Thursday 31 May 2012

ਜੇ ਨਾ ਪੈਂਦੀਆਂ ਮਾਰਾਂ

ਨਿਸ਼ਾਨ ਸੈਹਬ ਦੇ ਲਾਗਿਓਂ ਨਿੱਤ ਸੂਰਜ ਚੜ੍ਹਦਾ
ਪਾਠੀ ਸਿੰਘ ਦੇ ਬੋਲ ਤੇ ਪਿੰਡ ਉੱਠ ਹੈ ਖੜ੍ਹਦਾ
ਕਿਸੇ ਵਿਰਲੇ ਕੁੱਕੜ ਦੀ ਬਾਂਗ ਹੈ ਫਿਰ ਕੰਨੀਂ ਪੈਂਦੀ
ਸੁਆਣੀ ਚੱਕਕੇ ਬਾਲਟੀ ਮੱਝ ਥੱਲੇ ਬਹਿੰਦੀ
ਅੱਤ ਦਾ ਸੰਗੀਤ ਬਣਾਉਂਦੀਆਂ ਪਸੂਆਂ ਦੀਆਂ ਧਾਰਾਂ
ਕੀ ਰੀਸ ਸੀ ਦੇਸ਼ ਪੰਜਾਬ ਜੇ ਨਾਂ ਪੈਂਦੀਆਂ ਮਾਰਾਂ

ਟੈਟਰ ਖੇਤਾਂ ਨੂੰ ਤੋਰ ਲਏ ਸਭ ਜੱਟ ਭਰਾਵਾਂ
ਜਵਾਕ ਸਕੂਲਾਂ ਨੂੰ ਤੋਰਦੀਆਂ ਤਿਆਰ ਕਰਕੇ ਮਾਵਾਂ
ਕੁੱਤਿਆਂ ਘੋਰੇ ਪੱਟ ਲਏ ਥਾਂ ਠੰਢਾ ਮੱਲਣ ਨੂੰ
ਮੂਕੇ ਬੰਨ੍ਹਲੇ ਸੀਰੀਆਂ ਤਿੱਖੜ ਦੁਪੈਹਰੇ ਝੱਲਣ ਨੂੰ
ਸਿਰ ਤੋਂ ਲੈ ਅੱਡੀ ਤਾਂਈਂ ਵਗਦੀਆਂ ਨੇ ਮੁੜ੍ਹਕੇ ਦੀਆਂ ਧਾਰਾਂ
ਕੀ ਰੀਸ ਸੀ ਦੇਸ਼ ਪੰਜਾਬ ਦੀ ਜੇ ਨਾਂ ਪੈਂਦੀਆਂ ਮਾਰਾਂ

L.G ਦਾ ਏ ਸੀ ਬਣੀਆਂ ਨੇ ਬੋਹੜਾਂ ਦੀਆਂ ਛਾਵਾਂ
ਛੱਪੜ ਵਿੱਚ ਪਲਸੇਟੇ ਮਾਰਦੀਆਂ ਸਭ ਮੱਝਾਂ ਗਾਵਾਂ
ਸ਼ੱਕਰ ਭਿਓਂ ਕੇ ਘਿਓ ਨਾਲ ਦੁਪੈਹਰੇ ਰੋਟੀ ਖਾਈਏ
ਭਿੱਜੀ ਬੋਰੀ ਨਾਲ ਵਲ੍ਹੇਟੇ ਤੌੜੇ 'ਚੋਂ ਪਾਣੀ ਭਰ ਲਿਆਈਏ
ਦਿਨ ਦਸਮੀਂ ਦੇ ਪੂਜਦੇ ਲੋਕ ਮੜ੍ਹੀ ਮਜ਼ਾਰਾਂ
ਕੀ ਰੀਸ ਸੀ ਦੇਸ ਪੰਜਾਬ ਦੀ ਜੇ ਨਾ ਪੈਂਦੀਆਂ ਮਾਰਾਂ

ਭਰ ਟਰੈਲੀਆਂ ਮਾਘੀ ਬਸਾਖੀ ਤੇ ਲੋਕੀਂ ਮੇਲੇ ਵੱਜਣ
ਇੱਕ ਪਾਸੇ ਦੀਵਾਨ ਧਰਮਕੀ ਦੂਜੇ ਨਚਾਰਾਂ ਨੱਚਣ
ਮੁਟਿਆਰਾਂ ਚੰਡੋਲਾਂ ਝੂਟਦੀਆਂ ਚੋਬਰ ਝਾਕੇ ਲੈਂਦੇ
ਉੱਡਦੀ ਧੂੜ 'ਚ ਚਾਦਰਿਆਂ ਨਾ ਲਹਿੰਗੇ ਖਹਿੰਦੇ
ਬਜ਼ੁਰਗ ਰੀਝਾਂ ਨਾ ਸੁਣਦੇ ਨੇ ਯੋਧਿਆਂ ਦੀਆਂ ਵਾਰਾਂ
ਕੀ ਰੀਸ ਸੀ ਦੇਸ ਪੰਜਾਬ ਦੀ ਜੇ ਨਾ ਪੈਂਦੀਆਂ ਮਾਰਾਂ

ਦਿਨ ਨਰਮੇ ਦੇ ਬਖਤੌਰ ਮਿਸਤਰੀ ਫਿਰ ਕਸੀਏ ਚੰਡਦਾ
ਖੂਹ ਆਲੀ ਡੱਗੀ ਕੋਲੇ ਮੋਚੀ ਅੱਜ ਵੀ ਜੋੜੇ ਗੰਢਦਾ
ਚੱਕ ਗੋਹੇ ਦਾ ਬੱਠਲ ਰੀਸੇ ਮਾਂ ਦੀ ਧੀ ਪਾਥੀਆਂ ਪੱਥੇ
ਜਵਾਕ ਨਿਸ਼ਾਨੇ ਮਾਰਦੇ ਦੇਖ ਮਖਿਆਲ ਦੇ ਛੱਤੇ
ਸ਼ੈਹਦ ਚੋਇਆ ਧੂੰਆਂ ਬਾਲਕੇ ਮੱਖੀਆਂ 'ੜਾ ਹਜ਼ਾਰਾ
ਕੀ ਰੀਸ ਸੀ ਦੇਸ ਪੰਜਾਬ ਦੀ ਜੇ ਨਾ ਪੈਂਦੀਆਂ ਮਾਰਾਂ

ਮੂੰਹ ਬੰਦ ਅਗਲੇ ਦਾ ਕਰ ਦੇਂਦੇ ਬਾਬਿਆਂ ਨੂੰ ਐਸੀ ਗੱਲ ਹੈ ਫੁਰਦੀ
ਸਦਕੇ ਪਿੰਡ ਦੀਆਂ ਸੱਥਾਂ ਦੇ ਜਿੱਥੋਂ ਸਿਆਸਤ ਹੈ ਤੁਰਦੀ
ਲੰਘਦੇ ਟੱਪਦੇ ਮੱਥਾ ਟੇਕਣ ਪਿੰਡ ਘੁੱਦੇ ਦੇ ਸਕੂਲ ਨੂੰ
ਲੁਣ ਗੰਢੇ ਨਾਲ ਬਾਹਰ ਕੱਢਦੇ ਪੈਰ 'ਚ ਵੱਜੀ ਸੂਲ ਨੂੰ
ਟੁੱਟੇ ਨੀਂਹ ਪੱਥਰ ਦੇਂਹਦੇ ਨੇ ਬਦਲਦੀਆਂ ਸਰਕਾਰਾਂ
ਕੀ ਰੀਸ ਸੀ ਦੇਸ ਪੰਜਾਬ ਦੀ ਜੇ ਨਾ ਪੈਂਦੀਆਂ ਮਾਰਾਂ

ਬਾਈ ਛਿੰਦੇ ਦੇ ਘੜੁੱਕੇ ਤੇ ਬੱਜਦੇ ਮਰਜਾਣੇ ਮਾਨ ਦੇ ਗਾਣੇ
ਦੁਮਾਲੇ ਵਿੱਚ ਖੰਡੇ ਫੱਬਦੇ ਸੋਹਣੇ ਨਹਿੰਗਾਂ ਦੇ ਬਾਣੇ
ਕੰਧ ਤੇ ਲੱਗੇ ਮੈਡਲ ਨਿਹਾਰਦਾ ਸਾਬਕਾ ਬਖਤੌਰਾ ਫੌਜੀ
ਤ੍ਰੇਲੇ ਰਾਹ ਤੇ ਪੋਸਤੀਏ ਦੀ ਪੈੜ ਲੱਭਦਾ ਤੜਕੇ ਅਮਲੀ ਖੋਜੀ
ਛੜੇ ਰੁਲਦੂ ਨੂੰ ਪੈਂਦੀਆਂ ਭਰਜਾਈਆਂ ਦੀਆਂ ਫਿਟਕਾਰਾਂ
ਕੀ ਰੀਸ ਸੀ ਦੇਸ ਪੰਜਾਬ ਦੀ ਜੇ ਨਾ ਪੈਂਦੀਆਂ ਮਾਰਾਂ
ਕੀ ਰੀਸ ਸੀ ਦੇਸ ਪੰਜਾਬ ਦੀ ਜੇ ਨਾ ਪੈਂਦੀਆਂ ਮਾਰਾਂ....ਅੰਮ੍ਰਿਤ ਘੁੱਦਾ

No comments:

Post a Comment