Monday 5 March 2012

ਮੇਰੇ ਹਾਇਕੂ

ਉਡੀਕ ਉਹਦੀ,
ਬੂਹਾ ਖੜਕਿਆ,
ਸੀ ਹਵਾ ਦਾ ਬੁੱਲਾ,
ਮਨ ਫੇਰ ਉਦਾਸ.......

ਸ਼ਾਮਾਂ ਢਲੀਆਂ,
ਰੋਟੀ ਵੇਲਾ,
ਪਰ..ਰੋਟੀ ਨਹੀਂ.....


ਭੌਰਿਆਂ ਦੀ ਬੈਠਕ,
ਇੱਕੋ ਮੁੱਦਾ,
ਫੁੱਲ ਲੱਭੋ........

ਬੂਹਾ ਖੜਕਿਆ,
ਸੀ ਹਵਾ ਦਾ ਬੁੱਲ੍ਹਾ,
ਆਸ ਫਿਰ ਬੁਝੀ.....


ਪੱਕੀ ਫਸਲ,
ਬੱਦਲ ਗਰਜਣ,
ਦਿਲ ਘਊਂ ਮਊਂ.....


ਪੱਤਾ ਟੁੱਟਾ,
ਰੁੱਖ ਨੂੰ ਦੁੱਖ,
ਜ਼ਮੀਨ ਲਈ ਖਾਦ


ਦੰਗਿਆਂ ਪਿੱਛੋਂ,
ਮਕਾਨ ਉੱਸਰ ਗਏ,
ਪਰ ਘਰ ਨਹੀਂ.......


ਥਾਉਂ ਥਾਉਂ ਟੁੱਟੀ,
ਕਾਨਿਆਂ ਦੀ ਕੁੱਲੀ ,
ਫਿਰ ਵੀ ਤਾਲਾ......


ਦੁਸਹਿਰਾ ਨੇੜੇ,
ਬੁੱਤਾਂ ਦੀ ਕੀ ਲੋੜ,
ਰਾਵਣ ਬਥੇਰੇ.....



ਪ੍ਰਾਹੁਣੇ ਆਏ,
ਬੋਤਲ ਖੁੱਲ੍ਹੀ,
ਕੁੱਕੜ ਨੂੰ ਵੀ ਡਰ....

ਬੱਸ ਅੱਡਾ,
ਬੀਬੀਆਂ ਗਲੇ ਮਿਲਣ,
ਤੇ ਬੱਸ ਲੰਘ ਗਈ........

ਪਿਉ ਦੀ ਫੋਟੋ ਕੰਧ ਤੇ,
ਪੁੱਤ ਦੀ ਵੀ ਨਾਲ,
ਘਰੇ ਨੂੰਹ ਸੱਸ........

ਦਰਿਆ ਕਿਨਾਰੇ
ਜਾ ਰਿਹਾ ਕਾਫਲਾ
ਪਾਣੀ ਚ ਪ੍ਰਛਾਵਾਂ .....

ਦਰਿਆ ਕਿਨਾਰੇ
ਜਾ ਰਿਹਾ ਕਾਫਲਾ
ਪਾਣੀ ਚ ਪ੍ਰਛਾਵਾਂ ...


ਤਿੱਖਾ ਨੱਕ,ਗੋਰਾ ਮੁੱਖ,
ਪਰ ਸਾਨੂੰ ਕੀ ,
ਜਦੋਂ ਅੱਖ ਹੋਰਾਂ ਵੱਲ.............

ਪਤਝੜ ਦੀ ਰੁੱਤ,
ਢਲਦਾ ਸੂਰਜ,
ਉਦਾਸ ਸ਼ਾਮ....

ਫੌਜੀ ਦੀ ਪਤਨੀ,
ਕਰੇ ਉਡੀਕਾਂ,
ਆਈ ਸ਼ਹੀਦੀ ਦੀ ਖ਼ਬਰ....


ਲੇਖਕ ਦਾ ਚੁਬਾਰਾ,
ਇੱਕੋ ਤਾਕੀ,
ਖੁੱਲ੍ਹੇ ਨਦੀ ਵੱਲ.......


ਵਗਦਾ ਪਾਣੀ,
ਵਿੱਚ ਰੁੱਖਾਂ ਦਾ ਪ੍ਰਛਾਵਾਂ,
ਨਾਲੇ ਸੂਰਜ ਦਾ ਅਕਸ........


ਸੁੰਨੇ ਪਏ ਖੂਹ,
ਘੜੇ ਲੱਗੇ ਨੁੱਕਰੇ,
R.O ਦਾ ਜ਼ਮਾਨਾ........


ਤਲਾਬ 'ਤੇ ਝੁਕਿਆ ਰੁੱਖ,
ਪੱਤਾ ਡਿੱਗਾ,
ਬਣੀ ਲਹਿਰ.......


ਮਜ਼ਦੂਰ ਦਾ ਨਿਆਣਾ,
ਕਰੇ ਬਾਪ ਦੀ ਰੀਸ,
ਫੜ੍ਹੀ ਨਿੱਕੀ ਕਹੀ......


ਕੱਚਾ ਕੋਠਾ,
ਵਿੱਚ ਬਲਦਾ ਦੀਵਾ,
ਸੁਣਾਂ ਦਾਦੀ ਦੀ ਬਾਤ.....


ਟੈਂਕੀ ਉੱਤੇ ਬਾਜ਼,
ਟੱਬਰ ਕਨੇਡੇ,
ਕੋਠੀ ਚ ਕਬੂਤਰ............


ਕੰਨ ਨੂੰ ਫੋਨ,
ਕਾਰ ਟਾਹਲੀ ਚ,
ਦੋਸ਼ ਰੱਬ ਨੂੰ.........


ਫਸਲ ਵੇਚ ਕੇ,
ਜੱਟ ਆੜ੍ਹਤੀਏ ਕੋਲ,
ਕਰਜ਼ਾ ਫੇਰ ਬਾਕੀ.............


ਅੱਗ ਦੇ ਰੂਪ,
ਜਨਮ ਲਈ ਹੋਰ,
ਸਿਵੇ ਵਿੱਚ ਹੋਰ..........


ਨਾਈ ਦੀ ਅਰਦਾਸ,
ਬਾਬਾ ਭੇਜ ਗਾਹਕ,
ਬਾਬਾ ਆਖੇ ਕੇਸ ਰੱਖੋ.........


ਸਰਕਾਰੀ ਹਸਪਤਾਲ,
ਇਕ ਕਮਰੇ ਚ ਜਨਮ,
ਦੂਜੇ ਚ ਮੌਤ........


ਨਾਈ ਦੀ ਦੁਕਾਨ,
ਸਾਹਮਣੇ ਇਸ਼ਤਿਹਾਰ,
ਭਾਈ ਤਾਰੂ ਸਿੰਘ ਦਾ......


ਵਰ੍ਹਿਆ ਮੀਂਹ,
ਰਾਹ ਤੇ ਚਿੱਕੜ,
ਮੋਚੀ ਖੁਸ਼........


ਖ਼ੂਸ਼ੀ ਦਾ ਦਿਨ,
ਪੈਲੈਸ ਚ ਰੌਣਕਾਂ,
ਘਰ ਨੂੰ ਜਿੰਦੇ.....


ਸਾਬਕਾ ਫੌਜੀ,
ਤਰਸੇ ਪਾਣੀ ਨੂੰ,
ਕੰਧ ਤੇ ਮੈਡਲ..........


ਪੋਚਵੀਂ ਪੱਗ,
ਕੱਦ ਨਿੱਕਾ,
ਬੱਸ ਚ ਭੀੜ.............


ਧੀ ਨੂੰ ਵਰਜੇ,
ਜ਼ੀਨ ਪਾਉਣ ਤੋਂ,
ਓਧਲ ਕੇ ਆਈ ਮਾਂ........

ਪੁੱਤ ਦਾ ਵਿਆਹ,
ਚੱਲੇ ਦਾਰੂ ਮੁਰਗਾ,
ਗੁਰਦੁਆਰੇ ਦਾ ਪ੍ਰਧਾਨ.........


ਪੰਜਾਬ ਦੀ ਸਿਆਸਤ,
ਪੰਜ ਵਰ੍ਹਿਆਂ ਪਿੱਛੋਂ,
"ਉੱਤਰ ਕਾਟੋ ਮੈਂ ਚੜਾਂ"...



ਨਿਰਾਸ਼ ਖੜ੍ਹੀ,
ਕੁੜੀ ਦੀ ਮਾਂ,
ਲੋਹੜੀ ਵੰਡਣ ਮੁੰਡਿਆਂ ਵਾਲੇ......


ਆਈ ਭੂਆ,
ਹੱਥ 'ਚ ਝੋਲਾ,
ਚਿੰਬੜਨ ਨਿਆਣੇ..........


ਤਿੜਕਿਆ ਸ਼ੀਸ਼ਾ,
ਦੋ ਤ੍ਰੇੜਾਂ,
ਅਕਸ ਤਿੰਨ.......


ਛੁੱਟੀ ਤੋਂ ਬਾਅਦ
ਸਕੂਲ 'ਚ ਫੇਰੇ ਝਾੜੂ
ਚੌਂਕੀਦਾਰ ਦਾ ਪੁੱਤ........


ਸ਼ਗਨਾਂ ਦੀ ਫੁੱਲਕਾਰੀ,
ਸ਼ੀਸ਼ਿਆਂ 'ਚੋਂ ਦਿੱਸੇ,
ਜਾਂਦੇ ਸੱਜਣ ਦੀ ਪਿੱਠ.....

 ਛੇਕੜਲਾ ਕਿੱਲਾ ਵੇਚ ਕੈਸਟ ਕਰਾਈ
ਨਾਂ ਰੱਖਿਆ
"ਸਰਦਾਰੀ"

ਕਿਸ਼ਤਾਂ ਤੇ ਲਿਆਂਦਾ ਟਰੈਕਟਰ
ਬੰਪਰ ਤੇ ਲਿਖਾਇਆ
"ਲਿਖੀ ਜੱਟ ਦੇ ਮੁਕੱਦਰਾਂ ਚ ਐਸ਼ ਕਰਨੀ"


ਪਾਠ ਪਰਕਾਸ਼ ਕਰਨ ਤੋਂ ਪਹਿਲਾਂ
ਘੜੀ ਤੇ ਵੇਖੇ
ਪੌਣਾਈ ਕਿ ਸਵਾਈ
 ਬਿਮਾਰ ਬਜ਼ੁਰਗ
ਡਾਕਟਰ ਥਾਂ ਸੱਦਿਆ ਵਕੀਲ
ਵਸੀਅਤ ਕਰਾਉਣ ਲਈ
 ਦਾਹੜੀ ਨੂੰ ਲੱਗੀ ਫਿਕਸੋ
ਵੇਚੇ ਕਿਤਾਬਾਂ
"ਸਿੱਖ ਰਹਿਣੀ ਬਹਿਣੀ"


ਪਟਰੌਲ ਰੇਟ ਖਿਲਾਫ
ਰੈਲੀਆਂ ਕੱਢੇ ਜੰਤਾ
ਮੋਟਰਸੈਕਲਾਂ ਤੇ


ਵਿਆਹਾਂ ਖਾਤਰ
ਕੁੰਡਲੀਆਂ ਜੋੜੇ
ਛੜਾ ਪੰਡਤ

ਪੱਠਿਆਂ ਨਾ ਭਰਿਆ
ਗੱਡਾ ਖਿੱਚੇ
ਭੁੱਖਾ ਬਲਦ


ਸਹੁਰਿਆਂ ਤੋਂ ਮਿਲੇ ਸਕੂਟਰ ਤੇ
ਦਾਜ ਖਲਾਫ
ਰੈਲੀਆਂ ਕੱਢੇ


bisleri ਬੋਤਲ 'ਚੋਂ ਘੁੱਟ ਭਰਕੇ
ਗੀਤ ਲਿਖੇ
ਪੰਜ ਦਰਿਆਵਾਂ ਤੇ






No comments:

Post a Comment