Thursday 10 May 2012

ਉਹਨ੍ਹਾਂ ਲੋਕਾਂ ਚੋਂ

ਉਹਨ੍ਹਾਂ ਲੋਕਾਂ ਚੋਂ ਪੈਦਾ ਹੋਕੇ ਸ਼ਹਿਰਾਂ ਨੂੰ ਆਉਣੇ ਆਂ ਅਸੀਂ
ਜਿਹੜੇ ਅਬੋਹਰ ਨੂੰ ਹਬੋਹਰ ਤੇ ਅੰਮ੍ਰਿਤਸਰ ਨੂੰ ਅੰਬਰਸਰ ਕਹਿੰਦੇ ਨੇ
ਜਿਹੜੇ ਚੰਡੀਗੜ੍ਹ ਖਾਤਰ ਧਰਨੇ ਲਾਉਦੇ ਹੁੰਦੇ ਸੀ
"ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ" ਕਹਿਕੇ
ਜਿਹਨ੍ਹਾਂ ਦੀਆਂ ਕੁੜੀਆਂ ਦੇ ਉਗਲਾਂ ਦੇ ਨਿਸ਼ਾਨ ਪਾਥੀਆਂ ਤੇ ਉੱਕਰੇ ਹੁੰਦੇ ਨੇ
ਜਿਹੜੇ ਆਥਣੇ ਰੋਟੀ ਪਿੱਛੋਂ
ਰੇਡੀਏ ਤੇ ਸੁਣਦੇ ਸੀ,"ਆਓ ਆਓ ਠੰਡੂ ਰਾਮ ਜੀ ਲੰਘ ਆਓ"
ਏਹਨ੍ਹਾਂ ਦੀ ਟੁੱਟੀ ਹੱਡੀ ਦਾ ਐਕਸਰਾ
ਟਾਣ ਤੇ ਵਿਛਾਏ ਅਖਬਾਰ ਥੱਲੇ ਰੱਖਿਆ ਵਾ ਹੁੰਦਾ
ਝੇਡ ਨਾਂ ਕਰੀਂ ਨਿੱਕਿਆ ਇਹਨ੍ਹਾਂ ਨੂੰ
ਅਮਰੀਕਾ ਵੰਨੀਓਂ ਗਦਰ ਪਾਰਟੀਆਂ ਬਣਾਕੇ
ਮੁੜੇ ਬਾਬੇ ਭਕਨੇ ਹੁਣੀਂ ਨੇ ਏਹੇ
ਪਿੰਗਲਵਾੜਿਆਂ ਦੇ ਸੇਵਕ ਭਗਤ ਪੂਰਨ ਨੇ ਏਹੇ
ਜਿਹੜੀਆਂ ਚਾਰ ਕਿਤਾਬਾਂ ਪੜ੍ਹ ਕੇ ਤੂੰ ਵਿਦਵਾਨ ਬਣਦਾਂ
ਇਹ ਉਹਨ੍ਹਾਂ ਕਿਤਾਬਾਂ ਦੇ ਪਾਤਰ ਨੇ
ਦੋ ਕੁ ਲਾਇਨਾਂ ਲਿਖਕੇ ਰੈਟਰ ਦੀ ਫੀਲਿੰਗ ਲੈਣਾ ਤੂੰ ਕਾਕਾ
ਏਹ ਤਾਂ ਲਹੂ ਨਾਂ ਗੜੁੱਚ ਤਵਾਰੀਖਾਂ ਦੇ ਪੰਨੇ ਨੇ
ਜਲ੍ਹਿਆਂ ਆਲੇ ਬਾਗ ਦੀ ਪੇਂਟਿੰਗ ਤੇ 'ਚ ਬੈਠੇ
ਵਿੰਗੀਆਂ ਜੀਆਂ ਪੱਗਾਂ ਆਲੇ ਨੇ ਏਹੇ
ਜੇਹਨਾਂ ਨੇ ਛਾਲਾਂ ਮਾਰ ਮਾਰ ਖੂਹ ਭਰਿਆ ਸੀ
ਤੇ ਇੱਕ ਗੱਬਰੂ ਦਾ ਊਧਮ ਤੋਂ ਸ਼ਹੀਦ ਊਧਮ ਸਿੰਘ
ਬਣਨ ਦਾ ਕਾਰਨ ਬਣੇ ਸੀ
ਇਹ ਤਾਂ ਵਿਹੜੇ 'ਚ ਢਲਦਾ ਧਰੇਕ ਦਾ ਪ੍ਰਛਾਵਾਂ ਵੇਖ ਦੱਸ ਦੇਂਦੇ ਨੇ
"ਕਾਕਾ ਦੋ ਵੱਜਗੇ, ਖੇਤ ਚਾਹ ਲੈਜਾ"
ਉਹ ਹੋਰ ਸੀ ਜਿਹੜੇ ਸ਼ਕੈਤ ਲੈਕੇ ਮਾਤਾ ਗੁਜਰੀ ਕੋਲ ਉੱਪੜੇ ਸੀ
ਲਹੂ ਮੰਗਦੀ ਤਲਵਾਰ ਦੇ ਬੁੱਲ੍ਹਾਂ ਨੂੰ
ਏਹਨਾਂ ਦਾ ਈ ਖੂਨ ਲੱਗਾ ਸੀ....ਘੁੱਦਾ

No comments:

Post a Comment