Monday 17 October 2011

ਠੇਠ ਸਵਾਲ

ਕਿਸਨੂੰ ਕਹਿੰਦੇ ਓ ਤੁਸੀਂ ਪੰਜਾਬੀ?
ਦੋ ਹਾੜ੍ਹੇ ਲਾਕੇ , ਦੁਨਾਲੀ ਚੱਕ ਕੇ ਲਲਕਾਰੇ ਮਾਰਨ ਵਾਲੇ ਨੂੰ?
ਜਾਂ ਅਰਮਾਨੀ ਐਨਕ ਲਾਕੇ, ਪਿਊਮਾ ਬੂਟ ਪਾਕੇ,
ਬੁਲਟ ਤੇ ਗੇੜੀਆਂ ਲਾਉਣ ਵਾਲੇ ਨੂੰ,
ਪਰ ਜਿਸਦੀ ਹੜ੍ਹਾਂ ਨਾਲ  ਫਸਲ ਰੁੜ੍ਹ ਜਾਵੇ,
ਘਰ ਜਵਾਨ ਪੁੱਤਰ ਦੀ ਮੌਤ ਹੋ ਜਾਵੇ,
ਤੇ ਘਰੇ ਬੈਠੀ ਹੋਵੇ ਛੁੱਟੜ ਧੀ,
ਤੇ ਫਿਰ ਵੀ ਆਖੇ, "ਸਭ ਸੁੱਖ ਸਾਂਦ ਏ",
ਉਸਨੂੰ ਤੁਸੀ ਕੀ ਨਾਮ ਦਿਉਗੇ?

ਕਿਸਨੂੰ ਕਹਿੰਦੇ ਓ ਤੁਸੀਂ ਸ਼ਰਧਾ?
ਸਿਰਫ ਮੱਥਾ ਟੇਕਣਾ ਪਰ ਖੁਦ ਨੂੰ ਨਾ ਟੇਕਣਾ,
ਪੜ੍ਹ ਲੈਣਾ, "ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ"
ਪਰ ਗੁਰੂ ਘਰ ਜਾਕੇ 'ਅਬੋਰਸ਼ਨ' ਦਾ ਕੰਮ ਨੇਪਰੇ,
ਚੜ੍ਹਨ ਦੀ ਅਰਦਾਸ ਕਰਨਾ,
ਪੜ੍ਹ ਲੈਣਾ "ਮਿਠੁਤ ਨੀਵੀ ਨਾਨਕਾ, ਗੁਣ ਚੰਗਿਆਈਆਂ ਤਤੁ"
ਪਰ ਕਿਸੇ ਨੂੰ ਸੰਬੋਧਨ ਕਰਨ ਵੇਲੇ ਪਹਿਲਾ ਸ਼ਬਦ ਵਰਤਣ "ਊਏ"
ਕੀ ਇਹੋ ਹੈ ਸਾਡੀ ਸ਼ਰਧਾ?

ਕਿਸਨੂੰ ਕਹਿੰਦੇ ਓ ਤੁਸੀਂ ਦੇਸ਼ ਭਗਤ?
ਸਪੀਕਰ ਨੂੰ ਤੰਗ ਕਰਕੇ, ਮੇਜ਼ਾਂ ਥਪਥਪਾਉਣ ਵਾਲਿਆਂ ਨੂੰ?
ਜਾਂ ਉਗਲਾਂ ਖੜ੍ਹੀਆਂ ਕਰਕੇ, ਜੇਤੂ ਚਿੰਨ੍ਹ ਬਣਾਉਣ ਪਿੱਛੋਂ,
ਮਦਾਰੀ ਦੇ "ਝੁਰਲੂ" ਵਾਗੂੰ ਸ਼ਿਤਮ ਹੋ ਜਾਣ ਵਾਲਿਆਂ ਨੂੰ?
ਭਰ ਜਵਾਨੀ 'ਚ 'ਕਾਲੇਪਾਣੀ' ਗਏ ,
ਪਰ ਬਾਬੇ ਬਣਕੇ ਮੁੜੇ ਲੋਕਾਂ ਨੂੰ ,
ਤੁਸੀਂ ਕੀ ਨਾਮ ਦਿਉਗੇ?

ਕੀ ਇਹੋ ਨੇ ਸਾਡੇ ਗੀਤ?
ਮਹਿਬੂਬ ਲਈ ਹਿਟਲਰ ਬਣ ਜਾਣਾ,
ਜਾਂ ਗਾਉਦੇ ਰਹਿਣਾ, ਜੱਟ ਫੋਰਡ ਤੇ, ਜੱਟ ਕੰਬਾਇਨ ਜਾਂ ਸਫਾਰੀ ਤੇ?
ਬਸ ਗਾਉਦੇਂ ਰਹਿਣਾ ਜੱਟ ਦੀ ਗਵਾਚ ਰਹੀਂ ਹੋਂਦ ਦੇ ਸੋਹਲੇ,
ਜੋ ਸੱਚਮੁੱਚ 'ਜੱਟ' ਸ਼ਬਦ ਨਾਲ ਪਿਆਰ ਹੈ ਤਾਂ ,
ਕੀ 40 ਸਾਲਾਂ ਬਾਅਦ ਵਤਨ ਪਰਤੇ,
ਤੇ ਪਤਨੀ ਵੱਲੋਂ ਵੀ ਨਾ ਪਹਿਚਾਣੇ ਗਏ ,
ਚਾਚਾ ਅਜੀਤ ਸਿੰਘ ਦਾ ਗੀਤ
"ਪੱਗੜੀ ਸੰਭਾਲ ਜੱਟਾ"
ਸਾਡਾ ਗੀਤ ਨਹੀਂ ਬਣ ਸਕਦਾ?

Written By   ----      ਅੰਮ੍ਰਿਤ ਪਾਲ ਸਿੰਘ (9465383711)

No comments:

Post a Comment