Tuesday 22 May 2012

ਫੈਲੇ ਵਿੱਦਿਆ ਚਾਨਣ ਹੋਇ

ਦੋ ਆਲੀ ਚਾਹ ਪੀਂਦੇ
ਕਰਨੈਲ ਮਿਸਤਰੀ ਦੀਆਂ ਬਾਟੀ 'ਚ ਡੁੱਬੀਆਂ ਮੁੱਛਾਂ ਦੀਂਹਦੀਆਂ
ਮੂਕੇ ਨਾਲ ਮੁੜ੍ਹਕਾ ਪੂੰਝ
ਤਿੱਖੜ ਦੁਪੈਹਰੇ ਬੁੱਢੇ ਵਾਰੇ ਫੇਰ ਪੈੜ ਤੇ ਜਾ ਚੜ੍ਹਦਾ
ਕੰਬਦੇ ਹੱਥਾਂ ਨਾਲ ਕਚੀਚੀ ਵੱਟ ਤੇਸੀ ਨਾਂ ਇੱਟ ਭੰਨਦਾ
ਪੱਖੇ ਥੱਲੇ ਬੈਠਾ ਪਟਵਾਰੀ
ਖਤੌਨੀਆਂ ਖਸਰਿਆਂ ਨੰਬਰਾਂ 'ਚ ਉਲਝਿਆ ਵਾ
ਐਨਕਾਂ ਓਤੋਂ ਦੀ ਝਾਕ ਪਿਓ ਦੀ ਉਮਰ ਦੇ
ਆਲੂ ਚੌਂਕੀਦਾਰ ਨੂੰ ਬੋਲ ਮਾਰਦਾ,"ਚੌਕੀਦਾਰਾ ਓਏ"
ਉਗਲਾਂ ਅੰਗੜਾਈਆਂ ਲੈਕੇ ਘਸੁੰਨ ਬਣ ਜਾਂਦੀਆਂ ਚੌਂਕੀਦਾਰ ਦੀਆਂ
ਮੋਢੇ ਰਫਲ ਟੰਗੀ ਬੈਂਕ ਦੇ ਕੈਂਚੀ ਗੇਟ ਕੋਲ ਖੜ੍ਹਾ ਹੁੰਦਾ
ਕੁੰਢੀਆਂ ਮੁੱਛਾਂ ਤੇ ਜਾਲੀ ਨਾਲ ਬੰਨ੍ਹੀ ਦਾਹੜੀ ਆਲਾ
ਸਾਬਕਾ ਫੌਜੀ
ਗਲੇਸ਼ੀਅਰ 'ਚ ਡਿੱਗਦੇ ਬਰਫ ਦੇ ਤੋਦਿਆਂ ਤੇ
ਮਾਰੂਥਲਾਂ 'ਚ ਕੀਤੀ ਊਠ ਸਵਾਰੀ ਦੀਆਂ ਗੱਲਾਂ ਸੁਣਾਉਂਦਾ
ਚੋਬਰਾਂ ਨੂੰ
ਬਿੰਦੇ ਝੱਟੇ ਬੈਂਕ ਮੂਹਰੇ ਲਿਖੇ,
"ਹਥਿਆਰ ਅੰਦਰ ਲੈ ਕੇ ਜਾਣਾ ਮਨ੍ਹਾ ਹੈ" ਨੂੰ ਨਿਹਾਰਦਾ
ਅੱਖ ਵੇਖ ਬੰਦਾ ਪਛਾਨਣ ਦੀ ਵੀ ਗੱਲ ਕਰਦਾ
ਢੂਈ ਤੇ ਜਵਾਕ ਬੰਨ੍ਹੀ
ਸੜਕ ਹੂੰਝਦੀ
ਪੂਰਬੀ ਔਰਤ ਦੀਆਂ ਇੱਕ ਤਿਹਾਈ ਨੰਗੀਆਂ ਛਾਤੀਆਂ
ਤੇ ਨਿਗ੍ਹਾ ਮਾਰਕੇ ਲੰਘਦਾ ਬੋਲਟ ਤੇ ਸਵਾਰ ਲੰਬੜਾਂ ਦਾ ਮੁੰਡਾ
ਬੋਲਟ ਦੀ ਨੰਬਰ ਪਲੇਟ ਤੇ ਲਿਖਿਆ ਹੁੰਦਾ
"ਪੁੱਤ ਸਰਦਾਰਾਂ ਦੇ"
ਗੁਰੂ ਘਰ ਨਿੱਤ ਨੇਮ ਮਗਰੋਂ ਪਾਠੀ ਦੇ ਕਮਰੇ 'ਚ ਜਾਂਦੀਆਂ ਬੀਬੀਆਂ
ਕਾਗਜ਼ ਤੇ ਕੁੱਝ ਲਿਖਕੇ ਦੇਂਦਾ
ਪਾਠੀ ਤੇ ਕਹਿੰਦਾ
"ਏਹਨੋ ਗਲ 'ਚ ਪਾ ਲਿਓ, ਭਲਾ ਹੋਜੂ"
ਆਹੋ ਭਾਈ ਬਾਬੇ ਨਾਨਕ ਨੂੰ ਏਨੀ ਅਕਲ ਕਿੱਥੇ ਸੀ?
ਕਾਗਜ਼ ਚੁਗਦਾ ਜਵਾਕ ਸਕੂਲ ਦੀ
ਕੰਧ ਲਾਗਿਓਂ ਕਾਗਜ਼ 'ਕੱਠੇ ਕਰਦਾ
ਕੰਧ ਤੇ ਲਿਖੇ ਅੱਖਰ ਨੀਂ ਪੜ੍ਹੇ ਜਾਂਦੇ ਉਹਤੋਂ
ਅਖੇ "ਫੈਲੇ ਵਿੱਦਿਆ ਚਾਨਣ ਹੋਇ".
ਤੇ ਉਹ ਮੁੜ ਆਉਂਦਾ....ਘੁੱਦਾ

No comments:

Post a Comment