Thursday 24 May 2012

ਨਾਗਵਲ ਪਿਆ ਮਿੱਤਰਾ

ਨਵੀਂ ਨਵੀਂ ਜੀ ਹਵਾ ਇਹ ਚੱਲੀ ਰੁਕਦੀ ਨਹੀਂ ਰੁਕਾਈ
ਕੁੜੀ ਜੱਟਾਂ ਦੀ ਉੱਧਲ ਕੇ ਸੁਣਿਆ ਸੇਠਾਂ ਦੇ ਘਰ ਆਈ
ਘਰਦਿਆਂ ਕੋਂਲੋ ਆਕੀ ਹੋਕੇ ਆਪੇ ਰਿਸ਼ਤਾ ਫਿੱਟ ਕਰਿਆ
ਕੱਢ ਦੁਨਾਲੀ ਪ੍ਰੇਮੀ ਠੋਕਤਾ ਪਿਆ ਚੌਂਕ ਵਿੱਚ ਧਰਿਆ
ਆਨਰ ਕਿਲਿੰਗ ਦਾ ਕੇਸ ਬਣਾਕੇ ਹੁਣ ਜੱਟ ਨੂੰ ਅੰਦਰ ਕਰਾਉਣਾ
ਨਾਗਵਲ ਪਿਆ ਮਿੱਤਰਾ ਏਹੇ ਮਸਲਾ ਸੌਖਾ ਨਹੀਂ ਸੁਲਝਾਉਣਾ

ਸੰਤਾਲੀ ਪਿੱਛੋਂ ਦੇਸ਼ ਵੰਡਕੇ ਦੋ ਟੋਟੇ ਸੀ ਕਰਤੇ
ਵਾਢੀ ਕਰ ਬੰਦਿਆਂ ਦੀ ਫਿਰ ਰੇਲਾਂ ਦੇ ਡੱਬੇ ਸੀ ਭਰਤੇ
ਓਦੋਂ ਤੋਂ ਈ ਇੱਕ ਮੁੱਦਾ ਜੰਮੂ -ਕਸ਼ਮੀਰ ਦਾ ਨਿੱਤ ਭੜਕੇ
ਅਗਲੇ ਕਹਿੰਦੇ ਸਾਡਾ ਏਰੀਆ ਲੈਲਾਂਗੇ ਹੱਕ ਲੜਕੇ
ਇੰਡੀਆ ਵੀ ਹਿੱਕ ਠੋਕ ਆਖਦਾ ਆਜੋ ਕੀਹਨੇ ਹੱਥ ਲਾਉਣਾ
ਨਾਗਵਲ ਪਿਆ ਮਿੱਤਰਾ ਏਹੇ ਮਸਲਾ ਸੌਖਾ ਨਹੀਂ ਸੁਲਝਾਉਣਾ

ਹੱਕਾਂ ਦੀ ਨਿੱਤ ਮੰਗ ਉੱਠਾਉਦੇਂ ਮਨੀਪਾਲ ਦੇ ਜੰਗਲ
ਕਹਿੰਦੇ ਏ.ਕੇ ਸੰਤਾਲੀ ਨਾਲ ਤੋੜਨਾ ਲੋਕਤੰਤਰ ਦਾ ਸੰਗਲ
ਤੇੜ ਲਪੇਟੇ ਪੱਤਿਆਂ 'ਚੋਂ ਨਿਕਲਣ ਆਜ਼ਾਦੀ ਦੀਆਂ ਲਾਟਾਂ
ਕਾਮਰੇਡਾਂ ਦੀ ਸੋਚ ਧਾਰਕੇ ਸੁਨਣ ਮਾਕਸ, ਲੈਨਿਨ ਦੀਆਂ ਬਾਤਾਂ
ਵੋਟ ਤੋਂ ਵਾਂਝੇ ਰੱਖੇ ਜਿਹੜੇ ਚਾਹੁੰਦੇ ਲੋਕ ਸਭਾ ਤੱਕ ਆਉਣਾ
ਨਾਗਵਲ ਪਿਆ ਮਿੱਤਰਾ ਏਹੇ ਮਸਲਾ ਸੌਖਾ ਨਹੀਂ ਸੁਲਝਾਉਣਾ

ਵਿੱਚ ਚੌਰਾਸੀ ਹਜ਼ਾਰਾਂ ਮਾਰਤੇ ਨਾ ਸਜ਼ਾ ਕਿਸੇ ਨੂੰ ਹੋਈ
ਮੋਟਰਸੈਕਲ ਆਲੇ ਇੱਕ ਅਫਸਰ ਠੋਕਗੇ ਓੱਤੇ ਲਈ ਸੀ ਲੋਈ
ਪੁਲਾਂ ਰੋਹੀਆਂ ਚੋਂ ਲੱਭੀਆਂ ਲਾਸ਼ਾ ਜਾਅਲੀ ਮੁਕਾਬਲੇ ਹੋਏ
ਬਚਦੇ ਪੁੱਤ ਵਲੈਤ ਤੋਰਤੇ ਲੈ PR ਪੱਕੇ ਹੋਏ
ਸੁੱਤਿਆਂ ਦਿਸਣ ਯਾਰਾਂ ਦੀਆਂ ਲਾਸ਼ਾ ਚਾਹੁੰਦੇ ਖਾਲਿਸਤਾਨ ਬਣਾਉਣਾ
ਨਾਗਵਲ ਪਿਆ ਮਿੱਤਰਾ ਏਹੇ ਮਸਲਾ ਸੌਖਾ ਨਹੀਂ ਸੁਲਝਾਉਣਾ

ਵਾਹਗੇ ਤਾਂਈ ਸੁਣਦਾ ਲਾਹੌਰ ਲੱਗਿਆ ਜੇਹਾਦ ਦਾ ਨਾਅਰਾ
ਸੁੰਨੀ ਸ਼ੀਆ ਦੀ ਡਾਂਗ ਖੜਕਦੀ ਚੜ੍ਹਿਆ ਪਿਆ ਏ ਪਾਰਾ
ਐਬਟਾਬਾਦ ਲਾਦੇਨ ਠੋਕਤਾ ਉਬਾਲੇ ਅਲ-ਕਾਇਦਾ ਹੁਣ ਮਾਰੇ
ਕਹਿੰਦੇ ਕੱਲਾ ਕੱਲਾ ਠੋਕਣੇ ਬੈਠੇ ਵਾਈਟ ਹਾਊਸ ਵਿੱਚ ਸਾਰੇ
ਬਰੂਦ ਦੀ ਭਰਕੇ ਗੱਡੀ ਮਾਰਨੀ ਖੂਨ ਬੇਦੋਸ਼ਿਆਂ ਦਾ ਵਗਾਉਣਾ
ਨਾਗਵਲ ਪਿਆ ਮਿੱਤਰਾ ਏਹੇ ਮਸਲਾ ਸੌਖਾ ਨਹੀਂ ਸੁਲਝਾਉਣਾ

ਖੂਹ ਤੇਲ ਦੇ ਇਰਾਕ 'ਚ ਲੱਗੇ ਕਬਜ਼ਾ ਕਰੇ ਅਮਰੀਕਾ
ਸੱਦਾਮ ਹਸੈਨ ਸੂਲੀ ਚਾੜ੍ਹਤਾ ਹੱਥ ਲੱਗਿਆ ਨਵਾਂ ਤਰੀਕਾ
ਇਜ਼ਰਾਈਲ ਲਿਬਨਾਨ ਵਿਚਾਲੇ ਖੜਕੇ ਭੇਜੇ UNA ਨੇ ਗੱਭਰੂ ਪੂਰੇ
ਬੰਨ੍ਹ ਨੀਲੀਆਂ ਪੱਗਾਂ ਓੱਥੇ ਸ਼ਾਤੀ ਵੰਡਦੇ ਗੁਰੂ ਗੋਬਿੰਦ ਦੇ ਸੂਰੇ
ਛੱਡ ਦੁਨੀਆਂ ਨੂੰ ਘੁੱਦਿਆ ਚੱਕ ਟੋਕਰਾ ਹਲੇ ਪਸੂਆਂ ਨੂੰ ਨੀਰਾ ਪਾਉਣਾ
ਨਾਗਵਲ ਪਿਆ ਮਿੱਤਰਾ ਏਹੇ ਮਸਲਾ ਸੌਖਾ ਨਹੀਂ ਸੁਲਝਾਉਣਾ....ਘੁੱਦਾ

No comments:

Post a Comment