Saturday 26 May 2012

ਬੇਦਾਵਾ

ਯਖ ਠੰਡੀ ਰੱਖਿਓ ਸਾਡੇ ਹਿੱਸੇ ਦੀ ਤਵੀ
ਕੋਈ ਲੋੜ ਨੀਂ ਰੇਤਿਆਂ ਦੀ
ਮੂੰਹੋਂ ਬੋਲੋ..
ਮੰਨੇ ਮਨਾਂਏ ਆਂ ਅਸੀਂ ਤਾਂ
ਅਸੀਂ ਤਾਂ ਉਹਦੇ ਆੜੀ ਆਂ ਜਿਹੜਾ ਬਾਬਾ ਲੰਮੀ ਬਾਂਹ
ਕਰਕੇ ਘੋੜੇ ਤੋਂ ਜਵਾਕ ਲਾਹੁਦਾਂ ਹੁੰਦਾ
ਖਬਰਦਾਰ ਜੇ ਕਿਸੇ ਨੇ ਚੰਦੂ ਦੇ ਨੱਕ ਨਕੇਲ ਪਾਈ
ਪਤੰਦਰੋਂ ਚੰਦੂ ਤਾਂ ਘਰ ਘਰ ਬੈਠਾ
ਕੀਹਦੇ ਕੀਹਦੇ ਪਾਓਂਗੇ
ਆਵਦੇ ਈ ਪਾ ਲਿਓ
ਧਿਆਨ ਰੱਖੀਂ ਤੂੰਵੀਂ ਬਾਜ਼ਾਂ ਆਲਿਆ
ਸਟੇਜ ਤੇ ਖੜ੍ਹਕੇ ਸੀਸ ਨਾ ਮੰਗੀਂ
ਸਿਰ ਤਾਂ ਬਹੁਤ ਨੇ ਤੇਰੇ ਜੋਗੇ
ਪਰ ਸੀਸ ਹੈਨੀ
ਅਨੰਦਪੁਰੋਂ ਭੱਜਕੇ ਖਿਦਰਾਣੇ ਨੀਂ ਲੜਨਾ ਅਸੀਂ
ਵੇਖੀਂ ਕਿਤੇ ਸਾਡਾ ਖੂਨ ਵੇਖਕੇ
ਤੇਰਾ ਮਨ ਪਿਘਲਜੇ
ਖੂਨ ਦੀ ਤਸੀਰ ਵੇਖਲੀਂ..ਯਖ ਠੰਡੀ
ਐਂਤਕੀ ਬੇਦਾਵਾ ਨਾ ਪਾੜੀਂ
ਜੇਬ 'ਚ ਰੱਖੀਂ
ਸੁਣਿਆ ਜ਼ੁਬਾਨ , ਜ਼ੁਬਾਨ ਕਰਨ ਲਈ ਹੁੰਦੀ ਆ?
ਹੁਣ ਹੋਰ ਰਸ ਵੀ ਭੋਗਦੇ ਆਂ ਏਸ ਜ਼ੁਬਾਨ ਨਾਲ
ਕਿਤੇ ਫੇਰ ਦੱਸਾਂਗੇ..ਹੁਣ ਸੰਗ ਲੱਗਦੀ ਆ
ਤੇਰੇ ਪੱਟ ਤੇ ਸਿਰ ਰੱਖ
ਬੇਦਾਵਾ ਪਾੜਨ ਲਈ ਬੁੜਬੁੜਾਵਾਂਗੇ ਅਸੀ
ਸੁਣਿਆ ਓਦੋਂ ਤਾਂ ਇੱਕ ਸਫੇ ਦਾ ਸੀ ਬੇਦਾਵਾ
ਝੱਟ ਦੋ ਟੋਟੇ ਕੀਤੇ ਸੀ
ਹੁਣ ਕਿਵੇਂ ਪਾੜੇਂਗਾ?
ਏਨੇ ਬੇਦਾਵੇ ਜੁੜਕੇ ਬਣੀ ਕਿਤਾਬ ਨੂੰ?...ਘੁੱਦਾ

No comments:

Post a Comment