Monday 17 October 2011

ਖਾਮੋਸ਼ ਚੀਕਾਂ

ਅਜੇ ਤਾਂ ਸੂਰਜ ਉੱਗਿਆ ਵੀ ਨਹੀਂ,
ਫਿਰ ਏਨਾ ਦਹਿਮ ਕਿਉ ਏ?,
ਅਜੇ ਤਾਂ ਘੋਰ ਹਨੇਰਾ ਏ, ਮੂੰਹ ਹਨੇਰਾ ਵੀ ਨਹੀਂ,
ਪੰਛੀ ਵੀ ਚਹਿਕ ਨਹੀਂ, ਰੌਲਾ ਪਾ ਰਹੇ ਨੇ,
ਹਵਾ ਵੀ ਰੁਮਕ ਨਹੀਂ, ਸ਼ੂਕ ਰਹੀ ਏ,
ਫਿਰ ਵੀ ਪੱਤੇ ਅਹਿੱਲ ਨੇ, ਵੇਖਾਂ ਤਾਂ ਸਹੀ....

ਆਹ ਪੈਰ ਕਿਸਦੇ ਲਟਕ ਰਹੇ ਨੇ ਰੁੱਖ ਨਾਲ,
ਤੇ ਉੱਪਰ ਪੱਗ ਵੀ ਰੱਸੇ ਵਾਂਗ  ਲਟਕੀ ਹੋਈ ਏ,
ਇਹ ਤਾਂ ਤਾ....ਤਾ...ਤਾ...ਤਾਇਆ ਆ ਮੇਰਾ,
ਪਰ ਇਹ ਕੀ, ਪਰਸੋਂ ਤਾਂ ਇਹਦੀ ਧੀ ਦਾ ਵਿਆਹ ਏ,
ਸ਼ਾਇਦ ਰਾਂਤੀ ਆੜ੍ਹਤੀਏ ਨੇ ਪੈਸਿਆਂ ਤੋਂ ਸਿਰ ਫੇਰ ਦਿੱਤਾ ਹੋਣੈ,
ਤਾਹੀਉਂ ਤਾਏ ਦੀ ਸਿਰ ਦੀ ਪੱਗ, ਗਲ ਦਾ ਰੱਸਾ ਬਣ ਗਈ ਏ..

ਉਹ ਕਾਰਾਂ ਦੇ ਕਾਲੇ ਸ਼ੀਸ਼ਿਆਂ ਵਿੱਚੋਂ ਤੱਕਦੇ ਨੇ,
ਸੜਕ ਕਿਨਾਰੇ ਬੈਠੀ ਮਮਤਾ ਦਾ ਫਰਜ਼ ਨਿਭਾ ਰਹੀ ਅੱਲੜ੍ਹ ਦੀਆਂ ਛਾਤੀਆਂ,
ਅਣਗੌਲਿਆ ਕਰ ਦਿੰਦੇ ਨੇ, ਉਹਦੇ ਕਿਰਤ ਕਰਦੇ ਹੱਥ,
ਨਾਲੇ ਖਾਲੀ ਛਾਤੀ ਨੂੰ ਚਿੰਬੜਿਆ ਭੁੱਖਾ ਨਿਆਣਾ,
ਤਾਂ ਫਿਰ ਉਹਨ੍ਹਾਂ ਲਈ ਤਾਂ ਤਾਏ ਦੀ ਮੌਤ ਮਹਿਜ਼ ਇੱਕ ਮੌਤ ਏ,
ਜਾਂ ਖੁਦ ਹੀ ਕੁਚਲੀ ਗਈ ਭਵਿੱਖ ਦੀ ਬਗਾਵਤ.....

ਹੁਣ ਆਉਣਗੇ ਕੁਝ ਕੁ ਉਹ ਪੱਤਰਕਾਰ ਜੋ ,
ਪਸੰਦ ਨਹੀਂ ਕਰਨਗੇ ਹੁਣ ਇਹ ਆਮ ਖ਼ਬਰ ਰੋਜ਼ ਵਾਂਗ,
ਉਹ ਆਉਣਗੇ ਮੌਤ ਦਾ ਕਾਰਨ ਅਵਾਮ ਨੂੰ ਦੱਸਣ?
ਨਹੀਂ ,ਅਸਲ ਵਿੱਚ ਆਪਣੀ ਰੋਟੀ ਦਾ ਜੁਗਾੜ ਕਰਨ,
ਮੈਨੂੰ ਯਾਦ ਆ ਰਹੇ ਨੇ ਤਾਏ ਦੇ ਉਹ ਬੋਲ,"ਪੁੱਤ ਕਦੇ ਮੇਰੀ ਫੋਟੋ ਵੀ 'ਖਬਾਰ 'ਚ ਆਊਗੀ"?
ਕਾਸ਼ !ਤਾਇਆ ਅਨਪੜ੍ਹ ਨਾ ਹੁੰਦਾ..ਤਾਂ ਲਿਖ ਦਿੰਦਾ ਖੁਦਕੁਸ਼ੀ ਨੋਟ...

ਸਭ ਲੋਕ ਕੋਸਣਗੇ ਤਾਏ ਨੂੰ ਤੇ ਬੁਜ਼ਦਿਲ ਕਰਾਰ ਦੇਣਗੇ,
ਇਹ ਖੁਦਕੁਸ਼ੀ ਨਹੀਂ, ਤਾਏ ਹੱਥੋਂ ਹੀ ਤਾਏ ਦਾ ਕਤਲ ਕਰਾਇਆ ਗਿਆ ਏ,
ਪਰ ਕੋਈ ਨਹੀਂ ਸਮਝੇਗਾ ਇਹ ਖਾਮੋਸ਼ ਖੁਦਕੁਸ਼ੀ ਨੋਟ,
ਖੈਰ ਮੈਂ ਇਤਲਾਹ ਦੇ ਆਵਾਂ ਸਰਪੰਚ ਨੂੰ  ,
 ਰੁੱਖ ਦੇ ਤਣੇ ਤੋਂ ਚੜ੍ਹਕੇ ,ਲਾਸ਼ ਤੱਕ ਕੀੜੀਆਂ ਪਹੁੰਚਣ ਤੋਂ ਪਹਿਲਾਂ....

Writtn BY---ਅੰਮ੍ਰਿਤ ਪਾਲ ਸਿੰਘ

No comments:

Post a Comment