Monday 28 May 2012

ਗੁਰੂਆਂ ਪੀਰਾਂ ਦੀ ਧਰਤੀ ਤੇ

ਬਿਹਾਰੋਂ ਤੁਰੀ ਰੇਲ ਜੀ ਇੱਕ ਵੱਲ ਪੰਜਾਬ ਦੇ
ਬੁੱਲਾਂ 'ਚ ਜਰਦਾ ਥੁੱਕ ਪਿਚਕਾਰੀ ਕੀ ਕਹਿਣੇ ਜਨਾਬ ਦੇ
ਤੇੜ ਬੰਨ੍ਹੀ ਲੁੰਗੀ ਤੇ ਮੋਢੇ ਰੱਖਿਆ ਪਰਨਾ ਜੀ
ਝੋਨੇ ਕਾ ਸੀਜ਼ਨ ਨੇੜੇ ਸਰਦਾਰ ਕਾਮ ਹੈ ਕਰਨਾ ਜੀ
ਕਹਿੰਦਾ ਏਹੀ ਦੋ ਮਹੀਨੇ ਹਮਾਰੀ ਕਮਾਈ ਆ
ਟੇਸ਼ਨ ਤੇ ਬੈਠਾ ਬਾਬਾ ਕਹਿੰਦਾ ਬਿਹਾਰੋਂ ਲੇਬਰ ਆਈ ਆ

ਕਨੈਡਾ ਪੰਜਾਬ ਨੂੰ ਕਹਿੰਦੇ ਤਾਂਹੀਓ ਏਧਰ ਨੂੰ ਆਉਂਦੇ ਨੇ
ਲੱਕ ਸਿੱਧਾ ਨੀਂ ਕਰਦੇ ਤਿੱਖੜ ਦੁਪੈਹਰੇ ਝੋਨਾ ਲਾਉਂਦੇ ਨੇ
ਰੇਲ ਚੌਲਾਂ ਦੀ ਬਣਾਕੇ ਤਲਬ ਮੂੰਹ 'ਚ ਠੋਕ ਲੈਂਦੇ
"ਸਰਦਾਰ ਚਾਹ ਲੇਕਰ ਆ ਰਿਹਾ" ਦੂਰੋਂ ਈ ਘੋਖ ਲੈਂਦੇ
ਨਾਲੋ ਨਾਲ ਫੂਨ ਤੇ "ਦਿਲਵਾਲੇ" ਫਿਲਮ ਦੇ ਗਾਣੇ ਲਾਉਂਦੇ ਨੇ
ਬਹੁਤੀ ਵੱਟਤ ਘੱਟ ਖਰਚਾ ਪੈਸੇ ਬਿਹਾਰ ਘਲਾਉਂਦੇ ਨੇ

ਕੂਲਰ ਛੱਡਕੇ ਸੌਂ ਜਾਂਦੀ ਆਪਣੇ ਆਲੀ ਜੰਤਾ ਬਈ
ਪੈਲੀ ਵੇਚ ਕਨੇਡੇ ਤੁਰ ਗਿਆ ਢਿਲੋਆਂ ਦਾ ਕੰਤਾ ਬਈ
ਸੁਣਿਆ ਗੋਰੇ ਉਹਤੋਂ ਫਲੱਸ਼ਾਂ ਬਹੁਤ ਸਾਫ ਕਰਾਉਂਦੇ ਨੇ
ਸੀਰੀਆਂ ਤੇ ਹੁਕਮ ਚਲਾਉਣ ਆਲੇ ਉੱਥੇ ਪੋਚੇ ਲਾਉਂਦੇ ਨੇ
ਘਰੇ ਗੱਲ ਕਰਨੈ ਨੂੰ ਉਹਨੇ ਸਕੈਪੀ ਤੇ ਆਈ ਡੀ ਬਣਾਈ ਆ
ਔਨਲਾਈਨ ਹੰਝੂ ਕੇਰਦਾ ਪਾਉਂਦਾ ਬਹੁੜ ਦੁਹਾਈ ਆ

ਐਮ.ਏ ਕਰਕੇ ਵਿਹਲਾ ਹੁਣ ਗੱਭਰੂ ਖੇਤ ਜਾਣ ਤੋਂ ਡਰਦਾ ਆ
ਖੇਤੀ ਨੂੰ ਹੁਣ ਹੀਣਤਾ ਸਮਝੇ ਜੌਬਾਂ ਲਈ ਅਪਲਾਈ ਕਰਦਾ ਆ
ਕੱਲਾ ਬਹਿਕੇ ਗੀਤ ਲਿਖਦਾ ਜ਼ਹਾਜੇ ਚੜ੍ਹੀ ਮਸ਼ੂਕ ਦੇ
ਕਹਿੰਦਾ ਵਿਛੜਨ ਲੱਗੀ ਦੇ ਬੋਲ ਤੇਰੇ ਕੰਨਾਂ ਵਿੱਚ ਕੂਕਦੇ
ਹੁਣ ਲੌਨ ਬੈਂਕ ਤੋਂ ਲੈਕੇ ਕਹਿੰਦਾ ਟੇਪ ਕਰਾਉਣੀ ਆ
ਪਾਇਰੇਸੀ ਆਲੇ ਖਾ ਜਾਣਗੇ ਕਿੱਥੋਂ ਰਾਸ ਇਹ ਆਉਣੀ ਆ

ਸੁਣਿਆ ਪੰਜ-ਆਬਾਂ ਦੇ ਅੰਦਰ ਹੈਰੋਇਨ, ਸਮੈਕਾਂ ਵਿਕਦੇ ਨੇ
ਜਵਾਨੀਓਂ ਪਹਿਲਾਂ ਬੁੱਢੇ ਲੱਗਦੇ ਨਾ ਰਿਸ਼ਤੇ ਆਲੇ ਟਿਕਦੇ ਨੇ
ਓਤੋਂ ਆਈ ਟਵੰਟੀ ਮੰਗਦੇ ਜੀਹਨੂੰ ਚਾਰ ਕਿੱਲ੍ਹੇ ਆਉਂਦੇ ਨੇ
ਊਂ ਕਹਿਣਗੇ ਕੋਈ ਮੰਗ ਨੀ ਫਿਰ ਵੀ ਸਾਲੇ ਲਿਸਟ ਬਣਾਉਂਦੇ ਨੇ
ਭੈਣੀ ਯਾਹਵੇ ਦਾਜ ਖਾਤਰ ਕੁੜੀਆਂ ਨੂੰ ਅੱਗਾਂ ਲਾਉਂਦੇ ਨੇ
ਉਤੋਂ ਹਰਾਮੀ ਪੜ੍ਹੇ ਲਿਖੇ ਇੱਕੀਵੀਂ ਸਦੀ ਦੇ ਪੁਰਖ ਕਹਾਉਂਦੇ ਨੇ

ਲੱਕ ਤੇ ਪੈਂਟ ਨੀਂ ਖੜ੍ਹਦੀ ਉਂ ਕਹਿਣਗੇ ਬੌਡੀ ਬਣਾਈ ਆ
ਫੋਟੋ ਕੁੜੀ ਨਾਲ ਖਿਚਾਕੇ ਫੇਸਬੁੱਕ ਤੇ ਪਾਕੇ ਕਹਿਣ ਥੋਡੀ ਭਰਜਾਈ ਆ
ਸਕੀ ਭੈਣ ਦਾ ਮੋਹ ਨੀਂ ਕਰਦੇ ਫੇਸਬੁੱਕ ਤੇ ਭੈਣਾਂ ਬਣਾਉਂਦੇ ਨੇ
ਸ਼ਕਲ ਨੀਂ ਵੇਂਹਦੇ ਆਵਦੀ ਪਿਓ ਨੂੰ ਕਹਿ ਬੁੜ੍ਹਾ ਬੁਲਾਉਂਦੇ ਨੇ
ਭਗਤ ਸਿਹੁੰ ਦੀਆਂ ਗੱਲਾਂ ਕਰਦੇ ਊਂ ਨੇ ਸਾਰੇ ਪਿੱਠੂ ਸਰਕਾਰਾਂ ਦੇ
ਗੁਰੂਆਂ ਪੀਰਾਂ ਦੀ ਧਰਤੀ ਤੇ ਘੁੱਦਿਆ ਪਿੰਡੇ ਵਿਕਦੇ ਨਾਰਾਂ ਦੇ...ਘੁੱਦਾ

No comments:

Post a Comment