Thursday 24 May 2012

ਪੰਜਾਬ ਨੂੰ ਨੰਬਰ ਇੱਕ ਬਣਾਤਾ

ਹੱਕ ਮੰਗਦੀ ਜੰਤਾ ਤੇ ਨਿੱਤ ਵਰ੍ਹਦੀ ਡਾਂਗ ਸਰਕਾਰੀ
ਖਾਲੇ ਥੋਡੀ ਕੁਰੱਪਸ਼ਨ ਨੇ ਵੇਲ ਵਾਗੂੰ ਵਧਦੀ ਬੇਰੁਜ਼ਗਾਰੀ
ਵਿਹਲੇ ਬੈਠੇ ਖੁੰਡਾਂ ਤੇ ਡਿਗਰੀਆਂ ਵਿੱਚ ਫਾਇਲਾਂ ਦੇ ਜੜੀਆਂ
ਕੀ ਰਾਖੀ ਕਰਨੀ ਸੀ ਕੁੱਤੀਆਂ ਚੋਰਾਂ ਦੇ ਨਾਲ ਰਲੀਆਂ
ਮੈਂ ਸੁਣਿਆਂ ਵਾੜਾਂ ਨੇ ਹੱਥੀਂ ਆਪ ਹੀ ਖੇਤ ਖਵਾਤਾ
ਸੁਣਿਆ ਫਿਰ ਵੀ ਕਹਿੰਦੇ ਨੇ ਪੰਜਾਬ ਨੂੰ ਨੰਬਰ ਇੱਕ ਬਣਾਤਾ

ਗੱਲ ਮੂੰਹ ਤੇ ਕਰਨੀ ਆ ਚਾਹੇ ਗੋਡੇ ਲੱਗੇ ਜਾਂ ਗਿੱਟੇ
ਸਾਡੀ ਪਾਟੀ ਸੁੱਥਣ ਤੇ ਡੁੱਲ੍ਹੇ ਮਾਹਵਾਰੀ ਦੇ ਛਿੱਟੇ
ਸਾਡਾ ਮੂੰਹ ਚਿੜਾਓਦੀ ਏ ਨਿੱਤ ਸ਼ਗਨਾਂ ਦੀ ਫੁਲਕਾਰ
ਰੰਗ ਉੱਡਿਆ ਚੂੜੇ ਦਾ ਸਾਡੀ ਮੱਤ ਫਿਕਰਾਂ ਨੇ ਮਾਰੀ
ਕੱਲ੍ਹ ਬੈਂਕ ਵਾਲਿਆਂ ਨੇ ਸਣੇ ਨਰਮੇ ਵਾਹਣ ਨੂੰ ਵਾਹਤਾ
ਸੁਣਿਆ ਫਿਰ ਵੀ ਕਹਿੰਦੇ ਨੇ ਪੰਜਾਬ ਨੂੰ ਨੰਬਰ ਇੱਕ ਬਣਾਤਾ

ਦਿਨ ਵੋਟਾਂ ਦੇ ਆਉਦੇਂ ਤਾਂ ਹੰਝੂ ਮਗਰਮੱਛਾਂ ਦੇ ਵਰਸਣ
ਵਾਰਿਸ ਊਧਮ ਸੁਨਾਮੀਏ ਦੇ ਅੱਜ ਇੰਗਲੈਂਡ ਜਾਣ ਨੂੰ ਤਰਸਣ
ਅੱਕ ਥੱਕ ਕੇ ਕਈ ਗੱਬਰੂ ਪੈਲੀ ਵੇਚ ਜ਼ਹਾਜ਼ੇ ਚੜ੍ਹਗੇ
ਪੰਜਾਂ ਸਾਲਾਂ ਤੋਂ ਪਰਤੇ ਮਾਂ ਦੇ ਸਿਵੇ ਕੋਲ ਆ ਖੜ੍ਹਗੇ
ਠੱਗੀ ਮਾਰ ਏਜੰਟਾਂ ਨੇ ਪੁੱਤ ਨੂੰ ਜੇਲ੍ਹੀਂ ਬੰਦ ਕਰਾਤਾ
ਸੁਣਿਆ ਫਿਰ ਵੀ ਕਹਿੰਦੇ ਨੇ ਪੰਜਾਬ ਨੂੰ ਨੰਬਰ ਇੱਕ ਬਣਾਤਾ

ਪੀ ਪੀ ਕਿਰਸਾਨਾਂ ਨੇ ਕਰਤੇ ਮੋਨੋ ਦੇ ਲੀਟਰ ਖਾਲੀ
ਰੰਗ ਪੀਲੇ ਨਾਰਾਂ ਦੇ ਓੱਡਗੀ ਸੁਰਖ ਬੁੱਲ੍ਹਾਂ ਦੀ ਲਾਲੀ
ਕਈਆਂ ਚੂੜੇ ਭੰਨ ਸੁੱਟੇ ਚੁੰਨੀਆਂ ਚਿੱਟੀਆਂ ਸਿਰ ਤੇ ਧਰੀਆਂ
ਹੱਥੀਂ ਗਲਾ ਘੋਟਤੇ ਨੇ ਫਿਰ ਬਣਾ ਦਿੰਦੇ ਨੇ ਮੜ੍ਹੀਆਂ
ਖੁਸਕੁਸ਼ੀਆਂ ਦੀਆਂ ਖਬਰਾਂ ਨੂੰ ਹਾਸ਼ੀਏ ਵਿੱਚ ਲਿਆਤਾ
ਸੁਣਿਆ ਫਿਰ ਵੀ ਕਹਿੰਦੇ ਨੇ ਪੰਜਾਬ ਨੂੰ ਨੰਬਰ ਇੱਕ ਬਣਾਤਾ....ਘੁੱਦਾ

No comments:

Post a Comment