Friday 18 May 2012

ਪਾਸੇ ਹੋਂਜੀ ਬਾਬਾ

ਚੌੜ ਚੌੜ 'ਚ ਆਦਤ ਪੈਗੀ ਸੀ ਭੁੱਕੀ ਦੀ
ਪੱਕਾ ਨਸ਼ੇੜੀ ਪੱਟੂ ਬੋਤਲ ਖਿੱਚਦਾ ਸੁੱਕੀ ਦੀ
ਦਾਹੜ੍ਹੀ ਪਿਓ ਦੀ ਪੱਟਦਾ ਨਾਲੇ ਬੁੜ੍ਹਾ ਆਖ ਰਿਹੈ
ਟੱਬਰ ਵਿਚਾਲੇ ਬਹਿਕੇ ਅਗਲਾ ਸਮੈਕ ਸੜ੍ਹਾਕ ਰਿਹੈ
ਅੱਖ ਨੀਂ ਹਿਲਦੀ ਕਹਿੰਦਾ 'ਫੀਮ ਦੀ ਗੋਲੀ ਲਾਈ ਆ
ਪਾਸੇ ਹੋਂਜੀ ਬਾਬਾ ਨਵੀਂ ਜਵਾਨੀ ਆਈ ਆ....

ਸੁੱਖਾਂ ਸੁੱਖ ਸੁੱਖ ਮਾਂ ਨੇ ਦਸਮੀਂ ਪਾਸ ਕਰਾ ਦਿੱਤੀ
ਪੜ੍ਹਕੇ ਕੁਸ ਲੱਗਜੂ ਧੀ ਸ਼ਹਿਰ ਘਲਾ ਦਿੱਤੀ
ਯੱਬ ਨਾਲੇ ਦਾ ਮੁਕਾਤਾ ਅਗਲੀ ਜੀਨਾਂ ਪਾਉਂਦੀ ਆ
ਰੰਗ ਗੋਰਾ ਕਰਨੇ ਨੂੰ ਫੇਅਰਨੈੱਸ ਕਰੀਮਾਂ ਲਾਉਂਦੀ ਆ
ਫੋਨ ਆ ਰਿਹਾ ਬਿਜ਼ੀ ਕਿਤੇ ਗਰਾਰੀ ਫਸਾਈ ਆ
ਪਾਸੇ ਹੋਂਜੀ ਬਾਬਾ ਨਵੀਂ ਜਵਾਨੀ ਆਈ ਆ.....

ਪੱਚੀ ਕਿੱਲ੍ਹੇ ਜ਼ਮੀਨ ਤੇ ਪੁੱਤ ਵਲੈਤ ਘਲਾ ਦਿੱਤਾ
ਜਾਣਸਾਰ ਗੋਰਿਆਂ ਕਹਿੰਦੇ ਬੇਰ ਤੋੜਨ ਲਾ ਦਿੱਤਾ
ਹੁਣ ਗੀਤਾਂ ਵਿਚਦੀ ਲਿਖਦਾ ਮੌਜ ਸਤਾਉਂਦੀ ਵਤਨਾਂ ਦੀ
ਮਾਂ ਦੇ ਹੱਥਾਂ ਦੀ ਰੋਟੀ ਯਾਦ ਦਵਾਉਂਦੀ ਵਤਨਾਂ ਦੀ
ਫੂਨ ਤੇ ਦੱਸਦਾ ਮਾਂ ਮੈਂ ਹੁਣੇ ਰੋਟੀ ਪਕਾਈ ਆ
ਪਾਸੇ ਹੋਂਜੀ ਬਾਬਾ ਨਵੀਂ ਜਵਾਨੀ ਆਈ ਆ.....

ਗੋਬਿੰਦਪੁਰੇ ਟਕਾ ਕੇ ਕੁੱਟੀ ਕਹਿੰਦੇ ਧੌਣ ਕਿਸਾਨਾਂ ਦੀ
ਖਾਮੋਸ਼ ਚੀਕਾਂ ਬਣਕੇ ਰਹਿਗੀ ਧਾਰੀ ਮੌਨ ਕਿਸਾਨਾਂ ਦੀ
ਰੇਟ ਰੇਹਾਂ ਦੇ ਵਧਗੇ ਫਸਲਾਂ ਓਥੇ ਈ ਖੜ੍ਹੀਆਂ
"ਨੰਨੀਆਂ ਛਾਵਾਂ" ਸਿਖਰ ਦੁਪਹਿਰੇ ਲਟ ਲਟ ਕਰਕੇ ਸੜੀਆਂ
ਬਲਾਤਕਾਰੀਆਂ ਦੀ ਰੱਖਿਆ ਲਈ ਕਹਿੰਦੇ ਸਕੌਲਟੀ ਲਾਈ ਆ
ਪਾਸੇ ਹੋਂਜੀ ਬਾਬਾ ਨਵੀਂ ਜਵਾਨੀ ਆਈ ਆ....

ਜੀਹਨੇ ਅੱਖਾਂ ਸਾਹਵੇਂ ਸਾਰਾ ਟੱਬਰ ਮਰਦਾ ਵੇਖਿਆ ਸੀ
ਪਤੀ ਗਲ ਸੜਦੇ ਟੈਰ ਦਾ ਧੂੰਆਂ ਨੇੜਿਉਂ ਸੇਕਿਆ ਸੀ
ਕੋਟ ਕਚਿਹਰੀਆਂ ਦੇ ਹਲੇ ਵੀ ਜਿਹੜੀ ਚੱਕਰ ਲਾਉਂਦੀ ਆਂ
ਟਾਈਟਲਰ ਦੀ ਕਲੀਨ ਚਿੱਟ ਉਹਨੂੰ ਬਹੁਤ ਸਤਾਉਂਦੀ ਆ
ਸੰਦੂਕਾਂ ਪਿੱਛੇ ਪਈ ਉਹਨੂੰ ਕਹਿੰਦੇ ਪਰਾਂਦੀ ਥਿਆਈ ਆ
ਪਾਸੇ ਹੋਂਜੀ ਬਾਬਾ ਨਵੀਂ ਜਵਾਨੀ ਆਈ ਆ......

ਬਿਰਧ ਆਸ਼ਰਮ ਮੂਹਰੇ ਖੜ੍ਹੇ ਸੁਣੀਂਦੇ ਮਾਪੇ ਸਰਵਣ ਪੁੱਤਾਂ ਦੇ
ਜ਼ਹਿਰੀ ਸੱਪ ਮਰਗੇ ਮਿੱਤਰਾ ਕਾਲੀਆਂ ਗੁੱਤਾਂ ਦੇ
ਊੜਾ ਜੂੜਾ ਖੂੰਜੇ ਲਾਕੇ ਗੱਲ ਕਰੇ ਪੰਜ ਕਕਾਰਾਂ ਦੀ
ਕਫਨ ਸ਼ਹੀਦਾਂ ਦੇ ਖਾਗੀ ਦਾਦ ਦਈਏ ਸਰਕਾਰਾਂ ਦੀ
"ਘੁੱਦੇ" ਵੰਨੀਂ ਵੀ ਘਟਾ ਏਹੀ ਪੱਛੋਂ ਦੀ ਛਾਈ ਆ
ਪਾਸੇ ਹੋਂਜੀ ਬਾਬਾ ਨਵੀਂ ਜਵਾਨੀ ਆਈ ਆ.....ਘੁੱਦਾ

No comments:

Post a Comment