Saturday 5 May 2012

ਸਾਡੀ ਪਹੁੰਚ

ਪਤਾ ਕਿੱਥੋਂ ਤੱਕ ਪਹੁੰਚੇ ਆਂ ਅਸੀਂ?
ਜਿੱਥੋਂ ਤੱਕ ਸਾਡਾ ਕੈਮਰਾ ਪਹੁੰਚਿਆ
ਤੇ ਨਾਲ ਫਿਰਦਾ ਮਾਈਕ ਚੱਕੀ ਸਾਡਾ ਪੱਤਰਕਾਰ ਕਹਿੰਦਾ
ਕੈਮਰਾਮੈਨ ਧਿਔਂਕਾ ਦੇ ਨਾਲ ਫਲਾਣਾ
ਪੱਤਰਕਾਰ ਢਿਔਂਕੜਾ ਨਿਊਜ਼ ਲਈ
ਇਹ ਕੈਮਰਾ ਭਮਾਂ ਸੈਟੇਲਾਈਟ ਆਲਾ ਹੋਵੇ ਭਮਾਂ
ਨੀਲ ਨਦੀ ਦੇ ਅੱਸੀ ਫੁੱਟ ਲੰਮੇ ਸੱਪ ਖੋਜਣ ਆਲਾ
ਨਿੱਤ ਇਹੋ ਖਬਰ ਆ ਸਾਡੀ, "ਨਵੇਂ ਗ੍ਰਹਿ ਦੇ ਨਿਸ਼ਾਨ ਮਿਲੇ"
ਪੰਜ ਕੁ ਸੌ ਵਰ੍ਹੇ ਪਹਿਲਾਂ ਬਾਬਾ ਨਾਨਕ ਕਹਿੰਦਾ ਸੀ
"ਲਖੁ ਪਾਤਾਲਾ ਪਾਤਾਲੁ, ਲਖੁ ਆਗਾਸਾ ਆਗਾਸ"
ਬਸ ਦੋਸ਼ੀ ਹੁੰਦਾ ਸਾਡੀ ਨਿਗਾਹ 'ਚ ਮਨੁੱਖੀ ਬੰਬ ਬਣਨ ਆਲ਼ਾ ਬੰਦਾ
ਪਰ ਕੀ ਸੋਚਦਾਂ ਹੋਣਾਂ ,ਜਦੋਂ ਹੱਥੀਂ ਹਿੱਕ ਨਾਲ ਬਾਰੂਦ ਬੰਨ੍ਹ ਰਿਹਾ ਹੁੰਦਾ?
ਵੇਖਿਓ ਕਿਤੇ ਪਰਧਾਨ ਤੁਸੀਂ ਤਾਂ ਨੀਂ ਜੁੰਮੇਵਾਰ
ਉਹਦੇ ਏਸ ਦਲੇਰੀ ਪਿੱਛੇ?
ਟੈੱਨ ਸਪੋਰਟ ਦੀ ਰੈਸਲਿੰਗ ਤੇ
ਕਿਰਕਿਟ ਦਾ ਲਾਈਵ ਟੈਲੀਕਾਸਟ ਜ਼ਰੂਰ ਕਰੂ ਕੈਮਰਾ
ਪਰ ਸੀਵਰੇਜ 'ਚ ਵੜੇ ਜੰਤਾ ਦਾ ਗੰਦ ਬਾਲਟੀਆਂ
ਨਾਲ ਕੱਢਦੇ ਬੰਦੇ ਤੱਕ ਨੀਂ ਪਹੁੰਚਦਾ
ਗੁਲਾਮੀ ਤੇ ਬੇਕਾਰੀ ਦੇ ਮਾਰਿਆਂ ਕਾਲੇ
ਅਫਰੀਕੀਆਂ ਤੱਕ ਨੀਂ ਜਾਂਦਾ ਕੈਮਰਾ
ਡਰਦਾ ਅਮਰੀਕੇ ਦੀ ਹਿੜਕ ਝਿੜਕ ਤੋਂ
ਕੇਰਾਂ ਘੁੰਮਿਆ ਸੀ ਕੈਮਰਾ ਇਹਨਾਂ ਵੰਨੀਂ
ਆਹੋ "ਸਲੱਮਡਾਗ ਮਿਲੀਏਨਰ" ਨਾਲ
ਪਤਾ ਨੀਂ ਕਿੰਨੇ ਕ ਅਵਾਰਡ ਮਿਲੇ ਸੀ
ਝੁੱਗੀਆਂ ਝੋੰਪੜੀਆਂ ਦੀ ਸ਼ੂਟਿੰਗ ਕਰਕੇ
ਦੀਵਾਲੀ ਵੇਲੇ ਬਾਬਿਆਂ ਦੀ ਮਟੀਆਂ ਤੇ ਕਲੀ ਜ਼ਰੂਰ ਮਾਰਾਂਗੇ
ਲਾਲ ਲੀੜੇ 'ਚ ਨਾਰੀਅਲ ਵਲ੍ਹੇਟ ਕੇ ਵੀ ਰੱਖਾਂਗੇ
ਬੀ ਨਿੱਕੀ ਨੂੰਹ ਕੋਲੇ ਮੁੰਡਾ ਹੋਜੇ
ਪੰਜੇ ਕੱਕੇ ਪਾਕੇ ਵੀ ਪੂਛਾਂ ਕੱਢਣ ਆਲ਼ੇ ਸਿਆਣੇ ਕੋਲ ਜਾਮਾਂਗੇ
ਪਰ ਉੱਥੇ ਨੀਂ ਜਾਣਾ ਜਿੱਥੇ ਬਾਬਾ ਕਹਿੰਦਾ
"ਜੋ ਪ੍ਰਭ ਕੋ ਮਿਲਬੋ ਚਹੈ ਖੋਜਿ ਸਬਦਿ ਮੈਂ ਲੇਹੁ"...ਘੁੱਦਾ

No comments:

Post a Comment