Monday 7 May 2012

ਚੜ੍ਹਾਈ

ਸਨੂਪ ਡਾਗ ਤੇ ਮੈਕਲ ਜੈਕਸਨ ਅੰਗੂ ਇਹਨ੍ਹਾਂ ਦੀ ਚੜ੍ਹਾਈ ਨੀਂ ਹੁੰਦੀ
ਦਾਣਿਆਂ ਦੀ ਮੁੱਠ ਖਾਤਰ ਗਲੀਆਂ 'ਚ ਈ ਸਾਰੰਗੀ ਵਜਾਉਣ ਜੋਗੇ ਨੇ
"ਮੈਂ ਨਿਕਲਾ ਗਾੜੀ ਲੇਕੇ" ਆਲੇ ਗੀਤ ਦੀ ਤਰਜ਼ ਤੇ
ਸੱਪ ਨੂੰ ਨਾਗ ਦੇਵਤਾ ਨੀਂ ਆਖਦੇ ਇਹ
ਬਸ ਏਨਾ ਪਤਾ ਇਹਨ੍ਹਾਂ ਨੂੰ
ਪਹਿਲਾਂ ਢੂਈ ਤੇ ਡਾਂਗ ਮਾਰਕੇ ਸੰਗਲੀ ਤੋੜਦੋ
ਤੇ ਮੁੜਕੇ ਸਿਰੀ ਕੁੱਟਦੋ ਸਾਲੇ ਦੀ
ਫਿਰ ਸਵਾ ਰੁਪਈਏ ਦੀ ਸ਼ੱਕਰ ਵੰਡਦੋ
ਸੇਵੀਆਂ ਰਿੰਨ੍ਹਕੇ ਤੇ ਆਟੇ ਦੇ ਸੱਪ ਬਣਾਕੇ ਗੂਗਾ ਪੂਜਦੋ
ਕਿਰਕਿਟ ਦੇ ਮੈਚ ਤੇ ਸੱਟੇ ਨੀਂ ਲਾਉਦੇਂ ਏਹੇ
ਸੱਥ 'ਚ ਭਾਬੀ ਖੇਡਦੇ ਆੜੀ ਨੂੰ ਸਲਾਹ ਦੇਣਗੇ
"ਭੈਣਦੇਣਿਆ ਯੱਕਾ ਚਕਾ ਏਹਨੂੰ ਟੀਰੇ ਜੇ ਨੂੰ"
ਪੋਲੇ ਪੈਰੀਂ ਕਿਸੇ ਦੇ ਸਿਰੇ ਨੀਂ ਜਾਂਦੇ ਏਹੇ
ਜਵਾਬ ਮਿਲਣ ਤੇ ਆਹੜੀਏ ਦੀ ਦੁਕਾਨ ਚੋਂ ਨਿਕਲ ਆਉਦੇਂ ਨੇ
ਹਲਵਾਈਆਂ ਦੇ ਗੀਝੇ ਅਰਗਾ ਮੂੰਹ ਕਰਕੇ
ਵਿਆਹ ਵਯੂਹ ਵੇਲੇ ਪੈੱਨ ਕਾਪੀ ਚੱਕੀ ਘਰਾਂ 'ਚੋਂ
ਮੰਜੇ ਬਿਸਤਰੇ ਕੱਠੇ ਕਰਦੇ ਫਿਰਦੇ ਹੋਣਗੇ
ਨਾਲੇ ਕਹਿਣਗੇ "ਤਾਈ ਸੋਡਾ ਗਿਆਰ੍ਹਾਂ ਲੰਬਰ ਆ,ਚੇਤੇ ਰੱਖੀਂ"
ਕੰਡਾ ਵੱਜਣ ਤੇ ਫਸਟ ਏਡ ਦਾ ਨੀਂ ਪਤਾ ਏਹਨਾਂ ਨੂੰ
ਲੂਣ ਗੰਢਾ ਬੰਨ੍ਹ ਦੇਂਦੇ ਨੇ ਕੁੱਟਕੇ
ਦੂਏ ਦਿਨ ਕੰਡਾ ਬਾਹਰ
ਅਨਡੈਵਰਾਂ ਔਡੀਆਂ ਨੀਂ ਹੁੰਦੀਆਂ ਜਰ ਇਹਨ੍ਹਾਂ ਕੋਲੇ
ਕਿਸੇ ਵਿਰਲੇ ਕੋਲ ਗੈਸ ਤੇ ਕਰਾਈ ਵੀ ਮਾਰੂਤੀ ਬਸ਼ੱਕ ਹੋਵੇ
ਉਹ ਵੀ ਢੋਲਾਂ ਆਲ਼ੇ ਅੰਦਰ ਛਾੜ ਦੇਕੇ ਡੱਕਰੀ ਵੀ ਹੁੰਦੀ ਆ
ਮੰਡੀਓ ਤਿੰਨ ਰਪਈਆਂ ਦਾ 'ਖਬਾਰ ਲਿਆਉਦੇਂ ਨੇ ਖ੍ਰੀਦਕੇ
ਤੇ ਪਾਹੜੇ ਤੋਂ ਖਬਰ ਪੜ੍ਹਾਉਦੇਂ ਨੇ
"ਕਣਕ ਦੇ ਸਮਰਥਨ ਮੁੱਲ 'ਚ ਵੀਹ ਰੁਪਏ ਦਾ ਵਾਧਾ-ਕੇਂਦਰ ਸਰਕਾਰ"
ਆਥਣੇ ਰੋਟੀ ਖਾਣ ਲੱਗਿਆਂ ਪਹਿਲਾ ਟੁੱਕ
ਖੇਤੋਂ ਗਾਂਈਆਂ ਭਜਾਕੇ ਆਏ ਕੁੱਤੇ ਨੂੰ ਪਾਉਣਗੇ
"ਲੈ ਦਰਵੇਸ਼ਾ ਤੂੰਹੀ ਰੋਟੀ ਦਿੱਤੀ ਸੀ ਸਾਨੂੰ",.....ਘੁੱਦਾ

No comments:

Post a Comment