Tuesday 15 May 2012

ਵੇਲਾ ਚੰਗਾ ਸੀ

ਓਹੀ ਟੈਮ ਚੰਗਾ ਸੀ ਪਰਧਾਨ
ਜਦੋਂ ਮੰਜੇ ਦੀ ਬਾਹੀ ਨਾਲ ਚੁੰਨੀ ਬੰਨ੍ਹ ਬਣਾਈ
ਝੱਲੀ 'ਚ ਸੁੱਤੇ ਰਹਿੰਦੇ ਸੀ
ਤਣੀ ਤੇ ਲੀੜੇ ਸੁੱਕਣੇ ਪਾਉਣ ਗਈ ਮਾਤਾ
ਲੰਘਦੀ ਟੱਪਦੀ ਝੂਟਾ ਦੇ ਜਾਂਦੀ
ਲੱਕ ਨਾਲ ਸੁਨਿਆਰੇ ਦੀ ਪਾਈ ਵੀ ਤੜਾਗੀ ਹੁੰਦੀ
ਕਿਸੇ ਦਾ ਕੰਨ ਦੁਖਦਾ ਤਾਂ
ਜਵਾਕ ਦਾ ਮੂਤ ਤੱਤਾ ਕਰਕੇ ਕੰਨ 'ਚ ਠੋਕ ਦੇਂਦੇ
ਜਮਾਂ ਪੱਕਾ 'ਲਾਜ
ਡਾਈਪਰਾਂ ਦੀ ਲੋੜ ਨੀਂ ਸੀ ਪੈਂਦੀ
ਬਾਹਾਂ ਤੇ ਬਿਠਾਕੇ ਮਾਤਾ ਸੀਟੀ ਮਾਰਦੀ,
ਔਥੋਂ ਤਾਈਂ ਧਾਰ ਵੱਜਦੀ
ਇਹ ਪਤਾ ਨੀਂ ਕਿਹੜੀ ਟਕਨੌਲਜੀ ਸੀ
ਸ਼ੈਦ ਸੈਂਸ ਨੂੰ ਵੀ ਸਮਝ ਨੀਂ ਆਈ
ਹੁਣ ਵੰਗੂ ਜਮਾਂਬੰਦੀ ਦੀ ਨਕਲ ਲੈਣ ਖਾਤਰ ਪਟਵਾਰੀ
ਦੇ ਮੇਜ਼ ਤੇ ਪਏ ਪੇਪਰਵੇਟ ਕੰਨੀਂ ਨੀਂ ਝਾਕਨਾ ਪੈਂਦਾ ਸੀ
ਜ਼ਮੀਨ ਦੀ ਮਿਣਤੀ ਖਾਤਰ ਗੱਟੇ 'ਚ ਪਾਕੇ
ਜ਼ਰੀਬ ਨੀਂ ਲਿਆਉਣੀ ਪੈਂਦੀ ਸੀ
ਅੱਡੀਆਂ ਚੱਕ ਚੱਕ ਵਕੀਲ ਵੰਨੀਂ ਨੀਂ ਵੇਖਣਾ ਪੈਂਦਾ ਸੀ
ਬੀ ਕਦੋਂ ਜੱਜ ਬੋਲ ਮਾਰੂ
ਲਿਮਟ ਬੰਨ੍ਹਾਉਣ ਖਾਤਰ ਪੰਜਾਬ ਐਂਡ
ਸਿੰਧ ਬੈਂਕ ਦੇ ਮੈਨੇਜਰ ਨੂੰ ਫਤਹਿ ਨੀਂ ਬੁਲਾਉਣੀ ਪੈਂਦੀ ਸੀ
ਓਦੋਂ ਗਵਾਂਢੀਆਂ ਦੀ ਢਾਲ ਤੇ ਸੈਕਲ ਬੈਕ ਲਾਕੇ
ਰੇੜ੍ਹ ਦੇਂਦੇ ਤੇ ਕੈਂਚੀ ਸਿੱਖਦੇ
ਟੈਰ 'ਚ ਫੂਕ ਭਰਨ ਖਾਤਰ ਪੰਪ ਮਾਰਦੇ ਤਾਂ
ਕੁੜਤਾ ਅੱਗੋਂ ਪਜਾਮੇ 'ਚ ਦੇ ਲੈਂਦੇ
ਚੈਨ 'ਚ ਅੜ੍ਹਨ ਤੋਂ ਸੱਜੀ ਲੱਤ ਦਾ ਪੌਂਚਾ ਹੇਠੋਂ ਮੋੜਦੇ
ਸਵਾ ਰੁਪਏ ਦੇ ਪਤਾਸੇ ਵੰਡੇ ਜਿਦੇ ਕਾਠੀ ਸਿੱਖੇ ਸੀ
ਰੁਪਈਏ ਦੀਆਂ ਸੋਲ੍ਹਾਂ ਕੰਚ ਦੀਆਂ ਗੋਲੀਆਂ ਆਉਦੀਆਂ, ਆਹੋ ਬੰਟੇ
ਆੜੀ ਮੈਨੂੰ ਵੀ ਪਿੱਲ ਚੋਟ ਖਡਾ
ਨਹੀਂ ਘੁੱਤੀ 'ਚ ਮੂਤੂੰ
ਸੱਥ 'ਚ ਬਾਬਿਆਂ ਤੋਂ ਭਾਬੀ ਖੇਡਣਾ ਸਿੱਖਦੇ
ਪਰ ਗਾਲ੍ਹਾ ਸਿੱਖੀਆਂ ਨੀਂ, ਆਪੇ ਆਗੀਆਂ ਸੀ
ਸੈਕਲ ਦੇ ਹੈਂਡਲ ਤੇ ਡੋਲੂ ਟੰਗ ਖੇਤ ਚਾਹ ਲਿਜਾਂਦੇ
ਡੋਲੂ ਦੇ ਢੱਕਣ ਥੱਲੇ ਮੋਮੀ ਜਾਮ ਦਿੱਤਾ ਵਾ ਹੁੰਦਾ
ਮੀਂਹ ਪਏ ਤੋਂ ਸਤਰੰਗੀ ਪੀਂਘ ਵੇਂਹਦੇ
ਮਸੀਤ ਤੋਂ ਸ਼ੁਰੂ ਹੋਕੇ ਗੁਰੂ ਘਰ ਦੇ ਗੁੰਬਦ ਤੇ ਮੁੱਕ ਜਾਂਦੀ
ਟੀਂਡਿਆਂ ਦੀਆਂ ਸੀਕਰੀਆਂ ਦੀ ਧੂੰਈਂ ਪਾ ਅੱਗ ਸੇਕਦੇ
ਜੀਹਦੇ ਵੰਨੀਂ ਧੂੰਆਂ ਆਉਂਦਾ
ਅਖੇ ਉਹ ਸੱਸ ਨੂੰ ਪਿਆਰਾ ਹੁੰਦਾ
ਕੋਲ ਬੈਠੇ ਬਾਬੇ ਸਣ ਦੇ ਵਾਨ ਦੇ ਪਿੰਨੇ ਵੱਟਦੇ
ਡਾਲੀ ਲੈਣ ਆਏ ਬਾਬੇ ਤੋਂ ਸਾਖੀ ਸੁਣਦੇ
ਜੀਹਦੇ 'ਚ ਬਾਬਾ ਨਾਨਕ ਪਿੰਡ ਆਲਿਆਂ ਨੂੰ ਕਹਿੰਦਾ ਹੁੰਦਾ
"ਰੱਬ ਕਰੇ ਤੁਸੀਂ ਉੱਜੜ ਜੋ".....ਘੁੱਦਾ

No comments:

Post a Comment