Thursday 10 May 2012

ਚੰਨਣ ਦੇ ਓਹਲੇ

ਧੀਏ ਚੰਨਣ ਦੇ ਓਹਲੇ ਓਹਲੇ ਕਿਉਂ ਖੜੀ?
ਐਂਤਕੀ ਵਿਆਹ ਦਾ ਦਿਨ ਬੱਝਣ ਕਰਕੇ ਉਦਾਸ ਹੋਕੇ ਨਹੀਂ ਖੜ੍ਹੀ ਬਾਪੂ
ਮੈਂ ਚੰਨਣ ਦੇ ਓਹਲੇ
ਐਂਤਕੀ ਸੁਣ ਰਿਹਾ ਮੈਨੂੰ ਕੁਰਕੀ ਕਰਨ ਆਏ ਪੁਲਸੀਆਂ ਦਾ
ਜੀਪਾਂ ਚੋਂ ਓਤਰਦਿਆਂ ਦੇ ਪੈਰਾਂ ਦਾ ਖੜਾਕ
ਤਲਵੰਡੀ ਮੰਡੀ ਨੂੰ ਵਿਕਣ ਖਾਤਰ ਜਾਂਦਾ ਦਿਸਦਾ
ਤੇਰਾ ਫੋਰਡ ਟਰੈਕਟਰ
ਸੱਥਾਂ 'ਚੋਂ ਸੁਣਦੀਆਂ ਤੇਰੀਆਂ ਕਨਸੋਆਂ
ਡਿਫਾਲਟਰਾਂ ਦੀ ਲਿਸਟ 'ਚ ਲੱਗਾ ਤੇਰਾ ਨਾਂ ਦੀਹਦਾਂ ਬਾਪੂ
ਮੈਂ ਓਹਲੇ ਤਾਂ ਖੜ੍ਹੀ ਆਂ ਬਾਪੂ
ਨਾਣਕਿਆਂ ਤੋਂ ਮੈਨੂੰ ਮਿਲੀ ਕੁੜਤੀ
ਵੱਖੀਆਂ ਕੋਲੋਂ ਘਸੀ ਪਈ ਏ
ਤੇ ਇੱਕੀਵੀਂ ਸਦੀ ਦੀਆਂ ਨਿਗ੍ਹਾਹਾਂ ਤੇਰੀ ਪੱਗ ਤੇ ਨਹੀਂ
ਮੇਰੀ ਵੱਖੀ ਤੇ ਟਿਕਣਗੀਆਂ
ਮੈਂ ਜਗਬਾਣੀ ਅਖਬਾਰ ਨਹੀਂ ਬਨਣਾ ਬਾਪੂ
ਟ੍ਰਿਬਿਊਨ ਦਾ ਸੰਪਾਦਕੀ ਸਫਾ ਈ ਮੁਨਾਸਿਬ ਏ ਸਾਨੂੰ
ਮੈਂ ਓਹਲੇ ਤਾਂ ਖੜ੍ਹੀ ਆਂ ਬਾਪੂ
ਤੂੰ ਅੱਜ ਵੀ ਡਰਦਾ ਮੈਨੂੰ ਕਾਲਜ ਭੇਜਣ ਤੋਂ
ਤੂੰ ਨਹੀਂ ਚਾਹੁੰਦਾ ਤੇਰੀ ਧੀ ਨੂੰ ਕੋਈ "ਚੀਜ਼ੀ" ਆਖੇ
ਮੇਰੀ ਗੁੱਤ ਦੀ ਪੋਨੀ ਬਨਣ ਤੋਂ ਡਰਦਾ ਤੂੰ
ਮੈਂ ਓਹਲੇ ਤਾਂ ਖੜ੍ਹੀ ਆਂ ਬਾਪੂ
ਕਿਤੇ ਤੇਰੀ ਧੀ ਨੂੰ ਦੇਖਣ ਆਏ
ਰਿਸ਼ਤੇ ਦਾ ਸੌਦਾ ਨਾ ਬਣਾ ਦੇਣ
ਕਿਤੇ ਨਿਆਈਂ ਆਲਾ ਵਾਹਣ ਵੇਚ ਤੈਨੂੰ ਧੀ ਤੋਰਨੀ ਪਵੇ
ਮਿੱਟੀ ਦੇ ਤੇਲ ਨਾਲ ਮੱਚਕੇ
ਮੈਂ ਅਖਬਾਰ ਦੀ ਸੁਰਖੀ ਨੀਂ ਬਨਣਾ ਬਾਪੂ
ਮੈਂ ਤਾਹੀਓ ਓਹਲੇ ਖੜ੍ਹੀ ਆਂ
ਐਂਤਕੀ ਵਿਆਹ ਦਾ ਦਿਨ ਬੱਝਣ ਕਰਕੇ ਉਦਾਸ ਹੋਕੇ ਨਹੀਂ ਖੜ੍ਹੀ ਬਾਪੂ
ਮੈਂ ਚੰਨਣ ਦੇ ਓਹਲੇ....ਘੁੱਦਾ

No comments:

Post a Comment