Wednesday 16 May 2012

ਏਹੋ ਹਮਾਰਾ ਜੀਵਣਾ

ਉਹ ਹੋਰ ਹੁੰਦੇ ਸੀ ਜਿੰਨ੍ਹਾਂ ਨੂੰ ਕਿਤਾਬਾਂ
ਚੋਂ ਮਸ਼ੂਕਾਂ ਦੇ ਸੁੱਕੇ ਗੁਲਾਬ ਲੱਭੇ ਸੀ
1940ਵਿਆਂ 'ਚ ਕਿਤਾਬ 'ਚ ਕੈਦ ਕੀਤਾ ਵਾ ਪਿਸਟਲ
ਏਹਨਾਂ ਨੂੰ ਥਿਆਇਆ ਸੀ
ਫੀਚਰ ਫਿਲਮਾਂ ਵੰਗੂ ਕਦੇ ਹੈਪੀ ਐਂਡਿੰਗ ਨੀਂ ਹੋਇਆ ਏਹਨਾਂ ਦਾ
ਦਾਦੇ ਬਾਅਦ ਪੁੱਤ ਤੇ ਫਿਰ ਪੋਤਰੇ ਦੀ
ਹਾਜ਼ਰੀ ਲੱਗਦੀ ਆ ਸ਼ਾਹਾਂ ਦੀ ਵਹੀ 'ਤੇ
ਦਾਦਾ 'ਗੂਠਾ ਲਾਉਂਦਾ ਸੀ
ਪੋਤਰਾ ਸਾਈਨ ਕਰਦਾ
ਭੂਸ਼ੇ ਦੀ ਭੈਣ ਦੀਆਂ ਗੁਲਾਬੀ ਕਾਗਜ਼ 'ਚ ਲਪੇਟੀਆਂ
ਵਾਲੀਆਂ ਪਈਆਂ ਦੀਹਦੀਆਂ ਸੇਠ ਦੇ ਦਰਾਜ਼ 'ਚ
ਐਨਕਾਂ ਓਤੋਂ ਦੀ ਝਾਕਦਾ ਦੀਂਹਦਾ ਸੇਠ
ਮੇਜਰ ਰਾਜਸਥਾਨੀ ਦੀ ਰੀਲ
"ਚਾਰ ਲਾਮਾਂ ਲੈਕੇ ਉਹ ਮਾਹੀ ਦੀ ਬਣਗੀ,
ਵਿਆਹ ਤੋਂ ਬਾਅਦ ਚੰਦਰੀ ਬੁਲਾਓਣੋਂ ਹਟਗੀ"
ਦੇ ਧਾਗੇ ਨਾਲ ਪਤੰਗ ਚੜ੍ਹਾਉਂਦਾ
ਪੱਕੀ ਪਹਿਲੀ 'ਚ ਪੜ੍ਹਦਾ ਜਵਾਕ
ਤੇ ਫਿਰ ਬਾਰ੍ਹਵੀਂ ਪਾਸ ਕਰਕੇ
ਪਾਸ਼ ਦੀ ਕਿਤਾਬ ਗੋਲ ਕਰਕੇ ਫੜ੍ਹਦਾ ਹੱਥ 'ਚ
ਤੇ ਮੁੱਕਾ ਵੱਟ ਇੰਕਲਾਬ ਦਾ ਨਾਅਰਾ ਲਾਉਣ ਦੀ ਸੋਚਦਾ
ਤੇ 'ਖਬਾਰ ਤੋਂ ਕੱਟ ਕਲੀ ਕੀਤੀ ਕੰਧ ਤੇ ਲਾਈ
ਐਕਟਰਨੀ ਦੀ ਫੋਟੋ ਵੇਖ ਮਨ ਬਦਲ ਲੈਂਦਾ
ਟੇਢਾ ਕਰਕੇ ਰਿਕਸ਼ੇ ਦੇ ਚੱਕੇ ਨੂੰ ਗਲੀਸ ਲਾਉਦਾਂ
ਮੂੰਹ 'ਚ ਤਲਬ ਚਿੱਥਦਾ ਬੂ ਮਾਰਦਾ ਭਈਆ
ਤਲਖੀ ਦਿਖਾਉਂਦਾ ਕਾਰ ਆਲੇ ਨੂੰ ਚਿੱਕੜ ਦੇ ਛਿੱਟੇ ਮਾਰਨ ਤੇ
ਲੇਬਰ ਚੌਂਕ 'ਚ ਬੈਠਾ ਮਜ਼ਦੂਰ
ਘੜੀ ਤੇ ਡਿੱਗੀ ਮੁੜ੍ਹਕੇ ਦੀ ਬੂੰਦ ਪੂੰਝ
ਟੈਮ ਵੇਖ ਸੋਚਦਾ,"ਬਸ ਜਰ ਅੱਧੀ ਦਿਹਾੜੀ ਰਹਿਗੀ ਹੁਣ ਤਾਂ"
ਮੰਡਿਓਂ ਨਮੇਂ ਬੋਰ ਖਾਤਰ ਟਰੈਲੀ ਤੇ ਪੈਪਾਂ ਲੱਦਕੇ ਲਿਆਂਉਦਾਂ ਬਾਬਾ ,
ਪੈਪਾਂ ਪਿੱਛੇ ਲੀੜਾ ਟੰਗਦਾ
ਚਿਤਾਵਨੀ ਖਾਤਰ ਸੈਂਸ ਘੋਟਦਾ, ਖਾਜੇ ਪੀਰ ਦੀ ਕੜਾਹੀ ਕਰਕੇ
ਡੂਢ ਲੱਖ ਲਾ ਬੋਰ੍ਹ ਚਲਾਉਦਾਂ
ਤੇ ਸੁੱਕੇ ਬੋਰ੍ਹ ਵੰਨੀ ਵੇਖ ਮਿਸਤਰੀ ਸਿਰ ਫੇਰ ਦੇਂਦਾ
ਨੀਲੀ ਛੱਤ ਵਾਲੇ ਵੰਨੀਂ ਹੱਥ ਜੋੜ ਬਾਬਾ ਬੋਲਦਾ
"ਏਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ"....ਘੁੱਦਾ

No comments:

Post a Comment