Monday 17 October 2011

ਖਾਮੋਸ਼ ਚੀਕਾਂ

ਅਜੇ ਤਾਂ ਸੂਰਜ ਉੱਗਿਆ ਵੀ ਨਹੀਂ,
ਫਿਰ ਏਨਾ ਦਹਿਮ ਕਿਉ ਏ?,
ਅਜੇ ਤਾਂ ਘੋਰ ਹਨੇਰਾ ਏ, ਮੂੰਹ ਹਨੇਰਾ ਵੀ ਨਹੀਂ,
ਪੰਛੀ ਵੀ ਚਹਿਕ ਨਹੀਂ, ਰੌਲਾ ਪਾ ਰਹੇ ਨੇ,
ਹਵਾ ਵੀ ਰੁਮਕ ਨਹੀਂ, ਸ਼ੂਕ ਰਹੀ ਏ,
ਫਿਰ ਵੀ ਪੱਤੇ ਅਹਿੱਲ ਨੇ, ਵੇਖਾਂ ਤਾਂ ਸਹੀ....

ਆਹ ਪੈਰ ਕਿਸਦੇ ਲਟਕ ਰਹੇ ਨੇ ਰੁੱਖ ਨਾਲ,
ਤੇ ਉੱਪਰ ਪੱਗ ਵੀ ਰੱਸੇ ਵਾਂਗ  ਲਟਕੀ ਹੋਈ ਏ,
ਇਹ ਤਾਂ ਤਾ....ਤਾ...ਤਾ...ਤਾਇਆ ਆ ਮੇਰਾ,
ਪਰ ਇਹ ਕੀ, ਪਰਸੋਂ ਤਾਂ ਇਹਦੀ ਧੀ ਦਾ ਵਿਆਹ ਏ,
ਸ਼ਾਇਦ ਰਾਂਤੀ ਆੜ੍ਹਤੀਏ ਨੇ ਪੈਸਿਆਂ ਤੋਂ ਸਿਰ ਫੇਰ ਦਿੱਤਾ ਹੋਣੈ,
ਤਾਹੀਉਂ ਤਾਏ ਦੀ ਸਿਰ ਦੀ ਪੱਗ, ਗਲ ਦਾ ਰੱਸਾ ਬਣ ਗਈ ਏ..

ਉਹ ਕਾਰਾਂ ਦੇ ਕਾਲੇ ਸ਼ੀਸ਼ਿਆਂ ਵਿੱਚੋਂ ਤੱਕਦੇ ਨੇ,
ਸੜਕ ਕਿਨਾਰੇ ਬੈਠੀ ਮਮਤਾ ਦਾ ਫਰਜ਼ ਨਿਭਾ ਰਹੀ ਅੱਲੜ੍ਹ ਦੀਆਂ ਛਾਤੀਆਂ,
ਅਣਗੌਲਿਆ ਕਰ ਦਿੰਦੇ ਨੇ, ਉਹਦੇ ਕਿਰਤ ਕਰਦੇ ਹੱਥ,
ਨਾਲੇ ਖਾਲੀ ਛਾਤੀ ਨੂੰ ਚਿੰਬੜਿਆ ਭੁੱਖਾ ਨਿਆਣਾ,
ਤਾਂ ਫਿਰ ਉਹਨ੍ਹਾਂ ਲਈ ਤਾਂ ਤਾਏ ਦੀ ਮੌਤ ਮਹਿਜ਼ ਇੱਕ ਮੌਤ ਏ,
ਜਾਂ ਖੁਦ ਹੀ ਕੁਚਲੀ ਗਈ ਭਵਿੱਖ ਦੀ ਬਗਾਵਤ.....

ਹੁਣ ਆਉਣਗੇ ਕੁਝ ਕੁ ਉਹ ਪੱਤਰਕਾਰ ਜੋ ,
ਪਸੰਦ ਨਹੀਂ ਕਰਨਗੇ ਹੁਣ ਇਹ ਆਮ ਖ਼ਬਰ ਰੋਜ਼ ਵਾਂਗ,
ਉਹ ਆਉਣਗੇ ਮੌਤ ਦਾ ਕਾਰਨ ਅਵਾਮ ਨੂੰ ਦੱਸਣ?
ਨਹੀਂ ,ਅਸਲ ਵਿੱਚ ਆਪਣੀ ਰੋਟੀ ਦਾ ਜੁਗਾੜ ਕਰਨ,
ਮੈਨੂੰ ਯਾਦ ਆ ਰਹੇ ਨੇ ਤਾਏ ਦੇ ਉਹ ਬੋਲ,"ਪੁੱਤ ਕਦੇ ਮੇਰੀ ਫੋਟੋ ਵੀ 'ਖਬਾਰ 'ਚ ਆਊਗੀ"?
ਕਾਸ਼ !ਤਾਇਆ ਅਨਪੜ੍ਹ ਨਾ ਹੁੰਦਾ..ਤਾਂ ਲਿਖ ਦਿੰਦਾ ਖੁਦਕੁਸ਼ੀ ਨੋਟ...

ਸਭ ਲੋਕ ਕੋਸਣਗੇ ਤਾਏ ਨੂੰ ਤੇ ਬੁਜ਼ਦਿਲ ਕਰਾਰ ਦੇਣਗੇ,
ਇਹ ਖੁਦਕੁਸ਼ੀ ਨਹੀਂ, ਤਾਏ ਹੱਥੋਂ ਹੀ ਤਾਏ ਦਾ ਕਤਲ ਕਰਾਇਆ ਗਿਆ ਏ,
ਪਰ ਕੋਈ ਨਹੀਂ ਸਮਝੇਗਾ ਇਹ ਖਾਮੋਸ਼ ਖੁਦਕੁਸ਼ੀ ਨੋਟ,
ਖੈਰ ਮੈਂ ਇਤਲਾਹ ਦੇ ਆਵਾਂ ਸਰਪੰਚ ਨੂੰ  ,
 ਰੁੱਖ ਦੇ ਤਣੇ ਤੋਂ ਚੜ੍ਹਕੇ ,ਲਾਸ਼ ਤੱਕ ਕੀੜੀਆਂ ਪਹੁੰਚਣ ਤੋਂ ਪਹਿਲਾਂ....

Writtn BY---ਅੰਮ੍ਰਿਤ ਪਾਲ ਸਿੰਘ

ਠੇਠ ਸਵਾਲ

ਕਿਸਨੂੰ ਕਹਿੰਦੇ ਓ ਤੁਸੀਂ ਪੰਜਾਬੀ?
ਦੋ ਹਾੜ੍ਹੇ ਲਾਕੇ , ਦੁਨਾਲੀ ਚੱਕ ਕੇ ਲਲਕਾਰੇ ਮਾਰਨ ਵਾਲੇ ਨੂੰ?
ਜਾਂ ਅਰਮਾਨੀ ਐਨਕ ਲਾਕੇ, ਪਿਊਮਾ ਬੂਟ ਪਾਕੇ,
ਬੁਲਟ ਤੇ ਗੇੜੀਆਂ ਲਾਉਣ ਵਾਲੇ ਨੂੰ,
ਪਰ ਜਿਸਦੀ ਹੜ੍ਹਾਂ ਨਾਲ  ਫਸਲ ਰੁੜ੍ਹ ਜਾਵੇ,
ਘਰ ਜਵਾਨ ਪੁੱਤਰ ਦੀ ਮੌਤ ਹੋ ਜਾਵੇ,
ਤੇ ਘਰੇ ਬੈਠੀ ਹੋਵੇ ਛੁੱਟੜ ਧੀ,
ਤੇ ਫਿਰ ਵੀ ਆਖੇ, "ਸਭ ਸੁੱਖ ਸਾਂਦ ਏ",
ਉਸਨੂੰ ਤੁਸੀ ਕੀ ਨਾਮ ਦਿਉਗੇ?

ਕਿਸਨੂੰ ਕਹਿੰਦੇ ਓ ਤੁਸੀਂ ਸ਼ਰਧਾ?
ਸਿਰਫ ਮੱਥਾ ਟੇਕਣਾ ਪਰ ਖੁਦ ਨੂੰ ਨਾ ਟੇਕਣਾ,
ਪੜ੍ਹ ਲੈਣਾ, "ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ"
ਪਰ ਗੁਰੂ ਘਰ ਜਾਕੇ 'ਅਬੋਰਸ਼ਨ' ਦਾ ਕੰਮ ਨੇਪਰੇ,
ਚੜ੍ਹਨ ਦੀ ਅਰਦਾਸ ਕਰਨਾ,
ਪੜ੍ਹ ਲੈਣਾ "ਮਿਠੁਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤੁ"
ਪਰ ਕਿਸੇ ਨੂੰ ਸੰਬੋਧਨ ਕਰਨ ਵੇਲੇ ਪਹਿਲਾ ਸ਼ਬਦ ਵਰਤਣ "ਊਏ"
ਕੀ ਇਹੋ ਹੈ ਸਾਡੀ ਸ਼ਰਧਾ?

ਕਿਸਨੂੰ ਕਹਿੰਦੇ ਓ ਤੁਸੀਂ ਦੇਸ਼ ਭਗਤ?
ਸਪੀਕਰ ਨੂੰ ਤੰਗ ਕਰਕੇ, ਮੇਜ਼ਾਂ ਥਪਥਪਾਉਣ ਵਾਲਿਆਂ ਨੂੰ?
ਜਾਂ ਉਗਲਾਂ ਖੜ੍ਹੀਆਂ ਕਰਕੇ, ਜੇਤੂ ਚਿੰਨ੍ਹ ਬਣਾਉਣ ਪਿੱਛੋਂ,
ਮਦਾਰੀ ਦੇ "ਝੁਰਲੂ" ਵਾਗੂੰ ਸ਼ਿਤਮ ਹੋ ਜਾਣ ਵਾਲਿਆਂ ਨੂੰ?
ਭਰ ਜਵਾਨੀ 'ਚ 'ਕਾਲੇਪਾਣੀ' ਗਏ ,
ਪਰ ਬਾਬੇ ਬਣਕੇ ਮੁੜੇ ਲੋਕਾਂ ਨੂੰ ,
ਤੁਸੀਂ ਕੀ ਨਾਮ ਦਿਉਗੇ?

ਕੀ ਇਹੋ ਨੇ ਸਾਡੇ ਗੀਤ?
ਮਹਿਬੂਬ ਲਈ ਹਿਟਲਰ ਬਣ ਜਾਣਾ,
ਜਾਂ ਗਾਉਦੇ ਰਹਿਣਾ, ਜੱਟ ਫੋਰਡ ਤੇ, ਜੱਟ ਕੰਬਾਇਨ ਜਾਂ ਸਫਾਰੀ ਤੇ?
ਬਸ ਗਾਉਦੇਂ ਰਹਿਣਾ ਜੱਟ ਦੀ ਗਵਾਚ ਰਹੀਂ ਹੋਂਦ ਦੇ ਸੋਹਲੇ,
ਜੋ ਸੱਚਮੁੱਚ 'ਜੱਟ' ਸ਼ਬਦ ਨਾਲ ਪਿਆਰ ਹੈ ਤਾਂ ,
ਕੀ 40 ਸਾਲਾਂ ਬਾਅਦ ਵਤਨ ਪਰਤੇ,
ਤੇ ਪਤਨੀ ਵੱਲੋਂ ਵੀ ਨਾ ਪਹਿਚਾਣੇ ਗਏ ,
ਚਾਚਾ ਅਜੀਤ ਸਿੰਘ ਦਾ ਗੀਤ
"ਪੱਗੜੀ ਸੰਭਾਲ ਜੱਟਾ"
ਸਾਡਾ ਗੀਤ ਨਹੀਂ ਬਣ ਸਕਦਾ?

Written By   ----      ਅੰਮ੍ਰਿਤ ਪਾਲ ਸਿੰਘ (9465383711)

ਅੱਤਵਾਦ

ਕਿਸੇ ਸਰਕਾਰੀ ਮੁਲਾਜ਼ਮ ਦੀ ਦਾਹੜੀ ਤੇ ਬੰਨ੍ਹੀ ਢਾਹਠੀ ਹੇਠ,
ਨਰੜੇ ਵਾਲਾਂ ਵਰਗੇ ਲੋਕ ਜਦ ਬਣਦੇ ਨੇ ਲਹਿਰ,
ਜਾਂ ਜਦੋਂ ਰੁਲਦੀ ਰਹਿੰਦੀ ਏ ਗਰੀਬ ਦੀ ਪੀਲੀ ਕਾਪੀ,
ਸਰਕਾਰੀ ਮੇਜ਼ਾਂ 'ਤੇ ਇੱਕ ਮੋਹਰ ਖੁਣੋਂ,
ਜਾਂ ਜਦੋਂ ਅੱਕ ਜਾਂਦੇ ਨੇ ਨੌਜਵਾਨ ,ਮੁਜ਼ਾਹਰਿਆ ਵਿੱਚ,
ਹਾਕੀਆਂ ਨਾਲ ਹੰਝੂ ਗੈਸ ਦੇ ਗੋਲੇ ਮੋੜ ਮੋੜ ਕੇ,
ਓਦੋਂ ਬੀਜਿਆ ਜਾਂਦਾ ਏ ਅੱਤਵਾਦ ਦਾ ਬੀਜ..........

ਜਾਂ ਜਦੋਂ ਰੁਲਦੀ ਏ 'ਅੰਨਦਾਤੇ' ਦੀ ਪੱਗ,
'ਗੋਬਿੰਦਪੁਰੇ' ਜਾਂ 'ਟਰਾਈਡੈਂਟ' ਦੇ ਧੱਕੇ ਨਾਲ,
ਜਾਂ ਜਦੋਂ ਵਾਰ-ਵਾਰ ਮਿਲਦੀ ਏ ਕਲੀਨ ਚਿੱਟ,
'84 ਤੇ ਗੋਧਰਾ ਕਾਂਡ ਦੇ ਦੋਸ਼ੀਆਂ ਨੂੰ,
ਜਾਂ ਜਦੋਂ ਸਰਕਾਰੀ ਬੂਟ ਮਿੱਧਦੇ ਨੇ, ਕੌਮ ਦਾ ਦਿਲ,
ਟੈਕਾਂ ਤੋਪਾਂ ਦੀ 'ਸ਼ਹਿ' ਲੈਕੇ ,
ਜਾ ਜਦੋਂ ਅਮਨ ਸ਼ਾਤੀ ਦੇ ਨਾਂ ਹੇਠ ਜੰਮੂ ਵੱਲ ਫੌਜੀ ਹਵਸ,
ਦਾ ਸ਼ਿਕਾਰ ਹੁੰਦੀਆਂ ਨੇ 'ਅਜ਼ਾਦ ਭਾਰਤ ਦੀ ਕੁੜੀਆਂ'
ਓਦੋਂ ਜਵਾਨ ਹੁੰਦਾ ਏ ਅੱਤਵਾਦ......

ਜਦੋਂ ਸਰਕਾਰੀ ਬਿੱਲੇ ਦਾਹੜੇ ਖੋਲ੍ਹਕੇ ,ਕੇਸਕੀਆਂ ਬੰਨ੍ਹਕੇ,
ਜਾ ਵੜਦੇ ਨੇ ਘਰਾਂ ਵਿੱਚ, ਕਿਸੇ ਸੂਰਮੇ ਦੇ ਨਾਂ ਦੀ ਓਟ ਲੈਕੇ,
ਰੋਟੀ ਪਾਣੀ ਝੁਲਸ ਕੇ ਤੁਰ ਜਾਂਦੇ ਨੇ,
ਪਰ ਪਹਿਲਾਂ ਕੱਖੋਂ ਹੌਲੀਆਂ ਕਰ ਦਿੰਦੇ ਨੇ,
ਭੈਣਾਂ ਨੂੰ ਉਹਨ੍ਹਾਂ ਦੇ  ਭਰਾਵਾਂ ਸਾਹਮਣੇ,
ਫਿਰ ਸਵੇਰੇ  ਖਾਕੀ ਵਰਦੀ ਵਿੱਚ ਆ ਗਰਜ਼ਦੇ ਨੇ,
ਫਿਰ 'ਸਣੇ ਬੱਚੇ ਘਾਣੀ ਪੀੜਦੇ ਨੇ' ਪਨਾਹ ਦੇਣ ਦੇ ਦੋਸ਼ ਵਿੱਚ,
ਓਦੋਂ ਬਦਨਾਮ ਹੁੰਦਾ ਏ ਅੱਤਵਾਦ...

ਕੀ ਅੱਤਵਾਦ ਦਬਾਉਣ ਦੇ ਨਾਂ ਹੇਠ,
ਹੁੰਦੀ  ਅੱਤਵਾਦੀ ਕਾਰਵਾਈ, ਅੱਤਵਾਦ ਨਹੀਂ?
'ਆਪ੍ਰੇਸ਼ਨ ਬਲਿਊ ਸਟਾਰ' ਜਾਂ 'ਗਰੀਨ ਹੰਟ' ਅੱਤਵਾਦ ਨਹੀਂ?
'84, ਗੋਧਰਾ ਜਾਂ ਉੜੀਸਾ ਦੰਗਿਆਂ ਦੀਆਂ ਖਾਮੋਸ਼ ਫਾਇਲਾਂ ਅੱਤਵਾਦ ਨਹੀ?
ਜੇ ਇਸ ਸਭ ਦਾ ਵਿਰੋਧ ਅੱਤਵਾਦ ਹੈ,
ਤਾਂ ਸਾਨੂੰ ਬੇਹੱਦ ਪਸੰਦ ਹੈ ਅੱਤਵਾਦ.......


Written By-----ਅੰਮ੍ਰਿਤ ਪਾਲ ਸਿੰਘ