤੱਕ ਪਹੁੰਚੇ ਆਂ ਅਸੀਂ?
ਜਿੱਥੋਂ ਤੱਕ ਸਾਡਾ ਕੈਮਰਾ ਪਹੁੰਚਿਆ
ਤੇ ਨਾਲ ਫਿਰਦਾ ਮਾਈਕ ਚੱਕੀ ਸਾਡਾ ਪੱਤਰਕਾਰ ਕਹਿੰਦਾ
ਕੈਮਰਾਮੈਨ ਧਿਔਂਕਾ ਦੇ ਨਾਲ ਫਲਾਣਾ
ਪੱਤਰਕਾਰ ਢਿਔਂਕੜਾ ਨਿਊਜ਼ ਲਈ
ਇਹ ਕੈਮਰਾ ਭਮਾਂ ਸੈਟੇਲਾਈਟ ਆਲਾ ਹੋਵੇ ਭਮਾਂ
ਨੀਲ ਨਦੀ ਦੇ ਅੱਸੀ ਫੁੱਟ ਲੰਮੇ ਸੱਪ ਖੋਜਣ ਆਲਾ
ਨਿੱਤ ਇਹੋ ਖਬਰ ਆ ਸਾਡੀ, "ਨਵੇਂ ਗ੍ਰਹਿ ਦੇ ਨਿਸ਼ਾਨ ਮਿਲੇ"
ਪੰਜ ਕੁ ਸੌ ਵਰ੍ਹੇ ਪਹਿਲਾਂ ਬਾਬਾ ਨਾਨਕ ਕਹਿੰਦਾ ਸੀ
"ਲਖੁ ਪਾਤਾਲਾ ਪਾਤਾਲੁ, ਲਖੁ ਆਗਾਸਾ ਆਗਾਸ"
ਬਸ ਦੋਸ਼ੀ ਹੁੰਦਾ ਸਾਡੀ ਨਿਗਾਹ 'ਚ ਮਨੁੱਖੀ ਬੰਬ ਬਣਨ ਆਲ਼ਾ ਬੰਦਾ
ਪਰ ਕੀ ਸੋਚਦਾਂ ਹੋਣਾਂ ,ਜਦੋਂ ਹੱਥੀਂ ਹਿੱਕ ਨਾਲ ਬਾਰੂਦ ਬੰਨ੍ਹ ਰਿਹਾ ਹੁੰਦਾ?
ਵੇਖਿਓ ਕਿਤੇ ਪਰਧਾਨ ਤੁਸੀਂ ਤਾਂ ਨੀਂ ਜੁੰਮੇਵਾਰ
ਉਹਦੇ ਏਸ ਦਲੇਰੀ ਪਿੱਛੇ?
ਟੈੱਨ ਸਪੋਰਟ ਦੀ ਰੈਸਲਿੰਗ ਤੇ
ਕਿਰਕਿਟ ਦਾ ਲਾਈਵ ਟੈਲੀਕਾਸਟ ਜ਼ਰੂਰ ਕਰੂ ਕੈਮਰਾ
ਪਰ ਸੀਵਰੇਜ 'ਚ ਵੜੇ ਜੰਤਾ ਦਾ ਗੰਦ ਬਾਲਟੀਆਂ
ਨਾਲ ਕੱਢਦੇ ਬੰਦੇ ਤੱਕ ਨੀਂ ਪਹੁੰਚਦਾ
ਗੁਲਾਮੀ ਤੇ ਬੇਕਾਰੀ ਦੇ ਮਾਰਿਆਂ ਕਾਲੇ
ਅਫਰੀਕੀਆਂ ਤੱਕ ਨੀਂ ਜਾਂਦਾ ਕੈਮਰਾ
ਡਰਦਾ ਅਮਰੀਕੇ ਦੀ ਹਿੜਕ ਝਿੜਕ ਤੋਂ
ਕੇਰਾਂ ਘੁੰਮਿਆ ਸੀ ਕੈਮਰਾ ਇਹਨਾਂ ਵੰਨੀਂ
ਆਹੋ "ਸਲੱਮਡਾਗ ਮਿਲੀਏਨਰ" ਨਾਲ
ਪਤਾ ਨੀਂ ਕਿੰਨੇ ਕ ਅਵਾਰਡ ਮਿਲੇ ਸੀ
ਝੁੱਗੀਆਂ ਝੋੰਪੜੀਆਂ ਦੀ ਸ਼ੂਟਿੰਗ ਕਰਕੇ
ਦੀਵਾਲੀ ਵੇਲੇ ਬਾਬਿਆਂ ਦੀ ਮਟੀਆਂ ਤੇ ਕਲੀ ਜ਼ਰੂਰ ਮਾਰਾਂਗੇ
ਲਾਲ ਲੀੜੇ 'ਚ ਨਾਰੀਅਲ ਵਲ੍ਹੇਟ ਕੇ ਵੀ ਰੱਖਾਂਗੇ
ਬੀ ਨਿੱਕੀ ਨੂੰਹ ਕੋਲੇ ਮੁੰਡਾ ਹੋਜੇ
ਪੰਜੇ ਕੱਕੇ ਪਾਕੇ ਵੀ ਪੂਛਾਂ ਕੱਢਣ ਆਲ਼ੇ ਸਿਆਣੇ ਕੋਲ ਜਾਮਾਂਗੇ
ਪਰ ਉੱਥੇ ਨੀਂ ਜਾਣਾ ਜਿੱਥੇ ਬਾਬਾ ਕਹਿੰਦਾ
"ਜੋ ਪ੍ਰਭ ਕੋ ਮਿਲਬੋ ਚਹੈ ਖੋਜਿ ਸਬਦਿ ਮੈਂ ਲੇਹੁ"...ਘੁੱਦਾ

Tuesday 1 May 2012

ਤੰਤ

ਇੱਕ ਦਿਨ ਆਥਣੇ ਜੇ ਬਠਿੰਡਿਓਂ ਬੱਸ ਤੋਂ ਓਤਰਿਆ ਤੇ ਇੱਕ ਦੁਕਾਨ ਤੇ ਦੋ ਵੱਡੇ ਬਾਈ ਬੈਠੇ ਸੀ।
ਮੈਨੂੰ ਬੋਲ ਮਾਰ ਲਿਆ ਉਹਨ੍ਹਾਂ ਨੇ। ਓਹ ਦੋਵੇਂ ਬੰਦੇ ਪਿੰਡ 'ਚ ਇਨਕਲਾਬੀ ਗਤੀਵਿਧੀਆਂ ਕਰਨ ਦਾ ਮੁੱਢ ਨੇ।
ਮਤਲਬ ਕਿਤੇ ਕੋਈ ਮਾਰਚ ਕਰਨਾ ਹੋਵੇ ਜਾਂ ਕੋਈ ਕਿਸਾਨ ਯੂਨੀਅਨ ਦੀ ਮੀਟਿੰਗ ਜਾਂ ਹੋਰ ਨਾਟਕ ਮੇਲਾ ਹੋਵੇ ਇਹ ਬੰਦੇ ਮੋਹਰੀ ਹੁੰਦੇ ਨੇ।
ਓਦੇਂ ਕਿਸੇ ਆੜੀ ਨੇ ਮੈਨੂੰ ਪਾਸ਼ ਦੀ ਬੁੱਕ ਦਿੱਤੀ ਸੀ ਪੜ੍ਹਨ ਨੂੰ। ਮੇਰੇ ਹੱਥ 'ਚ ਬੁੱਕ ਵੇਖਕੇ ਗੱਲਾਂ ਤੁਰਪੀਆਂ ।
ਤੇ ਬਾਈ ਗੋਰੇ ਨੇ ਗੀਤਾਂ ਦੀ ਗੱਲ ਤੋਰੀ।
ਕਹਿੰਦਾ ਆਪਣੇ ਲੋਕ ਕਹਿੰਦੇ ਨੇ ਬੀ ਪੁਰਾਣੇ ਗੀਤਾਂ 'ਚ ਬਹੁਤ ਤੰਤ ਆ। ਮਤਲਬ ਬਹੁਤ ਕੈਮ ਗੀਤ ਨੇ।
ਕਹਿੰਦਾ ਪੁਰਾਣੇ ਗੀਤ ਸੀਗੇ
,"ਜੀਜਾ ਸਾਲੀ ਤੇ ਡਿੱਗ ਪਿਆ ਲੋਟਣੀ ਖਾਕੇ"
"ਫਿਰੇਂ ਘਰ 'ਚ ਦਿਓਰਾ ਮੇਰੇ ਹਾਣਦਾ"
ਆਹਾ ਥੋਡੇ ਤੰਤ ਆਲੇ ਪੁਰਾਣੇ ਗੀਤ ਕੱਢਦੇ ਨੇ ਨੰਦੂ , ਦਿਓਰ ਨੂੰ ਭਾਬੀ ਨਾਲ, ਜੀਜੇ ਨੂੰ ਸਾਲੀ ਨਾਲ ਜੋੜਤਾ
ਦੂਜੀ ਗੱਲ ਓਦੋਂ ,"ਤਲਵਾਰ ਮੈਂ ਕਲਗੀਧਰ ਦੀ ਹਾਂ", "ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ"
ਵਰਗੇ ਚੰਗੇ ਗੀਤ ਵੀ ਸੀਗੇ
ਨਮੇਂ ਗੀਤ
"ਕਾਲੇ ਹੋਣ ਸ਼ੀਸ਼ੇ ਨਾਲ ਹੋਵੇ ਕਾਰ ਵੇ, ਜਾਣਾ ਜੇ ਮਸ਼ੂਕ ਨਾਲ ਹੋਵੇ ਬਾਹਰ ਵੇ"
ਭੈਣਦੇਣਿਓਂ ਕਾਰ ਵੀ ਹੈਗੀ ਆ, ਮਸ਼ੂਕ ਵੀ ਹੈਗੀ ਆ, ਸ਼ੀਸ਼ੇ ਵੀ ਕਾਲੇ ਨੇ, ਅੱਗੇ ਵੀ ਦੱਸਦੋ ਕੀ ਹੋਇਆ
'ਗਾਹਾਂ ਪਤਾ ਨੀਂ ਕਿਹੜੀ ਸੰਗ ਮਾਰ ਜਾਂਦੀ ਆ ਇਹਨ੍ਹਾਂ ਨੂੰ
ਪੁਰਾਣੇ ਗੀਤਾਂ 'ਚ ਇਹ ਗੱਲਾਂ ਖੋਲ੍ਹਕੇ ਦੱਸਦੇ ਸੀ,...ਤਾਂ ਕਰਕੇ ਬਾਹਲਾ ਤੰਤ ਸੀ ਉਹਨ੍ਹਾਂ 'ਚ..ਹਨਾ

ਸਫਲਤਾ ਦੀ ਕੁੰਜੀ

ਨੀਲੀਆਂ ਵਰਦੀਆਂ ਪਾਈ
ਕੁੱਤਿਆਂ ਤੋਂ ਡਰਦੇ , ਸਕੂਲ ਜਾਂਦੇ ਨੇ ਇਹਨ੍ਹਾਂ ਦੇ ਜਵਾਕ
ਜੇ ਕੁੱਤਾ ਪਿੱਛੇ ਪੈਜੇ ਤਾਂ ਮੂੰਹੋਂ ਆਪੇ ਨਿਕਲ ਆਉਦਾਂ, "ਹਾਏ ਬੀਬੀਏ"
ਸਕੂਲ 'ਚ ਜਾਕੇ ਭੁੰਜੇ ਗੱਟਾ ਵਿਛਾਉਦੇਂ ਨੇ
ਗੱਟੇ ਤੇ ਲਿਖਿਆ ਹੁੰਦਾ
"ਸੁਧਰੇ ਬੀਜ ਸਫਲਤਾ ਦੀ ਕੁੰਜੀ"
ਫਸਲਾਂ ਦੇ ਬੀਹ ਸੁਧਰਗੇ
ਪਰ ਸਫਲਤਾ ਦੀ ਕੁੰਜੀ ਨੀਂ ਲੱਭੀ ਇਹਨ੍ਹਾਂ ਨੂੰ
ਤਿਓਹਾਰ ਵੀ ਢੰਗ ਨਾਲ ਨੀਂ ਮਨਾਉਣ ਜੋਗੇ
ਲੋਹੜੀ ਵੇਲੇ ਪਾਥੀਆਂ ਦਾ ਗੀਹਰਾ ਚਿਣ ਕੇ ਅੱਗ ਲਾਉਣਗੇ
ਤੇ ਤਿਲ ਸਿੱਟਕੇ ਕਹਿੰਦੇ ਨੇ
"ਈਸਰ ਆ ਦਲਿੱਦਰ ਜਾ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ"
ਇਹਨ੍ਹਾਂ ਦੇ ਈਸਰ ਨਾਲ ਹੋਰਾਂ ਦਾ ਦਲਿੱਦਰ ਨਿੱਕਲਦਾ
ਤੇ ਈਸਰ ਆਕੇ ਵੀ ਦਲਿੱਦਰ ਈ ਪੱਲੇ ਰਹਿ ਜਾਂਦਾ ਇਹਨਾਂ ਦੇ
ਦੀਵਾਲੀ ਵੇਲੇ ਲਛਮੀ ਦੀ ਪੂਜਾ ਜੋਗੀ ਲਛਮੀ ਹੈਨੀ ਇਹਨ੍ਹਾਂ ਕੋਲੇ
ਸ਼ੈਦ ਤਾਹੀਓਂ ਲੱਛਮੀ ਰੁੱਸੀ ਆ ਇਹਨ੍ਹਾਂ ਨਾਲ
ਕੁੱਕੜ ਭੜਾਕਿਆਂ ਦਾ ਇਕ ਪੈਕਟ ਤਿੰਨ ਜਵਾਕਾਂ ਨੂੰ ਵੰਡਕੇ ਵਰਚਾਉਦੇਂ ਨੇ
ਕਿਸੇ ਥਿਏਟਰ ਜਾਣ ਜੋਗੇ ਹੈਨੀ ਏਹੇ
ਸੈਕਸਪੀਅਰ ਅਰਗਿਆਂ ਤੂੰ ਦੂਰ ਨੇ ਏਹੇ
ਡੁਗਡੁਗੀ ਵਜਾਉਦਾਂ ਮਦਾਰੀ ਆਉਦਾਂ ਸੱਥ 'ਚ
ਟੋਕਰੇ 'ਚੋਂ ਡੈੱਕ ਕੱਢਦਾ, ਸੂਟ ਕੱਢਦਾ,
ਤੇ ਕਿਸੇ ਬਾਬੇ ਦੀ ਫਰਮੈਸ਼ ਤੇ ਪਊਆ ਕੱਢ ਕੇ ਦਿਖਾਉਦਾਂ
ਆਹ ਮਨਰੰਜਨ ਆ ਭਰਾਵਾ ਇਹਨ੍ਹਾਂ ਦਾ
ਤੇ ਜਵਾਕ ਘਰੋ ਘਰੀ ਜਾਕੇ ਮੱਟੀਆਂ ਹੂੰਝ ਲਿਆਉਦੇ ਨੇ ਆਟੇ ਆਲ਼ੀਆਂ
ਤੇ ਮਦਾਰੀ ਦੀ ਝੋਲੀ ਫੁੱਲ ਕਰਕੇ ਤੋਰਦੇ ਨੇ
ਇਹਨਾਂ ਅਰਗੇ ਲਿੱਬੜੇ ਜੇ ਈ ਆਪਾਂ
ਅੱਡੇ ਤੱਕ ਜਾਂਦੇ ਪੰਜ ਆਰੀ ਚੈਨ ਚੜ੍ਹਾਉਣੇ ਆ ਸੈਕਲ ਦੀ
ਤੇ ਹੱਥ ਰੋਕ ,ਮੱਥੇ ਤੇ ਤਿਓੜੀਆਂ ਜੀਆਂ ਪਾਈ
ਜਹਾਜ਼ ਵੇਖ ਅੰਦਾਜੇ ਲਾਉਣੇ ਆਂ,"ਕਨੇਡੇ ਜਾਂਦਾ ਹੋਊ ਆਹਤਾਂ"
ਤੇ ਮੁੜਕੇ ਪੈਡਲ ਮਾਰ ਦਬਾਰੇ ਚੈਨ ਓਤਰਨ ਦਾ ਇੰਤਜ਼ਾਰ ਕਰੀਦਾ...ਘੁੱਦਾ